ਕੱਲ੍ਹ ਜਦੋਂ ਤੁਸੀਂ ਆਪਣੇ ਪਿਤਾ ਜੀ ਨੂੰ ਇੱਥੇ ਛੱਡ ਕੇ ਗਏ ਸੀ, ਉਦੋਂ ਤੋਂ ਹੀ ਉਹ ਬੇਹੱਦ ਉਦਾਸ ਹਨ, ਕੁੱਝ ਖਾਂਦੇ ਪੀਦੇ ਨੀਂ ਤੇਜ਼ ਬੁਖ਼ਾਰ ਹੈ ਪਰ ਕੋਈ ਦਵਾਈ ਲੈਣ ਤੋਂ ਇਨਕਾਰ ਕਰ ਰਹੇ ਹਨ, ਪੁੱਛਣ ਤੇ ਕੁੱਝ ਦੱਸ ਵੀ ਨਹੀਂ ਰਹੇ, ਪਲੀਜ਼ ਤੁਸੀਂ ਉਨ੍ਹਾਂ ਨੂੰ ਇੱਕ ਵਾਰ ਆ ਕੇ ਮਿਲ ਜਾਵੋ ਤਾਂ ਸ਼ਾਇਦ ਕੁੱਝ ਬੇਹਤਰ ਮਹਿਸੂਸ ਕਰਨ।" ਬਿਰਧ ਆਸ਼ਰਮ ਦੇ ਪ੍ਰਬੰਧਕ ਨੇ ਕਮਲ ਨੂੰ ਫੋਨ 'ਤੇ ਦੱਸਿਆ। "ਦਰਅਸਲ ਮੈਂ ਪਿਤਾ ਜੀ ਨੂੰ ਲੈਣ ਹੀ ਆ ਰਿਹਾ ਸੀ, ਸਬੱਬੀ ਤੁਹਾਡਾ ਫੋਨ ਆ ਗਿਆ।" "ਓ ਨਹੀਂ ਨਹੀਂ ਜੀ, ਉਨ੍ਹਾਂ ਨੂੰ ਵਾਪਸ ਲਿਜਾਣ ਦੀ ਤਾਂ ਕੋਈ ਲੋੜ ਨਹੀਂ ਸ਼ੁਰੂਆਤ ਵਿਚ ਅਕਸਰ ਅਜਿਹਾ ਹੋ ਜਾਂਦਾ ਹੈ ਪਰ ਥੋੜ੍ਹੇ ਦਿਨਾਂ ਵਿਚ ਸਭ ਠੀਕ ਹੋ ਜਾਵੇਗਾ।" ਪ੍ਰਬੰਧਕ ਨੇ ਕਮਲ ਨੂੰ ਢਾਰਸ ਦਿੱਤੀ। "ਨਹੀਂ ਜੀ, ਅਸਲ 'ਚ ਤੁਸੀਂ ਮੇਰਾ ਮਤਲਬ ਹੀ ਨਹੀਂ ਸਮਝੇ ਮੇਰੇ ਢਾਈ ਸਾਲਾਂ ਦੇ ਬੇਟੇ ਦਾ ਵੀ ਕੱਲ੍ਹ ਦਾ ਇਹੋ ਹਾਲ ਹੈ ਬੁਖ਼ਾਰ ਨਾਲ ਤਪ ਰਿਹੈ ਤੇ ਆਪਣੇ ਦਾਦਾ ਜੀ ਨੂੰ ਯਾਦ ਕਰ ਦਿਨ ਰਾਤ ਰੋਈ ਜਾਂਦਾ ਤੇ ਇੱਕੋ ਰਟ ਲਗਾਈ ਬੈਠਾ ਕਿ ਮੇਰੇ ਦਾਦਾ ਜੀ ਨੂੰ ਲਿਆਓ। ਦਾਦੇ ਪੋਤੇ ਵਿਚ ਗੂੜ੍ਹਾ ਲਗਾਓ ਸੀ, ਇੱਕ ਪਲ ਲਈ ਵੀ ਦੋਵੇਂ ਇੱਕ-ਦੂਜੇ ਤੋਂ ਇੱਧਰ ਉਧਰ ਨਹੀਂ ਸੀ ਹੁੰਦੇ।'' " ਓ ! ਅੱਛਾ ... ਅੱਛਾ... ਮੈਂ ਹੁਣ ਤੁਹਾਡਾ 'ਮਤਲਬ' ਸਮਝ ਗਿਆ ਕਿ ਤੁਸੀਂ ਆਪਣੇ ਪਿਤਾ ਜੀ ਕਰਕੇ ਨ੍ਹੀਂ ਬਲਕਿ ਆਪਣੇ ਬੇਟੇ ਖ਼ਾਤਿਰ ਉਨ੍ਹਾਂ ਨੂੰ ਲੈਣ..... ।" ਪ੍ਰਬੰਧਕ ਨੇ 'ਮਤਲਬ' ਸ਼ਬਦ ਨੂੰ ਜ਼ਰਾ ਜ਼ੋਰ ਦੇ ਕੇ ਆਖਿਆ। "ਹਾਂ .... ਹਾਂ ....ਜੀ ਬਿਲਕੁਲ।" ਕਮਲ ਨੇ ਬੇਸ਼ਰਮੀ ਨਾਲ ਆਖ ਫੋਨ ਕੱਟ ਦਿੱਤਾ।