ਬੱਸ ਕੰਡਕਟਰ (ਮਿੰਨੀ ਕਹਾਣੀ)

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਫੇਸਬੁੱਕ ਤੇ ਬਣੇ ਆਪਣੇ ਮਿੱਤਰ ਨੂੰ ਮਿਲਣ ਲਈ ਅੱਜ ਇਕਬਾਲ ਸਿੰਘ ਬੁਢਲਾਡੇ ਜਾ ਰਿਹਾ ਸੀ।ਪਹਿਲਾਂ ਉਹ ਨਵਾਂ ਸ਼ਹਿਰ ਤੋਂ ਲੁਧਿਆਣੇ ਤੇ ਫਿਰ ਲੁਧਿਆਣੇ ਤੋਂ ਬਰਨਾਲੇ ਬੱਸ ਰਾਹੀਂ ਪਹੁੰਚ ਗਿਆ।
ਫਿਰ ਉਹ ਬਰਨਾਲੇ ਤੋਂ ਬੁਢਲਾਡੇ ਜਾਣ ਵਾਲੀ ਪੈਪਸੂ ਬੱਸ  ਵਿੱਚ ਬੈਠ ਗਿਆ। ਬਰਨਾਲੇ ਦੇ ਬੱਸ ਅੱਡੇ ਤੋਂ ਤੁਰਨ ਵੇਲੇ ਇਸ ਵਿੱਚ ਪੰਦਰਾਂ, ਸੋਲਾਂ ਸਵਾਰੀਆਂ ਬੈਠੀਆਂ ਸਨ। ਅੱਡੇ ਤੋਂ ਬੱਸ ਦੇ ਬਾਹਰ ਨਿਕਲਣ ਪਿੱਛੋਂ  ਬੱਸ ਕੰਡਕਟਰ ਟਿਕਟਾਂ ਕੱਟਣ ਲੱਗ ਪਿਆ। ਕੁਝ ਸਵਾਰੀਆਂ ਨੇ ਉਸ ਨੂੰ ਪੂਰਾ ਕਿਰਾਇਆ ਦਿੱਤਾ ਤੇ ਕੁਝ ਨੇ ਕਿਰਾਏ ਤੋਂ ਵੱਧ ਪੈਸੇ ਦਿੱਤੇ। ਉਹ ਸਭ ਨੂੰ ਟਿਕਟਾਂ ਦੇ ਕੇ ਬਕਾਇਆ ਮੋੜੇ ਬਿਨਾਂ ਅੱਗੇ ਲੰਘ ਗਿਆ ਤੇ ਡਰਾਈਵਰ ਦੇ ਲਾਗੇ ਜਾ ਕੇ ਬੈਠ ਗਿਆ।
ਬਰਨਾਲੇ ਤੋਂ ਬੁਢਲਾਡੇ ਤੱਕ ਡੇਢ ਘੰਟੇ ਦਾ ਸਫਰ ਸੀ। ਜਿਸ ਬੱਸ ਅੱਡੇ ਤੇ ਬੱਸ ਕੰਡਕਟਰ ਨੂੰ ਸਵਾਰੀਆਂ ਖੜ੍ਹੀਆਂ ਦਿੱਸੀਆਂ, ਉੱਥੋਂ ਉਹ ਉਨ੍ਹਾਂ ਨੂੰ ਚੜ੍ਹਾਂਦਾ ਗਿਆ। ਜਦੋਂ ਉਹ ਨਵੀਆਂ ਆਈਆਂ ਸਵਾਰੀਆ ਦੇ ਟਿਕਟ ਕੱਟਦਾ ਪਹਿਲਾਂ ਬੈਠੀਆਂ ਸਵਾਰੀਆਂ ਕੋਲੋਂ ਲੰਘਦਾ, ਉਹ ਉਸ ਕੋਲੋਂ ਬਕਾਇਆ ਮੰਗਣ ਲੱਗ ਪੈਂਦੀਆਂ ਪਰ ਉਹ "ਠਹਿਰ ਕੇ ਦਿੰਦੇ ਆਂ" ਕਹਿ ਕੇ ਅੱਗੇ ਲੰਘ ਜਾਂਦਾ। ਅਖੀਰ ਬੱਸ ਬੁਢਲਾਡੇ ਦੇ ਬੱਸ ਅੱਡੇ ਪਹੁੰਚ ਗਈ। ਸਾਰੀਆਂ ਸਵਾਰੀਆਂ ਬੱਸ ਚੋਂ ਉਤਰ ਗਈਆਂ।  ਬਕਾਇਆ ਲੈਣ ਵਾਲੀਆਂ ਸਵਾਰੀਆਂ ਬੱਸ ਕੰਡਕਟਰ  ਦੇ ਆਲੇ- ਦੁਆਲੇ ਖੜ੍ਹ ਗਈਆਂ। ਕੁਝ ਨੂੰ ਉਸ ਨੇ ਬਕਾਇਆ ਦੇ ਦਿੱਤਾ ਤੇ ਕੁਝ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਉਨ੍ਹਾਂ ਦੇ ਟਿਕਟਾਂ ਪਿੱਛੇ ਬਕਾਇਆ ਲਿਖਿਆ ਹੋਇਆ ਨਹੀਂ। ਸਵਾਰੀਆਂ ਕੋਲ ਉਸ ਨਾਲ ਬਹਿਸ ਕਰਨ ਦਾ ਸਮਾਂ ਕਿੱਥੇ ਸੀ? ਉਹ ਛੇਤੀ ਹੀ ਉੱਥੋਂ ਚਲੇ ਗਈਆਂ। ਇਸੇ ਸਮੇਂ ਦੌਰਾਨ ਇਕਬਾਲ ਸਿੰਘ ਦਾ ਫੇਸਬੁੱਕ ਤੇ ਬਣਿਆ ਮਿੱਤਰ ਉਸ ਨੂੰ ਆਪਣੇ ਘਰ ਲਿਜਾਣ ਲਈ ਆ ਗਿਆ। ਉਹ ਇਕਬਾਲ ਸਿੰਘ ਨੂੰ ਮੋਟਰਸਾਈਕਲ ਤੇ ਬੈਠਾ ਕੇ ਆਪਣੇ ਘਰ ਵੱਲ ਨੂੰ ਤੁਰ ਪਿਆ।