ਅਸੀਂ ਦੁਸਹਿਰਾ ਵੇਖਣ ਚੱਲੇ (ਕਵਿਤਾ)

ਓਮਕਾਰ ਸੂਦ ਬਹੋਨਾ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੋ ਜਾਣੀ ਅੱਜ ਬੱਲੇ-ਬੱਲੇ ! 
ਅਸੀਂ ਦੁਸਹਿਰਾ ਵੇਖਣ ਚੱਲੇ ! 

ਭਰਿਆ ਭਰਿਆ ਹੋਣਾ ਮੇਲਾ। 
ਜੇਬਾਂ ਵਿੱਚ ਹੋਊ ਪੈਸਾ-ਧੇਲਾ। 
ਖਾਵਾਂ-ਪੀਵਾਂਗੇ ਕੱਲੇ-ਕੱਲੇ -
 ਅਸੀਂ ਦੁਸਹਿਰਾ ਵੇਖਣ ਚੱਲੇ ! 

ਰਾਵਣ ਹੁਰਾਂ ਦੇ ਬੁੱਤ ਹੋਣਗੇ।
ਹੰਕਾਰਾਂ ਦੇ ਵਿੱਚ ਧੁੱਤ ਹੋਣਗੇ। 
ਅੱਗ ਲਾ ਸੁੱਟਣੇ ਥੱਲੇ-ਥੱਲੇ -
ਅਸੀਂ ਦੁਸਹਿਰਾ ਵੇਖਣ ਚੱਲੇ ! 

ਨੇਕੀ ਦੀ ਤਾਂ ਜਿੱਤ ਹੀ ਹੁੰਦੀ। 
ਬਦੀ ਤਾਂ ਇੱਕ ਦਿਨ ਚਿੱਤ ਹੀ ਹੁੰਦੀ।
ਝੂਠ ਦੀ ਵਾਹ ਨਾ ਚੱਲੇ ਚੱਲੇ -
ਅਸੀਂ ਦੁਸਹਿਰਾ ਵੇਖਣ ਚੱਲੇ ! 

ਚੀਜ਼ਾਂ ਦੇ ਨਾਲ ਭਰਿਆ ਮੇਲਾ
ਹੁੰਦਾ ਸਿਖਰੀਂ ਚੜਿਆ ਮੇਲਾ। 
ਫਿਰਦੇ ਬੱਚੇ ਕੱਲ-ਮੁਕੱਲੇ -
ਅਸੀਂ ਦੁਸਹਿਰਾ ਵੇਖਣ ਚੱਲੇ ! 

ਨਾ ਤਾਂ ਠੰਡ ਨਾ ਗਰਮੀ ਹੁੰਦੀ। 
ਮੌਸਮ ਦੇ ਵਿੱਚ ਨਰਮੀ ਹੁੰਦੀ। 
ਮੇਲਾ ਸਾਰਾ ਦਿਨ ਹੀ ਚੱਲੇ -
ਅਸੀਂ ਦੁਸਹਿਰਾ ਵੇਖਣ ਚੱਲੇ ! 

ਤਰ੍ਹਾਂ ਤਰ੍ਹਾਂ ਦੇ ਰੂਪ ਵਟਾਈ। 
ਰਾਮ ਲੱਖਣ ਕਈ ਬਣਦੇ ਭਾਈ।
ਜੈ ਸ੍ਰੀ ਰਾਮ ਦਾ ਨਾਹਰਾ ਚੱਲੇ -
ਅਸੀਂ ਦੁਸਹਿਰਾ ਵੇਖਣ ਚੱਲੇ ! 

ਬੱਚਿਆਂ ਦੇ ਲਈ ਗਦਾ-ਕਟਾਰਾਂ। 
ਮੇਲੇ ਦੇ ਵਿੱਚ ਸ਼ੈਆਂ ਹਜਾਰਾ।
ਵਿਕਦੇ ਵੰਗਾ ਛਾਪਾਂ-ਛੱਲੇ -
ਅਸੀਂ ਦੁਸਹਿਰਾ ਵੇਖਣ ਚੱਲੇ ! 

ਸ਼ਾਮੀ ਬੁੱਤਾਂ ਫੁਕ ਜਾਣਾ ਹੈ।
ਅਸੀਂ ਵੀ ਵਾਪਸ ਘਰ ਆਣਾ ਹੈ।
ਸੁਬਹ ਸੀ ਘਰਦਿਆਂ ਘੱਲੇ-ਘੱਲੇ -
ਅਸੀਂ ਦੁਸਹਿਰਾ ਵੇਖਣ ਚੱਲੇ ! 

ਹੁਣ ਤਾਂ ਪਿੰਡ ਬਹੋਨੇ ਲੱਗਦਾ। 
ਲੜੀਆਂ ਵਾਂਗ ਦੁਸਹਿਰਾ ਜਗਦਾ। 
ਮੇਰੇ ਪਿੰਡ ਦੀ ਬੱਲੇ-ਬੱਲੇ -
ਅਸੀਂ ਦੁਸਹਿਰਾ ਵੇਖਣ ਚੱਲੇ !