ਵਿਸ਼ੇਸ਼ - ਇਹ ਕਹਾਣੀ ਸੱਚੀ ਘਟਨਾ ਤੇ ਅਧਾਰਿਤ ਹੈ।ਇਹ ਕਹਾਣੀ ਲਿਖਣ ਵੇਲੇ ਲੇਖਕ ਦੀ ਉਮਰ 15 ਸਾਲ ਸੀ। ਇਸ ਕਹਾਣੀ ਨੂੰ ਬਿਨਾਂ ਸੋਧੇ ਉਸੇ ਰੂਪ ਵਿਚ ਪ੍ਰਕਾਸ਼ਿਤ ਕਰ ਰਹੇ ਹਾਂ।
ਉਹ ਆਪਣੇ ਸੱਜੇ ਮੋਢੇ ਉਤੋਂ ਦੀ ਪਿੱਛੇ ਵੱਲ ਇਕ ਮੈਲੀ ਜਿਹੀ ਗਠੜੀ ਚੁੱਕੀ ਹੌਲੀ ਹੌਲੀ ਤਰਿਆ ਜਾ ਜਿਹਾ ਸੀ । ਉਸਨੇ ਪਾਟੀ ਹੋਈ ਕਮੀਜ਼ ਪਾਈ ਹੋਈ ਸੀ ਅਤੇ ਗੋਡਿਆਂ ਤੋਂ ਪਜਾਮਾ ਥੋੜ੍ਹਾ ਪਾਟਿਆ ਹੋਇਆ ਸੀ । ਉਸਦੀ ਛੋਟੀ ਛੋਟੀ ਤੇ ਕਰੜ-ਬਰੜੀ ਚਿੱਟੀ ਦਾੜ੍ਹੀ ਹਵਾ ਵਿਚ ਉੱਡਣ ਦੀ ਅਸਫ਼ਲ ਕੋਸ਼ਿਸ਼਼ ਕਰ ਰਹੀ ਸੀ । ਉਸਦੇ ਛਾਲਿਆਂ ਭਰੇ ਪੈਰਾਂ ਵਿਚ ਜੁੱਤੀ ਪੈਣੀ ਅਸੰਭਵ ਸੀ । ਸ਼ਾਇਦ ਉਸਦੇ ਕੋਲ ਵਾਲ ਵਾਹੁਣ ਵਾਸਤੇ ਕੰਘਾ ਨਹੀਂ ਸੀ। ਦੇਖਣ ਨੂੰ ਤਾਂ ਉਸ ਦੀ ਉਮਰ ਪੰਜਾਹ ਸਾਲ ਤੋਂ ਉਪਰ ਹੀ ਲਗਦੀ ਸੀ ਪਰ ਉਸਦੀ ਅਸਲ ਉਮਰ ਸਿਰਫ ਤੀਹ ਸਾਲ ਸੀ।
"ਇਹ ਕਿਹੜਾ ਪਿੰਡ ਹੋ ਸਕਦਾ ਏ? ਭਲਾ ਪੁੱਛ ਵੇਖਾਂ ਤਾਂ ਕਿਸੇ ਕੋਲੋਂ ?” ਉਸਨੇ ਤੁਰੇ ਜਾਂਦਿਆਂ ਆਪਣੇ ਆਪ ਨਾਲ ਹੀ ਸਵਾਲ ਕੀਤਾ ।" ਪਰ ਮੇਰਾ ਤਾਂ ਸਭ ਮਖੌਲ ਉਡਾਂਦੇ ਨੇ । ਮੈਨੂੰ ਕੌਣ ਦੱਸੇਗਾ ? ਜਿਸ ਨੂੰ ਪੁਛਾਂਗਾ ਉਹੀ ਮੇਰਾ ਮਖੌਲ ਉਡਾਏਗਾ ।" ਉਸਨੇ ਆਪਣੇ ਸਵਾਲ ਦਾ ਆਪ ਹੀ ਜਵਾਬ ਦੇ ਦਿਤਾ। 'ਅੱਛਾ ਜੋ ਕਰਨੀ ਉਪਰ ਵਾਲੇ ਦੀ ।' ਇਹ ਕਹਿ ਕੇ ਉਸਨੇ ਆਪਣਾ ਮਨ ਸਮਝਾ ਲਿਆ ਤੇ ਬੜੀ ਦਰਦ ਭਰੀ ਆਵਾਜ ਵਿਚ ਗਾਉਣ ਲੱਗ ਪਿਆ ।
ਕਿਸ ਤਰ੍ਹਾਂ ਭੁਲਾਵਾਂ ਮੈਂ ਗਮ ਆਪਣੇ ਨੂੰ,
ਮੈਨੂੰ ਇਹੋ ਜਿਹਾ ਕੋਈ ਗੀਤ ਨ ਮਿਲਿਆ ।
ਸਾਰੇ ਗਮ ਦੇ ਗੀਤ ਅਲਾਪਦੇ ਨੇ ।
ਪਰ ਰਸੀਲਾ ਕੋਈ ਸੰਗੀਤ ਨਾ ਮਿਲਿਆ।
ਕਿੰਝ ਬੀਤੇਗਾ ਇਹ ਜ਼ਿੰਦਗੀ ਦਾ ਸਫਰ,
ਹਾਏ ਕੋਈ ਵੀ ਮੈਨੂੰ ਮੀਤ ਨਾ ਮਿਲਿਆ।
‘ਆਹ ਕਿੰਨੀ ਦਰਦ ਭਿੰਨੀ ਆਵਾਜ਼ ਐ।‘ ਇਕ ਸੁਣਨ ਵਾਲੇ ਅਠਾਰਾਂ ਕੁ ਸਾਲ ਦੇ ਮੁੰਡੇ ਨੇ ਆਹ ਭਰੀ।
‘ਲਗਦੈ ਜਿਵੇਂ ਇਸ ਬੁੱਢੇ ਨੂੰ ਕੋਈ ਗਮ ਲਗਿਆ ਹੋਇਐ । ਪੁਛ ਕੇ ਤਾਂ ਦੇਖਾਂ ਇਸਨੂੰ, ਇਹ ਕਿਉਂ ਇੰਨਾਂ ਦਰਦ ਤਰਿਆ ਗੀਤ ਗਾ ਰਿਹੈ?’ ਉਸਨੇ ਆਪਣੇ ਮਨ ਵਿਚ ਸੋਚਿਆ ।
‘ਬਾਬਾ ਕੀ ਗੱਲ ਹੈ, ਤੂੰ ਇਹ ਕਿਉਂ ਗਾ ਰਿਹੈ।‘ਮੁੰਡੇ ਨੇ ਉਸਨੂੰ ਸਵਾਲ ਕੀਤਾ ।
"ਹੈਂ …ਤੂੰ… ਤੂੰ ਮੇਰਾ ਮਖੌਲ ਨਹੀਂ ਉਡਾਇਆ ? ਉਸਦਾ ਮੂੰਹ ਅੱਡਿਆ ਹੀ ਰਹਿ ਗਿਆ, ‘ਨਹੀਂ ਤੈਨੂੰ ਵੀ ਮੇਰਾ ਮਖੌਲ ਉਡਾਉਣਾ ਚਾਹੀਦੈ । ਜਦੋਂ ਸਾਰੇ ਮੇਰਾ ਮਖੋਲ ਉਡਾਂਦੇ ਐ ਤਾਂ ਤੂੰ -
'ਨਹੀਂ ਬਾਬਾ । ਮੈਂ ਜਾਣਦਾਂ ਜ਼ਰੂਰ ਤੇਰੇ ਨਾਲ ਕੋਈ ਇਹੋ ਜਿਹੀ ਗੱਲ ਹੋਈ ਹੈ, ਜਿਸ ਨਾਲ ਤੇਰੀ ਇਹ ਹਾਲਤ ਬਣੀ ਹੈ।‘ ਉਸਨੇ ਬਾਬੇ ਦੀ ਗੱਲ ਟੋਕ ਕੇ ਕਿਹਾ, ਇਹ ਸੁਣ ਕੇ ਬਾਬਾ ਰੁਕ ਗਿਆ ਤੇ ਉਸਨੇ ਇਹ ਨਿਗਾਹ ਭਰ ਉਸ ਮੁੰਡੇ ਵੱਲ ਦੇਖਿਆ।
‘ਕਾਕਾ ਤੇਰਾ ਨਾਂ ਕੀ ਏ ?’ ਬਾਬੇ ਨੇ ਪੁਛਿਆ ।
‘ਬਾਬਾ ! ਮੇਰਾ ਨਾਂ ਮਨਜੀਤ ਐ।‘
‘ਪਰ ਤੈਨੂੰ ਇਹ ਗੱਲ ਨਹੀਂ ਪੁਛਣੀ ਚਾਹੀਦੀ’, ਇਹ ਕਹਿ ਕੇ ਉਸਨੇ ਫਿਰ ਚਲਣਾ ਸ਼ੁਰੂ ਕਰ ਦਿਤਾ ।
'ਨਹੀਂ ਬਾਬਾ ! ਛੇਤੀ ਦਸ ਤੂੰ ਕੌਣ ਐਂ? ਤੇਰਾ ਘਰ ਕਿਥੇ ਹੈ ?’ ਮਨਜੀਤ ਵੀ ਉਸਦੇ ਪਿੱਛੇ ਤੁਰ ਪਿਆ । ਇਹ ਸੁਣ ਕੇ ਬਾਬਾ ਰੁਕ ਗਿਆ ।
‘ਮੈਂ - ਮੈਂ ਭਿਖਾਰੀ ਹਾਂ ਤੇ ਪਾਗਲ ਭਿਖਾਰੀ । ਤੇ ਆਹ ਗਠੜੀ ਇਹ ਹੀ ਮੇਰਾ ਘਰ ਤੇ ਸਭ ਕੁਝ ਏ ।‘
"ਪਰ ਤੇਰਾ ਇਹ ਹਾਲ ਕਾਰਨ ਵਾਲਾ ਕੌਣ ਐ ?''
ਬਾਬੇ ਨੇ ਇਕ ਟਿਕ ਉਸਦੇ ਚੇਹਰੇ ਵਲ ਵੇਖਿਆ। "ਅੱਛਾ ਆ ਇਥੇ ਬੈਠ ।' ਉਸਨੇ ਬੈਠਦਿਆਂ ਕਿਹਾ। ਮਨਜੀਤ ਵੀ ਉਸਦੇ ਨਾਲ ਹੀ ਬੈਠ ਗਿਆ ।
'ਪਰ ਇਕ ਗੱਲ ਦਸ...ਤੂੰ ਅਮੀਰ ਤਾਂ ਨਹੀਂ, ਬਾਬੇ ਨੇ ਅਚਨਚੇਤ ਹੀ ਸਵਾਲ ਕੀਤਾ ।
"ਨਹੀਂ ਬਾਬਾ । ਮੈਂ ਅਮੀਰ ਨਹੀਂ ਮੇਰੇ ਮਾਂ-ਪਿਓ ਤਾਂ ਮਿਹਨਤ ਦੀ ਕਮਾਈ ਕਰਦੇ ਹਨ । ਪਰ ਬਾਬਾ ! ਕੀ ਅਮੀਰ ਇਨਸਾਨ ਨਹੀਂ ਹੁੰਦੇ ? ਕੀ ਇਨ੍ਹਾਂ ਦੇ ਦਿਲ ਨਹੀਂ ਹੁੰਦੇ ?’ ਮਨਜੀਤ ਨੇ ਦੋ ਸਵਾਲ ਵੀ ਕਰ ਦਿਤੇ ।
‘ਹਾਂ ਇਹ ਇਨਸਾਨ ਹੁੰਦੇ ਹਨ ਪਰ ਇਹ ਦੂਸਰੇ ਨੂੰ ਇਨਸਾਨ ਨਹੀਂ ਸਮਝਦੇ ।ਇਹ ਗਰੀਬ ਨੂੰ ਆਪਣੇ ਗੁਲਾਮ ਤੇ ਭਿਖਾਰੀ ਸਮਝਦੇ ਹਨ । ਇਨ੍ਹਾਂ ਦੇ ਦਿਲ ਤਾਂ ਹੁੰਦੇ ਹਨ ਪਰ ਉਹ ਪੱਥਰ ਵੀ ਹੁੰਦੇ ਹਨ।ਉਹ ਨਫਰਤ ਨਾਲ ਕਹਿ ਰਿਹਾ ਸੀ ।
‘ਹੇ ਰੱਬਾ ! ਜਾਂ ਸਭ ਨੂੰ ਅਮੀਰ ਕਰ ਦੇ ਜਾਂ ਸਭ ਨੂੰ ਗਰੀਬ । ਕਿਸੇ ਨੂੰ ਵੀ ਉਚਾ ਨੀਵਾਂ ਨਾ ਰੱਖ।‘ ਉਹ ਸਾਰਿਆਂ ਨੂੰ ਬਰਾਬਰ ਦੇਖਣਾ ਚਾਹੁੰਦਾ ਸੀ । ‘ਇਹ ਅਮੀਰ ਲੋਕ ਇਸ ਤਰ੍ਹਾਂ ਸਮਝਦੇ ਹਨ ਜਿਸ ਤਰ੍ਹਾਂ ਗਰੀਬਾਂ ਦੇ ਦਿਲ ਨਹੀਂ ਹੁੰਦੇ । ਇਹ ਗਰੀਬਾਂ ਦੀ ਕਮਾਈ ਖਾਂਦੇ ਹਨ ਤੇ ਉਨ੍ਹਾਂ ਤੋਂ ਹੀ ਨਫ਼ਰਤ ਕਰਦੇ ਹਨ । ਹੇ ਰੱਬਾ ! ਤੂੰ ਇਹ ਦੁਨੀਆਂ ਕਿਉਂ ਬਣਾਈ ਸੀ...... ? ਕਿਉਂ ਬਣਾਈ ?’ ਉਹ ਵੀ ਮੇਰੇ ਵਾਂਗ ਦੁਨੀਆਂ ਬਨਾਉਣ ਵਾਲੇ ਤੋਂ ਇਹੀ ਸਵਾਲ ਪੁੱਛ ਰਿਹਾ ਸੀ ।
‘ਇਕ ਗੱਲ ਹੋਰ ਦਸ.....ਤੇਰੀਆਂ ਅੱਖਾਂ ਤਾਂ ਨਹੀਂ ਮਿਲੀਆਂ ?''
‘ਬਾਬਾ ! ਮੈਂ ਸਮਝਿਆ ਨਹੀਂ।‘ ਮਨਜੀਤ ਨੇ ਮੱਥੇ ਤਿਉੜੀਆਂ ਪਾਉਂਦਿਆਂ ਕਿਹਾ ।
‘ਤੇਰੀਆਂ ਅੱਖਾਂ ਚਾਰ ਤਾਂ ਨਹੀਂ ਹੋਈਆਂ ? ਮੇਰਾ ਮਤਲਬ ਕਿ --।
‘ਨਹੀਂ ਨਹੀਂ-ਬਾਬਾ।‘ ਇਹ ਗਲ ਸਮਝ ਕੇ ਉਹ ਮੁਸਕਰਾ ਪਿਆ ਤੇ ਸ਼ਰਮਾ ਕੇ ਅੱਖਾਂ ਨੀਵੀਆਂ ਕਰ ਲਈਆਂ।
‘ਤਾਂ ਫਿਰ ਕਰੀਂ ਵੀ ਨਾ ।‘ ਬਾਬੇ ਨੇ ਇਸ ਤਰ੍ਹਾਂ ਕਿਹਾ ਜਿਵੇਂ ਉਸਨੂੰ ਬਹੁਤ ਖੁਸ਼ੀ ਹੋਈ ਹੋਵੇ । ਇਨ੍ਹਾਂ ਨੂੰ ਦੋ ਹੀ ਰਹਿਣ ਦੇਵੀਂ ਨਹੀਂ ਤਾਂ ਮੇਰੇ ਤਰ੍ਹਾਂ ਭਟਕਦਾ ਫਿਰੇਂਗਾ- ਲੈ ਇਕ ਗੱਲ ਜਿਹੜੀ ਮੈਂ ਨਹੀਂ ਪੂਰੀ ਕਰ ਸਕਿਆ, ਉਹ ਪੂਰੀ ਕਰ ਦੇ । ਮੈਂ ਜਦ ਵੀ ਕੋਈ ਗੱਲ ਕਹਾਂ ਤਾਂ ਲੋਕ ਮਖੌਲ ਸਮਝਦੇ ਸਨ । ਤੇਰੀ ਗਲ ਸ਼ਾਇਦ ਕੋਈ ਮੰਨ ਹੀ ਜਾਵੇ । ਮਨਜੀਤ ਆਪਣੀ ਉਮਰ ਦੇ ਮੁੰਡਿਆਂ ਨੂੰ ਕਹਿ ਦੇ ਕਿ ਇਸ ਬਿਮਾਰੀ ਤੋਂ ਬਚ ਜਾਣ । ਨਹੀਂ ਤਾਂ ਭਟਕਣਗੇ ਤੇ ਸਾਰੀ ਉਮਰ ਮੇਰੀ ਤਰ੍ਹਾਂ ਗਠੜੀ ਚੁੱਕ ਕੇ ਚੈਨ ਦੀ ਤਲਾਸ਼ ਵਿਚ ਫਿ਼ਰਨਗੇ । ਪਰ ਫਿਰ ਉਨ੍ਹਾਂ ਨੂੰ ਸੁਖ ਤੇ ਚੈਨ ਨਹੀਂ ਮਿਲੇਗਾ।‘ ਬਾਬੇ ਵਿਚ ਪਤਾ ਨਹੀਂ ਕੀ ਜੋਸ਼ ਆ ਗਿਆ ਸੀ, ਉਹ ਇਕੋ ਸਾਹੇ ਬੋਲੀ ਹੀ ਜਾ ਰਿਹਾ ਸੀ ।
'ਬਾਬਾ ਤੂੰ ਆਪਣੀ ਗਲ ਤਾਂ ਦੱਸ ।‘
‘ਮਨਜੀਤ ਸੁਣ ਕੇ ਦੁਖੀ ਹੋਵੇਂਗਾ-ਪਰ ਤੂੰ ਖਹਿੜੇ ਪਿਆ ਹੈਂ ਤਾਂ ਲੈ ਸੁਣ ।‘
‘ਮੈਂ ਤੇ ਮੇਰੀ ਬੁੱਢੀ ਮਾਂ ਇਕ ਸ਼ਹਿਰ ਵਿਚ ਰਹਿਣ ਵਾਲੇ ਗਰੀਬ ਲੋਕਾਂ ਦੀ ਬਸਤੀ ਵਿਚ ਇਕ ਕਰਿਾਏ ਦੇ ਕਮਰੇ ਵਿਚ ਰਹਿੰਦੇ ਸਾਂ । ਮੇਰੀ ਮਾਂ ਬੁਢੀ ਸੀ ਤੇ ਮੇਰੀ ਆਸ ਤੇ ਹੀ ਜਿਉਂਦੀ ਤੁਰੀ ਆ ਰਹੀ ਸੀ । ਉਹ ਇਕ ਅਮੀਰ ਘਰ ਵਿਚ ਭਾਂਡੇ ਮਾਂਜਦੀ ਤੇ ਬੜੀ ਮੁਸ਼ਕਿਲ ਨਾਲ ਰੋਟੀ ਜੋਗੇ ਪੈਸੇ ਕਮਾਉਂਦੀ, ਮੇਰੀ ਮਾਂ ਨੇ ਮੈਨੂੰ ਪੜ੍ਹਨ ਲਈ ਭੇਜਿਆ ਤੇ ਮੇਰੇ ਲਈ ਹਰ ਇਕ ਮਸੀਬਤ ਦਾ ਟਾਕਰਾ ਕੀਤਾ । ਮੈਂ ਆਪਣੀ ਗਰੀਬੀ ਨੂੰ ਜਾਣਦਾ ਸਾਂ ਇਸ ਲਈ ਮੈਂ ਮਿਹਨਤ ਨਾਲ ਪੜ੍ਹਨਾ ਸ਼ੁਰੂ ਕੀਤਾ । ਮੈਂ ਪੰਜਵੀਂ ਵਿਚ ਹੋ ਗਿਆ ।‘ ਬਾਬਾ ਆਪਣੀ ਗਲ ਸੁਣਾਉਂਦਾ ਰਿਹਾ। ਉਸ ਦੀਆਂ ਅਖਾਂ ਸਾਹਮਣੇ ਆਪਣਾ ਗੁਜ਼ਰਿਆ ਜੀਵਨ ਇਕ ਫਿਲਮ ਦੀ ਤਰ੍ਹਾਂ ਲੰਘ ਗਿਆ ।
'ਮਾਂ ਮੈਂ' ਪੰਜਵੀਂ ਵਿਚੋਂ' ਪਹਿਲੇ ਨੰਬਰ ਤੇ ਆਇਆ। ਉਸਨੇ ਖੁਸ਼ੀ ਨਾਲ ਕਿਹਾ ਸੀ।‘
'ਮੇਰੇ ਬੇਟੇ ! ਛੇਤੀ ਛੇਤੀ ਵੱਡਾ ਹੋ ਜਾ । ਮੇਰੇ ਰਾਜਾ ਤੂੰ ਸਾਰੀ ਦੁਨੀਆਂ ਤੇ ਰਾਜ ਕਰੇ ।‘ ਉਸਦੀ ਮਾਂ ਨੇ ਅਸੀਸ ਦਿਤੀ ਸੀ।
‘ਪਰ ਮਾਂ ! ਤੂੰ ਤਾਂ ਕਹਿੰਨੀ ਹੁੰਨੀ ਐਂ ਕਿ ਅਮੀਰ ਨਹੀਂ ਹੋਣਾ ਚਾਹੀਦਾ।‘
'ਨਹੀਂ ਬੇਟਾ ! ਸਾਰੇ ਅਮੀਰ ਤਾਂ ਭੈੜੇ ਨਹੀਂ ਹੁੰਦੇ । ਕਈ ਚੰਗੇ ਵੀ ਹੁੰਦੇ ਹੈਨ । ਰਾਜਾ ਅਸ਼ੋਕ ਕਿੰਨਾ ਚੰਗਾ ਆਦਮੀ ਸੀ ।' ਮਨਜੀਤ ਉਸ ਦੀ ਜੀਵਨ ਕਥਾ ਸੁਨਣ ਤੋਂ ਉਤਾਵਲਾ ਸੀ ।
"ਮੈਂ ਵਡਾ ਹੋ ਗਿਆ । ਮੇਰੀ ਮਾਂ ਨੇ ਕਰਜ਼ਾ ਚੁੱਕ-ਚੁੱਕ ਕੇ ਮੈਨੂੰ ਪੜ੍ਹਾਇਆ । ਇਕ ਬਹੁਤ ਹੀ ਅਮੀਰ ਘਰਾਣੇ ਵਿਚ ਮੇਰੀਆਂ ਅੱਖਾਂ ਚਾਰ ਹੋ ਗਈਆਂ । ਉਸ ਤੋਂ ਪਿਛੋਂ ਮੈਂ ਐਮ ਏ. ਵਿਚ ਹੋ ਗਿਆ ਤੇ ਐਮ. ਏ. ਪਹਿਲੇ ਦਰਜੇ ਵਿਚ ਪਾਸ ਕਰ ਲਈ ਤੇ ਉਸ ਵੇਲੇ ਪ੍ਰੋਫੈਸਰ ਵੀ ਲਗ ਗਿਆ ।
ਜਦ ਮੈਂ ਮਾਂ ਨੂੰ ਦੱਸਿਆ ਸੀ ਤਾਂ ਉਸਨੇ ਮੇਰੀ ਉਮਰ ਲੰਬੀ ਹੋਣ ਦੀ ਅਸੀਸ ਦਿੱਤੀ । ਇਕ ਮਹੀਨਾ ਬੀਤ ਗਿਆ । ਮੈਨੂੰ ਪਹਿਲੀ ਤਨਖਾਹ ਮਿਲੀ, ਮੈਂ ਮਾਂ ਕੋਲ ਜਾਣ ਦੀ ਬਜਾਏ ਪਹਿਲਾਂ ਮਾਲਾ ਕੋਲ ਗਿਆ ।"
"ਮਾਲਾ !" ਰਾਜ ਨੂੰ ਅੱਜ ਵੀ ਯਾਦ ਸੀ ਜਦ ਉਸਨੇ ਕਿਹਾ ਸੀ।
"ਹੈਲੋ, ਰਾਜ !’ ਮਾਲਾ ਅਗੋਂ ਬੋਲੀ ਸੀ।ਮਾਲਾ ਉਸ ਦੀ ਸਹਿ ਪਾਠਣ ਰਹੀ ਸੀ। ਰਾਜ ਭਾਵੇਂ ਗਰੀਬ ਸੀ ਪਰ ਬਹੁਤ ਸੋਹਣਾ ਸੀ।ਰਾਜ ਨੂੰ ਮਾਲਾ ਚੰਗੀ ਲਗਦੀ ਸੀ ਅਤੇ ਮਾਲਾ ਵੀ ਰਾਜ ਨੂੰ ਚਾਹੁਣ ਲੱਗ ਪਈ।
"ਮਾਲਾ ਇਕ ਗਲ ਦੱਸਾਂ !" ਪਹਿਲਾਂ ਅੱਖਾਂ ਮੀਚ ।
ਮਾਲਾ ਨੇ ਅੱਖਾਂ ਮੀਚ ਲਈਆਂ ਤਾਂ ਰਾਜ ਨੇ ਉਸਦਾ ਹੱਥ ਫੜ ਕੇ ਸੋਨੇ ਦੀ ਮੰਦਰੀ-ਜੋ ਉਹ ਅਜ ਹੀ ਲੈ ਕੇ ਆਇਆ ਸੀ ਪਾ ਦਿਤੀ । ਜਦ ਮਾਲਾ ਨੇ ਅੱਖਾਂ ਖੋਲ੍ਹੀਆਂ ਤਾਂ ਰਾਜ ਨੇ ਕਿਹਾ ਸੀ 'ਮੇਰੇ ਪਿਆਰ ਦੀ ਨਿਸ਼ਾਨੀ’ ।
"ਬਹੁਤ ਖੂਬ !" ਮਾਲਾ ਨੇ ਮੰਦਰੀ ਚੁੰਮ ਕੇ ਉੱਤਰ ਦਿਤਾ। ਦਿਲ ਵਿਚ ਭਾਵੇਂ ਉਹ ਮੁੰਦਰੀ ਨੂੰ ਚੰਗੀ ਹੀ ਨਾਂ ਸਮਝਦੀ ਹੋਵੇ, ਕਿਉਂਕਿ ਉਹ ਮੁੰਦਰੀ ਉਸਦੀ ਮੁੰਦਰੀ ਦਾ ਮਸਾਂ ਦਸਵਾਂ ਹਿੱਸਾ ਹੀ ਸੀ ।
"ਰਾਜ ਅਜ ਮੈਂ ਤੁਹਾਡੇ ਘਰ ਜਾਵਾਂਗੀ ।"
“ਪਰ ਮਾਲਾ ਮੈਂ ਤਾਂ ਹਾਲੇ ਮਾਂ ਨੂੰ ਕੁਝ ਵੀ ਨਹੀਂ ਦਸਿਆ" ਰਾਜ ਨੇ ਆਪਣੀ ਘਬਰਾਹਟ ਲੁਕਾਉਂਦਿਆਂ ਕਿਹਾ ।‘ ਉਹ ਕੋਈ ਵਡਾ ਮਕਾਨ ਕਿਰਾਏ ਤੇ ਲੈ ਕੇ ਮਾਲਾ ਨੂੰ ਦਿਖਾਉਣਾ ਚਾਹੁੰਦਾ ਸੀ ।
"ਪਰ ਮੈਂ ਤੁਹਾਡਾ ਘਰ ਕਦੋਂ ਦੇਖਾਂਗੀ ?" ਮਾਲਾ ਨੇ ਸਵਾਲ ਕੀਤਾ ।
"ਵਿਆਹ ਤੋਂ ਪਿਛੋਂ" ਰਾਜ ਨੇ ਮੁਸਕਰਾਂਦਿਆਂ ਜਵਾਬ ਦਿਤਾ । ਵੈਸੇ ਮਕਾਨ ਦਾ ਹੁਲੀਆ ਮੈਂ ਦਸ ਦਿੰਦਾ ਹਾਂ, ਇਕ ਟੁੱਿਟਆ ਜਿਹਾ ਮਕਾਨ ਅਤੇ ਉਸ ਮਕਾਨ ਵਿਚ ਇਕ ਛੋਟਾ ਜਹਿਾ ਕਮਰਾ। ਉਸ ਦੀਆਂ ਕੰਧਾਂ ਤੇ ਮੈਲ, ਉਸਦੇ ਵਿਚ ਦੋ ਮੰਜੀਆਂ ਅਤੇ ਉਸ ਵਿਚ ਇਕ ਆਦਮੀ ਤੇ ਇਕ ਉਸਦੀ ਬੁੱਢੀ ਮਾਂ ਰਹਿੰਦੇ ਹਨ ਬਸ। ਰਾਜ ਨੇ ਸਾਰਾ ਕੁਛ ਗਿਣਾ ਦਿਤਾ । ਮਾਲਾ ਨੂੰ ਇਹ ਸੁਣ ਕੇ ਇਕ ਝਟਕਾ ਜਿਹਾ ਲੱਗਿਆ।ਉਸ ਨੇ ਇਸ ਬਾਰੇ ਪਹਿਲਾਂ ਕਦੇ ਸੋਚਿਆ ਹੀ ਨਹੀਂ ਸੀ।ਉਸ ਨੂੰ ਇਸ ਤਰ੍ਹਾਂ ਲਗਿਆ ਜਿਵੇਂ ਉਹ ਰਾਜ ਦੀ ਝੌਂਪੜੀ ਦੀ ਸੈਰ ਕਰ ਰਹੀ ਹੋਵੇ ।
"ਕਿਉਂ ਆਇਆ ਮੇਰਾ ਮਕਾਨ ਪਸੰਦ ?"
"ਹਾਂ ਹਾਂ !" ਮਾਲਾ ਨੇ ਹੋਸ਼ ਵਿਚ ਆਉਂਦਿਆਂ ਕਿਹਾ ।
"ਮਾਲਾ ਤੂੰ ਮੇਰੇ ਨਾਲ ਪਿਆਰ ਕਰਕੇ ਪਛਤਾਂਦੀ ਹੋਵੇਂਗੀ ।" ਰਾਜ ਨੇ ਹੌਲੀ ਜਿਹੀ ਕਿਹਾ ।
"ਨਹੀਂ ਨਹੀਂ ਰਾਜ ਇਹ ਨਹੀਂ ਹੋ ਸਕਦਾ ।ਬੱਸ ਇਕ ਵਾਰ ਤੂੰ ਮੈਨੂੰ ਆਪਣੇ ਘਰ ਲੈ ਚੱਲ।"
"ਅੱਛਾ ਮਾਲਾ ਹੁਣ ਮੈਂ ਚਲਦਾ ਹਾਂ, ਮਾਂ ਉਡੀਕਦੀ ਹੋਵੇਗੀ ।ਜੇ ਤੂੰ ਮੇਰਾ ਘਰ ਦੇਖਣਾ ਹੀ ਚਾਹੁੰਦੀ ਹੈਂ ਤਾਂ ਕਲ੍ਹ ਐਤਵਾਰ ਹੈ ੳਾਹ ਲੈ ਮੇਰਾ ਪਤਾ ਤੂੰ ਕਲ੍ਹ ਆ ਜਾਵੀਂ, ਮੈਂ ਤੇਰੀ ਉਡੀਕ ਕਰੂੰਗਾ।" ਰਾਜ ਨੇ ਤੁਰਦਿਆਂ ਕਿਹਾ। ਉਹ ਅਜ ਨਵੀਂ ਖੁਸ਼ਖਬਰੀ ਸੁਨਾਉਣੀ ਚਾਹੁੰਦਾ ਸੀ ਆਪਣੀ ਮਾਂ ਨੂੰ ।
ਰਾਜ ਦੇ ਜਾਣ ਪਿਛੋਂ ਮਾਲਾ ਉਥੇ ਖੜ੍ਹੀ ਰਹੀ ਜਿਵੇਂ ਉਹ ਰਾਜ ਦੀ ਝੋਪੜੀ ਵਿਚ ਸੈਰ ਕਰਦੀ ਹੋਵੇ ।
"ਕੀ ਮੈਂ ਮਹਿਲਾਂ ਵਿਚ ਰਾਜ ਕਰਨ ਵਾਲੀ, ਇਕ ਝੌਂਪੜੀ ਦੀਆਂ ਕੰਧਾਂ ਸਾਫ ਕਰਾਂਗੀ ?" ਉਸਨੇ ਦਿਲ ਵਿਚ ਹੀ ਸਵਾਲ ਕੀਤਾ ।
"ਹਾਂ--ਤੈਨੂੰ ਇਹ ਕਰਨਾ ਹੀ ਪਵੇਗਾ ।" ਉਸਦੀ ਆਤਮਾ ਦਾ ਉੱਤਰ ਸੀ ।
"ਕਿਉਂ ?”
"ਕਿਉਂਕਿ ਤੂੰ ਉਸ ਨਾਲ ਪਿਆਰ ਕੀਤਾ ਹੈ ।"
“ਪਰ ਮੈਨੂੰ ਕੀ ਪਤਾ ਸੀ ਉਹ ਗਰੀਬ ਹੈ ।"
“ਹੁਣ ਤਾਂ ਜੋ ਕੁਛ ਵੀ ਹੈ ਤੈਨੂੰ ਉਸੇ ਨਾਲ ਹੀ ਸ਼ਾਦੀ ਕਰਨੀ ਪਵੇਗੀ ।’
ਮੇਰੇ ਪਿਤਾ ਜੀ ਇਹ ਗੱਲ ਕਦੇ ਵੀ ਨਹੀਂ ਮੰਨਣਗੇ --ਮੈਂ ਉਸ ਨੂੰ ਸਾਫ ਜਵਾਬ ਦੇ ਦੇਵਾਂਗੀ ਕਿ ਮੈਂ ਉਸਨੂੰ ਪਿਆਰ ਨਹੀਂ ਕਰਦੀ । ਮੇਰੇ ਪਿਤਾ ਜੀ ਨੇ ਤਾਂ ਮੇਰੇ ਲਈ ਮੁੰਡਾ ਵੀ ਦੇਖਿਆ ਹੋਇਆ, ਉਹ ਤਾਂ ਮੈਨੂੰ ਇੰਗਲੈਂਡ ਭੇਜਣਾ ਚਾਹੁੰਦੇ ਹਨ ।"
'ਕੀ ਤੂੰ ਨਹੀਂ ਜਾਣਦੀ ਕਿ ਇਸ ਤਰ੍ਹਾਂ ਕਰਨ ਨਾਲ ਉਸ ਦਾ ਦਿਲ ਟੁੱਟ ਜਾਵੇਗਾ ?"
''ਉਸਦਾ ਦਿਲ ਇੰਨਾ ਨਾਜ਼ਕ ਤਾਂ ਨਹੀਂ - ਕੀ ਪਤੈ ਉਹ ਚਾਹੁੰਦਾ ਵੀ ਹੈ ਕਿ ਨਹੀਂ ।"
''ਬੱਸ, ਕਰ ਦਿਤਾ ਫੈਸਲਾ ? ਇਕ ਵਾਰ ਫਿਰ ਸੋਚ ਲੈ ।" ਉਸ ਦੀ ਆਤਮਾ ਕੁਰਲਾਈ ।
''ਮੈਂ ਸਭ ਕੁਛ ਸੋਚ ਚੁਕੀ ਹਾਂ । ਇਹ ਮੇਰਾ ਆਖਰੀ ਫ਼ੈਸਲਾ ਹੈ ।" ਮਾਲਾ ਆਪਣਾ ਆਖਰੀ ਫੈਸਲਾ ਕਰਕੇ ਉਥੋਂ ਚਲੀ ਗਈ ।
"ਮਾਂ । ਦੇਖ ਮੈਨੂੰ ਅੱਜ ਪਹਿਲੀ ਤਨਖਾਹ ਮਿਲੀ ਹੈ । ਏ-ਆਹ ਲੈ ।" ਰਾਜ ਨੇ ਰੁਪਏ ਬੋਲੀ ਵਿਚ ਸੁਟਦਿਆਂ ਕਿਹਾ।
'ਮਾਂ' । ਤੂੰ ਕਹਿੰਦੀ ਸੀ ਨਾਂ, ਮੇਰੀਆਂ ਅੱਖਾਂ ਖਰਾਬ ਹਨ, ਮੇਰੇ ਤੋਂ ਦੇਖਿਆਂ ਨਹੀਂ ਜਾਂਦਾ । ਹੁਣ ਤੇਰੀਆਂ ਅੱਖਾਂ ਵੀ ਠੀਕ ਹੋ ਜਾਣਗੀਆਂ । ਮਾਂ ! ਨਾਲੇ ਹੁਣ ਆਪਾਂ ਇਥੇ ਨਹੀਂ ਰਹਾਂਗੇ, ਆਪਾਂ ਕੋਈ ਵੱਡਾ ਸਾਰਾ ਮਕਾਨ ਲਵਾਂਗੇ।'
“ਅੱਛਾ ਹੁਣ ਬਹੁਤੀਆਂ ਗੱਲਾਂ ਨਾ ਬਣਾ ਤੇ ਰੋਟੀ ਖਾ ।" ਉਸਦੀ ਮਾਂ ਨੇ ਕਿਹਾ।
‘ਹੁਣ ਤਾਂ ਮੈਂ ਆਪਣੇ ਰਾਜੇ ਦਾ ਵਿਆਹ ਕਰਨੈ ।" ਉਸਨੇ ਬੜੇ ਚਾਅ ਨਾਲ ਕਿਹਾ । ਬੜੀ ਦੇਰ ਤੋਂ ਉਹ ਇਸ ਦਿਨ ਦੀ ਉਡੀਕ ਕਰ ਰਹੀ ਸੀ ।
"ਪਰ ਕਿਥੇ ?"
"ਜਿਥੇ ਮੇਰਾ ਜੀਆ ਕਰੇਗਾ ।"
"ਮਾਂ । ਮਾਂ । ਜ਼ਬਰਦਸਤੀ ਈ ਵਿਆਹ ਕਰ ਦਏਂਗੀ ?"
“ਅੱਛਾ, ਚੱਲ ਜਿਥੇ ਤੂੰ ਕਹੇਂਗਾ ।"
'ਮਾਂ--ਹੀਂ- ਹੀਂ-ਮਾਂ ।"
"ਕੀ ਗੱਲ ਐ ? ਛੇਤੀ ਦੱਸ ਨਾਂ ।"
""ਮਾਂ । ਉਹ ਮਾਲਾ ਹੈ ਨਾ- -?"
"ਕਿਹੜੀ ਮਾਲਾ ?" ਉਸਦੀ ਮਾਂ ਨੇ ਹੈਰਾਨੀ ਨਾਲ ਪੁਛਿਆ ।"
‘‘ਮਾਂ । --ਮਾਂ । ਤੂੰ ਉਸਨੂੰ ਨਹੀਂ ਜਾਣਦੀ । ਉਹ ਅਜ ਆਪਣੇ ਘਰ ਆਉਣ ਵਾਸਤੇ ਕਹਿੰਦੀ ਸੀ ।”
‘'ਅੱਛਾ–ਅੱਛਾ, ਸਮਝ ਗਈ । ਰੋਟੀ ਖਾ ਕੇ ਉਸਨੂੰ ਲੈ ਆਵੀਂ ।" ਮਾਂ ਨੇ ਜਾਣ ਦੀ ਆਗਿਆ ਦੇ ਦਿਤੀ।
‘ਮਾਂ ।--ਮੈਂ ਉਸਨੂੰ ਕਲ੍ਹ ਬੁਲਾਇਆ ਹੈ।ਉਹ ਕਲ੍ਹ ਸਵੇਰੇ ਆਊਗੀ।‘
ਅਗਲਾ ਦਿਨ ਚੜ੍ਹਿਆ ੳਤੇ ਉਹ ਨਹਾ ਧੋ ਕੇ ਤਿਆਰ ਹੋ ਗਿਆ। ਅੱਜ ਮਾਲਾ ਨੇ ਜਿਉਂ ਆਉਣਾ ਸੀ, ਉਸ ਦਾ ਸਮਾਂ ਬਤੀਤ ਨਹੀਂ ਸੀ ਹੋ ਰਹਿਾ।ਕਦੇ ਉਹ ਬਾਹਰ ਜਾਂਦਾ ਕਦੇ ਅੰਦਰ ਵੜਦਾ।ਪਰ ਉਸ ਦੀ ਉਡੀਕ ਲੰਮੀ ਹੁੰਦੀ ਗਈ।ਸ਼ਾਮ ਹੋ ਗਈ, ਰਾਤ ਪੈ ਗਈ, ਪਰ ਮਾਲਾ ਨਾ ਆਈ।ਉਸ ਨੂੰ ਅਚਵੀ ਲੱਗ ਗਈ। ਉਸ ਨੂੰ ਕੁਝ ਸੁਝ ਨਹੀਂ ਸੀ ਰਿਹਾ ਕਿ ਕਿਵੇਂ ਪਤਾ ਕਰੇ ਕਿ ਮਾਲਾ ਨੂੰ ਕੁਛ ਹੋ ਤਾਂ ਨੀਂ ਗਿਆ।ਉਸ ਨੇ ਤਾਂ ਉਸ ਦਾ ਘਰ ਵੀ ਨਹੀਂ ਸੀ ਦੇਖਿਆ।ਜਸ ਰਾਤ ਗੂੜ੍ਹੀ ਹੋ ਗਈ ਤਾਂ ਉਹ ਮਲਕ ਜਿਹੇ ਉਠਿਆ ਅਤੇ ਛੱਤ ਤੇ ਜਾ ਚੜ੍ਹਆਿ।ਉਸ ਨੇ ਆਪਣਾ ਸਿਰ ਖੱਬੇ ਪਾਸੇ ਕਰ ਕੇ ਸੜਕ ਵੱਲ ਦੇਖਣਾ ਸ਼ੁਰੂ ਕੀਤਾ।ਫਿਰ ਉਸ ਨੂੰ ਨਹੀਂ ਪਤਾ ਕਦੋਂ ਸਵੇਰ ਹੋ ਗਈ।ਉਸ ਦੀ ਮਾਂ ਨੂੰ ਚਿੰਤਾ ਹੋਈ।ਬਾਹਰ ਕੁਝ ਲੋਕ ਖੜ੍ਹੇ ਉਪਰ ਵੱਲ ਦੇਖ ਰਹੇ ਸਨ।ਉਸ ਦੀ ਮਾਂ ਛੱਤ ਤੇ ਗਈ ਅਤੇ ਆਪਣੇ ਪੁੱਤ ਨੂੰ ਹਲੂਣਿਆ। ਪਰ ਉਹ ਤਾਂ ਜਿਵੇਂ ਇਸ ਦੁਨੀਆਂ ਵਿਚ ਹੀ ਨਹੀਂ ਸੀ।ਮਾਂ ਰੋ ਰਹੀ ਸੀ।ਦਿਨ ਬੀਤ ਗਿਆ, ਹਫਤਾ ਬੀਤ ਗਿਆ. ਪਰ ਮਾਲਾ ਨਾ ਆਈ।ਉਸ ਦੀ ਮਾਂ ਬਥੇਰਾ ਖਿਚਦੀ, ਆਂਡ ਗੁਆਂਢ ਵਾਲੇ ਵੀ ਜ਼ੋਰ ਲਾਉਂਦੇ ਪਰ ਉਹ ਟੱਸ ਤੋਂ ਮਸ ਨਾ ਹੁੰਦਾ।ਆਦਮੀ ਇਕੱਠੇ ਹੋ ਕੇ ਉਸ ਨੂੰ ਚੁੱਕ ਲੇ ਲਿਆਉਂਦੇ ਤਾਂ ਉਹ ਫਿਰ ਉੱਪਰ ਜਾ ਚੜ੍ਹਦਾ।ਆਖਰ ਸਾਰੇ ਚੁੱਪ ਕਰ ਗਏ। ਮਾਂ ਸਵੇਰੇ ਸ਼ਾਮ ਉਸ ਦੇ ਮੂੰਹ ਵਿਚ ਬੁਰਕੀਆਂ ਪਾ ਦਿੰਦੀ ਜੋ ਉਹ ਨਿਗਲ ਲੈਂਦਾ।ਧੁੱਪ ਤੋਂ ਬਚਾਅ ਲਈ ਲੋਕਾਂ ਨੇ ਉਸ ਉਪਰ ਚਾਦਰ ਤਾਣ ਦਿੱਤੀ।ਹਫਤਾ ਲੰਘ ਗਿਆ।ਸਾਰੇ ਸ਼ਹਿਰ ਵਿਚ ਗੱਲ ਫੈਲ ਗਈ ਕਿ ਇਕ ਮੁੰਡਾ ਹੈ ਜੋ ਦਿਨ ਰਾਤ ਕੋਠੇ ਤੇ ਖੜ੍ਹਾ ਰਹਿੰਦਾ ਹੈ।ਕੋਈ ਕਹਿੰਦਾ ਕਿਸੇ ਰਿਸ਼ਤੇਦਾਰ ਨੇ ਕੁਛ ਖੁਆ ਦਿੱਤਾ, ਕੋਈ ਕਹਿੰਦਾ ਉਸ ਨੇ ਟੂਣਾ ਟੱਪ ਲਿਆ।ਜਿੰਨੇ ਮੂੰਹ ਉਨੀਆਂ ਗੱਲਾਂ।ਲੋਕ ਵਹੀਰਾਂ ਘੱਤ ਕੇ ਉਸ ਨੂੰ ਦੇਖਣ ਆਉਂਦੇ।ਇਕ ਮਹੀਨਾ ਬੀਤ ਗਿਆ ਉਹ ਦਿਨ ਰਾਤ ਛੱਤ ਤੇ ਖੜ੍ਹਾ ਰਿਹਾ ਪਰ ਮਾਲਾ ਨਾ ਆਈ।ਖੜ੍ਹੇ ਦੀ ਅੱਖ ਲਗਦੀ ਤਾਂ ਉਥੇ ਹੀ ਝਪਕੀ ਲੈ ਲੈਂਦਾ।ਇਕ ਦਿਨ ਭੀੜ ਵਿਚ ਉਸ ਨੂੰ ਮਾਲਾ ਦਾ ਝਉਲਾ ਪਿਆ।ਉਸ ਦੀ ਗਰਦਨ ਵਿਚ ਹਰਕਤ ਆਈ।ਉਸ ਨੇ ਗਰਦਨ ਸਿੱਧੀ ਕਰਨ ਦੀ ਕੋਸ਼ਿਸ਼ ਕੀਤੀ ਪਰ ਗਰਦਨ ਤਾਂ ਆਕੜੀ ਪਈ ਸੀ।ਉਸ ਨੇ ਗਹੁ ਨਾਲ ਦੇਖਿਆ ਤਾਂ ਉਹ ਸੱਚੀਂ ਮਾਲਾ ਹੀ ਸੀ।ਉਹ ਵਿੰਗੀ ਗਰਦਨ ਨਾਲ ਹੀ ਥੱਲੇ ਵੱਲ ਭੱਜਿਆ।
“ਮਾਲਾ--।' ਰਾਜ ਨੇ ਅਵਾਜ਼ ਦਿਤੀ ਤੇ ਤੇਜ਼ ਕਦਮਾਂ ਨਾਲ ਉਸ ਕੋਲ ਪਹੁੰਚ ਗਿਆ।
“ਮਾਲਾ ! ਮੈਂ ਸਾਰੀ ਗਲ ਮਾਂ ਨੂੰ ਦਸ ਦਿਤੀ ਹੈ। ਰਾਜ ਨੇ ਮਾਲਾ ਦੇ ਕੋਲ ਖੜ੍ਹਦਿਆਂ ਕਿਹਾ।
"ਮੈਨੂੰ ਘਰ ਬੁਲਾਇਐ ?" ਮਾਲਾ ਨੇ ਹੈਰਾਨੀ ਨਾਲ ਪੁਛਿਆ ।
"ਹਾਂ, ਮਾਲਾ ।"
' ਪਰ ਤੂੰ ਕੌਣ ਹੈਂ ? ਮੈਨੂੰ ਇਥੇ ਕਿਉਂ ਰੋਕਿਐ ?"
"ਮਾਲਾ । ਅੱਜ ਮੈਂ ਬਹੁਤ ਖੁਸ਼ ਹਾਂ, ਅੱਜ ਜਿੰਨੇ ਮਰਜ਼ੀ ਮਖੌਲ ਕਰ ।"
"ਮੈਂ ਮਖੌਲ ਨਹੀਂ ਕਰਦੀ ਮੈਂ ਸੱਚ ਕਹਿੰਨੀ ਹਾਂ।"
"ਮਾਲਾ । ਇਹ ਤੂੰ ਕੀ ਕਹਿ ਰਹੀ ਏਂ ? ਕੀ ਤੂੰ ਮੈਨੂੰ ਨਹੀਂ ਜਾਣਦੀ ?"
"ਹਾਂ, ਮੈਂ ਤੈਨੂੰ ਨਹੀਂ ਜਾਣਦੀ ।
“ਮਾਲਾ । ਕੀ ਤੂੰ ਰਾਜ ਨਾਲ ਕੀਤਾ ਪਿਆਰ ਭੁੱਲ ਗਈ ਏਂ । ਰਾਜ ਨਾਲ ਕੀਤੇ ਵਾਅਦੇ ਭੁਲ ਗਈ ਏ ?’ ਰਾਜ ਨੇ ਦੁਖੀ ਮਨ ਨਾਲ ਕਿਹਾ ।
"ਮੈਂ ਕੁਛ ਨਹੀਂ ਜਾਣਦੀ ।' ਮਾਲਾ ਨੇ ਅਣਜਾਣ ਬਣਦਿਆਂ ਕਿਹਾ ।
' ਤੂੰ ਕੋਈ ਭਿਖਾਰੀ ਜਿਹਾ ਹੈ । ਮੇਰਾ ਰਾਜ ਤੇ ਇੰਗਲੈਂਡ ਵਿਚ ਹੈ । ਅਗਲੇ ਮਹੀਨੇ ਮੈਂ ਇੰਗਲੈਂਡ ਜਾ ਰਹੀ ਹਾਂ । ਮੈਨੂੰ ਤਾਂ ਤੂੰ ਕੋਈ ਪਾਗਲ ਜਾਪਦੈਂ ਜਿਹੜਾ ਇਸ ਤਰ੍ਹਾਂ ਮੇਰੇ ਪਿਛੇ ਪਿਆ ਹੈ ।”
"ਮੈਂ ਭਿਖਾਰੀ ਹਾਂ ? ਮੈਂ ਪਾਗਲ ਹਾਂ ?” ਉਸ ਨੇ ਆਪਣੇ ਦਿਲ ਵਿਚ ਸੋਚਿਆ। ਉਸ ਨੂੰ ਮਾਲਾ ਦੇ ਆਖੇ ਤੇ ਇਤਬਾਰ ਨਹੀਂ ਸੀ ਆ ਰਿਹਾ ।
"ਮਾਲਾ ! ਮੇਰੀ ਕਸਮ ਖਾ ਕੇ ਕਹਿ, ਤੂੰ ਮੈਨੂੰ ਨਹੀਂ ਜਾਣਦੀ ।"
‘ਹਾਂ, ਮੈਂ ਤੈਨੂੰ ਨਹੀਂ ਜਾਣਦੀ ।" ਇਹ ਉਤਰ ਦੇ ਕੇ ਮਾਲਾ ਚਲੀ ਗਈ । ਰਾਜ ਉਸਨੂੰ ਜਾਂਦੀ ਨੂੰ ਦੇਖਦਾ ਰਿਹਾ ਤੇ ਸੋਚਦਾ ਰਿਹਾ ।
"ਮੈਂ ਭਿਖਾਰੀ ਹਾਂ । ਮਾਲਾ ਨੇ ਮੈਨੂੰ ਭਿਖਾਰੀ ਕਿਹੈ। ਹਾਂ-ਹਾਂ- ਹਾਂ ਮੈਂ ਭਿਖਾਰੀ ਹਾਂ --ਮੈਂ ਭਿਖਾਰੀ ਹਾਂ-- ਮੈਂ ਪਾਗਲ ਹਾਂ ।" ਇਹ ਕਹਿੰਦਾ ਕਹਿੰਦਾ ਉਹ ਘਰ ਚਲਾ ਗਿਆ । ਉਸਦੀ ਮਾਂ ਉਸਦੀ ਇਹ ਹਾਲਤ ਦੇਖ ਕੇ ਸਹਿਮ ਜਾਂਦੀ ਹੈ ਪਰ ਕੁਛ ਕਰ ਨਹੀਂ ਸਕਦੀ।‘
ਉਸ ਦਿਨ ਤੋਂ ਮਗਰੋਂ ਮੈਨੂੰ ਨਹੀਂ ਪਤਾ ਮੈਂ ਕਿਥੇ ਕਿਥੇ ਧੱਕੇ ਖਾਧੇ।ਜਦ ਮੈਨੂੰ ਕੁਝ ਹੋਸ਼ ਆਈ ਤਾਂ ਮੈਨੂੰ ਮਾਂ ਦੀ ਯਾਦ ਆਈ।ਪਰ ਉਸ ਮਕਾਨ ਵਿਚ ਤਾਂ ਕੋਈ ਵੀ ਨਹੀਂ ਸੀ। ਅੱਠ ਸਾਲ ਮੇਰੇ ਇੱਦਾਂ ਹੀ ਧੱਕੇ ਖਾਂਦੇ ਦੇ ਨਿਕਲ ਗਏ।ਮਾਂ ਦਾ ਪਤਾ ਨੀਂ ਕੀ ਬਣਿਆ।ਹਾਂਉਸ ਤੋਂ ਮਗਰੋਂ ਮੇਰਾ ਹਾਸੇ ਅਤੇ ਵਟਿਆਂ ਨਾਲ ਹੀ ਸਵਾਗਤ ਹੁੰਦਾ ਹੈ । ਮੈਨੂੰ ਇਕ ਤੂੰ ਹੀ ਅਜਿਹਾ ਮਿਲਿਐਂ ਜਿਸਨੇ ਮੇਰੀ ਗਲ ਸੁਣੀ । ਮੈਨੂੰ ਆਸ ਹੈ ਕਿ ਤੂੰ ਮੇਰਾ ਇਹ ਸੁਨੇਹਾ ਸਾਰੀ ਦੁਨੀਆਂ ਤਕ ਪਹੁੰਚਾਉਣ ਦਾ ਯਤਨ ਕਰੇਗਾ ।" ਬਾਬੇ ਨੇ ਕਿਹਾ।
"ਹਾਂ ਬਾਬਾ ! ਮੈਂ ਸਾਰੇ ਨੌਜਵਾਨਾਂ ਨੂੰ ਕਹਾਂਗਾ ਕਿ, ਐ ਮੇਰੇ ਦੋਸਤੋ ! ਹੁਣ ਵੀ ਵੇਲਾ ਹੈ, ਹੋਸ਼ ਵਿਚ ਆ ਜਾਉ । ਨਹੀਂ ਤਾਂ ਪਛਤਾਉਗੇ ।" ਇਨਾਂ ਕਹਿ ਕੇ ਮਨਜੀਤ ਗੰਭੀਰ ਹੋ ਗਿਆ । ਕੁਛ ਚਿਰ ਪਿਛੋਂ ਫਿਰ ਬੋਲਿਆ ' ਪਰ ਬਾਬਾ ! ਅਮੀਰ ਲੋਕ ਤਾਂ ਪਿਆਰ ਕਰ ਸਕਦੇ ਹਨ । ਕਿਉਂਕਿ ਉਨ੍ਹਾਂ ਕੋਲ ਪੈਸਾ ਹੈ ਇਸ ਲਈ ਸ਼ਾਇਦ ਉਨ੍ਹਾਂ ਨੇ ਇਹ ਹੱਕ ਖਰੀਦਿਆ ਹੋਵੇ ।"
"ਨਹੀਂ ਮਨਜੀਤ ! ਦਿਲ ਇਕ ਅਜਿਹਾ ਖਿਡੌਣਾ ਹੈ ਜਿਸ ਨੂੰ ਤੋੜ ਤਾਂ ਹਰ ਕੋਈ ਸਕਦਾ ਹੈ ਪਰ ਖਰੀਦ ਕੋਈ ਹੀ ਸਕਦਾ ਹੈ । ਇਸਦੀ ਕੀਮਤ ਦੌਲਤ ਨਹੀਂ ਹੁੰਦੀ, ਗੁਣ ਹੁੰਦੇ ਹਨ ।" ਬਾਬੇ ਨੇ ਦਸਿਆ ।
“ਪਰ...।" ਮਨਜੀਤ ਨੂੰ ਕੋਈ ਗਲ ਨਾ ਅਹੁੜੀ ਕਿ ਕੀ ਕਹੇ । “ਹਾਂ.. ਤੂੰ ਠੀਕ ਹੀ ਸੋਚਿਆ ਸੀ । ਪਰ ਅਮੀਰ ਵੀ ਯਾਦ ਰੱਖਣ ਕਿ ਦਿਲ ਜੇ ਇਕ ਵਾਰ ਟੁੱਟ ਜਾਵੇ ਤਾਂ ਫਿਰ ਦੁਨੀਆਂ ਦੀ ਕੋਈ ਵੀ ਖੁਸ਼ੀ ਉਸਨੂੰ ਨਹੀਂ ਜੋੜ ਸਕਦੀ । ਨਹੀਂ ਜੋੜ ਸਕਦੀ ।" ਇਹ ਕਹਿਕੋ ਬਾਬਾ ਕੰਬਣ ਲੱਗ ਪਿਆ। ਉਸਦੀਆਂ ਅੱਖਾਂ ਵਿਚੋਂ ਡਰ ਪ੍ਰਤੀਤ ਹੁੰਦਾ ਸੀ ।
"ਬਾਬਾ! ਤੈਨੂੰ ਕੀ ਹੋ ਗਿਆ ?" ਮਨਜੀਤ ਨੇ ਉਸਦੀ ਹਾਲਤ ਦੇਖ ਕੇ ਪੁਛਿਆ ।
"ਮੈਨੂੰ ਚੱਕਰ ਆ ਰਿਐ ਦੇਖ ਮਾਲਾ ਆ ਰਹੀ ਹੈ ।"
‘ਕਿਥੇ ? ਮੈਨੂੰ ਤਾਂ ਕਿਤੇ ਨਹੀਂ ਦਿਸਦੀ ਬਾਬਾ ।‘ਮਨਜੀਤ ਨੇ ਇਧਰ ਉਧਰ ਦੇਖ ਕੇ ਕਿਹਾ।
‘ਆਹ ਦੇਖ ਮੈਨੂੰ ਕਹਿ ਰਹੀ ਹੈ ।ਤੂੰ ਪਾਗਲ ਹੈ ਭਿਖਾਰੀ ਹੈ।‘ ਬਾਬੇ ਦੇ ਬੋਲ ਥਿੜਕ ਰਹੇ ਸਨ ।
‘ਨਹੀਂ ਬਾਬਾ, ਭਿਖਾਰੀ ਤੂੰ ਨਹੀਂ ਉਹ ਮਾਲਾ ਹੀ ਹੋਵੇਗੀ ।ਹਾਂ ਬਾਬਾ ਭਿਖਾਰੀ ਤੂੰ ਨਹੀਂ ਤੈਨੂੰ ਕਹਿਣ ਵਾਲੀ ਹੋਵੇਗੀ । ਉਸਨੂੰ ਪੈਸੇ ਦਾ ਹੰਕਾਰ ਹੈ ਪਰ ਉਸਨੇ ਕਦੀ ਸੱਚੇ ਪਿਆਰ ਦੀ ਕਦਰ ਨੀਂ ਕੀਤੀ।‘ ਉਹ ਗੁੱਸੇ ਨਾਲ ਕਹਿ ਰਿਹਾ ਸੀ।
‘ਨਹੀਂ ਸੁਣ ਤੂੰ ੳਹ ਮੈਨੂੰ ਕੀ ਕਹਿ ਰਹੀ ਹੈਂ ?’ ਬਾਬੇ ਨੇ ਹਥ ਦਾ ਇਸ਼ਾਰਾ ਕਰਦਿਆਂ ਕਿਹਾ।
‘ਬਾਬਾ ਤੇਰੇ ਵਰਗੇ ਹੋਰ ਵੀ ਕਈ ਨਿਰਚੋਸ਼ ਹਨ ਜੋ...।"
‘ਨਹੀਂ, ਨਹੀਂ ਮੈਂ ਪਾਗਲ ਹਾਂ... ਮੈਂ ਭਿਖਾਰੀ ਹਾਂ ਮੈਂ ਭਿਖਾਰੀ ਹਾਂ।‘ ਇਹ ਕਹਿੰਦਾ ਬਾਬਾ ਉਥੋਂ ਭਜ ਗਿਆ। ਉਹ ਕਾਫੀ ਦੂਰ ਗਿਆ ਪਰ ਉਸਦੇ ਹੱਸਣ ਦੀ ਅਵਾਜ਼ ਹਾਲੇ ਵੀ ਮਨਜੀਤ ਦੇ ਕੰਨਾਂ ਤੱਕ ਪਹੁੰਚ ਰਹੀ ਸੀ ।
ਮਨਜੀਤ ਬੁੱਤ ਬਣਿਆ ਖੜ੍ਹਾ ਉਸ ਜਾਂਦੇ ਭਿਖਾਰੀ ਵਲ ਦੇਖ ਰਿਹਾ ਸੀ ਜੋ ਆਪਣੇ ਵਿਚ ਸੱਚੀ ਤੇ ਕੁਰਲਾਂਦੀ ਆਤਮਾ ਲਈ ਭੱਜਾ ਫਿਰਦਾ ਸੀ, ਉਸਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ, ਬਾਬਾ ! ਤੂੰ ਇਕੱਲਾ ਤਾਂ ਨਹੀ ।ਹੋਰ ਵੀ ਨੇ ਤੇਰੇ ਯਾਰ ਤੂੰ ਇਕੱਲਾ ਤਾਂ ਨਹੀਂ ।‘