ਸੱਥ ਵਿੱਚ ਗੰਢਾ ਆ ਰਿਹਾ ਸੀ ਜੋ ਪੜਿਆ ਲਿਖਿਆ ਸੀ ਪਰ ਕੁਝ ਨਸ਼ੇ ਪੱਤੇ ਕਰਨ ਕਰਕੇ ਲੋਕਾਂ ਨੇ ਉਸ ਨੂੰ ਅਮਲੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਉਸਨੇ ਆਉਂਦੇ ਨੇ ਕਿਹਾ ਯਾਰ,"ਆਹ ਭਗਵੰਤ ਮਾਨ ਵਾਲੀਆਂ ਵੋਟਾਂ ਭਾਵਾਂ ਨੇੜੇ ਆ ਗੀਆ।"
ਕਾਮਰੇਡ ਗੁਰਜੰਟ ਕਹਿੰਦਾ,"ਨਹੀਂ ਗੰਢੇ ਸਾਲ ਤੋਂ ਉਪਰ ਸਮਾਂ ਪਿਆ ਐ।"
"ਤੂੰ ਕਿਉਂ ਪੁੱਛਦਾ ਕਿਤੇ ਐਤਕੀਂ ਚੋਣਾਂ ਲੜਨ ਦਾ ਤਾਂ ਨੀਂ ਇਰਾਦਾ ਬਣਾਈ ਬੈਠਾ।" ਜਸ ਨੇ ਪੁੱਛਿਆ।
ਅਮਲੀ,"ਨਾ, ਬਾਬਾ, ਨਾ, ਇਹ ਕੋਈ ਮੇਰੇ ਵਰਗੇ ਸ਼ਰੀਫ਼ ਬੰਦੇ ਦਾ ਕੰਮ ਥੋੜਾ ਐ।"
"ਹੋਰ ਗੰਢੇ ਇਹਦੇ ਵਿੱਚ ਕਿਹੋ ਜਿਹੇ ਬੰਦੇ ਹੁੰਦੇ ਐਂ " ਜਸ ਨੇ ਕਿਹਾ।
ਅਮਲੀ,"ਤੈਨੂੰ ਪਤਾ ਤਾਂ ਐ ਇਹਦੇ ਵਿੱਚ ਤਾਂ ਸੁੱਚਾ ਸਿਓ ਵਰਗੇ ਸੁੱਚੇ ਬੰਦੇ ਹੀ ਕਾਮਯਾਬ ਐਂ ਮਾਹਤੜ ਵਰਗੇ ਨੂੰ ਕਿਹਨੇ ਵੋਟ ਪਾਉਣੀ ਐ।"
ਗੁਰਜੰਟ,"ਗੰਢਾ ਸਿਓ ਇਹ ਭਾਵੇਂ ਤੈਨੂੰ ਕੁਝ ਵੀ ਸਮਝਣ ਪਰ ਮੈਨੂੰ ਪਤਾ ਤੂੰ ਸਿਆਸੀ ਪੰਡਤ ਐ ਤੈਨੂੰ ਪਹਿਲਾਂ ਪਤਾ ਹੁੰਦਾ ਕਿਹੜੀ ਪਾਰਟੀ ਜਿੱਤੂ।"
ਅਮਲੀ,"ਐਤਕੀਂ ਲਗਦਾ ਅਕਾਲੀ ਦਲ ਜਿੱਤੂ। "
ਇਹ ਸੁਣ ਕੇ ਨੇੜੇ ਬੈਠੇ ਅਕਾਲੀ ਪੱਖੀ ਵੀ ਕੰਨ ਚੱਕ ਆਏ।
ਜਸ,"ਅਮਲੀਆਂ ਅਕਾਲੀ ਦਲ ਤਾਂ ਵੀਹ ਸਾਲ ਨਹੀਂ ਉਠਦਾ ਤੂੰ ਕਿਵੇਂ ਕਿਹਾ ਅਕਾਲੀ ਦਲ ਜਿੱਤੂ।"
ਅਮਲੀ,"ਦੇਖ ਕਾਂਗਰਸ ਵਿੱਚ ਚਾਰ ਪੰਜ ਧੜੇ ਐਂ ਟਿੱਕਟ ਇੱਕ ਨੂੰ ਮਿਲੂ ਜਦੋਂ ਚਾਰ ਲੱਤਾਂ ਖਿੱਚਣ ਵਾਲੇ ਹੋਏ ਉਹ ਕਾਮਯਾਬ ਕਿਵੇਂ ਹੋਊ?ਰਹੀ ਗੱਲ ਝਾੜੂ ਵਾਲੇ ਤੇ ਭਾਜਪਾ ਦੀ ਇਹਨਾਂ ਦੋਨਾਂ ਪਾਰਟੀਆਂ ਦੀ ਟੇਕ ਹਿੰਦੂ ਵੋਟਾਂ ਤੇ ਐਂ। ਭਾਜਪਾ ਤਾਂ ਸਭ ਨੂੰ ਪਤਾ ਹੀ ਸੀ ਕਿ ਇਹ ਹਿੰਦੂਤਵੀ ਪਾਰਟੀ ਐ। ਇਹਨਾਂ ਝਾੜੂ ਵਾਲਿਆਂ ਨੇ ਬਹੁ ਗਿਣਤੀ ਵੱਡੇ ਔਹਦੇ ਹਿੰਦੂਆਂ ਨੂੰ ਦੇ ਕੇ ਸਾਬਤ ਕਰਤਾ ਕਿ ਇਹ ਵੀ ਹਿੰਦੂਤਵੀ ਐ।ਰਹੀ ਗੱਲ ਕਾਂਗਰਸ ਦੀ ਉਹ ਵੀ ਬਹੁਤੀਆਂ ਵੋਟਾਂ ਸ਼ਹਿਰੀ ਹੀ ਲੈਂਦੀ ਐ। ਜਦੋਂ ਹਿੰਦੂ ਵੋਟਾਂ ਐਨੀਂ ਥਾਂ ਵੰਡੀਆਂ ਗਈਆਂ ਜਿਹੜੀਆਂ ਹੈ ਹੀ ਪੰਜਾਬ ਵਿੱਚ ਚਾਲੀ ਪ੍ਰਤੀਸ਼ਤ ਫਿਰ ਇਹਨਾਂ ਪਾਰਟੀਆਂ ਦਾ ਜਿੱਤਣਾ ਮੁਸ਼ਕਿਲ ਹੈ।ਨਾ ਕਿਉਂ ਬਈ ਕਾਮਰੇਡਾਂ।"
ਗੁਰਜੰਟ,"ਗੱਲ ਤੇਰੀ ਵਿਚ ਵਜ਼ਨ ਐਂ ਗੰਡਿਆ ਪਰ ਅਕਾਲੀ ਦਲ ਵੀ ਤਿੰਨ ਚਾਰ ਐਂ ਉਹਨਾਂ ਦੀ ਵੋਟ ਵੀ ਵੰਡੀ ਜਾਣੀ ਐਂ।"
ਅਮਲੀ,"ਵੀਰ ਮੈਂ ਕਿਸੇ ਇੱਕ ਅਕਾਲੀ ਦਲ ਦਾ ਨਾ ਲਿਆ ਐ। ਅਕਾਲੀ ਉਹ ਜਿੱਤੂ ਜਿਸਨੂੰ ਲੋਕਾਂ ਨੇ ਮਾਨਤਾ ਦੇ ਦਿੱਤੀ ਜੇ ਇਹ ਸਾਰੇ ਅਕਾਲੀ ਇਕੱਠੇ ਹੋ ਜਾਣ ਤਾਂ ਜਿੱਤ ਪੱਕੀ ਐਂ। ਹਾਂ ਜਿੱਤ ਭਾਜਪਾ ਵੀ ਸਕਦੀ ਐਂ ਜੇ ਇਹਨਾਂ ਨੇ ਬਸਪਾ ਨਾਲ ਸਮਝੌਤਾ ਕਰ ਲਿਆ।"
ਸਾਰੇ ਸੋਚੀ ਪੈ ਗਏ ਜਸ ਕਹਿੰਦਾ," ਹੈ ਤਾਂ ਪਾੜਿਆ ਤੂੰ ਸਿਆਸੀ ਪੰਡਤ ਹੀ,ਗੱਲ਼ਾਂ ਤਾਂ ਤੇਰੀਆਂ ਸਾਰੀਆਂ ਹੀ ਸੱਚੀਆਂ ਐ। ਹੁਣ ਦੇਖਦੇ ਹਾਂ ਕਿਹਦਾ ਕਿਹਦੇ ਨਾਲ ਸਮਝੌਤਾ ਹੁੰਦਾ ਐ।"