ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਕ ਪੋਲਿੰਗ ਬੂਥ ਵਿੱਚ ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪਾਉਣ ਦਾ ਕੰਮ ਬੜਾ ਸ਼ਾਂਤੀ ਪੂਰਵਕ ਚੱਲ ਰਿਹਾ ਸੀ। ਅਚਾਨਕ ਇਕ ਨੌਜਵਾਨ
ਅਤੇ ਇਕ ਮਾਈ, ਜਿਸ ਦੀ ਉਮਰ 70 ਕੁ ਸਾਲ ਜਾਪਦੀ ਸੀ, ਵੋਟਾਂ ਪਾਉਣ ਆ ਗਏ। ਮਾਈ ਨੇ ਬੈਲਟ ਪੇਪਰ ਲੈਣ ਪਿੱਛੋਂ ਪ੍ਰੀਜ਼ਾਈਡਿੰਗ ਅਫਸਰ ਨੂੰ ਬੇਨਤੀ ਕੀਤੀ," ਇਹ ਮੇਰਾ ਛੋਟਾ ਪੁੱਤਰ ਆ। ਮੇਰੀ
ਸੇਹਤ ਠੀਕ ਨਹੀਂ। ਮੈਂ ਇੱਥੋਂ ਤੱਕ ਬੜੀ ਮੁਸ਼ਕਲ ਨਾਲ ਤੁਰ ਕੇ ਆਈ ਆਂ। ਨਾਲੇ ਮੈਨੂੰ ਦਿਸਦਾ ਵੀ ਬਹੁਤ ਘੱਟ ਆ। ਕਿਰਪਾ ਕਰਕੇ ਮੇਰੀਆਂ ਦੋਵੇਂ ਵੋਟਾਂ ਮੇਰੇ ਪੁੱਤਰ ਨੂੰ ਪਾ ਲੈਣ ਦਿਓ।"
ਪ੍ਰੀਜ਼ਾਈਡਿੰਗ ਅਫਸਰ ਨੇ ਮਾਈ ਦੀ ਗੱਲ ਬੜੇ ਧਿਆਨ ਨਾਲ ਸੁਣਨ ਪਿੱਛੋਂ ਪੋਲਿੰਗ ਏਜੰਟਾਂ ਨੂੰ ਪੁੱਛਿਆ," ਇਸ ਮਾਈ ਦੀਆਂ ਦੋਵੇਂ ਵੋਟਾਂ ਇਸ ਦੇ ਪੁੱਤਰ ਦੁਆਰਾ ਪਾਣ ਵਿੱਚ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ?" ਬਾਕੀ ਸਾਰੇ ਪੋਲਿੰਗ ਏਜੰਟ ਤਾਂ ਚੁੱਪ ਰਹੇ ਪਰ ਇਕ ਪੋਲਿੰਗ ਏਜੰਟ ਨਾ ਮੰਨਿਆ ਅਤੇ ਆਖਣ ਲੱਗਾ," ਇਸ ਮਾਈ ਨੂੰ ਕੁਝ ਨਹੀਂ ਹੋਇਆ, ਐਵੇਂ ਪਖੰਡ ਕਰਦੀ ਆ। ਆਹ ਜਿਹੜਾ ਇਸ ਦੇ ਨਾਲ ਆਇਐ, ਘਰੋਂ ਇਸ ਨੂੰ ਸਿਖਾ ਕੇ ਲਿਆਇਐ। ਇਹ ਮਾਈ ਆਪਣੀਆਂ ਦੋਵੇਂ ਵੋਟਾਂ ਆਪ ਪਾਏ, ਨਹੀਂ ਤਾਂ ਨਾ ਪਾਏ।" ਉਸ ਨੇ ਉਸ ਮਾਈ ਦੇ ਪੁੱਤਰ ਨੂੰ ਵੀ ਕਾਫੀ ਚੰਗਾ-ਮੰਦਾ ਬੋਲਿਆ। ਮਾਈ ਤੇ ਉਸ ਦੇ ਪੁੱਤਰ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ। ਉਸ ਦੀਆਂ ਗੱਲਾਂ ਖੜ੍ਹੇ ਚੁੱਪ ਕਰਕੇ ਸੁਣਦੇ ਰਹੇ। ਪ੍ਰੀਜ਼ਾਈਡਿੰਗ ਅਫਸਰ ਦੇ ਹੋਰ ਸਮਝਾਉਣ ਤੇ ਉਹ ਮਾਈ ਦੀਆਂ ਦੋਵੇਂ ਵੋਟਾਂ ਉਸ ਦੇ ਪੁੱਤਰ ਦੁਆਰਾ ਪਾਏ ਜਾਣ ਲਈ ਸਹਿਮਤ ਹੋ ਗਿਆ। ਜਦੋਂ ਮਾਈ ਤੇ ਉਸ ਦਾ ਪੁੱਤਰ ਵੋਟਾਂ ਪਾ ਕੇ ਪੋਲਿੰਗ ਬੂਥ ਤੋਂ ਬਾਹਰ ਚਲੇ ਗਏ ਤਾਂ ਪ੍ਰੀਜ਼ਾਈਡਿੰਗ ਅਫਸਰ ਉਸ ਪੋਲਿੰਗ ਏਜੰਟ ਨੂੰ ਮੁਖਾਤਿਬ ਹੋ ਕੇ ਬੋਲਿਆ," ਕਿਉਂ ਬਈ, ਆ ਜਿਹੜੀ ਮਾਈ ਤੇ ਉਸ ਦਾ ਪੁੱਤਰ ਵੋਟਾਂ ਪਾਣ ਆਏ ਸੀ, ਤੂੰ ਉਨ੍ਹਾਂ ਨੂੰ ਬੜਾ ਚੰਗਾ-ਮੰਦਾ ਬੋਲਿਆ। ਕੀ ਗੱਲ ਸੀ?"
" ਕੀ ਦੱਸਾਂ ਸਾਹਿਬ ਜੀ? ਇਹ ਮਾਈ ਮੇਰੀ ਮਾਂ ਸੀ ਤੇ ਉਸ ਦਾ ਪੁੱਤਰ ਮੇਰਾ ਛੋਟਾ ਭਰਾ ਸੀ। ਮੈਂ ਹੋਰ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਆਂ ਤੇ ਇਨ੍ਹਾਂ ਨੇ ਹੋਰ ਉਮੀਦਵਾਰਾਂ ਨੂੰ। ਇਨ੍ਹਾਂ ਵੋਟਾਂ ਚੰਦਰੀਆਂ ਨੇ ਭਰਾ-ਭਰਾ, ਮਾਂ-ਪੁੱਤ ਵੈਰੀ ਬਣਾ ਦਿੱਤੇ ਆ। ਇਹੋ ਜਹੀਆਂ ਵੋਟਾਂ ਬਗੈਰ ਕੀ ਥੁੜ੍ਹਿਐ?"
ਇਹ ਕਹਿ ਕੇ ਉਸ ਨੇ ਆਪਣੇ ਬੁੱਲ੍ਹਾਂ ਤੇ ਚੁੱਪ ਦਾ ਤਾਲਾ ਲਾ ਲਿਆ।