ਮਨੁੱਖ ਅਤੇ ਕਾਨੂੰਨ (ਕਹਾਣੀ)

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦ ਰਣਬੀਰ ਨੇ ਸਵੇਰ ਦਾ ਅਖ਼ਬਾਰ ਖੋਲ੍ਹਿਆ ਤਾਂ ਖ਼ਬਰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਰਸੋਈ ਵਿਚ ਕੰਮ ਕਰਦੀ ਆਪਣੀ ਪਤਨੀ ਸਿਮਰਨ ਨੂੰ ਆਵਾਜ ਦਿੱਤੀ। ਮੈਂ ਕਿਹਾ ਸਿਮਰ ਇਧੱਰ ਆਵੀਂ ਜ਼ਰਾ ਜਲਦੀ। ਸਿਮਰਨ ਆਪਣੇ ਹੱਥ ਦਾ ਕੰਮ ਛੱਡ ਕੇ ਜਲਦੀ ਜਲਦੀ ਆਈ ਅਤੇ ਬੋਲੀ-“ਦੱਸੋ ਕੀ ਗੱਲ ਹੈ?”
“ਇਹ ਦੇਖ ਤੇਰੀ ਸਹੇਲੀ ਅੰਜਲੀ, ਜਿਸ ਦੇ ਵਿਆਹ ਤੇ ਅਸੀਂ ਪਿਛਲੇ ਸਾਲ ਗਏ ਸੀ, ਉਸ ਦੇ ਪਤੀ ਨੇ ਕੀ ਅਨਰਥ ਕਰ ਦਿੱਤਾ ਈ।
ਸਿਮਰਨ-“ਕੀ ਹੋਇਆ ਕੀ”
ਰਣਬੀਰ ਨੇ ਅਖ਼ਬਾਰ ਉਸ ਅੱਗੇ ਕਰ ਦਿੱਤਾ। ਮੁੱਖ ਖ਼ਬਰ ਸੀ ਕਿ ਮੁਹਾਲੀ ਵਿਚ ਦਿਨ ਦਿਹਾੜੇ ਅੰਨ੍ਹਾ ਕਤਲ। ਅੰਦਰ ਦੀ ਖ਼ਬਰ ਇਸ ਪ੍ਰਕਾਰ ਸੀ ਕਿ ਸ਼ੰਕਰ ਨਾਥ (ਉਮਰ-26 ਸਾਲ) ਅੱਜ ਆਪਣੇ ਦੋਸਤ ਰੋਹਿਤ ਨਾਲ ਉਸ ਦੇ ਕਮਰੇ ਵਿਚ ਸ਼ਰਾਬ ਪੀ ਰਿਹਾ ਸੀ ਅਤੇ ਜਸ਼ਨ ਮਨਾ ਰਿਹਾ ਸੀ। ਗੱਲਾਂ ਗੱਲਾਂ ਵਿਚ ਰੋਹਿਤ ਤੋਂ ਸ਼ੰਕਰ ਦੀ ਪਤਨੀ ਬਾਰੇ ਕੁਝ ਐਸੀ ਚੁਭਵੀਂ ਗੱਲ ਕਹਿ ਦਿੱਤੀ ਗਈ ਜਿਸ ਨੂੰ ਉਹ ਬਰਦਾਸ਼ਤ ਨਾ ਕਰ ਸਕਿਆ। ਸ਼ੰਕਰ ਇਕ ਦਮ ਕ੍ਰੋਧ ਵਿਚ ਆ ਗਿਆ ਅਤੇ ਰੋਹਿਤ ਤੇ ਮੁੱਕਿਆਂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ। ਫਿਰ ਦੋਹਾਂ ਹੱਥਾਂ ਨਾਲ ਉਸ ਦਾ ਗਲਾ ਘੁੱਟਣ ਲੱਗਾ ਅਤੇ ਘੁੱਟਦਾ ਹੀ ਚਲਾ ਗਿਆ। ਰੋਹਿਤ ਬੇਹੋਸ਼ ਹੋ ਗਿਆ ਅਤੇ ਉਸ ਦੇ ਡੇਲੇ ਬਾਹਰ ਨੂੰ ਨਿਕਲ ਆਏ। ਸ਼ੰਕਰ ਨੇ ਰੋਹਿਤ ਨੂੰ ਉਦੋਂ ਤੱਕ ਨਾ ਛੱਡਿਆ ਜਦ ਤੱਕ ਉਸ ਦੇ ਪ੍ਰਾਣ ਨਾ ਨਿਕਲ ਗਏ। ਸ਼ੰਕਰ ਨੇ ਥਾਣੇ ਜਾ ਕੇ ਆਪ ਹੀ ਕਤਲ ਦੀ ਰਿਪੋਰਟ ਕਰਾ ਦਿੱਤੀ। ਪੁਲਿਸ ਨੇ ਸ਼ੰਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਕਹਿੰਦੇ ਹਨ ਕਿ ਰੋਹਿਤ ਹਾਲੇ ਕੁਵਾਰਾ ਹੀ ਸੀ ਅਤੇ ਚੰਡੀਗੜ੍ਹ ਵਿਚ ਸਰਕਾਰੀ ਦਫ਼ਤਰ ਵਿਚ ਕਲਰਕ ਲੱਗਾ ਹੋਇਆ ਸੀ। ਸ਼ੰਕਰ ਦੇ ਵਿਆਹ ਨੂੰ ਕੇਵਲ ਇਕ ਸਾਲ ਹੀ ਹੋਇਆ ਸੀ ਅਤੇ ਉਹ ਪ੍ਰਾਈਵੇਟ ਤੌਰ ਤੇ ਬਿਜਲੀ ਦਾ ਕੰਮ ਕਰਦਾ ਸੀ।
ਸਾਰੀ ਖ਼ਬਰ ਪੜ੍ਹ ਕੇ ਸਿਮਰਨ ਸੁੰਨ ਹੋ ਗਈ ਅਤੇ ਪੁੱਛਿਆ:-“ਕਿ ਹੁਣ ਕੀ ਬਣੇਗਾ?”
ਰਣਬੀਰ (ਜੋ ਆਪ ਵਕੀਲ ਸੀ):-“ਸ਼ੰਕਰ ਨੂੰ ਤਾਂ ਪੱਕਾ ਹੀ ਫ਼ਾਂਸੀ ਹੋ ਜਾਵੇਗੀ।”
ਸਿਮਰਨ:-“ਫਿਰ ਵਿਚਾਰੀ ਅੰਜਲੀ ਦਾ ਕੀ ਬਣੇਗਾ?”
ਰਣਬੀਰ:-“ਉਸ ਬਾਰੇ ਕੀ ਕਿਹਾ ਜਾ ਸਕਦਾ ਹੈ? ਸ਼ੰਕਰ ਨੇ ਰੋਹਿਤ ਦਾ ਕਤਲ ਕਰ ਕੇ ਅੰਜਲੀ ਦੀ ਬਦਕਿਸਮਤੀ ਆਪ ਹੀ ਲਿਖ ਦਿੱਤੀ ਹੈ। ਆਪਣੀ ਪਤਨੀ ਦੇ ਭੱਵਿਖ ’ਤੇ ਉਸ ਨੇ ਆਪ ਹੀ ਕਾਲਖ ਪੋਚ ਦਿੱਤੀ ਹੈ। ਉਹ ਵਿਚਾਰੀ ਨਾ ਸੁੱਖ ਨਾਲ ਜੀਅ ਸਕੇਗੀ ਅਤੇ ਨਾ ਹੀ ਚੈਨ ਨਾਲ ਮਰ ਸਕੇਗੀ। ਦੋਵੇਂ ਪਤੀ ਪਤਨੀ ਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਾ। ਫਿਰ ਉਹ ਆਪਣੀ ਜ਼ਿੰਦਗੀ ਵਿਚ ਪਹਿਲਾਂ ਦੀ ਤਰ੍ਹਾਂ ਹੀ ਰੁੱਝ ਗਏ।
           ਦੋ ਮਹੀਨੇ ਬਾਅਦ ਫਿਰ ਅਖ਼ਬਾਰ ਵਿਚ ਖ਼ਬਰ ਛਪੀ ਕਿ ਪੋਸਟ ਮਾਰਟਮ ਦੀ ਰਿਪੋਰਟ ਵਿਚ ਰੋਹਿਤ ਦੇ ਗਲੇ ’ਤੇ ਸ਼ੰਕਰ ਦੀਆਂ ਉਂਗਲੀਆਂ ਦੇ ਨਿਸ਼ਾਨ ਆਏ ਹਨ ਜਿਸ ਕਾਰਨ ਉਸ ਦੀ ਮੌਤ ਹੋਈ। ਸ਼ੰਕਰ ਨੇ ਵੀ ਅਦਾਲਤ ਵਿਚ ਆਪਣਾ ਅਪਰਾਧ ਕਬੂਲ ਕਰ ਲਿਆ ਹੈ। ਇਸ ਲਈ ਅਦਾਲਤ ਨੇ ਉਸ ਨੂੰ ਮੌਤ ਦੀ ਸਜਾ ਸੁਣਾਈ ਹੈ। ਦੋਵੇਂ ਪਤੀ ਪਤਨੀ ਨੂੰ ਇਹ ਖ਼ਬਰ ਪੜ੍ਹ ਕੇ ਬਹੁਤ ਸਦਮਾ ਲੱਗਾ ਪਰ ਉਹ ਕਰ ਕੁਝ ਵੀ ਨਹੀਂ ਸਨ ਸਕਦੇ।
ਸਮਾਂ ਆਪਣੀ ਚਾਲੇ ਚਲਦਾ ਰਿਹਾ। ਕੁਝ ਦਿਨਾਂ ਬਾਅਦ ਫਿਰ ਅਖ਼ਬਾਰ ਵਿਚ ਖ਼ਬਰ ਛਪੀ ਕਿ ਸ਼ੰਕਰ ਦੀ ਪਤਨੀ ਨੇ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਇਕ ਚਿੱਠੀ ਲਿਖੀ ਹੈ। ਉਸ ਨੇ ਅਦਾਲਤ ਤੇ ਦੋਸ਼ ਲਾਇਆ ਹੈ ਕਿ ਅਗਰ ਉਸ ਦੇ ਪਤੀ ਨੂੰ ਫ਼ਾਂਸੀ ਦਿੱਤੀ ਗਈ ਤਾਂ ਇਹ ਕਾਨਨੂੰ ਦੁਆਰਾ ਉਸ ਦੇ ਪਤੀ ਦਾ ਕਤਲ ਹੋਵੇਗਾ। ਉਹ ਭਰੀ ਜੁਆਨੀ ਵਿਚ ਵਿਧਵਾ ਹੋ ਜਾਵੇਗੀ। ਅਦਾਲਤ ਨੂੰ ਕੋਈ ਹੱਕ ਨਹੀਂ ਪਹੁੰਚਦਾ ਕਿ ਕਾਨੂੰਨੀ ਨੁਕਤਿਆਂ ਦੇ ਦਾਅ ਪੇਚ ਵਰਤ ਕੇ ਉਸ ਨੂੰ ਵਿਧਵਾ ਬਣਾਇਆ ਜਾਵੇ। ਮੈਂ ਇਸ ਸਮੇਂ ਅਪਣੀ ਰੋਟੀ ਰੋਜ਼ੀ ਲਈ ਪੂਰੀ ਤਰ੍ਹਾਂ ਆਪਣੇ ਪਤੀ ਤੇ ਨਿਰਭਰ ਕਰਦੀ ਹਾਂ। ਅਦਾਲਤ ਨੇ ਇਸ ਪੱਖ ਨੂੰ ਬਿਲਕੁਲ ਹੀ ਨਹੀਂ ਵਿਚਾਰਿਆ ਕਿ ਸ਼ੰਕਰ ਨੂੰ ਫ਼ਾਂਸੀ ਦੇਣ ਤੋਂ ਬਾਅਦ ਮੇਰੀ ਰੋਟੀ ਰੋਜ਼ੀ ਦਾ ਕੀ ਪ੍ਰਬੰਧ ਹੋਵੇਗਾ। 
ਚੀਫ ਜਸਟਿਸ ਨੇ ਅੰਜਲੀ ਦੀ ਚਿੱਠੀ ਨੂੰ ਇੰਨਸਾਨੀਅਤ ਦੇ ਤੋਰ ਤੇ ਮੰਜੂਰ ਕਰਦੇ ਹੋਏ ਪੰਜਾਬ ਸਰਕਾਰ ਨੂੰ 2 ਅਗਸਤ ਤੱਕ ਆਪਣੇ ਵਕੀਲ ਦੁਆਰਾ ਇਸ ਚਿੱਠੀ ਦੇ ਜੁਵਾਬ ਨਾਲ ਅਦਾਲਤ ਵਿਚ ਹਾਜਰ ਹੋਣ ਲਈ ਕਿਹਾ। ਨਾਲ ਹੀ ਅੰਜਲੀ ਨੂੰ ਉਸ ਦਿਨ ਅਦਾਲਤ ਵਿਚ ਆਪਣਾ ਪੱਖ ਪੇਸ਼ ਕਰਨ ਦੀ ਹਦਾਇਤ ਦਿੱਤੀ।
            2 ਅਗਸਤ ਨੂੰ ਅਦਾਲਤ ਲੱਗੀ ਜਿਸ ਵਿਚ ਚੀਫ ਜਸਟਿਸ ਨੇ ਆਪ ਕੇਸ ਦੀ ਸੁਣਵਾਈ ਕੀਤੀ। ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਕਾਨੂੰਨ ਵਿਚ ਐਸੀ ਕੋਈ ਵਿਵਸਥਾ ਨਹੀਂ ਕਿ ਕਾਤਲ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਆਰਥਿਕ ਮਦਦ ਕੀਤੀ ਜਾਏ। ਜੇ ਕੁਝ ਅਜਿਹਾ ਕੀਤਾ ਗਿਆ ਤਾਂ ਇਹ ਕਾਨੂੰਨ ਤੋਂ ਉਲਟ ਹੋਵੇਗਾ। ਇਸ ਨਾਲ ਸਰਕਾਰੀ ਖ਼ਜ਼ਾਨੇ ਤੇ ਫ਼ਾਲਤੂ ਬੋਝ ਪਵੇਗਾ ਨਾਲ ਹੀ ਦੇਸ਼ ਵਿਚ ਕਤਲੋ ਗਾਰਤ ਦੇ ਕੇਸ ਵਧਣਗੇ ਕਿਉਂਕਿ ਕਾਤਲ ਨੂੰ ਇਹ ਤਸੱਲੀ ਹੋਵੇਗੀ ਕਿ ਉਸ ਦੀ ਮੌਤ ਪਿੱਛੋਂ ਉਸ ਦੇ ਪਰਿਵਾਰ ਦੀ ਸੰਭਾਲ ਸਰਕਾਰ ਕਰੇਗੀ। ਸ਼ੰਕਰ ਨੇ ਆਪਣੇ ਦੋਸਤ ਦਾ ਕਤਲ ਕੀਤਾ ਸੀ। ਉਹ ਮੌਤ ਦੀ ਸਜਾ ਦਾ ਹੀ ਹੱਕਦਾਰ ਸੀ। ਇਸ ਲਈ ਉਹ ਜਾਂ ਉਸ ਦਾ ਪਰਿਵਾਰ ਕਿਸੇ ਵੀ ਰਿਆਇਤ ਦਾ ਹੱਕਦਾਰ ਨਹੀਂ। ਅੰਜਲੀ ਦੀ ਚਿੱਠੀ ਕੇਵਲ ਅਦਾਲਤ ਨੂੰ ਭਾਵਕ ਤੋਰ ਤੇ ਗੁਮਰਾਹ ਕਰਨ ਵਾਲੀ ਸੀ। ਇਸ ਲਈ ਉਸ ਤੇ ਕੋਈ ਵਿਚਾਰ ਕਰਨ ਦੀ ਲੋੜ ਨਹੀਂ।
ਅੰਜਲੀ ਦਾ ਬਿਆਨ ਇਸ ਪ੍ਰਕਾਰ ਸੀ:-“ਮਾਨਯੋਗ ਅਦਾਲਤ ਮੇਰੀ ਇਸ ਗੱਲ ਨਾਲ ਤਾਂ ਸਹਿਮਤ ਹੋਵੇਗੀ ਕਿ ਇਹ ਕਤਲ ਮੇਰੇ ਪਤੀ ਤੋਂ ਹੋਇਆ ਹੈ, ਮੇਰੇ ਕੋਲੋਂ ਨਹੀਂ। ਇਸ ਕਤਲ ਵਿਚ ਮੈਂ ਬਿਲਕਲੁ ਨਿਰਦੋਸ਼ ਹਾਂ। ਇਹ ਵੀ ਚਿੱਟਾ ਸੱਚ ਹੈ ਕਿ ਜੇ ਮੇਰੇ ਪਤੀ ਨੂੰ ਫ਼ਾਂਸੀ ਦਿੱਤੀ ਜਾਂਦੀ ਹੈ ਤਾਂ ਮੈਂ ਵਿਧਵਾ ਹੋ ਜਾਵਾਂਗੀ। ਮੇਰੇ ਲਈ ਇਹ ਇਕ ਬਹੁਤ ਵੱਡੀ ਸਜਾ ਹੀ ਹੋਵੇਗੀ ਜਦ ਕਿ ਮੇਰਾ ਕੋਈ ਕਸੂਰ ਹੀ ਨਹੀਂ। ਜੱਜ ਸਾਹਿਬ ਮੇਰੇ ਲਈ ਕਾਨੂੰਨ ਦੁਆਰਾ ਇਹ ਮੇਰੇ ਪਤੀ ਦਾ  ਕਤਲ ਹੀ ਹੈ। ਅਦਾਲਤ ਨੂੰ ਕੀ ਹੱਕ ਜਾਂਦਾ ਹੈ ਕਿ ਬਿਨਾ ਕਿਸੇ ਕਸੂਰ ਤੋਂ ਕਿਸੇ ਜਵਾਨ ਔਰਤ ਨੂੰ ਵਿਧਵਾ ਬਣਾਇਆ ਜਾਵੇ?” ਅਦਾਲਤ ਵਿਚ ਬੈਠੇ ਜੱਜ ਸਾਹਿਬ, ਸਭ ਵਕੀਲ ਅਤੇ ਬਾਕੀ ਲੋਕ ਬੜੀ ਖਾਮੌਸ਼ੀ ਨਾਲ ਸਭ ਸੁਣ ਰਹੇ ਸਨ। ਕਿਸੇ ਕੋਲ ਵੀ ਅੰਜਲੀ ਦੀਆਂ ਦਲੀਲਾਂ ਦਾ ਕੋਈ ਜੁਵਾਬ ਨਹੀਂ ਸੀ।
ਅੰਜਲੀ ਨੇ ਆਪਣਾ ਬਿਆਨ ਜਾਰੀ ਰੱਖਿਆ:-“ਜੱਜ ਸਾਹਿਬ  ਜਿਸ ਜਵਾਨ ਵਿਧਵਾ ਦਾ ਰੋਟੀ ਦਾ ਸਹਾਰਾ ਕੋਈ ਨਾ ਹੋਵੇ  ਉਹ ਆਪਣਾ ਪੇਟ ਕਿਵੇਂ ਭਰੇਗੀ। ਕੀ ਉਹ ਦਰ ਦਰ ਭੀਖ ਮੰਗੇਗੀ ਜਾਂ ਉਸ ਨੂੰ ਕਿਸੇ ਕੋਠੇ ਤੇ ਬੈਠਣ ਲਈ ਮਜ਼ਬੂਰ ਹੋਣਾ ਪਵੇਗਾ। ਸਾਡਾ ਦੇਸ਼ ਇਕ ਵੈਲਫੇਅਰ ਸਟੇਟ (ਲੋਕ ਭਲਾਈ ਵਾਲਾ ਦੇਸ਼) ਹੈ। ਸਾਡੇ ਦੇਸ਼ ਦੇ ਕਿਸੇ ਕਾਨੂੰਨ ਵਿਚ ਇਹ ਦਰਜ ਨਹੀਂ ਕਿ ਕਿਸੇ ਜਵਾਨ ਔਰਤ ਨੂੰ ਬਿਨਾ ਕਿਸੇ ਕਸੂਰ ਤੋਂ ਵਿਧਵਾ  ਬਣਾ ਕੇ ਉਸ ਦਾ ਰੋਟੀ ਰੋਜ਼ੀ ਦਾ ਵਸੀਲਾ ਖੋਹ ਲਿਆ ਜਾਏ। ਮੈਂ ਵੀ ਭਾਰਤ ਦੇਸ਼ ਦੀ ਨਾਗਰਿਕ ਹਾਂ। ਇਨਸਾਨੀਅਤ ਦੇ ਤੋਰ ਤੇ ਸਰਕਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਹਾਲਾਤ ਨੂੰ ਮੁੱਖ ਰੱਖਦੇ ਹੋਏ ਮੇਰੀ ਰੋਟੀ ਰੋਜੀ ਦਾ ਪ੍ਰਬੰਧ ਕਰੇ ਨਹੀਂ ਤਾਂ ਕਾਨੂੰਨ ਨੂੰ ਕੋਈ ਹੱਕ ਨਹੀਂ ਜਾਂਦਾ ਕਿ ਮੇਰੇ ਪਤੀ ਨੂੰ ਫ਼ਾਂਸੀ ਚਾੜ੍ਹ ਕੇ ਮੈਨੂੰ ਵਿਧਵਾ ਬਣਾਵੇ।”
ਸਭ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਜੋ ਇਸ ਪ੍ਰਕਾਰ ਸੀ:- “ਅੱਜ ਦਾ ਇਹ ਕੇਸ ਸ਼ੰਕਰ ਦੁਆਰਾ ਆਪਣੇ ਦੋਸਤ ਰੋਹਿਤ ਦੇ ਬੇਰਹਿਮੀ ਨਾਲ ਕੀਤੇ ਕਤਲ ਅਤੇ ਅਦਾਲਤ ਦੁਆਰਾ ਸੰਕਰ ਨੂੰ ਫ਼ਾਂਸੀ ਦੀ ਸਜਾ ਸੁਣਾਏ ਜਾਣ ਤੋਂ ਬਾਅਦ ਸ਼ੰਕਰ ਦੀ ਪਤਨੀ ਦੀ ਅਪੀਲ ਤੋਂ ਨਿਕਲ ਕੇ ਸਾਹਮਣੇ ਆਇਆ ਹੈ। ਅੰਜਲੀ ਦਾ ਬਿਆਨ ਹੈ ਕਿ ਇਸ ਕਤਲ ਵਿਚ ਉਸ ਦਾ ਕੋਈ ਹੱਥ ਨਹੀਂ। ਉਹ ਬਿਲਕੁਲ ਨਿਰਦੋਸ਼ ਹੈ ਇਸ ਲਈ ਉਹ ਕਿਸੇ ਕਿਸਮ ਦੀ ਸਜਾ ਦੀ ਹੱਕਦਾਰ ਨਹੀਂ। ਉਸ ਦੇ ਪਤੀ ਨੂੰ ਫ਼ਾਂਸੀ ਦਿੱਤੇ ਜਾਣ ਤੋਂ ਬਾਅਦ ਉਹ ਵਿਧਵਾ ਹੋ ਜਾਵੇਗੀ ਅਤੇ ਜ਼ਿੰਦਗੀ ਭਰ ਲਈ ਰੋਟੀ ਤੋਂ ਮੁਥਾਜ ਹੋ ਜਾਵੇਗੀ। ਉਸ ਦੇ ਪਤੀ ਦੀ ਫ਼ਾਂਸੀ ਇਕ ਤਰ੍ਹਾਂ ਨਾਲ ਕਾਨੂੰਨ ਦੁਆਰਾ ਉਸ ਦੇ ਪਤੀ ਦਾ ਕਤਲ ਹੀ ਹੋਵੇਗਾ। ਇਹ ਉਸ ਲਈ ਬੇਕਸੂਰ ਹੁੰਦੇ ਹੋਏ ਇਕ ਬਹੁਤ ਵੱਡੀ ਸਜਾ ਹੋਵੇਗੀ। ਕਿਸੇ ਜਵਾਨ ਔਰਤ ਨੂੰ ਬਿਨਾ ਕਿਸੇ ਕਸੂਰ ਤੋਂ ਵਿਧਵਾ ਬਣਾਉਣਾ ਉਸ ਨਾਲ ਬਹੁਤ ਵੱਡਾ ਅਨਿਆਏ ਹੈ। ਸਾਡਾ ਦੇਸ਼ ਇਕ ਵੈਲਫੇਅਰ ਸਟੇਟ ਹੈ। ਸਾਰੇ ਨਾਗਰਿਕਾਂ ਦੀ ਰੋਟੀ ਰੋਜ਼ੀ ਦਾ ਪ੍ਰਬੰਧ ਕਰਨਾ ਸਰਕਾਰ ਦਾ ਫ਼ਰਜ਼ ਹੈ। ਇਸ ਲਈ ਇਹ ਅਦਾਲਤ ਸਰਕਾਰੀ ਵਕੀਲ ਦੀ ਇਸ ਦਲੀਲ ਨੂੰ ਖ਼ਾਰਜ ਕਰਦੀ ਹੈ ਕਿ ਕਾਨੂੰਨ ਵਿਚ ਐਸੀ ਕੋਈ ਵਿਵਸਥਾ ਨਹੀਂ ਕਿ ਕਾਤਲ ਦੀ ਪਤਨੀ ਨੂੰ ਕੋਈ ਆਰਥਿਕ ਸਹਾਇਤਾ ਦਿੱਤੀ ਜਾਏ। ਅਦਾਲਤ ਸ਼ੰਕਰ ਦੀ ਪਤਨੀ ਨਾਲ ਹਮਦਰਦੀ ਰੱਖਦੇ ਹੋਏ ਪੰਜਾਬ ਸਰਕਾਰ ਨੂੰ ਹੁਕਮ ਦਿੰਦੀ ਹੈ ਕਿ ਅੰਜਲੀ ਨੂੰ ਆਰਿਥਕ ਤੋਰ ਤੇ ਆਪਣੇ ਪੈਰਾਂ ਤੇ ਖੜਾ ਹੋਣ ਵਿਚ ਮਦਦ ਕਰੇ ਤਾਂ ਕਿ ਉਹ ਸਮਾਜ ਦਾ ਨਰੋਇਆ ਅੰਗ ਬਣ ਸਕੇ। ਜਦ ਤੱਕ ਅਜਿਹਾ ਕੋਈ ਬੰਦੋਬਸਤ ਨਹੀਂ ਹੋ ਜਾਂਦਾ ਤਾਂ ਸ਼ੰਕਰ ਦੀ ਫਾਸੀ ਤੋਂ ਅਗਲੇ ਦਿਨ ਤੋਂ ਉਸ ਨੂੰ 10000/- ਰੁਪਏ ਮਹੀਨਾ ਉਸ ਦੀ ਮੌਤ ਜਾਂ ਦੁਬਾਰਾ ਸ਼ਾਦੀ ਤੱਕ ਗੁਜ਼ਾਰਾ ਭੱਤਾ ਦਿੱਤਾ ਜਾਏ।