ਖ਼ੈਰ, ਉਤਰਾਅ- ਚੜ੍ਹਾਅ ਵੀ ਤਾਂ ਜ਼ਿੰਦਗੀ ਦਾ ਹਿੱਸਾ ਨੇ, ਮੈਨੂੰ ਫ਼ਖ਼ਰ ਹੈ ਕਿ ਇੱਕ ਵਾਰ ਸਾਡੇ ਵਿਭਾਗ ਦੇ ਦੋ ਪ੍ਰਾਧਿਆਪਕਾਂ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਚੋਣਾਂ ਸੰਬੰਧੀ ਥੋੜ੍ਹਾ ਮਨ- ਮੁਟਾਵ ਹੋ ਗਿਆ। ਉਹ ਦੋਨੋਂ ਆਪਣੀ- ਆਪਣੀ ਥਾਂ ਠੀਕ ਸਨ ਪਰੰਤੂ ਸਮੱਸਿਆ ਤਾਂ ਇਹ ਸੀ ਕਿ ਉਨ੍ਹਾਂ ਦਾ ਇਹ ਕਮਿਊਨੀਕੇਸ਼ਨ ਗੈਪ ( ਸੰਚਾਰ - ਵਿੱਥ) ਕਿਵੇਂ ਦੂਰ ਹੋਵੇ? ਕਾਲਜ ਪ੍ਰਿੰਸੀਪਲ,ਸ. ਹਰਮੰਦਰ ਸਿੰਘ ਦਿਓਲ ਤੱਕ ਗੱਲ ਪਹੁੰਚ ਗਈ। ਥੋੜ੍ਹੀ ਗੰਭੀਰਤਾ ਨੂੰ ਵੇਖਦਿਆਂ, ਵਿਭਾਗੀ ਸਟਾਫ਼ ਨੂੰ ਪ੍ਰਿੰਸੀਪਲ ਸਾਹਿਬ ਨੇ ਇੱਕ ਦਿਨ ਆਪਣੇ ਨਿਵਾਸ ਸਥਾਨ ਉਤੇ ਬੁਲਾਇਆ। ਪ੍ਰਿੰਸੀਪਲ ਦਿਓਲ ਸਮੇਤ, ਵਿਭਾਗ ਦੇ ਮੇਰੇ ਸਹਿਯੋਗੀ ਮੈਨੂੰ ਕਹਿਣ ਲੱਗੇ," ਕ੍ਰਿਸ਼ਨ ਸਿੰਘ! ਤੁਸੀਂ ਇਹ ਕੰਮ ਬੜੇ ਸੌਖੇ ਤੇ ਸੁਚੱਜੇ ਢੰਗ ਨਾਲ ਕਰ ਸਕਦੇ ਹੋ। ਸਾਨੂੰ ਪੂਰੀ ਆਸ ਹੈ, ਉਹ ਦੋਨੋਂ ਤੁਹਾਡੀ ਗੱਲ ਸੁਣਨਗੇ। ਭਾਈਚਾਰਕ ਸਾਂਝ ਦੀ ਕਾਇਮੀ ਲਈ ਤੁਸੀਂ ਕੋਸ਼ਿਸ਼ ਕਰੋ।" ਪੈਂਦੀ ਸੱਟੇ ਮੋੜਵਾਂ ਜਵਾਬ ਦਿੰਦਿਆਂ ਤੇ ਆਪਣੇ ਵਲੋਂ ਬੜੀ ਨਿਰਮਾਣਤਾ ਦਾ ਇਜ਼ਹਾਰ ਕਰਦਿਆਂ ਮੈਂ ਕਿਹਾ," ਹੈ ਤਾਂ ਮੈਂ ਉਨ੍ਹਾਂ ਦੇ ਵਿਦਿਆਰਥੀਆਂ ਵਰਗਾ --- - ਵਿਭਾਗੀ ਤੌਰ 'ਤੇ ਵੀ ਬਹੁਤ ਜੂਨੀਅਰ ਹਾਂ --- ਜੇਕਰ ਤੁਸੀਂ ਐਨੇ ਵਿਸ਼ਵਾਸ ਨਾਲ ਕਹਿ ਹੀ ਰਹੇ ਹੋ ਤਾਂ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ।" ਦੋ- ਧਿਰੀ ਟਕਰਾਓ ਵਾਲੀ ਇਕ ਧਿਰ ਦੇ ਪ੍ਰੋਫ਼ੈਸਰ ਸਾਹਿਬ, ਕਾਲਜ ਦੇ ਕੁਝ ਖ਼ਾਸ ਰੁਝੇਵਿਆਂ ਕਰਕੇ ਉਸ ਮੀਟਿੰਗ 'ਚੋਂ ਗ਼ੈਰਹਾਜ਼ਰ ਸਨ। ਖ਼ੈਰ, ਦੋਸਤਾਂ ਦੇ ਹੋਏ ਸਰਬਸਾਂਝੇ ਫੈ਼ਸਲੇ ਅਨੁਸਾਰ, ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ,ਉਸੇ ਸ਼ਾਮ ਨੂੰ ਮੈਂ ਸ਼ਿਕਾਇਤ ਕਰਤਾ ਪ੍ਰੋਫੈ਼ਸਰ ਦੇ ਘਰ ਗਿਆ। ਪ੍ਰੋਫੈ਼ਸਰ ਸਾਹਿਬ ਥੋੜ੍ਹੇ ਹੈਰਾਨ ਵੀ ਹੋਏ ਕਿ ਅੱਜ ਐਨਾ ਸਮਾਂ ਕਾਲਜ ਵਿੱਚ ਇਕੱਠੇ ਰਹੇ ਹਾਂ - ਠੀਕ- ਠਾਕ ਤਾਂ ਹੈ ? ਅਜਿਹਾ ਪ੍ਰਤੀਤ ਹੋਣਾ ਸੁਭਾਵਿਕ ਵੀ ਸੀ।ਚਾਹ ਦਾ ਕੱਪ ਸਾਂਝਾ ਕਰਨ ਉਪਰੰਤ ਮੈਂ ਪ੍ਰੋਫੈ਼ਸਰ ਸਾਹਿਬ ਨੂੰ ਕੁੱਝ ਬੇਨਤੀਨੁਮਾ ਸ਼ਬਦ ਬੋਲੇ ਤੇ ਕਿਹਾ, " ਡਾਕਟਰ ਸਾਹਿਬ! ਫਲਾਂ ( ਹੁਣ ਤੋਂ ਉਹ ਦੁਨੀਆਂ ਤੋਂ ਕੂਚ ਵੀ ਕਰ ਗਏ) ਪ੍ਰੋਫ਼ੈਸਰ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਿਤ , ਜੋ ਤੁਹਾਡੀ ਖ਼ਤੋ- ਕਿਤਾਬਤ ਚੱਲਦੀ ਹੈ --- ਉਹ ਤੁਸੀਂ ਵੀ ਸਮਝਦੇ ਹੋ --- ਵਿਭਾਗੀ ਤੌਰ 'ਤੇ ਸਾਡੀ ਭਾਈਚਾਰਕ ਸਾਂਝ ਲਈ ਉਹ ਬੜੀ ਮੰਦਭਾਗੀ ਹੈ। ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਿੱਚ ਹੀ ਨਹੀਂ, ਹੁਣ ਤਾਂ ਸਾਡੇ ਕਾਲਜ ਦੇ ਸਹਿਯੋਗੀਆਂ/ ਸਹਿਕਰਮੀਆਂ ਦੇ ਦਾਇਰੇ ਵਿੱਚ ਵੀ ਇਹ ਆਮ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਮੈਂ ਨਹੀਂ ਚਾਹੁੰਦਾ ਕਿ ਸਾਡਾ ਇਹ ਤਣਾਅ ਭਵਿੱਖ ਵਿੱਚ ਹੋਰ ਵੀ ਵਧੇ, ਸਾਨੂੰ ਇਸ ਦੇ ਮਾਰੂ ਨਤੀਜਿਆਂ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਮੈਂ ਤਾਂ ਨਿੱਜੀ ਤੌਰ 'ਤੇ ਅੱਜ ਉਸ ਕੰਮ ਦੇ ਨਿਪਟਾਰੇ ਲਈ ਆਇਆ ਹਾਂ --- ਕਿੰਨ੍ਹਾਂ ਚੰਗਾ ਹੋਵੇ! ਜੇਕਰ ਤੁਸੀਂ ਉਹ ਸ਼ਿਕਾਇਤ ਵਾਪਸ --- "। ਮੇਰੀ ਗੱਲ ਨੂੰ ਵਿੱਚੋਂ ਹੀ ਟੋਕਦਿਆਂ ਕਹਿਣ ਲੱਗੇ," ਪ੍ਰੋ. ਕ੍ਰਿਸ਼ਨ ਸਿੰਘ ਤੁਸੀਂ ਘਰ ਆਏ ਹੋ, ਜੀ ਆਇਆਂ ਨੂੰ --- ਜੇ ਤੁਸੀਂ ਆਏ ਹੋ- ਧੰਨਵਾਦ। ਤੁਸੀਂ ਮੇਰੇ ਕੋਲੋਂ ਖ਼ਾਲੀ ਕਾਗ਼ਜ਼ 'ਤੇ ਜਦੋਂ ਮਰਜ਼ੀ ਮੇਰੇ ਦਸਤਖ਼ਤ ਕਰਵਾ ਲਵੋ।--- " ਬਾਅਦ ਵਿੱਚ ਮੈਨੂੰ ਆਪਣਾ ਪੱਖ ਸਪੱਸ਼ਟ ਕਰਦਿਆਂ,ਉਹਨਾਂ ਸਾਰੀ ਹਕੀਕਤ ਵੀ ਦੱਸ ਦਿੱਤੀ। ਮੈਂ ਉਹਨਾਂ ਦੇ ਬੋਲਾਂ ਨੂੰ ਬੜੀ ਸ਼ਿੱਦਤ/ ਸੰਵੇਦਨਸ਼ੀਲਤਾ ਨਾਲ ਸੁਣਿਆ। ਮੈਂ ਕਹਿ ਦੇਵਾਂ,ਉਹਨਾਂ ਆਪਣੇ ਦਲੀਲਯੁਕਤ ਵਿਚਾਰਾਂ ਨਾਲ ਮੇਰੀ ਪੂਰੀ ਤਸੱਲੀ ਕਰਵਾਈ। ਮੈਨੂੰ ਅੱਛਾ ਵੀ ਲੱਗਿਆ, ਉਪਰੰਤ ਮੈਂ ਵਿਭਾਗ ਦੀ ਚੰਗੇਰੀ ਕਾਰਗੁਜ਼ਾਰੀ ਦੀ ਆਸ ਕਰਦਿਆਂ,ਉਹਨਾਂ ਨੂੰ ਇਹ ਵਿਸ਼ਵਾਸ ਵੀ ਦਿਵਾਇਆ," ਪ੍ਰੋਫੈ਼ਸਰ ਸਾਹਿਬ ! ਭਵਿੱਖ ਵਿੱਚ ਅਸੀਂ ਆਪਸੀ ਤਾਲਮੇਲ ਰੱਖਾਂਗੇ --- ਇਨ੍ਹਾਂ ਸਰਬਸਾਝੀਆਂ ਵਿਭਾਗੀ ਸਮੱਸਿਆਵਾਂ ਸੰਬੰਧੀ ਵੀ ਪੂਰਾ ਧਿਆਨ ਰੱਖਾਂਗੇ; ਤੁਸੀਂ ਹੁਣ ਚਿੰਤਾ ਨਾ ਕਰੋ।" ਮੈਨੂੰ ਬੜਾ ਚੰਗਾ ਲੱਗਿਆ , ਦੂਸਰੇ ਦਿਨ ਵਿਭਾਗ ਵਿੱਚ ਜਾਣ ਤੋਂ ਵੀ ਪਹਿਲਾਂ, ਉਹਨਾਂ ਆਪਣੇ ਵਲੋਂ ਕਾਲਜ ਦਫ਼ਤਰ ਵਿਖੇ ਸ਼ਿਕਾਇਤ ਵਾਪਸੀ ਦੀਆਂ ਦੋ ਸਤਰਾਂ ਲਿਖ ਕੇ, ਮਨ- ਮੁਟਾਵ ਦੇ ਉਸ ਮਸਲੇ ਨੂੰ ਮੂਲੋਂ ਹੀ ਖ਼ਤਮ ਕਰ ਦਿੱਤਾ ---- ਵਿਭਾਗ ਵਿੱਚ ਆ ਕੇ ਮੈਨੂੰ ਦੱਸ ਵੀ ਦਿੱਤਾ।--- ਮਿੱਤਰਤਾ ਦਾ ਅਹਿਸਾਸ ਕਰਦਿਆਂ ਇਹ ਵੀ ਕਿਹਾ," ਕ੍ਰਿਸ਼ਨ ਸਿੰਘ ! ਅਸੀਂ ਤਾਂ ਤੁਹਾਡੇ ਹੁਕਮ 'ਤੇ ਫੁੱਲ ਚੜ੍ਹਾਏ ਨੇ।" ਵਾਰੇ- ਵਾਰੇ ਜਾਈਏ ਇਹੋ ਜਿਹੇ ਮਿੱਤਰ- ਪਿਆਰਿਆਂ ਦੇ --- ਮੇਰੇ ਕੋਲ ਸ਼ਬਦ ਨਹੀਂ ਸਨ, ਜਿਨ੍ਹਾਂ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਦਾ। ਡਾਕਟਰ ਹਮਰਾਹੀ ਸਾਹਿਬ ਨੂੰ ਜਦੋਂ ਉਪਰੋਕਤ ਘਟਨਾਕ੍ਰਮ ਸੰਬੰਧੀ ਮੇਰੇ ਸਾਲਸੀ ਹੋਣ ਬਾਰੇ, ਇਹ ਪਤਾ ਲੱਗਿਆ ਤਾਂ ਉਹਨਾਂ ਮੈਨੂੰ ਸ਼ਾਬਾਸ਼ੇ ਦਿੱਤੀ - ਬਤੌਰ ਸਹਿਕਰਮੀ ਵੀ ਅਤੇ ਬਤੌਰ ਉਹਨਾਂ ਦੇ ਵਿਦਿਆਰਥੀ ਹੋਣ ਕਰਕੇ ਵੀ ---। ਇਉਂ ਕੁਲ ਮਿਲਾ ਕੇ ਡਾਕਟਰ ਹਮਰਾਹੀ ਦੀ ਕਦਰਸ਼ਨਾਸੀ / ਦਿਆਨਤਦਾਰੀ ਦਾ ਵੀ ਕੋਈ ਮੁਕਾਬਲਾ ਨਹੀਂ ਸੀ ; ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ----
----- ਡਾਕਟਰ ਹਮਰਾਹੀ ਕਈ ਸਾਲ ਪੰਜਾਬੀ ਵਿਭਾਗ ਵਿਖੇ, ਐਮ. ਏ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਪ੍ਰੋਗਰਾਮਾਂ ਦੇ ਇੰਚਾਰਜ ਵੀ ਰਹੇ। ਬੜੀ ਹੀ ਸੂਝ-ਸਿਆਣਪ ਤੇ ਨਿੱਜੀ ਜੀਵਨ ਤਜ਼ਰਬਿਆਂ ਤਹਿਤ ,ਉਨ੍ਹਾਂ ਟੂਰਾਂ ਦੀ ਵਿਉਂਤਬੰਦੀ/ ਰੂਪ- ਰੇਖਾ ਉਹ ਇਉਂ ਉਲੀਕਦੇ ਕਿ ਪੇਂਡੂ ਤੇ ਸ਼ਹਿਰੀ ਵਿਦਿਆਰਥੀਆਂ ਨੂੰ ਆਉਣ ਸਮੇਂ ਜਾਂ ਵਾਪਸ ਆਉਣ ਵੇਲੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ; ਉਨ੍ਹਾਂ ਵਿਦਿਆਰਥੀਆਂ, ਵਿਸ਼ੇਸ਼ ਕਰਕੇ ਲੜਕੀਆਂ ਦੇ ਮਾਪਿਆਂ ਨੂੰ ਵੀ ਕੋਈ ਦਿੱਕਤ ਨਾ ਆਵੇ; ਇਸ ਸੰਬੰਧੀ ਉਹ ਸੰਬੰਧਿਤ ਡਰਾਈਵਰ ਨੂੰ ਵੀ ਪਹਿਲਾਂ ਹੀ ਸੁਚੇਤ ਕਰ ਦਿੰਦੇ।ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਿੱਥੇ ਤੇ ਕਿਵੇਂ ਹੋਵੇਗਾ ? ਸੰਬੰਧਿਤ ਥਾਵਾਂ ਦੀ ਨਿਸ਼ਾਨਦੇਹੀ ਕਰਕੇ,ਸਮਾਂਬੱਧ ਰੂਪ ਵਿੱਚ ਇਸ ਸਾਰੇ ਪ੍ਰੋਗਰਾਮ ਦੀ ਅਗਾਊਂ ਯੋਜਨਾ ਬਣਾਈ ਜਾਂਦੀ; ਆਮ ਤੌਰ 'ਤੇ,ਦੁਪਹਿਰ ਦੇ ਵਕਤ ਤਾਂ ਗੁਰ- ਅਸਥਾਨਾਂ / ਗੁਰਦੁਆਰਿਆਂ ਵਿੱਚ ਹੀ ਲੰਗਰ ਛਕਿਆ ਜਾਂਦਾ। ਇਨ੍ਹਾਂ ਪ੍ਰਬੰਧਕੀ ਕੰਮਾਂ ਤੋਂ ਇਲਾਵਾ, ਉਮਰ ਦੇ ਤਕਾਜ਼ੇ ਅਨੁਸਾਰ ਉਨ੍ਹਾਂ ਨੌਜਵਾਨ ਕੁੜੀਆਂ/ ਮੁੰਡਿਆਂ ਦੇ ਅਨੁਸ਼ਾਸਨ ਨੂੰ ਕਿਵੇਂ ਕਾਇਮ ਕਰਨਾ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹਫ਼ਰਾ- ਤਫ਼ਰੀ ਵਾਲਾ ਮਾਹੌਲ ਨਾ ਬਣੇ ,ਇਹ ਸਾਰਾ ਕੁਝ ਵਿਧੀਵੱਤ ਰੂਪ ਵਿੱਚ,ਪਹਿਲਾਂ ਹੀ ਆਯੋਜਿਤ ਕੀਤਾ ਜਾਂਦਾ। ਲੋੜ ਪੈਣ 'ਤੇ ਬਾਕੀ ਸਹਿਯੋਗੀ ਪ੍ਰਾਧਿਆਪਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਜਾਂਦੀਆਂ ------
---- ਨਿੱਜੀ ਤੌਰ 'ਤੇ ਮੈਂ ਕਹਾਂ,ਮੈਨੂੰ ਉਨ੍ਹਾਂ ਦੇ ਅਜਿਹੇ ਅਗਾਊਂ ਸਥਾਪਤ ਪ੍ਰਬੰਧਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ --- ਜਦੋਂ ਮੇਰੀ ਬਦਲੀ ਸਰਕਾਰੀ ਕਾਲਜ ਇਸਤਰੀਆਂ, ਲੁਧਿਆਣੇ ਵਿਖੇ ਹੋਈ ਤਾਂ ਮੰਨਣਾ ਪਵੇਗਾ,ਡਾਕਟਰ ਸਾਹਿਬ ਦੀ ਉਹ ਰਹਿਨੁਮਾਈ ਅਭਿਆਸੀ ਰੂਪ ਵਿੱਚ, ਮੈਨੂੰ ਬੜੀ ਲਾਹੇਵੰਦ ਸਿੱਧ ਹੋਈ। ---
----- ਆਪਣੇ ਵਿਦਿਆਰਥੀ ਜੀਵਨ ਵਿੱਚ ਮੈਨੂੰ ਯਾਦ ਹੈ, ਟੂਰ ਤੋਂ ਵਾਪਸੀ 'ਤੇ ਦੇਰੀ ਹੋਣ ਕਰਕੇ ਮੈਂ ਇਕ ਰਾਤ ਡਾਕਟਰ ਸਾਹਿਬ ਦੇ ਧੂਰੀ ਲਾਈਨ ' ਅੰਤਹਕਰਨ ' ਵਾਲੇ ਘਰ ਵਿੱਚ ਵੀ ਗੁਜ਼ਾਰੀ। ਮੈਨੂੰ ਬੜਾ ਅੱਛਾ ਲੱਗਿਆ, ਉਹਨਾਂ ਵਲੋਂ ਖ਼ੁਦ ਦਾ ਤਿਆਰ ਕੀਤਾ,ਸਵੇਰ ਦਾ ਨਾਸ਼ਤਾ ਮੈਨੂੰ ਅੱਜ ਤੱਕ ਨਹੀਂ ਭੁੱਲਿਆ, ਮੈਂ ਕਹਿ ਦੇਵਾਂ ਉਹਨਾਂ ਦੇ ਬਣਾਏ ਬ੍ਰੈੱਡ ਟੋਸਟ, ਲੁਧਿਆਣੇ ਦੇ ਪੰਨਾ ਲਾਲ ਪਕੌੜਿਆਂ ਵਾਲੇ ਨੂੰ ਵੀ ਮਾਤ ਪਾਉਂਦੇ ਸੀ, ਪਤਾ ਨਹੀਂ ਉਨ੍ਹਾਂ ਟੋਸਟਾਂ ਨੂੰ ਬਣਾਉਣ ਲਈ ਉਹਨਾਂ ਕਿਹੋ ਜਿਹੀ ਮੁਹੱਬਤੀ- ਕਲਾ ਵਰਤਾਈ ਸੀ।--- ਵਿਸ਼ੇਸ਼ ਮੌਕਾ ਬਣਨ 'ਤੇ ਆਪਣੇ ਹੱਥੀਂ ਬਣਾਏ ਅਜਿਹੇ ਸਵਾਦੀ ਪਕੌੜਿਆਂ ਦਾ, ਉਹ ਕਈ ਵਾਰ ਵਿਭਾਗ ਵਿੱਚ ਵੀ ਸੇਵਨ ਕਰਵਾ ਦਿੰਦੇ। ਸਵੇਰ ਵਕਤ ਮੈਨੂੰ ਪਤਾ, ਚਾਹ ਦਾ ਕੱਪ ਪਿਆਉਣ ਤੋਂ ਬਾਅਦ ਉਹਨਾਂ ਮੇਰੇ ਪਾਸੋਂ ਮਾਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਪਾਂਡੀ ਪਾਤਸ਼ਾਹ ਵਾਲੀ ਕਵਿਤਾ ਦੀਆਂ ਕਾਪੀਆਂ ਵੀ ਕਰਵਾਈਆਂ ਸਨ; ਇਹ ਮੇਰਾ ਸੁਭਾਗ ਸੀ ਕਿ ਆਪਣੇ ਗੁਰੂਦੇਵ ਦੇ ਘਰ - ਹੈ ਤਾਂ ਭਾਵੇਂ ਉਹ ਮਹਿਜ਼ ਨਕਲ ਕਰਨ ਦਾ ਕੰਮ ਸੀ,ਪਰ ਅਜਿਹਾ ਸਾਹਿਤਕ ਕਾਰਜ ਕਰਕੇ, ਸਮਝੋ - ਮੈਂ ਮਨੋਂ- ਮਨੀ ਅਣਕਿਆਸੇ ਰੂਪ ਵਿੱਚ,ਕੁਝ ਰਿਣ ਚੁੱਕਾਉਣ ਦਾ ਉਪਰਾਲਾ ਕੀਤਾ ਸੀ।--- ਨਿਸੰਦੇਹ ਉਸਤਾਦੀ ਸ਼ਾਗਿਰਦੀ ਦੇ ਭਾਵਨਾਤਮਿਕ ਰਿਸ਼ਤੇ ਵਿੱਚੋਂ ਹੀ ਇਹ ਸਾਰਾ ਕੁਝ ਸੰਭਵ ਹੋ ਸਕਦਾ ਹੈ। ਬਤੌਰ ਪ੍ਰਾਧਿਆਪਕ ਜਦੋਂ ਜੀਵਨ ਦੇ ਇਸ ਅਧਿਆਪਨ ਪੜਾਅ ਵਿੱਚ ਮੈਂ ਖ਼ੁਦ ਪ੍ਰਵੇਸ਼ ਕੀਤਾ ਤਾਂ ਪੜਾਅ- ਦਰ- ਪੜਾਅ , ਇਨ੍ਹਾਂ ਗੰਭੀਰ ਗੱਲਾਂ ਦੀ ਸਮਝ ਦਾ ਦਾਇਰਾ ਹੋਰ ਵੀ ਵਿਸ਼ਾਲ ਹੁੰਦਾ ਗਿਆ। ਆਪਣੇ ਰੱਬ ਵਰਗੇ ਪਿਆਰੇ ਵਿਦਿਆਰਥੀਆਂ ਨਾਲ, ਆਪਣੇ ਪਿਆਰੇ ਸਰੋਕਾਰਾਂ ਨੂੰ ਕਿਵੇਂ ਅਮਲ ਵਿੱਚ ਲਿਆਉਣਾ,ਇਹ ਗੱਲ ਮੈਂ ਡਾਕਟਰ ਸਾਹਿਬ ਤੋਂ ਬਹੁਤ ਨੇੜਿਓਂ ਹੋ ਕੇ ਸਿੱਖੀ। ਮੈਨੂੰ ਅਤਿਅੰਤ ਖ਼ੁਸ਼ੀ ਹੈ ਕਿ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਉਹ ਵਰਣਮਾਲਾ, ਮੇਰੇ ਸੇਵਾ- ਮੁਕਤ ਹੋਣ ਤੋਂ ਬਾਅਦ ਅੱਜ ਵੀ ਨਿਰੰਤਰ ਫ਼ਲੀਭੂਤ ਹੋ ਰਹੀ ਹੈ। ਮੈਨੂੰ ਫ਼ਖ਼ਰ ਹੈ ਕਿ ਦੇਸ਼/ ਵਿਦੇਸ਼ੀਂ ਬੈਠੇ ਮੇਰੇ ਵਿਦਿਆਰਥੀ ਬੜੀ ਮੁਹੱਬਤ ਨਾਲ ਪੇਸ਼ ਆਉਂਦੇ ਹਨ। ---
----- ਇਸ ਤੋਂ ਇਲਾਵਾ ਮੈਂ ਉਹਨਾਂ ਦੇ ਉਸ ਘਰ ਵਿੱਚ ਰਾਤ ਦੇ ਸਮੇਂ ਵਿਆਹ ਦੀ ਰਸਮ/ ਰਿਸੈਪਸ਼ਨ 'ਤੇ ਵੀ ਗਿਆ ਸੀ, ਮੈਨੂੰ ਇਹ ਵੀ ਪਤਾ ਕਿ ਰਾਤ ਦੇ ਖਾਣੇ ਦੀ ਦੇਰੀ ਹੋਣ ਦੀ ਵਜ੍ਹਾ ਕਰਕੇ ਆਪਣੇ ਰਸੂਖ਼ ਦੀ ਵਰਤੋਂ ਕਰਦਿਆਂ, ਡਾਕਟਰ ਅਮਰਜੀਤ ਸਿੰਘ ਦੂਆ ਨੇ ਖਾਣਾ ਖਾਣ ਲਈ ਵਿਭਾਗੀ ਸਟਾਫ਼ ਦੀ ਬੈਕਡੋਰ ਐਂਟਰੀ ਕਰਵਾਈ ਸੀ, ਵਿਭਾਗੀ ਸਟਾਫ਼ ਨੂੰ ਉਹ ਸਿੱਧੇ ਹਲਵਾਈਆਂ ਦੇ ਅੱਡੇ 'ਤੇ ਲੈ ਗਏ। ਦੂਆ ਸਾਹਿਬ ਵਾਰ- ਵਾਰ ਇਉਂ ਕਹਿ ਰਹੇ ਸੀ," ਉਹ ਪਰਲੇ ਖੂੰਜੇ ਤੇ ਜਿਹੜਾ ਸ਼ਾਮ ਵਾਲਾ ਪ੍ਰੋਗਰਾਮ ਚੱਲ ਰਿਹਾ, ਇਹ ਪਤਾ ਨਹੀਂ, ਕਦੋਂ ਖ਼ਤਮ ਹੋਵੇ, ਤੁਸੀਂ ਬਸ ਮੇਰੇ ਮਗਰ- ਮਗਰ ਆਓ!" ਮੈਨੂੰ ਜਾਪਦਾ ਸੀ ਜਿਵੇਂ ਹਲਵਾਈਆਂ ਦਾ ਠੇਕੇਦਾਰ ਵੀ ਦੂਆ ਸਾਹਿਬ ਦਾ ਵਾਕਿਫ਼ ਹੋਵੇ। ਵਿਆਹ - ਸ਼ਾਦੀਆਂ ਵਿੱਚ ਇਹ ਇੱਕ ਵੱਖ਼ਰੀ ਤਰ੍ਹਾਂ ਦਾ ਹੀ ਨਜ਼ਾਰਾ ਹੁੰਦਾ, ਸ਼ਾਇਦ ਇਸੇ ਕਰਕੇ ਅਜੇ ਤੱਕ ਉਹ ਦ੍ਰਿਸ਼ ਮੈਨੂੰ ਭੁੱਲਿਆ ਨਹੀਂ; ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ, ਪੂਰੇ ਸਹਿਯੋਗੀ ਰੂਪ ਵਿੱਚ ਇਉਂ ਹਥਿਆਰਬੰਦ ਹੋ ਕੇ, ਖਾਣੇ 'ਤੇ ਸਿੱਧਾ ਹਮਲਾ ਕਰਨਾ ਭਾਵੇਂ ਹਰ ਥਾਂ 'ਤੇ ਤਾਂ ਸੰਭਵ ਨਹੀਂ ਹੁੰਦਾ ਪਰੰਤੂ ਉਸ ਰਾਤ ਇਉਂ ਹੋਇਆ ; ਇਹ ਸਾਰਾ ਕੁਝ ਅਪਣੱਤ ਦੀ ਭਾਵਨਾ 'ਤੇ ਹੀ ਨਿਰਭਰ ਕਰਦਾ ਹੈ। ----
----- ਡਾਕਟਰ ਹਮਰਾਹੀ ਦੀ ਰੁਝੇਵਿਆਂ ਭਰੀ ਜ਼ਿੰਦਗੀ ਕਈ ਵਾਰ ਲੋੜੋਂ ਵੱਧ ਖੁੱਲ੍ਹ ਲੈਣ ਦਾ ਵੀ ਹੌਂਸਲਾ ਕਰ ਲੈਂਦੀ ਸੀ। --- ਮੈਨੂੰ ਅਜੇ ਥੋੜ੍ਹੇ ਦਿਨ ਹੀ ਹੋਏ ਸਨ ਮੈਂ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਤੋਂ ਤਬਦੀਲ ਹੋ ਕੇ ਸਰਕਾਰੀ ਕਾਲਜ ਲੁਧਿਆਣਾ ਵਿਖੇ ਆਪਣੀ ਡਿਊਟੀ 'ਤੇ ਹਾਜ਼ਰ ਹੋਇਆ ਸਾਂ। ਮੈਨੂੰ ਬਾਕੀ ਕਲਾਸਾਂ ਦੇ ਨਾਲ- ਨਾਲ ਸਮਾਂ ਸਾਰਣੀ ( Time table) ਅਨੁਸਾਰ ਚਾਰ ਪੀਰੀਅਡ 10+1 ਜਰਨਲ ਪੰਜਾਬੀ ਦੇ ਵੀ ਦਿੱਤੇ ਗਏ। ਉਪਰੰਤ ਹਮਰਾਹੀ ਸਾਹਿਬ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਵੀ ਦੋ ਪੀਰੀਅਡ ਲੈ ਲਿਆ ਕਰੋ, ਮੈਂ ਉਹਨਾਂ ਦੇ ਹੁਕਮ ਅਨੁਸਾਰ ਉਸੇ ਤਰ੍ਹਾਂ ਚਾਰ ਦੀ ਬਜਾਏ ਛੇ ਦਿਨ ਕਲਾਸਾਂ ਲੈਣ ਲੱਗ ਪਿਆ। ਇੱਕ ਦਿਨ ਵਿਭਾਗ ਵਿੱਚ ਬੈਠੇ- ਬੈਠੇ ਮੈਨੂੰ ਪ੍ਰੋਫੈ਼ਸਰ ਜੇ ਬੀ ਐੱਸ ਨੰਦਾ ਪੁੱਛਣ ਲੱਗੇ ਕਿ ਤੁਹਾਡੇ ਕੋਲ ਕਿਹੜੀਆਂ- ਕਿਹੜੀਆਂ ਕਲਾਸਾਂ ਤੇ ਕੁਲ ਕਿੰਨੇ ਪੀਰੀਅਡ ਹਨ? ਮੈਂ ਉਹਨਾਂ ਨੂੰ ਦੱਸ ਹੀ ਰਿਹਾ ਸੀ। ਐਨ ਉਸੇ ਵੇਲੇ ਪ੍ਰੋਫੈ਼ਸਰ ਮਹਿੰਦਰ ਸਿੰਘ ਚੀਮਾ ਆ ਗਏ ---- ਨੰਦਾ ਸਾਹਿਬ ਮੈਨੂੰ ਕਹਿਣ ਲੱਗੇ," ਤੁਸੀਂ ਚੌਵੀ ਦੀ ਬਜਾਏ ਛੱਬੀ ਪੀਰੀਅਡ ਕਿਉਂ ਲੈ ਰਹੇ ਹੋ? " ਮੈਂ ਥੋੜ੍ਹਾ ਚੁੱਪ ਰਿਹਾ। ਨੰਦਾ ਸਾਹਿਬ ਕਹਿਣ ਲੱਗੇ," ਚੀਮਾ ਸਾਹਿਬ,ਇਹ ਆਪਣੇ ਵਿਦਿਆਰਥੀ ਰਹੇ ਨੇ,ਇਨ੍ਹਾਂ ਨੂੰ ਵਾਧੂ ਵਰਕਲੋਡ ਕਿਉਂ? " ਚੀਮਾ ਸਾਹਿਬ ਵਿਭਾਗ ਦੇ ਮੁਖੀ ਸਨ ਉਹਨਾਂ ਤੁਰੰਤ ਵਿਭਾਗ ਦੇ ਟਾਈਮ ਟੇਬਲ ਇੰਚਾਰਜ ਨੂੰ ਕਿਹਾ ," ਅਜਿਹਾ ਨਹੀਂ ਹੋਣਾ ਚਾਹੀਦਾ -- ਵਰਕਲੋਡ ਦੀ ਬਰਾਬਰ ਵੰਡ ਕਰੋ। ਕਿਸੇ ਵਕਤ ਕਾਲਜ ਪ੍ਰਿੰਸੀਪਲ ਵਲੋਂ ਇਸ ਬਾਰੇ ਪੁੱਛਗਿੱਛ ਹੋਈ ਤਾਂ ਵਿਭਾਗ ਦੀ ਕਾਰਗੁਜ਼ਾਰੀ ਬਾਰੇ ਮੈਂ ਖ਼ੁਦ ਜਵਾਬਦੇਹ ਹਾਂ।" ਖ਼ੈਰ, ਦੂਸਰੇ ਦਿਨ ਉਸੇ ਤਰ੍ਹਾਂ ਹੀ ਹੋਇਆ ਜਿਵੇਂ ਪ੍ਰੋਫੈ਼ਸਰ ਚੀਮਾ ਸਾਹਿਬ ਨੇ ਬਤੌਰ ਮੁਖੀ ਹਦਾਇਤ ਕੀਤੀ ਸੀ। ਉਸ ਵਕ਼ਤ ਮੈਨੂੰ ਕਾਲਜ ਵਿਦਿਆਰਥੀ ਹੋਣ ਦਾ ਅਹਿਸਾਸ ਵੀ ਹੋ ਰਿਹਾ ਸੀ ਅਤੇ ਲੁਧਿਆਣੇ ਦੇ ਸ਼ਹਿਰੀਕਰਨ ਦਾ ਨਿਵੇਕਲੀ ਤਰ੍ਹਾਂ ਦਾ ਇੱਕ ਨਿੱਜੀ ਅਨੁਭਵ ਵੀ।----
--- ਦੱਸ ਦੇਵਾਂ,ਉਹ ਜਦੋਂ ਵੀ ਬਾਵਨੀ ਦਾ ਨਵਾਂ ਪਾਤਰ ਛੋਂਹਦੇ ਤਾਂ ਉਸ ਪਾਤਰ ਸੰਬੰਧੀ ਲਿਖੇ ਕਾਵਿ- ਚਿੱਤ੍ਰ ਦੇ ਸੰਪੰਨ ਹੋਣ 'ਤੇ ਉਹ ਸਤਿਕਾਰਤ ਡਾਕਟਰ ਪਰਮਿੰਦਰ ਸਿੰਘ ਹੁਰਾਂ ਕੋਲ ਜ਼ਰੂਰ ਹਾਜ਼ਰੀ ਲਗਵਾਉਂਦੇ - ਉਸ ਤੋਂ ਬਾਅਦ ਹੀ ਉਹ ਆਪਣੀ ਨਵ- ਨਵੇਲੀ ਰਚਨਾ ਨੂੰ ਪੂਰੀ ਵਿਸ਼ਵਾਸੀ ਭਾਵਨਾ ਨਾਲ,ਪਾਠਕਾਂ ਦੀ ਕਚਹਿਰੀ ਵਿੱਚ ਲਿਆਉਂਦੇ - ਉਹਨਾਂ ਨੂੰ ,ਐਨਾ ਲੋਹੜਿਆਂ ਦਾ ਵਿਸ਼ਵਾਸ ਸੀ ਡਾਕਟਰ ਸਾਹਿਬ 'ਤੇ। ---- ਉਹਨਾਂ ਦੀ ਅਜਿਹੇ ਮਿਲਾਪੜੇ ਸੁਭਾਅ ਵਾਲੀ ਮਿਕਨਾਤੀਸੀ ਸ਼ਖ਼ਸੀਅਤ ਕਦੇ ਸਵਾਲੀਆਂ ਵਾਂਗੂੰ, ਕਿਸੇ ਮਿੱਤਰ - ਪਿਆਰੇ ਅੱਗੇ ਕੋਈ ਸਵਾਲ ਵੀ ਪਾਉਂਦੀ ਤਾਂ ਹਮੇਸ਼ਾਂ ਝੋਲੀਆਂ ਭਰ ਕੇ ਲਿਆਉਂਦੀ, ਕਦੇ ਖ਼ਾਲੀ ਨਹੀਂ ਸੀ ਮੁੜਦੀ। ਉਹਨਾਂ ਵਲੋਂ ਅਰੰਭੀ ਬਾਵਨੀ ਕਾਵਿ- ਵਿਧਾ ਦੀ ਚਮਤਕਾਰੀ ਪ੍ਰਤਿਭਾ ਦਾ ਇਹੋ ਰਾਜ਼ ਸੀ; ਇੱਕ ਤਰ੍ਹਾਂ ਨਾਲ ਇਹ ਪ੍ਰਚਲਿਤ / ਸਥਿਰ ਹੋਂਦ ਤੋਂ ਹੋਂਦ- ਪ੍ਰਗਟਾਵੇ ਦਾ ਕਾਵਿ- ਸਫ਼ਰ ਹੁੰਦਾ ਸੀ ਕਿਉਂਕਿ ਇਹ ਮਨੁੱਖੀ ਫ਼ਿਤਰਤ ਹੈ - ਕੌਣ ਕਹਿੰਦਾ ਹੈ ਕਿ ਮੈਂ ਆਪਣੇ ਆਲੇ ਦੁਆਲੇ ਦੇ ਲੋਕਾਂ ਵਿੱਚ ਨਾ ਜਾਣਿਆ ਜਾਵਾਂ ਜਾਂ ਮੇਰੇ ਬਾਰੇ ਕੁੱਝ ਨਾ ਲਿਖਿਆ ਜਾਵੇ। ਇਥੋਂ ਤੱਕ ਕਿ ਕੁਝ ਧਰਮਾਂ ਦਾ ਵੀ ਇਹ ਵਿਸ਼ਵਾਸ ਹੈ, ਉਨ੍ਹਾਂ ਧਰਮਾਂ ਵਲੋਂ ਪਰਮਾਤਮਾ ਬਾਰੇ ਵੀ ਇਹ ਧਾਰਨਾ ਬਣੀ ਹੋਈ ਹੈ ਕਿ ਉਸ ਪਰਮਾਤਮਾ ਨੇ ਇਹ ਕਾਇਨਾਤ ਇਸੇ ਲਈ ਸਾਜ਼ੀ ਤਾਂ ਕਿ ਮੈਂ ਜਾਣਿਆ ਜਾਵਾਂ। --- ਇੱਥੇ ਕਿਸੇ ਵਿਅਕਤੀ- ਵਿਸ਼ੇਸ਼ ਨੂੰ ਕੇਵਲ ਜਾਨਣ ਜਾਂ ਗਿਆਨ ਹਾਸਲ ਕਰਨ ਦੀ ਗੱਲ ਨਹੀਂ, ਉਸ ਦੀਆਂ ਜੀਵਨ - ਗਤੀਵਿਧੀਆਂ ਨੂੰ ਕਲਾਤਮਿਕ ਵਿਧੀ ਰਾਹੀਂ ਪ੍ਰਗਟਾਉਣ ਦਾ ਜ਼ਰੀਆ ਬਣਾਉਣਾ ਵੀ ਹੈ। ਸ਼ਬਦ - ਸੁਹਜ ਦੇ ਮਾਰਮਿਕ ਚਿਤ੍ਰਣ ਕਰਨ ਦਾ ਜੋ ਮੌਕਾ ਡਾਕਟਰ ਹਮਰਾਹੀ ਦੇ ਹਿੱਸੇ ਆਇਆ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ।---
---- ਇਸੇ ਕਾਰਨ ਉਸ ਦੇ ਤਥਾ- ਕਥਿਤ ਵਿਰੋਧੀ ਵੀ ਉਸ ਦੀ ਮੌਲਿਕਤਾ ਦਾ ਸਿੱਕਾ ਮੰਨਦੇ ਸਨ, ਉਨ੍ਹਾਂ ਨੂੰ ਇਹ ਕਹਿਣਾ ਪੈਂਦਾ ਕਿ ਡਾਕਟਰ ਹਮਰਾਹੀ ਦੀ ਰਚਨਾਤਮਿਕ ਪ੍ਰਤਿਭਾ 'ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ - ਹਮਰਾਹੀ ਤਾਂ ਹਮਰਾਹੀ ਹੈ। ਇਹ ਉਹਨਾਂ ਦੀ ਫ਼ਿਰਾਖ਼ਦਿਲੀ ਸੀ, ਚੱਲਦੇ- ਚੱਲਦੇ ਉਹ ( ਹਮਰਾਹੀ) ਖ਼ੁਦ ਵੀ ਕਹਿ ਦਿੰਦੇ ਕਿ ਬੰਦਿਆਂ ਵਾਲੇ ਗੁਣ- ਐਬ ਮੇਰੇ ਵਿੱਚ ਵੀ ਹਨ ਪਰੰਤੂ ਮੇਰਾ ਆਪਣਾ ਅਸਤਿੱਤਵ ਹੈ, ਮੇਰੀ ਆਪਣੀ ਮਿਹਨਤ ਹੈ, ਮੈਂ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ- ਕਿਸੇ ਵੀ ਥਾਂ 'ਤੇ ਕੋਈ ਦੁਹਰਾਓ ਨਹੀਂ- ਕੋਈ ਨਕਲ ਨਹੀਂ --- ਉਹ ਸੋਨੇ ਦੀ ਕੁਠਾਲੀ ਦਾ ਜ਼ਿਕਰ ਕਰਦਿਆਂ ਆਪਣੇ ਸਾਹਿਤਕ ਕਾਰਜ ਨੂੰ ਸ਼ੁਧ ਕਵਿਤਾ ਦਾ ਰੁਤਬਾ ਦਿੰਦੇ। ----- ਜਦੋਂ ਕਿ ਉਸ ਦੀ ਸਹਿਯੋਗੀ ਭਾਵਨਾ 'ਤੇ ਕੁਝ ਪੜ੍ਹੇ ਲਿਖੇ ਲੋਕਾਂ ਨੇ ਵੀ ਕਿੰਤੂ ਪਰੰਤੂ ਕੀਤਾ,ਉਸ ਦੀ ਕਿਰਦਾਰੀ- ਪ੍ਰਤਿਭਾ 'ਤੇ ਸ਼ੰਕੇ ਵੀ ਜਤਾਏ, ਸਵਾਰਥੀ ਹਿੱਤਾਂ ਦੇ ਮੱਦੇਨਜ਼ਰ ਅਰਥਾਂ ਦੇ ਅਨੱਰਥ ਵੀ ਕੀਤੇ। ਉਨ੍ਹਾਂ 'ਤੇ ਜਵਾਬੀ ਹਮਲਾ ਕਰਦਿਆਂ, ਹੱਸਦੇ- ਹੱਸਦੇ ਆਦਤਨ ਉਹ( ਡਾਕਟਰ ਹਮਰਾਹੀ)ਇਉਂ ਵੀ ਕਹਿਣ ਤੋਂ ਗ਼ੁਰੇਜ਼ ਨਹੀਂ ਸੀ ਕਰਦੇ," ਸਾਡਾ ਖ਼ਰਾ ਮਾਲ ਖ਼ਰੇ ਭਾਅ ਵਿੱਕਦਾ ,ਪੰਜਾਬੀ ਟ੍ਰਿਬਿਊਨ ਹੋਵੇ ਜਾਂ ਅਜੀਤ ਅਖ਼ਬਾਰ ਜਾਂ ਹੋਰ ਕੋਈ ਵੀ ਅਦਾਰਾ ਅਸੀਂ ਆਪਣੇ ਇੱਕ- ਇੱਕ ਅੱਖ਼ਰ ਦਾ ਮੁੱਲ ਪਵਾਉਂਦੇ ਹਾਂ। ਅਸੀਂ ਖ਼ੁਦ ਵੀ ਮੁਫ਼ਤਖੋਰੇ ਨਹੀਂ ਤੇ ਨਾ ਹੀ ਮੁਫ਼ਤਖੋਰੀਆਂ ਗੱਲਾਂ ਕਰਦੇ ਹਾਂ। " ਉਹਨਾਂ ਦੀ ਇਹ ਸਾਫ਼ਗੋਈ ਭਾਵੇਂ ਪੇਤਲੇ ਰੂਪ ਵਿੱਚ ਓਪਰੀ ਵੀ ਪ੍ਰਤੀਤ ਹੁੰਦੀ ਪਰੰਤੂ ਸੱਚ ਤਾਂ ਇਹ ਹੈ ਕਿ ਉਹਨਾਂ ਦੀ ਮੌਲਿਕਤਾ ਜਾਂ ਉਹਨਾਂ ਦੇ ਸਿਰਜਣਸ਼ੀਲਤਾ 'ਤੇ ਕੋਈ ਵੀ ਮਾਈ ਦਾ ਲਾਲ ਸਵਾਲੀਆ ਚਿੰਨ੍ਹ ਨਹੀਂ ਲਾ ਸਕਿਆ। ਘੋਰ ਨਿੰਦਕਾਂ ਵਾਂਗ ਗੱਲਾਂ ਕਰਨੀਆਂ ਭਾਵੇਂ ਬੜੀਆਂ ਸੌਖੀਆਂ ਹਨ; ਉਹ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ, ਖੁੱਲ੍ਹਾਂ ਮਾਨਣ ਵਾਲਾ ਅਜਿਹਾ ਉਡਾਰ ਪੰਛੀ ਸੀ ਜੋ ਛੇਤੀ ਕੀਤਿਆਂ ਕਿਸੇ ਦੀ ਈਨ ਨਹੀਂ ਸੀ ਮੰਨਦਾ, ਜ਼ਿੰਦਗੀ ਦੇ ਬੇਲੋੜੇ ਬੰਧੇਜ਼ ਉਹਨੂੰ ਰਾਸ ਨਹੀਂ ਸੀ ਆਉਂਦੇ। ਉਸ ਦੀ ਕਲਮ ਦਾ ਕਰਾਮਾਤੀ ਹਥੌੜਾ ਪਹਿਲੀ ਸੱਟੇ ਹੀ ਕਹਿੰਦੇ- ਕਹਾਉਂਦਿਆਂ ਦੀਆਂ ਚੀ਼ਖਾਂ ਕਢਵਾ ਦਿੰਦਾ ਸੀ। ਇਹ ਸਾਰਾ ਕੁਝ ਮੈਂ ਖ਼ੁਦ ਵੀ ਹੁੰਦਾ ਦੇਖਿਆ।
----- ਸਮੇਂ ਦੀ ਨਜ਼ਾਕਤ ਹੁੰਦੀ ਹੈ, ਅੱਜ ਉਹਨਾਂ ਦੀ ਲਾਈ ਫ਼ੁਲਵਾੜੀ ਭਾਵੇਂ ਕੁਝ ਵੀ ਸਮਝੇ, ਉਹਨਾਂ ਦੀ ਕੰਮ ਕਰਨ ਦੀ ਬਿਰਤੀ- ਪ੍ਰਕਿਰਤੀ ਆਮ ਲੋਕਾਂ ਤੋਂ ਬਿਲਕੁਲ ਅਲਹਿਦਗੀ ਦਾ ਅਹਿਸਾਸ ਕਰਵਾਉਂਦੀ ਸੀ,ਜਿਸ ਵਿਚੋਂ ਇੱਕ ਪੰਥ ਦੋ ਕਾਜ ਦੀ ਭਾ ਵੀ ਮਾਰਦੀ ਸੀ ; ਉਹ ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੇਪਰਾਂ ਦੇ ਮੁਲਾਂਕਣ ਦੀ ਡਿਊਟੀ ਕਰਨ ਜਾਂਦੇ ਤਾਂ ਉਥੋਂ ਦੇ ਵੱਖ- ਵੱਖ ਕਾਲਜਾਂ ਵਿੱਚ ਸਪਲਾਈ ਕਰਨ ਲਈ,ਬਿੱਲਾਂ ਸਮੇਤ ਆਪਣੀਆਂ ਪੁਸਤਕਾਂ ਦੇ ਥੈਲੇ ਵੀ ਭਰ ਕੇ ਲੈ ਜਾਂਦੇ। ਉਹਨਾਂ ਦਾ ਇਹ ਕਿਸਬ ਤਰਕ ਬਾਹਰਾ ਨਹੀਂ ਸੀ ਹੁੰਦਾ, ਉਹ ਉਸ ਇਕੱਠੀ ਹੋਈ ਰਾਸ਼ੀ ਨਾਲ,ਭਵਿੱਖ ਵਿੱਚ ਛਪਣ ਵਾਲੀਆਂ ਆਪਣੀਆਂ ਪੁਸਤਕਾਂ ਦੀ ਅਗਾਂਊ ਯੋਜਨਾ ਬਣਾਉਂਦੇ। ਇਹ ਸਾਰਾ ਕੁਝ ਮੈਂ ਆਪਣੇ ਅੱਖੀਂ ਵੇਖਿਆ, ਕੁੱਝ ਵੀ ਹੋਵੇ,ਉਹਨਾਂ ਦੀ ਪੁਸਤਕਾਂ ਪ੍ਰਤਿ ਅਜਿਹੀ ਵਚਨਬੱਧਤਾ ਅਤੇ ਆਰਥਿਕ ਪਰਿਪੇਖ - ਕੇਂਦ੍ਰਿਤ ਵਿਗਿਆਨਕ ਦ੍ਰਿਸ਼ਟੀ/ ਪਹੁੰਚ ਨੂੰ ਜੀ ਆਇਆਂ ਕਹਿਣਾ ਬਣਦਾ। ਬਾਕੀ ਖ਼ਿਆਲ ਆਪਣਾ - ਆਪਣਾ ----।
---- ਮੈਨੂੰ ਇਉਂ ਵੀ ਲੱਗਦਾ ਕਿ ਕਿਸੇ ਦੇ ਕਿਰਦਾਰ 'ਤੇ ਉਂਗਲ ਧਰਨੀ ਕੋਈ ਔਖੀ ਗੱਲ ਨਹੀਂ ਹੁੰਦੀ ਪਰੰਤੂ ਕੁੱਝ ਲੋਕਾਂ ਦਾ ਤਾਂ ਇਹ ਵੀ ਹੁੰਦਾ ਉਨ੍ਹਾਂ ਦੀ ਬਾਹਰੀ ਹੋਂਦ / ਦਿੱਖ ਦੀ ਝਲਕ ਕੁੱਝ ਹੋਰ ਅਤੇ ਅੰਦਰਲਾ ਸੱਚ ਕੁਝ ਹੋਰ ਹੁੰਦਾ ; ਜਿਵੇਂ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਵਾਲੀ, ਇਹ ਕਹਾਵਤ ਉਨ੍ਹਾਂ 'ਤੇ ਪੂਰੀ ਤਰ੍ਹਾਂ ਢੁੱਕਦੀ ਹੋਵੇ। ਡਾਕਟਰ ਹਮਰਾਹੀ ਇਸ ਪੱਖੋਂ ਬੇਲਾਗ ਸ਼ਖ਼ਸੀਅਤ ਸੀ,ਉਸ ਦੀ ਜ਼ਿੰਦਗੀ ਤਾਂ ਮਾਨੋ, ਖੁੱਲ੍ਹੀ ਕਿਤਾਬ ਦੀ ਤਰ੍ਹਾਂ ਸੀ ਇਸੇ ਕਰਕੇ ਉਹ ਛੇਤੀ ਕੀਤਿਆਂ, ਕਿਸੇ ਦੀ ਟੈਂਅ ਨਹੀਂ ਸੀ ਮੰਨਦਾ ਪਰੰਤੂ ਕਿਸੇ ਬੇਲੋੜੇ ਵਾਦ- ਵਿਵਾਦ ਵਿੱਚ ਪੈਣ ਦੀ ਬਜਾਇ ਉਹ ਸਮਝੌਤਾਵਾਦੀ ਬਿਰਤੀ ਨੂੰ ਪਹਿਲ ਦਿੰਦਾ ਸੀ। ਉਹ ਭੈਅ- ਮੁਕਤ ਅਤੇ ਸ਼ਾਂਤਮਈ ਜ਼ਿੰਦਗੀ ਦਾ ਸਮਰੱਥਕ ਸੀ ਕਿਉਂਕਿ ਉਸ ਨੂੰ ਇਹ ਭਲੀਭਾਂਤ ਪਤਾ ਸੀ ਕਿ ਮੇਰੀਆਂ ਸਾਹਿਤਕਾਰੀ ਵਿੱਚ ਵਿੱਢੀਆਂ ਭਵਿੱਖਮੁਖੀ ਯੋਜਨਾਵਾਂ ਕਿਹੋ ਜਿਹੇ ਹਾਲਾਤਾਂ ਨੂੰ ਪ੍ਰਵਾਨਗੀ ਦੇਣਗੀਆਂ। --- ਇਹ ਨਹੀਂ ਕਿ ਸਰਕਾਰੇ- ਦਰਬਾਰੇ ਉਸ ਦੀ ਪਹੁੰਚ ਨਹੀਂ ਸੀ; ਇਹ ਵੀ ਕੋਈ ਸਬੱਬ ਦੀ ਗੱਲ ਹੁੰਦੀ ਹੈ,ਜੀਵਨ ਦੇ ਕਿਸੇ ਬਸੋਂ ਬਾਹਰੇ ਅਣਸੁਖਾਵੇਂ ਸੰਕਟ ਸਮੇਂ, ਉਹ ਹਿੰਦੁਸਤਾਨ ਦੇ ਰਾਸ਼ਟਰਪਤੀ ਤੱਕ ਵੀ ਪਹੁੰਚ ਕਰ ਸਕਦਾ ਸੀ। ਇਹ ਉਸਦੀ ਕਲਮ ਦੀ ਕਰਾਮਾਤੀ ਸ਼ਕਤੀ ਹੀ ਸੀ ਜਿਸ ਦੇ ਬਲਬੂਤੇ ਉਸ ਦੇ ਧਰਤੀ 'ਤੇ ਪੱਬ ਨਹੀਂ ਸੀ ਲੱਗਦੇ; ਉਸ ਦਾ ਹੱਸਮੁੱਖ ਚਿਹਰਾ ਹਮੇਸ਼ਾਂ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ। ਪਰ ਉਸ ਦੀ ਨਿਰਮਲਤਾ/ਨਿਰਮਾਣਤਾ ਦੇ ਵੀ ਵਾਰੇ - ਵਾਰੇ ਜਾਣ ਨੂੰ ਜੀਅ ਕਰਦਾ।