ਡਾ.ਸੁਰਜੀਤ ਸਿੰਘ ਭੱਟੀ ਦੀ "ਸਮ ਪ੍ਰੌਮੀਨੈਂਟ ਸਿੱਖ ਸਾਇੰਟਿਸਟਸ" ਰਿਲੀਜ
(ਖ਼ਬਰਸਾਰ)
"ਪੁਸਤਕ ਜਦੋਂ ਛਪ ਗਈ, ਉਸਨੂੰ ਤੁਰੰਤ ਪਾਠਕਾਂ ਤੱਕ ਪਹੁੰਚਾਉਣਾ ਜਰੂਰੀ ਹੈ। ਜਰੂਰੀ ਨਹੀਂ ਕਿ ਉਸ ਨੂੰ ਵੱਡੇ ਵੱਡੇ ਸਮਾਗਮ ਕਰ ਕੇ ਅਤੇ ਵੱਡੇ ਵੱਡੇ ਲੇਖਕਾਂ, ਤੇ ਹੋਰ ਪਤਵੰਤਿਆਂ ਦਾ ਇਕੱਠ ਕਰ ਕੇ ਹੀ ਰਿਲੀਜ਼ ਕੀਤਾ ਜਾਵੇ। " ਇਸ ਗੱਲ ਨੂੰ ਠੀਕ ਸਿੱਧ ਕਰ ਦਿਖਾਇਆ, ਕੈਲਗਰੀ ਨਿਵਾਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਟਾਇਰਡ ਡੀਨ ,ਡਾਕਟਰ ਸੁਰਜੀਤ ਸਿੰਘ ਭੱਟੀ ਨੇ । ਉਹਨਾਂ ਨੇ ਪਿੱਛੇ ਜਿਹੇ ਬੜੀ ਖੋਜ ਕਰਕੇ ਇੱਕ ਪੁਸਤਕ "ਸਮ ਪ੍ਰੌਮੀਨੈਂਟ ਸਿੱਖ ਸਾਇੰਟਿਸਟਸ" ਅੰਗਰੇਜ਼ੀ ਵਿਚ ਲਿਖੀ ਸੀ। ਇਸ ਨੂੰ ਚੇਤਨਾ ਪ੍ਰਕਾਸ਼ਨ ਵਾਲਿਆਂ ਨੇ ਛਾਪਿਆ ਹੈ ਅਤੇ ਹੁਣੇ ਹੀ ਇਹ ਪੁਸਤਕ ਛਪ ਕੇ ਆਈ ਹੈ। ਗੁਲਾਟੀ ਪਬਲਿਸ਼ਰਜ਼ ਲਿਮਟਿਡ , ਸਰੀ ਦੇ ਸਤੀਸ਼ ਗੁਲਾਟੀ ਜੀ ਇਹਨਾਂ ਦਿਨਾਂ ਵਿੱਚ ਕੈਲਗਰੀ ਵਿਖੇ ਵਖ ਵਖ ਥਾਵਾਂ ਤੇ ਪੁਸਤਕ ਪ੍ਰਦਰਸ਼ਨੀਆਂ ਲਗਾ ਕੇ ਪੰਜਾਬੀ ਪਿਆਰਿਆਂ ਨੂੰ ਅਤੇ ਹੋਰ ਪੁਸਤਕ ਪ੍ਰੇਮੀਆਂ ਕੋਲ ਵਧੀਆ ਪੁਸਤਕਾਂ ਪੁਚਾਉਣ ਦਾ ਉੱਦਮ ਕਰ ਰਹੇ ਹਨ। ਡਾਕਟਰ ਸੁਰਜੀਤ ਸਿੰਘ ਭੱਟੀ, ਅਜੇ ਹੁਣੇ ਹੀ ਸਿਹਤ ਠੀਕ ਨਾ ਹੋਣ ਕਾਰਨ ਕੁਝ ਦਿਨ ਹਸਪਤਾਲ ਰਹਿ ਕੇ ਆਏ ਸਨ । ਉਹਨਾਂ ਨੇ ਪੁਸਤਕ ਛਪਣ ਤੇ ਇੱਕਦਮ ਹੀ ਇਸਨੂੰ ਲੋਕ-ਅਰਪਣ ਕਰਨ ਦਾ ਮਨ ਬਣਾਇਆ। ਇਸ ਫੈਸਲੇ ਨੂੰ ਅਮਲੀ ਰੂਪ ਦਿੱਤਾ ਉਹਨਾਂ ਦੇ ਬੇਟੇ ਡਾਕਟਰ ਬਲਰਾਜ ਸਿੰਘ ਨੇ ,ਜਿਸ ਦਾ ਇਸ ਪੁਸਤਕ ਦੀ ਤਿਆਰੀ ਵਿਚ ਵੀ ਯੋਗਦਾਨ ਹੈ ਅਤੇ ਕੈਲਗਰੀ ਰਹਿ ਰਹੇ ਪ੍ਰਸਿੱਧ ਲੇਖਕ ਜਸਵਿੰਦਰ ਸਿੰਘ ਰੁਪਾਲ ਨੇ, ਜਿਨ੍ਹਾਂ ਨੇ ਪੁਸਤਕ ਦਾ ਖਰੜਾ ਪੜ੍ਹ ਕੇ ਪੰਜਾਬੀ ਵਿਚ ਇਸਦਾ ਰੀਵਿਊ ਵੀ ਲਿਖਿਆ ਹੈ। ਇਸ ਤਰਾਂ ਕੈਲਗਰੀ ਦੇ ਗਰੀਨ ਪਲਾਜ਼ਾ ਵਿਖੇ ਜਿੱਥੇ ਗੁਲਾਟੀ ਪਬਲਿਸ਼ਰਜ ਲਿਮਟਿਡ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਸੀ, ਉਥੇ ਡਾਕਟਰ ਸੁਰਜੀਤ ਸਿੰਘ ਭੱਟੀ ਖੁਦ, ਡਾਕਟਰ ਬਲਰਾਜ ਸਿੰਘ ਭੱਟੀ, ਜਸਵਿੰਦਰ ਸਿੰਘ ਰੁਪਾਲ ਅਤੇ ਸਤੀਸ਼ ਗੁਲਾਟੀ ਨੇ ਮਿਲ ਕੇ ਪੁਸਤਕ ਰਿਲੀਜ ਕਰ ਦਿੱਤੀ। ਹੁਣ ਇਹ ਪੁਸਤਕ ਪਾਠਕਾਂ ਲਈ ਉਪਲਬਧ ਹੈ।

ਜਸਵਿੰਦਰ ਸਿੰਘ ਰੁਪਾਲ