ਨਿੱਕੇ ਨਿੱਕੇ ਪਿਆਰੇ ਬੱਚੇ।
ਹੁੰਦੇ ਸੱਭ ਦੇ ਨਿਆਰੇ ਬੱਚੇ।
ਜਦੋਂ ਇਹ ਪੜ੍ਹਨ ਸਕੂਲੇ ਜਾਂਦੇ,
ਲੱਗਣ ਅੱਖ ਦੇ ਤਾਰੇ ਬੱਚੇ।
ਲਾਡਾਂ ਚਾਵਾਂ ਨਾਲ ਤੋਰਦੇ,
ਮਾਪਿਆਂ ਦੇ ਰਾਜ ਦੁਲਾਰੇ ਬੱਚੇ।
ਵੈਨ ਟੈਕਸੀ ਕੈਬ ਤੇ ਜਾਵਣ,
ਪਰ ਬਸਤੇ ਚੱਕਣ ਭਾਰੇ ਬੱਚੇ।
ਮੈਗੀ ਲੇਜ ਤੇ ਚੌਕਲੇਟ ਮੰਗਣ,
ਹੁਣ ਨਾ ਖਾਣ ਛੁਹਾਰੇ ਬੱਚੇ।
ਟਾਟਾ ਬਾਏ ਜਦ ਵੀ ਕਹਿੰਦੇ,
ਮੋਹ ਲੈਂਦੇ ਮਨ ਸਾਰੇ ਬੱਚੇ।
ਪੜ੍ਹ ਲਿਖ ਕੇ ਜਦ ਘਰ ਨੂੰ ਆਂਦੇ,
ਲੱਗਣ ਜਿਉਂ ਥੱਕੇ ਹਾਰੇ ਬੱਚੇ।
ਮਾਂ ਗੋਦੀ ਚੁੱਕ ਕੇ ਲਾਹੇ ਥਕੇਵਾਂ,
ਮਾਂ ਨੂੰ ਹਲਕੇ ਲੱਗਣ ਭਾਰੇ ਬੱਚੇ।
ਸੱਚੀਂ ਵੱਡੇ ਹੋ ਕੇ ਇਹੀਓ ਬਣਦੇ,
ਮਾਪਿਆਂ ਲਈ ਸਹਾਰੇ ਬੱਚੇ।
ਸ਼ਰਮਾਂ ਆਖੇ ਜੁੱਗ ਜੁੱਗ ਜੀਵਣ,
ਮਾਪਿਆਂ ਲਈ ਚੰਨ ਤਾਰੇ ਬੱਚੇ।