ਅੱਜ ਪੰਕਜ ਨੂੰ ਛੁੱਟੀ ਸੀ ਬੈਠੇ ਬੈਠੇ ਉਸ ਦੇ ਦਿਲ ਵਿਚ ਆਇਆ, ਕਿਉਂ ਨਾ ਮਾਸੀ ਘਰ ਹੋ ਆਈਏ ਮਾਸੀ ਪੂਰੀ ਹੋਈ ਨੂੰ ਪੂਰੇ ਚਾਰ ਸਾਲ ਹੋ ਚੁੱਕੇ ਸਨ। ਘਰ ਮਾਸੀ ਮਾਸੜ ਦਾ ਮੁੰਡਾ ਉਸ ਦੀ ਘਰਵਾਲੀ ਅਤੇ ਉਸ ਦੇ ਚਾਰ ਬੱਚੇ 1 ਰਿਸ਼ਤੇ ਦੀ ਅਹਿਮੀਅਤ ਦਿਲਾਂ ’ਚ ਹੁੰਦੀ ਹੈ ਜ਼ਰੂਰੀ ਨਹੀਂ ਕਿ ਰਿਸ਼ਤਾ ਖੂਨ ਦਾ ਹੀ ਹੋਵੇ ਇਹ ਤਾਂ ਦਿਲ ਮਿਲੇ ਦਾ ਸੌਦਾ ਹੁੰਦਾ ਹੈ। ਮਾਸੀ ਪੰਕਜ ਦੀ ਸਕੀ ਤਾਂ ਨਹੀਂ ਸੀ ਇਕੋ ਮਕਾਨ ’ਚ ਰਹਿਣ ਕਰਕੇ ਆਪਸ ’ਚ ਡੂੰਘਾ ਪਿਆਰ ਸੀ ਦੋਵਾਂ ਪਰਿਵਾਰਾਂ ’ਚ। ਮਾਸੀ ਗਿਆਨ ਕੌਰ ਅਤੇ ਮਾਸੜ ਜਰਨੈਲ ਸਿੰਘ ਮੁੰਡਾ ਦਲੀਪ ਸਿੰਘ ਅਕਸਰ ਉਸ ਨੂੰ ਦੀਪਾ ਆਖ ਕੇ ਸੱਦਿਆ ਜਾਂਦਾ ਹੈ। ਜੱਟ ਜਿਮੀਂਦਾਰ ਹੋਣ ਕਰਕੇ ਮਾਸੜ ਜਰਨੈਲ ਸਿੰਘ ਕੋਲ ਕਾਫੀ ਜਮੀਨ ਜਾਇਦਾਦ, ਲਾਇਸੰਸ ਸ਼ੁਦਾ ਬੰਦੂਕ ਅਤੇ ਆਪਣੀ ਸੁਰੱਖਿਆ ਵਾਸਤੇ ਕਾਨੁੰਨੀ ਤੌਰ ਤੇ ਰੱਖੇ ਹੋਏ ਹਥਿਆਰ ਸਨ। ਮਾਸੀ ਵੀ ਜਵਾਨੀ ਵੇਲੇ ਰੱਜ ਕੇ ਖੂਬਸੂਰਤ। ਪਿੰਡ ਵਿਚ ਲੰਬੜਦਾਰ ਰਹਿ ਚੁੱਕਿਆ ਜਰਨੈਲ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮੁਲਾਜਮ। ਮਾਸੜ ਜੀ ਚਾਰ ਭਰਾ ਅਤੇ ਇਕ ਭੈਣ ਪਿੰਡ 'ਚ ਜਮੀਨ ਜਾਇਦਾਦ ਹੋਣ ਕਰਕੇ ਸਭ ਬਾਰਾਬਰ ਦੀ ਦਾਵੇਦਾਰੀ ਦੇ ਹੱਕਦਾਰ ਸਨ। ਸਾਰੇ ਭਰਾ ਪੜ੍ਹੇ ਲਿਖੇ ਘੱਟ ਘੱਟ ਸਨ। ਮਾਸੜ ਦਾ ਵਿਚਕਾਰ ਵਾਲਾ ਭਰਾ ਬਚਪਨ ਤੋਂ ਹੀ ਮਾਸੜ ਕੋਲ ਰਹਿੰਦਾ ਸੀ ਪੜ੍ਹਿਆ ਲਿਖਿਆ ਤਾਂ ਉਹ ਬਿਲਕੁਲ ਨਹੀਂ ਸੀ ਨਾ ਬਸੰਤ ਸਿੰਘ ਦੋ ਭਰਾ ਪਿੰਡ 'ਚ ਸਨ ਜਿੰਨ੍ਹੇ 'ਚ ਇਕਬਾਲ ਸਿੰਘ ਅਮਰ ਸਿੰਘ। ਇਕਬਾਲ ਸਿੰਘ ਕਾਫੀ ਚੁਸਤ ਚਲਾਕ ਅਤੇ ਘਰਵਾਲੀ ਅੱਖਾਂ ਅੱਖਾਂ ਵਿਚ ਗੱਲਾਂ ਕਰੀ ਜਾਂਦੀ। ਅਮਰ ਸਿੰਘ ਦਾ ਵਿਆਹ ਨਹੀ ਹੋਣ ਦਿੱਤਾ ਜਮੀਨ ਜਾਇਦਾਦ ਦਾ ਲਾਲਚ ਇਨਸਾਨ ਨੂੰ ਇਨਸਾਨ ਤੋਂ ਹੈਵਾਨ ਬਣਾ ਦਿੰਦਾ ਹੈ ਇਕਬਾਲ ਦੀ ਜਨਾਨੀ ਬੀਰੋ ਕਾਹਲੀ ਸੀ ਕਿ ਕਦ ਅਮਰ ਸਿੰਘ ਦਾ ਕੰਡਾ ਨਿਕਲੇ ਤੇ ਉਹ ਜਮੀਨ ਦੀ ਮਾਲਕ ਬਣੇ। ਅਮਰ ਸਿੰਘ ਸਿੱਧਾ ਸਾਧਾ ਬੰਦਾ ਹੋਣ ਕਰਕੇ ਉਸ ਦੇ ਦਿੱਲ ਦਿਮਾਗ ਵਿਚ ਕੁੱਛ ਵੀ ਤਾਂ ਨਹੀਂ ਸੀ ਕਿ ਭਰਾ ਭਰਜਾਈ ਅੰਦਰੋ ਅੰਦਰੀਂ ਕਿਹੜੀ ਖਿੱਚੜੀ ਪਕਾ ਰਹੇ ਹਨ। ਜਮੀਨ ਜਾਇਦਾਦ ਤਾਂ ਇਕਬਾਲ ਨੇ ਅਮਰ ਸਿੰਘ ਕੋਲੋਂ ਆਪਣੇ ਨਾਂ ਕਰਵਾ ਲਈ ਸੀ ਨਸ਼ੇ ਦਾ ਤਾਂ ਅਮਰ ਸਿੰਘ ਗੁਲਾਮ ਸੀ। ਉਹ ਕਿਆਮਤ ਦੀ ਰਾਤ ਸੀ ਜਦ ਅਮਰ ਸਿੰਘ ਇਕਬਾਲ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ ਅੱਜ ਸ਼ਰਾਬ ਦਾ ਸਵਾਦ ਵੀ ਕੁੱਝ ਅਜੀਬ ਲੱਗ ਰਿਹਾ ਸੀ। ਸਵੇਰੇ ਖੱਪ ਪੈ ਗਈ ਅਮਰ ਸਿੰਘ ਮੁੱਕ ਗਿਆ।
ਜਦ ਸ਼ਹਿਰ ’ਚ ਜਰਨੈਲ ਸਿੰਘ ਨੂੰ ਪਤਾ ਲਗਿਆ ਉਸ ਨੂੰ ਸ਼ੱਕ ਹੀ ਨਹੀਂ ਪੂਰੇ ਦਾ ਪੂਰਾ ਭਰੋਸਾ ਸੀ ਕਿ ਅਮਰ ਸਿੰਘ ਦੀ ਮੌਤ ਨਹੀ ਹੋਈ ਅਮਰ ਸਿੰਘ ਦਾ ਕਤਲ ਹੋਇਆ ਹੈ ਜਮੀਨ ਜਾਇਦਾਦ ਪਿੱਛੇ। ਜਰਨੈਲ ਸਿੰਘ ਪਿੰਡ ਗਿਆ ਅਤੇ ਰਸਮਾਂ ਰਿਵਾਜ ਪੂਰੀਆਂ ਕਰਨ ਪਿੱਛੋਂ ਸ਼ਹਿਰ ਵਾਪਸ ਗਿਆ। ਜਿਹੜਾ ਭਰਾ ਬਸੰਤ ਸਿੰਘ ਜਰਨੈਲ ਸਿੰਘ ਕੋਲ ਰਹਿੰਦਾ ਸੀ ਹੈ ਤਾਂ ਉਹ ਵੀ ਮੋਟੀ ਬੁੱਧੀ ਦਾ ਮਾਲਕ ਸਕੂਲ ਤਾਂ ਗਿਆ ਨਹੀਂ ਕੰਮ ਵੀ ਕੋਈ ਢੰਗ ਨਾਲ ਨਹੀਂ ਸਿੱਖਿਆ ਨਹੀਂ ਕਦੇ ਸਿਨੇਮੇ ’ਚ ਗਚਕ, ਮਰੂੰਡਾ, ਮੁੰਗਫਲੀ ਵੇਚਦਾ ਅਤੇ ਕਦੇ ਕਦੇ ਸੋਡੇ ਦੀਆਂ ਬੋਤਲਾਂ ਦੀ ਰੇਹੜੀ ਲਗਾਉਂਦਾ। ਵਿਹਲੇ ਸਮੇਂ ਭਰਜਾਈ ਨਾਲ ਘਰ ਦਾ ਕੰਮ ਕਰਵਾਉਂਦਾ ਭਰਜਾਈ ਵੀ ਆਪਣੇ ਦਿਉਰ ਤੋਂ ਖੂਬ ਕੰਮ ਲੈਂਦੀ। ਬਸੰਤ ਸਿੰਘ ਘਰ ਦਾ ਕੰਮ ਕਰਨ ਵਿਚ ਖੁਸ਼ੀ ਮਹਿਸੂਸ ਕਰਦਾ ਬਸੰਤ ਸਿੰਘ ਹੜਮੱਤ ਆਪਣੇ ਹੀ ਮਨ ਦੀ ਕਰਦਾ ਮੂਰਖਾਂ ਵਾਲੇ ਸਾਰੇ ਹੀ ਗੁਣ ਸਨ ਬਸੰਤ ਸਿੰਘ ਦੇ ਅੰਦਰ। ਅਕਸਰ ਭਰਾ ਭਰਜਾਈ ਉਸ ਦੀਆਂ ਗਲਤੀਆਂ ਤੋਂ ਉਸ ਨੂੰ ਗੁੱਸੇ ਹੁੰਦੇ ਰਹਿੰਦੇ ਅੱਗੋ ਉਹ ਵੀ ਪੁੱਠੇ ਸਿੱਧੇ ਜਵਾਬ ਦਿੰਦਾ ਕਈ ਵਾਰ ਘਰੋਂ ਵੀ ਦੌੜ ਜਾਂਦਾ ਆਪਣੇ ਆਪ ਕੁਛ ਦੇਰ ਬਾਅਦ ਵਾਪਸ ਆ ਜਾਂਦਾ ਇਸੇ ਕਰਕੇ ਭਰਾ ਭਰਜਾਈ ਉਸ ਦੇ ਘਰੋਂ ਬਾਹਰ ਜਾਣ ਦੀ ਪ੍ਰਵਾਹ ਘੱਟ ਹੀ ਕਰਦੇ।
ਦੀਪੇ ਦੇ ਪੈਦਾ ਹੋਣ ਤੋਂ ਬਾਅਦ ਮਨਜੀਤ ਅਤੇ ਭੋਲੀ ਪੈਦਾ ਹੋਈਆਂ। ਪਿਆਰ ਤਾਂ ਉਹ ਕੁੜੀਆਂ ਨੂੰ ਬਹੁਤ ਕਰਦੇ ਸਨ ਪਰ ਦੀਪਾ ਮੁੰਡਾ ਹੋਣ ਕਰਕੇ ਘਰ ਦਾ ਵਾਰਿਸ ਹੋਣ ਕਰਕੇ ਉਸ ਨੂੰ ਲਾਡ ਹੱਦੋਂ ਵੱਧ ਕਰਦੇ ਹਰ ਨਜਾਇਜ਼ ਜ਼ਰੂਰਤ ਪੂਰੀ ਕਰਨ ਵਿਚ ਮਾਂ ਪਿਉ ਆਪਣੀ ਖੁਸ਼ੀ ਤੇ ਇੱਜ਼ਤ ਸਮਝਦੇ। ਬੱਚੇ ਦੀ ਜਦ ਜਾਇਜ ਨਜਾਇਜ਼ ਜ਼ਰੂਰਤ ਪੂਰੀ ਹੋਵੇਗੀ ਤਾਂ ਉਸ ਨੂੰ ਫਿੱਟ ਤਾਂ ਚੜੇਗੀ। ਦੀਪਾ ਗੁੱਸੇਖੋਰ ਅਤੇ ਜ਼ਿੱਦੀ ਸੁਭਾਅ ਦਾ ਬਣ ਗਿਆ। ਗਿਆਨ ਕੌਰ ਅਕਸਰ ਬਿਮਾਰ ਰਹਿਣ ਲੱਗ ਪਈ। ਜਰਨੈਲ ਸਿੰਘ ਗਿਆਨ ਕੌਰ ਤੇ ਪੈਸੇ ਪਾਣੀ ਦੀ ਤਰ੍ਹਾਂ ਵਹਾ ਰਿਹਾ ਸੀ। ਘਰ ਦਾ ਕੰਮ ਅਕਸਰ ਬਸੰਤ ਸਿੰਘ ਕਰਦਾ ਸੀ। ਇਕ ਤਾਂ ਗਿਆਨ ਕੌਰ ਬਿਮਾਰ ਰਹਿੰਦੀ ਅਤੇ ਦੂਜਾ ਹੱਡ ਹਰਾਮ ਉਸ ਵਿਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਅੱਗੋਂ ਕੁੜੀਆ ਵੀ ਬੇ ਅਕਲੀਆਂ ਤੇ ਢੀਠ ਸਨ। ਘਰ ਸਬਜ਼ੀ ਬਹੁਤ ਘੱਟ ਬਣਦੀ ਰੋਟੀ ਜਾਂ ਤਾਂ ਛੋਲਿਆਂ ਨਾਲ ਜਾਂ ਫਿਰ ਪਕੌੜਿਆਂ ਨਾਲ ਖਾਂਦੇ। ਝਾੜੂ ਪੋਚਾ ਤੱਕ ਕਈ ਵਾਰ ਬਸੰਤ ਸਿੰਘ ਕਰਦਾ। ਬਸੰਤ ਸਿੰਘ ਦਿਲੋਂ ਬੱਚਿਆਂ ਨਾਲ ਪਿਆਰ ਕਰਦਾ ਅਕਸਰ ਬਸੰਤ ਸਿੰਘ ਬੱਚਿਆਂ ਨੂੰ ਆਪਣੇ ਨਾਲ ਲਈ ਫਿਰਦਾ। ਬੱਚੇ ਅਕਸਰ ਚਾਚਾ ਚਾਚਾ ਕਹਿੰਦੇ ਬਸੰਤ ਸਿੰਘ ਬੱਚਿਆਂ ਉਪਰ ਜਾਨ ਦੇਂਦਾ। ਬਸੰਤ ਸਿੰਘ ਆਟੇ ਵਾਲੀ ਚੱਕੀ ਉਪਰ ਕੰਮ ਕਰਦਾ। ਬਸੰਤ ਸਿੰਘ ਚੱਕੀ ਉਪਰ ਟਿਕ ਕੇ ਕੰਮ ਕਰਨ ਕਰਕੇ ਚੱਕੀ ਦੇ ਮਾਲਕ ਦਾ ਵਫਾਦਾਰ ਬਣ ਗਿਆ।
ਬਲਵੰਤ ਸਿੰਘ ਗਿਆਨ ਕੌਰ ਦਾ ਭਰਾ ਸੀ। ਗੁਰਦੁਆਰੇ ਦਾ ਸੇਵਾਦਾਰ ਜਦ ਪਿੰਡੋਂ ਸ਼ਹਿਰ ਆਉਂਦਾ ਦੋ ਦੋ ਤਿੰਨ ਤਿੰਨ ਦਿਨ ਗਿਆਨ ਕੌਰ ਕੋਲ ਅਹਿਰ ਰਹਿੰਦਾ। ਬੱਚਿਆਂ ਨੂੰ ਖਾਣ ਲਈ ਚੀਜਾਂ ਦੇਂਦਾ ਤੇ ਖੂਬ ਪੈਸੇ ਖਰਚਾਉਂਦਾ ਗੋਲਿਆ ਦੀ ਤਰਾਂ ਚਾਈਂ ਚਾਈਂ ਭੈਣ ਦੇ ਘਰ ਦਾ ਕੰਮ ਕਰਦਾ। ਭੈਣ ਦੇ ਘਰ ਦਾ ਕੰਮ ਕਰਨ 'ਚ ਬਲਵੰਤ ਸਿੰਘ ਨੂੰ ਦਿਲੋਂ ਖੁਸ਼ੀ ਹੁੰਦੀ। ਜਦ ਬਲਵੰਤ ਸਿੰਘ ਪਿੰਡ ਚਲਾ ਜਾਂਦਾ ਬੱਚੇ ਤੇ ਗਿਆਨ ਕੌਰ ਬਹੁੱਤ ਉਦਾਸ ਹੁੰਦੇ। ਕਈ ਕਈ ਦਿਨ ਦਿਲ ਨਾ ਲਗਦਾ ਚਾਹੇ ਸਾਰੇ ਬੱਚੇ ਸ਼ਹਿਰ ਵਿਚ ਚੰਗੇ ਚੰਗੇ ਸਕੂਲਾਂ ਵਿਚ ਪੜ੍ਹਦੇ ਸਨ ਪਰ ਪੜ੍ਹਾਈ 'ਚ ਕਿਸੇ ਦੀ ਵੀ ਕੋਈ ਖਾਸ ਦਿਲਚਸਪੀ ਨਹੀਂ ਸੀ। ਦੀਪਾ ਪੜ੍ਹਾਈ 'ਚ ਨਿੱਲ ਫਿਲਮ ਵੇਖਣਾ ਬਾਹਰ ਫਿਰਨਾ ਅਤੇ ਪਤੰਗ ਬਾਜੀ ਰੱਜ ਕੇ ਕਰਦਾ। ਇਕ ਦੋ ਵਾਰ ਗੁੱਡੀ ਉਡਾਉਂਦਾ ਡਿੱਗ ਵੀ ਪਿਆ ਸੀ ਇਕ ਵਾਰ ਗੰਭੀਰ ਜਖਮੀ ਹੋਇਆ ਸੀ ਤੇ ਦੂਸਰੀ ਵਾਰ ਮਾਮੂਲੀ ਸੱਟਾਂ ਲੱਗੀਆਂ ਸਨ।
ਬਲਵੰਤ ਸਿੰਘ ਕਿਸੇ ਗੱਲ ਕਰਕੇ ਵੱਡੇ ਭਰਾ ਭਰਜਾਈ ਨਾਲੋਂ ਗੁੱਸੇ ਹੋ ਕੇ ਆਪਣੇ ਭਰਾ ਇਕਬਾਲ ਸਿੰਘ ਕੋਲ ਗਿਆ। ਇਕਬਾਲ ਤੇ ਉਸ ਦੀ ਜਨਾਨੀ ਨੂੰ ਬਿਲਕੁਲ ਉਮੀਦ ਨਹੀਂ ਸੀ ਕੇ ਬਲਵੰਤ ਸਿੰਘ ਪਿੰਡ ਆਵੇਗਾ। ਦੋਵੇਂ ਜਨਾਨੀ ਆਦਮੀ ਨੇ ਮੁਰਗਾ ਹੱਥ ਆਇਆ ਵੇਖ ਕੇ ਝੱਟਪਟ ਦੀ ਤਿਆਰੀ ਕਰ ਲਈ ਬਲਵੰਤ ਸਿੰਘ ਨੂੰ ਹੱਥਾਂ ਉਪਰ ਚੁੱਕ ਲਿਆ। ਬਲਵੰਤ ਸਿੰਘ ਦੀ ਸੇਵਾ ਟਹਿਲ ਕੀਤੀ। ਕੁੱਝ ਬੁਰਾਈਆਂ ਜਰਨੈਲ ਸਿੰਘ ਅਤੇ ਗਿਆਨ ਕੌਰ ਦੀਆਂ ਕੀਤੀਆਂ ਪੂਰੀ ਤਰਾਂ ਗੁਮਰਾਹ ਕਰਨ ਦੀ ਉਨ੍ਹਾਂ ਨੇ ਕੋਸ਼ਿਸ਼ ਕੀਤੀ। ਪਿੰਡ ’ਚ ਜਰਨੈਲ ਸਿੰਘ ਦਾ ਲੰਗੋਟੀਆ ਯਾਰ ਦੇਬੂ ਜਦ ਤਕ ਉਸ ਨੂੰ ਪਤਾ ਲੱਗਾ ਬਲਵੰਤ ਸਿੰਘ ਸ਼ਹਿਰੋਂ ਪਿੰਡ ਆਇਆ ਹੈ ਉਸ ਨੂੰ ਚਿੰਤਾ ਹੋ ਗਈ ਇਕਬਾਲ ਤੇ ਉਸ ਦੀ ਜਨਾਨੀ ਦੇ ਕਾਰੇ ਉਸ ਨੂੰ ਪਤਾ ਹੀ, ਉਸ ਨੂੰ ਹੀ ਨਹੀਂ ਇਸ ਦੇ ਬਾਰੇ ਸਾਰਾ ਪਿੰਡ ਜਾਣਦਾ ਸੀ ਕਿਵੇਂ ਜਮੀਨ ਦੀ ਖਾਤਰ ਸਿੱਧੇ ਸਾਧੇ ਅਮਰ ਸਿੰਘ ਨੂੰ ਸ਼ਰਾਬ ਵਿਚ ਕੁੱਝ ਦੇ ਕੇ ਮਾਰ ਦਿੱਤਾ ਸੀ ਤੀਵੀਂ ਆਦਮੀ ਦੋਵੇਂ ਲੁੱਚੇ ਹੋਣ ਕਰਕੇ ਕਿਸੇ ਵੀ ਮੂੰਹ ਨਹੀ ਸੀ ਖੋਲਿਆ। ਕਿਸੇ ਨਾ ਕਿਸੇ ਤਰੀਕੇ ਦੇਬੂ ਨੇ ਜਰਨੈਲ ਸਿੰਘ ਨੂੰ ਫੋਨ ਕਰ ਦਿਤਾ ਤੇ ਕਿਹਾ:-
“ਜਰਨੈਲ ਸਿੰਹਾ ਤੈਨੂੰ ਤੇਰੇ ਭਰਾ ਦਾ ਪਤਾ ਹੈ ਕਿਥੇ ਹੈ?”
“ਕਿਉਂ ਕੀ ਹੋਇਆ?”
“ਜਰਨੈਲ ਸਿੰਹਾ ਕਿਵੇਂ ਭੋਲੀਆਂ ਮਾਰੀ ਜਾ ਰਿਹਾਂ ਬਲਵੰਤ ਸਿੰਘ ਉਸ ਕੋਲ ਮਰਨ ਆਇਆ ਹੈ ਸਭ ਨੂੰ ਪਤਾ ਹੈ ਕਿ ਜਮੀਨ ਦੀ ਖਾਤਿਰ ਭੋਲੇ ਭਾਲੇ ਅਮਰ ਸਿੰਘ ਨੂੰ ਇਕਬਾਲ ਤੇ ਉਸ ਦੀ ਜਨਾਨੀ ਨੇ ਸ਼ਰਾਬ ’ਚ ਕੁਝ ਦੇ ਕੇ ਮਾਰ ਦਿੱਤਾ ਸੀ।
“ਭਾਉੂ ਦੇਬੂ ਮੈਨੂੰ ਸਭ ਪਤਾ ਹੈ ਸਾਡਾ ਬਲਵੰਤ ਹੀ ਮੂਰਖ ਹੈ ਛੋਟੀ ਜਿਹੀ ਗੱਲ ਤੋਂ ਝਗੜਾ ਕਰ ਕੇ ਪਿੰਡ ਦੌੜ ਆਇਆ ਹੈ।
“ਜਰਨੈਲ ਸਿੰਹਾ ਬਲਵੰਤ ਆ ਤਾਂ ਗਿਆ ਹੈ ਜਮੀਨ ਤੇ ਅੰਗੂਠਾ ਲਗਵਾ ਕੇ ਇਸ ਨੂੰ ਵੀ ਮਾਰ ਮੁਕਾ ਦੇਣਾ ਹੈ ਕੁੱਝ ਤਾਂ ਸਮਝ ਕਰਦੇ ਕਿਉਂ ਆਣ ਦਿਤਾ ਇਸ ਨੂੰ ਪਿੰਡ। ਦੇਬੂ ਹਿਰਖ ਤੇ ਗੁੱਸੇ ਨਾਲ ਜਰਨੈਲ ਸਿੰਘ ਨਾਲ ਟੈਲੀਫੋਨ ਉਪਰ ਗੱਲ ਕਰ ਰਿਹਾ ਸੀ।
“ਦੇਬੂ ਵੀਰੇ ਤੂੰ ਇਸ ਮੂਰਖ ਨੂੰ ਬਚਾ ਲੈ ਕਿਸੇ ਤਰੀਕੇ ਰਾਤ ਬਰਾਤੇ ਇਸ ਨੂੰ ਕੱਢ ਦੇ ਪੈਸੇ ਮੈਂ ਆਪੇ ਤੈਨੂੰ ਦੇ ਦੇਵਾਂਗਾ।”
“ਪੈਸੇ ਦੀ ਕੋਈ ਗੱਲ ਨਹੀਂ ਜਰਨੈਲ ਸਿੰਘ ਸ਼ਰਾਬ ਪਿਲਾ ਪਿਲਾ ਕੇ ਬਲਵੰਤ ਦੀ ਮੱਤ ਮਾਰ ਰਹੇ ਹਨ। ਕੋਈ ਗੱਲ ਨਹੀਂ ਚੰਗਾ ਮੌਕਾ ਵੇਖ ਕੇ ਮੈਂ ਬਲਵੰਤ ਨੂੰ ਕੱਢ ਦੇਵਾਂਗਾ ਪਿੰਡੋ.........।
ਜਦ ਵੀ ਇਕਬਾਲ ਬਲਵੰਤ ਨੂੰ ਕਾਗਜਾਂ ਉਪਰ ਅੰਗੂਠਾ ਲਾਉਣ ਨੂੰ ਕਹਿੰਦਾ ਤੇ ਬਲਵੰਤ ਆਲੇ ਟਾਲੇ ਕਰ ਜਾਂਦਾ, ਜਨਾਨੀ ਆਦਮੀ ਨੂੰ ਫੜਕ ਪਈ ਕੇ ਮੁਰਗਾ ਏਨੀ ਛੇਤੀ ਹੱਥ ਨਹੀਂ ਆਣ ਵਾਲਾ ਵਰਤਣ ਲੱਗੇ ਹਰ ਤਰਾਂ ਦੇ ਹੱਥਕੰਡੇ। ਬਲਵੰਤ ਸਿੰਘ ਵੀ ਆਪਣੇ ਆਪ ਨੂੰ ਫਸਿਆ ਫਸਿਆ ਮਹਿਸੂਸ ਕਰ ਰਿਹਾ ਸੀ ਪੈਸਾ ਉਸ ਦੇ ਪੱਲੇ ਨਹੀਂ ਸੀ ਸ਼ਹਿਰੋਂ ਆਣ ਕੇ ਉਸ ਬਹੁੱਤ ਵੱਡੀ ਗਲਤੀ ਕੀਤੀ ਹੁਣ ਉਹ ਪਛਤਾ ਰਿਹਾ ਸੀ। ਮੌਕਾ ਵੇਖ ਕੇ ਦੇਬੂ ਨੇ ਉਸ ਨੂੰ ਟਿਊਬਵੈਲ ਤੇ ਬੁਲਾ ਲਿਆ ਬੰਬੀ ਵਾਲੇ ਕਮਰੇ ਦੋਵੇਂ ਮੰਜੇ ਉਪਰ ਬੈਠੇ ਤੇ ਦੇਬੂ ਬਲਵੰਤ ਨੂੰ ਕਲਾਵੇ ’ਚ ਲੈਂਦਾ ਬੋਲਿਆ, “ਮੁਰਖਾ ਸ਼ਹਿਰੋ ਕਿਉਂ ਆਇਆ ਜੇ ਜਰਨੈਲ ਤੇ ਭਾਬੀ ਨਾਲ ਕੋਈ ਗੱਲ ਸੀ ਤਾਂ ਬਹਿ ਕੇ ਕਹਿ ਦੇਣੀ ਸੀ ਛੋਟੇ ਹੁੰਦੇ ਤੋਂ ਤੈਨੂੰ ਪਾਲ ਪਲੋਸ ਇਨ੍ਹਾ ਵੱਡਾ ਕੀਤਾ ਭਲਾ ਉਹ ਤੇਰੇ ਵੈਰੀ ਹਨ। ਤੂੰ ਜੋ ਮਰਨ ਪਿੰਡ ਆ ਗਿਆ।
ਸੱਚ ਹੀ ਮੱਤ ਤੇ ਪੜ੍ਹਦਾ ਹੀ ਪੈ ਗਿਆ ਸੀ ਭਰਾ ਭਰਜਾਈ ਮੈਨੂੰ ਬਹੁਤ ਪਿਆਰ ਕਰਦੇ ਨੇ ਮੈਂ ਹੀ ਉਹਨਾਂ ਦੇ ਪਿਆਰ ਦੀ ਕਦਰ ਨਹੀਂ ਪਾਈ ਤੇ ਦੌੜ ਅਇਆ ਪਿੰਡ.........।
“ਭਾਈ ਇਕਬਾਲ ਨੇ ਅਮਰ ਨੂੰ ਤਾਂ ਮਾਰਿਆ ਹੀ ਸੀ ਤੈਨੂੰ ਸਭ ਪਤਾ ਹੀ ਹੈ। ਪੁਲਿਸ ਦੀ ਮੁੱਠੀ ਬੰਦ ਕਰ ਦਿਤੀ ਉਸ ਦਾ ਕੁੱਝ ਵੀ ਨਹੀਂ ਸੀ ਵਿਗੜਿਆ ਤੇਰਾ ਵੀ ਇਹਨਾਂ ਨੇ ਮੱਕੂ ਠੱਪ ਦੇਣਾ ਹੈ......”।
“ਦੇਬੂ ਭਾ ਐਵੇਂ ਗੁੱਸਾ ਜਿਹਾ ਆ ਗਿਆ ਸੀ। ਦੀਪਾ ਤਾਂ ਮੇਰਾ ਭਤੀਜਾ ਪੁੱਤਾਂ ਨਾਲੋਂ ਵੀ ਵੱਧ ਪਿਆਰਾ ਹੈ। ਮੇਰੀ ਮੱਤ ਮਾਰੀ ਗਈ ਜਿਆਦਾ ਸ਼ਰਾਬ ਪੀਣ ਨਾਲ ਸਭ ਕੁੱਝ ਹੋਇਆ।
“ਹੁਣ ਰਾਤੋ ਰਾਤ ਏਥੋਂ ਦੌੜ ਜਾ ਜੇ ਜਾਨ ਪਿਆਰੀ ਹੈ ਤਾਂ ਕੁਝ ਲਿਖ ਲੁਖ ਕੇ ਤਾਂ ਨਹੀਂ ਦਿਤਾ ਏਨਾਂ ਨੂੰ........।
“ਮੈਨੂੰ ਭਾਬੀ ਬੜਾ ਕਹਿੰਦੀ ਸੀ ਕਿ ਸ਼ਹਿਰ ਕੀ ਰੱਖਿਆ ਹੈ, ਸ਼ਹਿਰ ਜਰਨੈਲ ਭਾਅ ਅਤੇ ਗਿਆਨ ਕੌਰ ਭਾਬੀ ਨੇ ਤਾਂ ਤੈਨੂੰ ਨੌਕਰ ਬਣਾ ਕੇ ਰੱਖਿਆ ਤੇਰੀ ਜ਼ਮੀਨ ਦੇ ਕਾਰਨ ਤੇਰਾ ਵਿਆਹ ਨਹੀਂ ਕਰਦੇ। ਅਸੀਂ ਤਾਂ ਤੇਰੇ ਲਈ ਤੀਵੀਂ ਵੀ ਵੇਖ ਰੱਖੀ ਹੈ। ਸੱਤੇ ਦੀ ਕੁੜੀ ਬੀਰੋ ਨਾਲ ਤੇਰਾ ਸਾਕ ਕਰ ਦੇਵਾਂਗੇ........।
“ਭੁੱਲ ਕੇ ਵੀ ਹਾਂ ਨਾਂ ਕਰ ਦੇਵੀਂ ਸੱਤਾ ਤਾਂ ਪੂਰੇ ਦਾ ਪੂਰਾ ਕੰਜਰ ਹੈ ਪੱਕਾ ਦਲਾਲ ਹੈ ਤੀਵੀਂ ਦਾ ਧੰਦਾ ਕਰਦਾ ਹੈ ਬੀਰੋ ਵੀ ਕਿਹੜੀ ਚੰਗੀ ਹੈ ਪਤਾ ਨਹੀਂ ਕਿੰਨੀਆਂ ਨਾਲ ਮੂੰਹ ਮਾਰਦੀ ਫਿਰਦੀ ਹੈ। ਰੱਬ ਨੂੰ ਜਾਨ ਦੇਣੀ ਹੈ ਸੁਣਿਆ ਹੈ ਕਿ ਸੱਤਾ ਤਾਂ ਬੀਰੋ ਦੀ ਦਲਾਲੀ ਖਾਂਦਾ ਹੈ।
“ਅੱਛਾ ਦੇਬੂ ਭਾਅ ਇਨ੍ਹਾਂ ਗੰਦਾ ਬੰਦਾ ਹੈ.............। ਹੁਣ ਦੱਸ ਮੈਂ ਕੀ ਕਰਾਂ ?
“ਕਰਨਾ ਕਰਾਉਣਾ ਕੀ ਹੈ ਆਹ ਲੈ ਫੜ ਪੈਸੇ ਰਾਤੋ ਰਾਤ ਮੈਂ ਤੈਨੂੰ ਪਿੱਛੋਂ ਕੱਢ ਦੇਂਦਾ ਹਾਂ ਕਿਸੇ ਤਰੀਕੇ, ਜਰਨੈਲ ਨੂੰ ਸਭ ਗੱਲ ਦਾ ਪਤਾ ਹੈ ਉਸ ਨੇ ਹੀ ਤੈਨੂੰ ਇਥੋਂ ਕੱਢਣ ਦੀ ਸਲਾਹ ਦਿਤੀ ਸੀ।
“ਵਾਹਿਗੁਰੂ ਤੇਰਾ ਭਲਾ ਕਰੇ ਤੇਰਾ ਪੁੰਨ ਹੋਵੇ ਮੇਰੇ ਕੋਲ ਤਾਂ ਕੋਈ ਪੈਸਾ ਧੇਲਾ ਵੀ ਨਹੀਂ ਤੂੰ ਤਾਂ ਭਾਅ ਮੇਰੇ ਲਈ ਰੱਬ ਤੋਂ ਘੱਟ ਨਹੀਂ।
“ਬਾਲ੍ਹੀਆਂ ਗੱਲਾਂ ਦਾ ਟੈਮ ਨਹੀਂ, ਜਰਨੈਲ ਮੇਰਾ ਪੱਗ ਵੱਟ ਭਰਾ ਹੈ। ਭੱਜ ਜਾ ਭਰਾ ਭਰਜਾਈ ਕੋਲ ਕਿਵੇਂ ਬੱਚਿਆ ਵਾਂਗ ਤੈਨੂੰ ਪਾਲਿਆ ਹੈ।”
ਇਸ ਤਰ੍ਹਾਂ ਬਲਵੰਤ ਪਿਛੋਂ ਦੌੜ ਕੇ ਸ਼ਹਿਰ ਜਰਨੈਲ ਕੋਲ ਆ ਗਿਆ। ਬਲਵੰਤ ਸਿੰਘ ਨੇ ਜਮੀਨ ਆਪਣੇ ਭਤੀਜੇ ਦਲੀਪ ਸਿੰਘ ਦੇ ਨਾਂ ਕਰ ਦਿਤੀ। ਜਰਨੈਲ ਸਿੰਘ ਨੇ ਬਲਵੰਤ ਨੂੰ ਸ਼ਹਿਰ ’ਚ ਮਕਾਨ ਵੀ ਲੈ ਕੇ ਦੇ ਦਿਤਾ। ਦਲੀਪ ਸਿੰਘ ਮੋਟੀ ਬੁੱਧੀ ਦਾ ਮਾਲਕ ਹੋਣ ਕਰਕੇ ਆਪਣੀ ਜਮੀਨ ਚਾਚੇ ਨੇ ਜੋ ਦਲੀਪ ਸਿੰਘ ਦੇ ਨਾਲ ਕਰਾਈ ਸੀ ਉਹ ਉਸ ਨੇ ਚੁੱਕ ਕੇ ਆਪਣੀ ਜਨਾਨੀ ਦੇ ਨਾਮ ਕਰ ਦਿਤੀ। ਬੰਦਾ ਪੁੱਛੇ ਆਪਣੇ ਨਾਮ ਜਮੀਨ ਕੁੱਛ ਕਹਿੰਦੀ ਸੀ। ਦੀਪੇ ਨੂੰ ਅਗਰ ਕਰਨ ਹੀ ਤਾਂ ਦੋਵੇਂ ਜਨਾਨੀ ਆਦਮੀ ਆਪਣੇ ਨਾਮ ਕਰਵਾਉਂਦੇ ਏਸੇ ਗੱਲ ਤੋਂ ਮਾਸੀ ਮਾਸੜ ਦੋਵੇਂ ਕਾਫੀ ਨਾਰਾਜ ਰਹਿਣ ਲੱਗ ਪਏ ਸਨ ਦਲੀਪ ਨਾਲ। ਮਾਸੀ ਮਾਸੜ ਨੇ ਦੋਵੇਂ ਕੁੜੀਆਂ ਦੇ ਵਿਆਹ ਵੀ ਕਰ ਦਿਤੇ ਸਨ ਛੋਟੀ ਕੁੜੀ ਰੱਜ ਕੇ ਸੋਹਣੀ ਤੇ ਚੰਗੇ ਘਰ ਗਈ। ਵੱਡੀ ਕੁੜੀ ਖੂਬਸੂਰਤ ਵੀ ਨਹੀਂ ਤੇ ਸਰੀਰ ਪੱਖੋਂ ਵੀ ਭਾਰੀ ਸੀ ਪੜ੍ਹੀ ਤਾਂ ਸੀ ਪਰ ਜਰਨਲ ਨੌਲਜ ਨਾਂਹ ਦੇ ਬਰਾਬਰ ਸੀ।
ਪਹਿਲੇ ਪਹਿਲੇ ਪੰਕਜ ਦਾ ਮਾਸੀ ਘਰ ਆਉਣਾ ਜਾਣਾ ਲੱਗਾ ਰਹਿੰਦਾ ਸੀ। ਮਾਸੀ ਪੰਕਜ ਨੂੰ ਬਹੁਤ ਪਿਆਰ ਕਰਦੀ ਸੀ। ਮਾਸੜ ਨੌਕਰੀ ਤੋਂ ਸੇਵਾ ਮੁੱਕਤ ਹੋ ਗਿਆ ਦਲੀਪ ਸਿੰਘ ਨੂੰ ਸ਼੍ਰੋਮਣੀ ਕਮੇਟੀ ਵਚ ਇੰਸਪੈਕਟਰ ਦੀ ਨੌਕਰੀ ਦਵਾ ਦਿਤੀ। ਮਾਸੜ ਤੇ ਪੰਕਜ ਦੀ ਆਪਸ ਵਿਚ ਖੂਬ ਬਣਦੀ ਮਾਸੜ ਅਕਸਰ ਪੰਕਜ ਨਾਲ ਗੱਲੀਂ ਪੈ ਜਾਂਦਾ ਜੋ ਉਸ ਨੂੰ ਠੀਕ ਲੱਗਦਾ ਉਹ ਪੰਕਜ ਨੂੰ ਕਹਿੰਦਾ ਪੱਖੋਂ ਮਾਸੜ ਕੋਈ ਖੁਸ਼ ਨਹੀਂ ਸੀ। ਦਲੀਪ ਸਿੰਘ ਦੀਆਂ ਆਪ ਹੁਦਰੀਆਂ ਹਰਕਤਾਂ ਕਾਰਨ ਮਾਸੜ ਦਲੀਪ ਦੇ ਦਿਲੋਂ ਦੂਰ ਹੋ ਰਿਹਾ ਸੀ ਦਿਨੋ ਦਿਨ। “ਪੰਕਜ ਬੇਟਾ ਦੀਪਾ ਤਾਂ ਨੋਕਰੀ ਕਰਨਾ ਹੀ ਨਹੀਂ ਚਾਹੁੰਦਾ ਹੀ ਸੀ ਜੋਰ ਜਬਰਦਸਤੀ ਮੈਂ ਕਰਵਾਈਆ ਇਸ ਨੂੰ ਤੈਨੂੰ ਪਤਾ ਸਾਰੇ ਐਮ.ਐਲ.ਏ. ਮੇਰੇ ਸੱਜਣ ਮਿੱਤਰ ਹਨ ਫਿਰ ਹਕੂਮਤ ਵੀ ਤਾਂ ਅਕਾਲੀਆਂ ਦੀ ਹੈ ਸਾਡੀ ਆਪਣੀ। ਮੈਂ ਵੀ ਕਾਫੀ ਸਮਾਂ ਕਮੇਟੀ ਵਿਚ ਨੋਕਰ ਰਿਹਾਂ। ਇਸ ਨੇ ਬਹੁੱਤ ਢਿੱਲ ਮੱਠ ਕੀਤੀ ਸੀ ਤੇਰੀ ਮਾਸੀ ਨੇ ਖੂਬ ਦੱਬਕੇ ਮਾਰੇ ਤਾਂ ਇਸ ਦੇ ਦਿਮਾਗ ਵਿਚ ਗੱਲ ਪਈ ਸੁੱਖ ਨਾਲ ਤਨਖਾਹ ਵੀ ਚੰਗੀ ਚੋਖੀ ਹੈ।
“ਗੱਲ ਤਾਂ ਤੁਹਾਡੀ ਮਾਸੜ ਜੀ ਠੀਕ ਹੈ ਦੀਪੇ ਨੂੰ ਤੁਹਾਡੀ ਗੱਲ ਮੰਨ ਲੈਣੀ ਚਾਹੀਦੀ ਸੀ ਤੁਹਾਡੀ ਜਾਣ ਪਛਾਣ ਵੀ ਏਨ੍ਹੀ ਹੈ ਅੱਜ ਕੱਲ ਤਾਂ ਲੋਕ ਨੌਕਰੀਆਂ ਪਿੱਛੇ ਤਰਲੇ ਮਾਰਦੇ ਫਿਰਦੇ ਹਨ ਲੋਕਾਂ ਦੇ। ਬੁੱਕਾਂ ਦਾ ਬੁੱਕ ਪੈਸੇ ਲਈ ਫਿਰਦੇ ਹਨ ਫਿਰ ਵੀ ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ ਪੈਦਾਂ। “ਪੰਕਜ ਮਿਲਦਿਆ ਦੀਆਂ ਗੱਲਾਂ ਹਨ ਇਸ ਨੂੰ ਤਾਂ ਮੈਂ ਪੰਜਾਬ ਪੁਲਿਸ ਵਿੱਚ ਭਰਤੀ ਕਰਵਾ ਦੇਣਾ ਸੀ ਇਹ ਮੰਨਿਆ ਨਹੀਂ। ਜਿਨ੍ਹਾਂ ਨੂੰ ਨੋਕਰੀਆਂ ਨਹੀਂ ਮਿਲਦੀਆਂ ਉਹਨਾਂ ਨੂੰ ਪੁੱਛ ਕੇ ਵੇਖੋ। ਮੈਂ ਤਾਂ ਜਗਮੋਹਨ ਨੂੰ ਵੀ ਕਿਹਾ ਸੀ ਕਿਹਾ ਸੀ ਕਿ ਤੂੰ ਦਰਬਾਰ ਸਾਹਿਬ ’ਚ ਸੇਵਾਦਾਰ ਲੱਗ ਜਾ ਪੈਸਿਆਂ ਦਾ ਮੈਂ ਆਪੇ ਇੰਤਜਾਰ ਜਰ ਲਵਾਂਗਾ। ਪਰ ਉਹ ਆਪਣੀ ਮਾਂ ਦਾ ਪੱਲਾ ਛੱਡੇ ਤਾਂ ਕੁੱਝ ਕਰੇ ਆਕੜ ਹੀ ਆਕੜ ਸੁੱਕੀ ਹੈ ਹੱਥ ਪੱਲੇ ਕੁੱਝ ਨਹੀਂ ਘਰ ’ਚ ਭੰਗ ਭੁੱਜਦੀ ਹੈ ਲੱਸੀ ਤੇ ਚੱਟਨੀ ਨਾਲ ਰੋਟੀ ਖਾਂਦੇ ਨੇ। ਕੁੜੀ ਨੂੰ ਵੱਖ ਤੰਗ ਕਰਦੇ ਹਨ ਜਿਨ੍ਹਾਂ ਨੂੰ ਬਗੈਰ ਹੱਥ ਪੈਰ ਮਾਰੇ ਸਭ ਕੁੱਝ ਮਿਲਦਾ ਹੈ ਉਹ ਕੁੱਝ ਲੈਣ ਨੂੰ ਤਿਆਰ ਨਹੀਂ ਜਿਨ੍ਹਾਂ ਨੂੰ ਕੁੱਝ ਮਿਲਦਾ ਨਹੀਂ ਉਹ ਤਰਲੇ ਮਾਰਦੇ ਨੇ ਮਾਸੜ ਜੀ ਜਗਮੋਹਨ ਬੰਦਾ ਤਾਂ ਚੰਗਾ ਹੈ ਬਚਪਣ ਦਾ ਦੋਸਤ ਹੈ ਮੇਰਾ, ਨਹੀਂ ਪੁੱਤ ਸਿਆਣੇ ਕਹਿੰਦੇ ਨੇ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ। ਅਸੀਨ ਤੇਰੀ ਮੰਮੀ ਭੈਣ ਕਰਕੇ ਚੁੱਪ ਹਾਂ। ਭੋਲੀ ਅਸੀਂ ਭੈਣ ਦੀ ਝੋਲੀ ਪਾਈ ਹੈ। ਉਹ ਜੋ ਕਰੇਗੀ ਠੀਕ ਕਰੇਗੀ ਅਸੀਂ ਉਸ ਦੀ ਗੱਲ ਨਹੀਂ ਮੋੜ ਸਕਦੇ। ਪਰ ਮੇਰਾ ਮਨ ਭੋਲੀ ਵੱਲੋਂ ਸੁੱਖੀ ਨਹੀਂ। ਨਾਲ ਬੈਠੀ ਗਿਆਨ ਕੌਰ ਵੀ ਦਿਲ ਭਰਦੀ ਹੋਈ ਪੰਕਜ ਪੁੱਤ ਮਾਸੜ ਤੇਰਾ ਠੀਕ ਕਹਿੰਦਾ ਹੈ ਲਾਡਾਂ ਨਾਲ ਪਾਲੀ ਹੈ ਭੋਲੀ, ਅਸੀਂ ਦਬਕਾ ਤੱਕ ਨਹੀਂ ਮਾਰਿਆ ਕਦੀ। ਸੱਸ ਤੇ ਜਗਮੋਹਨ ਪਤਾ ਨਹੀਂ ਪਾਲੀ ਨਹੀਂ ਭੋਲੀ ਨੂੰ ਕੀ ਕੀ ਕਹੀ ਜਾਂਦੇ ਨੇ। ਬੰਦਾ ਮਾਂ ਪਿਉ ਦਾ ਵੀ ਵੇਖ ਜਨਾਨੀ ਦਾ ਵੀ ਖਿਆਲ ਰੱਖ। ਵਿਆਹ ਮਗਰੋਂ ਕੋਈ ਮਾਂ ਪਿਉ ਥੋੜਾ ਛੱਡਦਾ ਹੈ ਬੰਦੇ ਨੂੰ ਕੁੱਛ ਖਿਆਲ ਹੋਣਾ ਚਾਹੀਦਾ। ਆਪਣੀ ਜਨਾਨੀ ਦਾ ਬੰਦਾ ਨਹੀਂ ਜਨਾਨੀ ਦੀ ਗੱਲ ਸੁਣੇਗਾ ਤੇ ਹੋਰ ਕੌਣ ਸੁਣੇਗਾ................”।
“ਠੀਕ ਮਾਸੀ ਜੀ ਤੁਹਾਡੀ ਤਾਂ ਜਗਮੋਹਨ ਸਿਆਣਾ ਤਾਂ ਬਹੁੱਤ ਲੱਗਦਾ ਹੈ ਪਤਾ ਨਹੀਂ ਕੀ ਹੋ ਗਿਆ ਉਸ ਦੇ ਦਿਮਾਗ ਨੂੰ?
“ਪੁੱਤ ਤੈਨੂੰ ਤਾਂ ਜਗਮੋਹਨ ਸਿੰਘ ਆਪੇ ਹੀ ਚੰਗਾ ਲੱਗਣਾ ਹੋਇਆ ਤੇਰਾ ਬਚਪਣ ਦਾ ਦੋਸਤ ਜੂ ਹੈ। ਕੁੱਝ ਸਮਝਾ ਉਸ ਨੂੰ ਭੋਲੀ ਦਾ ਵੀ ਖਿਆਲ ਰੱਖੇ.................।
“ਜਦ ਪੰਕਜ ਪੱਤਰਕਾਰੀ ਕਰਨ ਨਵਾਂ ਲੱਗਿਆ ਸੀ ਤਦ ਉਸ ਨੇ ਐਸ.ਜੀ.ਪੀ.ਸੀ. 'ਚ ਆਪਣੀ ਜਾਣ ਪਛਾਣ ਕਰਨੀ ਤਦ ਉਸ ਨੂੰ ਦਲੀਪ ਸਿੰਘ ਦਾ ਖਿਆਲ ਅਇਆ ਦਲੀਪ ਸਿੰਘ ਐਸ.ਜੀ.ਪੀ.ਸੀ.'ਚ ਇੰਸਪੈਕਟਰ ਹੈ। ਇਹ ਗੱਲ ਸੋਚ ਕੇ ਪੰਕਜ ਦਲੀਪ ਸਿੰਘ ਦੇ ਘਰ ਗਿਆ ਮਾਸੜ ਜੀ ਨੇ ਕਿਹਾ ਪੰਕਜ ਪੁੱਤ ਦਲੀਪ ਸਿੰਘ ਤਾਂ ਦਫਤਰ ਦੇ ਕੰਮ ਬਾਹਰ ਗਿਆ ਹੈ ਹਫਤੇ ਬਾਅਦ ਆਉਣਾ ਹੈ। ਅੱਜ ਕੱਲ ਦਲੀਪ ਸਿੰਘ ਪਬਲਿਕ ਸਿਟੀ ਵਿਭਾਗ ’ਚ ਕੰਮ ਕਰ ਰਿਹਾ ਹੈ ਕੁਛ ਦਿਨ ਬਾਅਦ ਜਦ ਉਸ ਨੂੰ ਪਤਾ ਲੱਗਾ ਕਿ ਮੈਂ ਪੱਤਰਕਾਰੀ ਕਰ ਰਿਹਾ ਹਾਂ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ। ਉਸ ਨੇ ਛੇਤੀ ਛੇਤੀ ਆਪਣੇ ਅਦਾਰੇ ਉਹਨਾਂ ਲੋਕਾਂ ਨੂੰ ਫੋਨ ਕਰ ਦਿਤੇ ਜਿਨਾਂ ਦਾ ਸੰਬੰਧ ਪੱਤਰਕਾਰੀ ਨਾਲ ਸੀ ਕਿ ਪੰਕਜ ਮੇਰੀ ਮਾਸੀ ਦਾ ਮੁੰਡਾ ਹੈ ਜਿੰਨ੍ਹੀ ਹੋ ਸਕੇ ਇਸਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਦਲੀਪ ਸਿੰਘ ਦੇ ਕਾਰਨ ਪੰਕਜ ਨੂੰ ਕਾਫੀ ਮਦਦ ਮਿਲੀ ਫਿਰ ਅਕਸਰ। ਪੰਕਜ ਦਾ ਫੋਨ ਉਪਰ ਦਲੀਪ ਸਿੰਘ ਨਾਲ ਸੰਪਰਕ ਹੁੰਦਾ ਰਿਹਾ। ਫਿਰ ਅਚਾਨਕ ਪੰਕਜ ਦਾ ਫੋਨ ਖਰਾਬ ਹੋ ਗਿਆ ਸਿਮ ਕਾਰਡ ਦੇ ਸਾਰੇ ਦੇ ਸਾਰੇ ਨੰ. ਡਲੀਟ ਹੋ ਗਏ ਵਿਚ ਹੀ ਦਲੀਪ ਸਿੰਘ ਦਾ ਨੰ. ਵੀ ਸੀ ਸੋ ਇਸ ਕਰਕੇ ਦਲੀਪ ਸਿੰਘ ਤੇ ਮਾਸੀ ਮਾਸੜ ਨਾਲ ਮੇਲ ਨਾ ਹੋਇਆ। ਪੰਕਜ ਨੇ ਪੱਤਰਕਾਰੀ ਕੁਛ ਸਮੇਂ ਲਈ ਹੀ ਕੀਤੀ ਤੇ ਪੱਤਰਕਾਰੀ ਉਸ ਨੂੰ ਰਾਸ ਨਾ ਆਈ ਤਾਂ ਉਸ ਨੇ ਪੱਤਰਕਾਰੀ ਨੂੰ ਅਲਵਿਦਾ ਕਿਹਾ ਤੇ ਆਪਣੇ ਕਾਰੋਬਾਰ ਵਿਚ ਫਿਰ ਸੈੱਟ ਹੋ ਗਿਆ।
ਜਰਨੈਲ ਸਿੰਘ ਨੂੰ ਜਦ ਕਮੇਟੀ ਨੇ ਸੇਵਾ ਮੁਕਤ ਕੀਤਾ ਤਾਂ ਕਮੇਟੀ ਨੇ ਉਸਦੀ ਕੋਈ ਮਾਸਿਕ ਪੈਨਸ਼ਨ ਨਹੀ ਲਗਾਈ ਬਣਦੇ ਪੈਸੇ ਦੇ ਕੇ ਵਿਦਾ ਕਰ ਦਿੱਤਾ ਸੀ। ਮਾਸੀ ਮਾਸੜ ਦੀਆਂ ਜਿੰਮੇਵਾਰੀਆਂ ਦਿਨੋਂ ਦਿਨ ਵੱਧ ਰਹੀਆਂ ਸਨ। ਆਮਦਨ ਦੇ ਸਾਧਨ ਘੱਟ ਰਹੇ ਸਨ ਪਿੰਡ ਦੀ ਜਮੀਨ ਠੇਕੇ ਤੇ ਦਿੱਤੀ ਸੀ। ਹੁਣ ਮਾਸੜ ਥੋੜੀ ਬਹੁਤ ਸ਼ਰਾਬ ਪੀਣ ਲੱਗ ਪਿਆ ਸੀ। ਵੱਡੀ ਕੁੜੀ ਦੇ ਕਲੇਸ਼ ਕਾਰਨ ਕਾਫੀ ਮੁਸ਼ਕਲ ਪੈਦਾ ਹੋ ਰਹੀ ਸੀ। ਦਲੀਪ ਸਿੰਘ ਵੀ ਮਾਂ ਬਾਪ ਨੂੰ ਘੱਟ ਹੀ ਪੈਸੇ ਦੇਂਦਾ। ਜਨਾਨੀ ਪੈਸੇ ਨੱਪੀ ਜਾ ਰਹੀ ਸੀ। ਸੱਸ ਸੋਹਰੇ ਦੀ ਨਜ਼ਰ ਵਿਚ ਚੰਗੀ ਬਣੀ ਪਈ ਨਾਲ ਦਲੀਪ ਸਿੰਘ ਦੀਆਂ ਭੈਣ ਨਾਲ ਦਲੀਪ ਸਿੰਘ ਦੀ ਘਰਵਾਲੀ ਦਾ ਕੋਈ ਚੰਗਾ ਸਲੂਕ ਨਹੀਂ ਸੀ। ਮਾਂ ਬਾਪ ਆਪਣੇ ਆਪ ਨੂੰ ਦਲੀਪ ਸਿੰਘ ਦੇ ਅਧੀਨ ਮਹਿਸੂਸ ਕਰ ਰਹੇ ਸੀ। ਦਲੀਪ ਸਿੰਘ ਦੀ ਬੋਲੀ ਕਾਫੀ ਰੁੱਖੀ ਸੀ ਆਪਣੇ ਮਾਂ ਪਿਉ ਨਾਲ ਮਾਂ ਪਿਉ ਜਦ ਕੋਈ ਗੱਲ ਸਾਧਾਰਨ ਵੀ ਦਲੀਪ ਸਿੰਘ ਨਾਲ ਕਰਦੇ ਤਾਂ ਅੱਗੋਂ ਦਲੀਪ ਸੂਈ ਕੁੱਤੀ ਵਾਂਗ ਬੋਲਦਾ। ਦਲੀਪ ਸਿੰਘ ਭੈਣਾਂ ਨੂੰ ਵੀ ਘੱਟ ਮਿਲਦਾ। ਦਲੀਪ ਸਿੰਘ ਦੀਆਂ ਆਪ ਹੁਦਰੀਆਂ ਕਾਰਨ ਦਿਨੋਂ ਦਿਨ ਮਾਸੀ ਮਾਸੜ ਦਾ ਦਿਲ ਦੂਰ ਹੋ ਰਿਹਾ ਸੀ। ਮਾਂ ਪਿਉ ਨੇ ਦੀਪੇ ਨੂੰ ਕੀ ਨਹੀਂ ਦਿੱਤਾ। ਜਿੰਦਗੀ ਦੇ ਸਾਰੇ ਸੁੱਖ ਆਰਾਮ ਦਿਤੇ ਦੀਪ ਨੇ ਹਰ ਚੀਜ ਜਿੱਦ ਕਰਕੇ ਲਈ ਆਪਣੇ ਵਿਆਹ ’ਚ ਆਪਣੀ ਮਰਜੀ ਕਰਕੇ ਉਸ ਨੇ ਆਪਣੇ ਪਿਉ ਦਾ ਸਿਰ ਨੀਵਾਂ ਕਰਵਾਇਆ ਸੀ ਵਿਆਹ ਦੇ ਬਾਅਦ ਦੀਪਾ ਸੱਸ ਸਹੁਰੇ ਤੇ ਸਾਲੀਆਂ ਮਗਰ ਹੋ ਗਿਆ। ਸਾਲੀਆਂ ਹੱਦੋਂ ਵੱਧ ਚਲਾਕ ਹੋਣ ਕਰਕੇ ਉਹਨਾਂ ਨੇ ਪੂਰੀ ਤਰ੍ਹਾਂ ਦੀਪੇ ਨੂੰ ਆਪਣੇ ਹੱਥ ਵਿੱਚ ਕਰ ਲਿਆ। ਸਹੁਰੇ ਨੇੜੇ ਹੋਣ ਕਰਕੇ ਦੀਪਾ ਅਕਸਰ ਸਹੁਰੇ ਹੀ ਰਹਿੰਦਾ।
ਮਾਸੀ ਦੀਆਂ ਦਵਾਈਆਂ ਦਾ ਖਰਚਾ ਦਿਨੋਂ ਦਿਨ ਵੱਧ ਰਿਹਾ ਸੀ। ਪਤਾ ਨਹੀਂ ਕਿਹੜੇ ਲੇਖ ਲਿਖਾ ਕੇ ਰੱਬ ਕੋਲੋਂ ਆਈ ਸੀ ਮਾਸੀ ਨੇ ਤਾਂ ਬੱਸ ਬਿਸਤਰਾ ਹੀ ਫੜ੍ਹ ਲਿਆ ਸੀ। ਮੋਟਾਪਾ ਦਿਨੋਂ ਦਿਨ ਵੱਧ ਰਿਹਾ ਸੀ ਮਾਸੀ ਦੇ ਬੈਡ ਦੇ ਸਿਰਾਹਣੇ ਬੈਡ ਦੀ ਢੋਅ 'ਚ ਦਵਾਈਆਂ ਦੀਆਂ ਸ਼ੀਸ਼ੀਆਂ ਦਵਾਈਆਂ ਦੇ ਪੱਤੇ ਐਕਸਰੇ ਕਮਰੇ ਵਿਚ ਦਵਾਈਆਂ ਦੀ ਬਦਬੂ ਆਉਂਦੀ। ਘਰ ਹਸਪਤਾਲ ਬਣ ਕੇ ਰਹਿ ਗਿਆ ਸੀ। ਮਾਸੀ ਦੀ ਜਾਨ ਤਾਂ ਬਸ ਆਪਣੇ ਪੋਤੇ ’ਚ ਅਟਕੀ ਸੀ ਉਹ ਮਰਨ ਤੋਂ ਪਹਿਲਾਂ ਇਕ ਵਾਰ ਜ਼ਰੂਰ ਪੋਤੇ ਦਾ ਮੂੰਹ ਵੇਖਣਾ ਚਾਹੁੰਦੀ ਸੀ। ਦਲੀਪ ਸਿੰਘ ਦੀ ਜਨਾਨੀ ਤੀਸਰੀ ਵਾਰ ਫਿਰ ਗਰਭਵਤੀ ਹੋਈ ਪੂਰੇ ਪਰਿਵਾਰ ਨੂੰ ਮੁੰਡੇ ਦੀ ਪੂਰੀ ਉਮੀਦ ਸੀ ਪਰ ਰੱਬ ਨੂੰ ਕੁੱਛ ਹੋਰ ਹੀ ਮਨਜੂਰ ਸੀ। ਦਲੀਪ ਸਿੰਘ ਦੇ ਘਰ ਇਸ ਵਾਰ ਵੀ ਬੇਟੀ ਨੇ ਜਨਮ ਲਿਆ। ਕੁੜੀ ਹੋਣ ਕਰਕੇ ਇਸ ਵਾਰ ਫਿਰ ਸਭ ਦੇ ਮੂੰਹ ਲਟਕ ਗਏ ਕੁੜੀਆਂ ਨਾਲ ਪਿਆਰ ਤਾਂ ਸੀ ਪੀੜ੍ਹੀ ਚਲਾਉਣ ਲਈ ਮੁੰਡੇ ਦਾ ਹੋਣਾ ਵੀ ਤਾਂ ਬਹੁਤ ਜ਼ਰੂਰੀ ਸੀ। ਚੌਥੀ ਵਾਰ ਦੀਪੇ ਦੀ ਜਨਾਨੀ ਫਿਰ ਮਾਂ ਬਨਣ ਵਾਲੀ ਹੋਈ ਇਸ ਵਾਰ ਲਿੰਗ ਟੈਸਟ ਕਰਵਾਇਆ ਗਿਆ ਚਾਹੇ ਇਹ ਕੰਮ ਗੈਰ ਕਾਨੂੰਨੀ ਸੀ ਫਿਰ ਜਾਇਜ ਨਾਜਾਇਜ਼ ਕੰਮ ’ਚਹੁੰਦੇ ਹੀ ਰਹਿੰਦੇ ਹਨ। ਵੱਧ ਤੋਂ ਵੱਧ ਪੈਸਾ ਦਲੀਪ ਸਿੰਘ ਖਰਚ ਕੀਤਾ ਇਸ ਵਾਰ ਦਲੀਪ ਸਿੰਘ ਦੀ ਜਨਾਨੀ ਨੇ ਮੁੰਡੇ ਨੂੰ ਜਨਮ ਦਿਤਾ। ਦਾਦੀ ਦਾਦੇ ਨੂੰ ਗਿੱਠ ਗਿੱਠ ਚਾਅ ਚੜ੍ਹ ਗਿਆ। ਗਿਆਨ ਕੌਰ ਚਾਹੇ ਬਿਮਾਰ ਸੀ ਫਿਰ ਵੀ ਉਸ ਦੇ ਪੈਰ ਜਮੀਨ ਉਪਰ ਟਿਕ ਨਹੀਂ ਰਹੇ ਸਨ। ਸੱਚ ਹੀ ਤਾਂ ਕਹਿੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਦਲੀਪ ਸਿੰਘ ਦੀ ਪਤਨੀ ਨੇ ਗੋਰਾ ਚਿੱਟਾ ਰਿਸ਼ਟ-ਪੁਸ਼ਟ ਪੁੱਤ ਆਪਣੇ ਪਰਿਵਾਰ ਨੂੰ ਦਿਤਾ। ਸਭ ਰਿਸ਼ਤੇਦਾਰ ਅਤੇ ਜਾਣ ਪਛਾਣ ਵਾਲਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਮਾਸੀ ਖ਼ੁਦ ਤਾਂ ਹਸਪਤਾਲ ਨਾਂ ਜਾ ਸਕੀ ਜਦ ਮੁੰਡਾ ਘਰ ਆਇਆ ਤਾਂ ਘਰ ’ਚ ਖੁਸ਼ੀਆਂ ਦੀ ਲਹਿਰ ਦੌੜ ਪਈ। ਖੁਸਰੇ ਭੰਡ ਸਭ ਦੀ ਭਰਮਾਰ ਲੱਗ ਗਈ ਖੁਸ਼ੀਆਂ ’ਚ ਸਾਲ ਕਿਵੇਂ ਬਤੀਤ ਹੋ ਗਿਆ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ। ਕਾਕੇ ਦਾ ਪਹਿਲਾ ਜਨਮ ਦਿਨ ਮਨਾਉਣ ਦੀ ਤਰੀਕ ਵੀ ਨੇੜੇ ਆ ਗਈ। ਨੇੜੇ ਹੀ ਪੈਲਸ ’ਚ ਫੰਕਸ਼ਨ ਰੱਖਿਆ ਗਿਆ। ਫੰਕਸ਼ਨ ’ਚ ਪੰਕਜ ਭਰਜਾਈ ਪਹੁੰਚੇ। ਮਾਸੀ ਮਾਸੜ ਦਾ ਪੰਕਜ ਨਾਲ ਬਹੁਤ ਪਿਆਰ ਹੋਣ ਕਾਰਨ ਮਾਸੀ ਪੰਕਜ ਬਾਰੇ ਬਾਰ ਬਾਰ ਪੁੱਛ ਰਹੀ ਸੀ ਕਿਸੇ ਨਿੱਜੀ ਕਾਰਨ ਕਰਕੇ ਨਾ ਹੀ ਪੰਕਜ ਪਹੁੰਚਿਆ ਤੇ ਨਾ ਹੀ ਉਸ ਦੇ ਪਰਿਵਾਰ ਦਾ ਕੋਈ ਮੈਂਬਰ। ਅੰਤ ਸਮੇਂ ਤੱਕ ਪੰਕਜ ਦੀ ਉਡੀਕ ਰਹੀ। ਕੁੱਝ ਮਹੀਨੀਆਂ ਪਿਛੋਂ ਮਾਸੀ ਰੱਬ ਨੂੰ ਪਿਆਰੀ ਹੋ ਗਈ ਮਾਸੀ ਦੀ ਰਸਮ ਕਿਰਿਆ ਤੇ ਪੰਕਜ ਗਿਆ ਤਾਂ ਮਾਸੜ ਬਾਰ ਬਾਰ ਪੰਕਜ ਨੂੰ ਇਹ ਲਫਜ ਕਿਹ ਰਿਹਾ ਸੀ ਕਿ “ਪੰਕਜ ਪੁੱਤ ਤੂੰ ਦੀਪੇ ਦੇ ਮੁੰਡੇ ਦੇ ਜਨਮ ਦਿਨ ਤੇ ਨਹੀਂ ਆਇਆ। ਤੇਰੀ ਮਾਸੀ ਬਾਰ ਬਾਰ ਤੇਰੇ ਬਾਰੇ ਪੁੱਛ ਰਹੀ ਸੀ। ਤੇਰਾ ਹੀ ਰਸਤਾ ਬਾਰ ਬਾਰ ਵੇਖ ਰਹੀ ਸੀ ਸਭ ਕੁੱਛ ਸੀ ਬਸ ਤੇਰੀ ਹੀ ਕਮੀ ਰੜਕ ਰਹੀ ਸੀ ਮਾਸੀ ਤੇਰੀ ਨੂੰ ਬੜਾ ਮੋਹ ਸੀ ਤੇਰੇ ਨਾਲ ਉਨਾ ਮੋਹ ਤਾਂ ਉਸ ਨੂੰ ਦੀਪੇ ਨਾਲ ਵੀ ਨਹੀਂ ਸੀ”। ਇਹ ਲਫਜ ਕਹਿ ਕੇ ਮਾਸੜ ਦੀਆਂ ਅੱਖਾਂ ਭਰ ਆਈਆਂ। ਮਾਸੜ ਦੀ ਛੋਟੀ ਕੁੜੀ ਮਨ ਭਰਦੀ ਬੋਲੀ “ਭਾਅ ਜੀ ਬੀਜੀ ਤਾਂ ਸਾਡਾ ਸਾਥ ਛੱਡ ਗਈ ਬੀਜੀ ਬਗੈਰ ਘਰ ਕਿਵੇਂ ਖਾਲੀ ਖਾਲੀ ਲੱਗ ਰਿਹਾ ਹੈ”।
ਪੰਕਜ ਨੇ ਬੈੱਡ ਉਤੇ ਜਦ ਨਜ਼ਰ ਮਾਰੀ ਤਾਂ ਉਸ ਦੀ ਭੁੱਬ ਨਿਕਲ ਗਈ। ਮਾਸੜ ਜੀ ਮਾਸੀ ਤੋਂ ਬਗੈਰ ਬੈੱਡ ਕਿਵੇਂ ਖਾਲੀ ਖਾਲੀ ਲਗਦਾ ਹੈ। “ਮਾਸੀ ਦੇ ਬੈੱਡ ਤੇ ਬੈਠਣ ਨਾਲ ਬੈੱਡ ਭਰਿਆ ਭਰਿਆ ਲਗਦਾ ਸੀ”। “ਪੁੱਤ ਜਿਨ੍ਹਾਂ ਉਸ ਦਾ ਅੰਨ ਜਲ ਸੀ ਉਸ ਨੇ ਛੱਕ ਲਿਆ। ਅੱਗੇ ਉਸ ਨੇ ਕਿਹੜਾ ਸੁੱਖ ਭੋਗਿਆ ਸੀ ਪੁੱਤ ਤੇਰੀ ਮਾਸੀ ਤਾਂ ਸਾਰੀ ਉਮਰ ਬਗੈਰ ਕਸੂਰ ਦੇ ਸਜ਼ਾ ਭੁਗਤ ਕੇ ਗਈ। ਪਿਛਲੇ ਜਨਮ ’ਚ ਪਤਾ ਨਹੀ ਉਸ ਨੇ ਕਿਹੜੇ ਪਾਪ ਕੀਤੇ। ਇਹ ਲਫਜ਼ ਕਹਿ ਕੇ ਮਾਸੜ ਦਾ ਮਨ ਭਰ ਆਇਆ ਦੋਵੇਂ ਕੁੜੀਆਂ ਮਾਸੜ ਦੇ ਗਲੇ ਲੱਗ ਕੇ ਉੱਚੀ-ਉੱਚੀ ਰੋਣ ਲੱਗ ਪਈਆਂ। ਜਦ ਕੁੜੀਆਂ ਮਾਸੜ ਦੇ ਗਲ ਲੱਗੀਆਂ ਤਾਂ ਮਾਸੜ ਦੇ ਦਿਲ ਨੂੰ ਠੰਡ ਪੈ ਗਈ। ਪੰਕਜ ਵੀ ਆਪਣੇ ਆਪ ਨੂੰ ਰੋਕ ਨਾਂ ਸਕਿਆ।
ਮਾਸੀ ਦੇ ਸਵਰਗ ਸਿਧਾਰਨ ਮਗਰੋਂ ਪੰਕਜ ਮਾਸੀ ਦੇ ਘਰ ਜਦ ਗਿਆ ਤਾਂ ਦਲੀਪ ਸਿੰਘ ਦੀ ਜਨਾਨੀ ਹਿਰਖ ਕਰਦੀ ਪੰਕਜ ਨਾਲ ਬੋਲੀ “ਅਸੀਂ ਤਾਂ ਸੋਚਿਆ ਭਾਅ ਜੀ ਨੇ ਸਾਨੂੰ ਛੱਡ ਦਿਤਾ ਹੈ”।
“ਨਹੀਂ ਭਰਜਾਈ ਜੀ ਇਹੋਂ ਜਿਹੀ ਕੋਈ ਗੱਲ ਨਹੀਂ ਤੁਹਾਨੂੰ ਤਾਂ ਪਤਾ ਹੈ ਪ੍ਰਾਈਵੇਟ ਕੰਮ ਹੈ ਘਰ ਦੇ ਖਰਚੇ ਚਲਾਉਣੇ ਔਖੇ ਹਹ। ਪਹਿਲਾਂ ਅਖਬਾਰ ਦਾ ਕੰਮ ਕੀਤਾ ਕੁਝ ਨਾ ਬਣਿਆ ਫਿਰ ਆਪਣਾ ਕੰਮ ਸ਼ੁਰੂ ਕੀਤਾ ਠੇਕੇਦਾਰੀ ਰੋਟੀ ਤਾਂ ਸੋਖੀ ਮਿਲ ਰਹੀ ਹੈ ਪਰ ਕੋਈ ਛੁੱਟੀ ਵਗੈਰਾ ਨਹੀਂ ਕੰਮ ਦਾ ਲਾਲਚ ਰਹਿੰਦਾ ਹੈ। ਮੋਬਾਈਲ ਖਰਾਬ ਹੋ ਗਿਆ ਸੀ ਭਾਅ ਜੀ ਦਾ ਨੰਬਰ ਵੀ ਡਲੀਟ ਹੋ ਗਿਆ ਸੀ”। ਦੀਪੇ ਬਾਰੇ ਭਰਜਾਈ ਗੱਲ ਕਰਦੀ ਬੋਲੀ “ਇਹ ਤਾਂ ਪਿਛਲੇ 6-7 ਮਹੀਨਿਆ ਤੋਂ ਬਿਮਾਰ ਪਏ ਹੈ ਬੁੱਕਾਂ ਦੇ ਬੁੱਕ ਪੈਸੇ ਲੱਗ ਰਹੇ ਹੈ”। ਦੀਪੇ ਦੀ ਸ਼ਕਲ ਸੂਰਤ ਦੇਖ ਕੇ ਮੇਰੀ ਭੁੱਬ ਨਿਕਲ ਗਈ। ਦੀਪੇ ਦੇ ਚਿਹਰੇ ਉਪਰ ਭਿਆਨਕ ਉਦਾਸੀ ਅਤੇ ਮੌਤ ਦਾ ਡਰ ਸਾਫ ਦਿਖਾਈ ਦੇ ਰਿਹਾ ਸੀ। ਜਿਸ ਬੈੱਡ ਉਪਰ ਪਹਿਲਾਂ ਮਾਸੀ ਲੇਟੀ ਹੁੰਦੀ ਸੀ ਉਸ ਬੈੱਡ ਉਪਰ ਹੁਣ ਦੀਪਾ ਸੀ।
“ਇਹੋ ਜਿਹੀ ਕਿਹੜੀ ਬਿਮਾਰੀ ਨੇ ਤੁਹਾਨੂੰ ਘੇਰ ਲਿਆ ਹੈ ਜਿਸ ਨੇ ਤੁਹਾਡਾ ਸਾਰੇ ਦਾ ਸਾਰਾ ਹੁਲੀਆ ਵਿਗਾੜ ਕੇ ਰੱਖ ਦਿਤਾ ਹੈ। ਦੀਪਾ ਗਲਾਸ ’ਚ ਪਾਣੀ ਪੀਂਦਾ ਗਲਾਸ ਬੈੱਡ ਉਤੇ ਰੱਖਦਾ ਕਹਿਣ ਲੱਗਾ। “ਪੰਕਜ ਵੀਰ ਮੇਰੇ ਦੋਵੇਂ ਗੁਰਦਿਆਂ ਵਿਚ ਨੁਕਸ ਪੈ ਗਿਆ ਹੈ ਦਫਤਰ ਦੇ ਕੰਮ ਬਾਹਰ ਗਿਆ ਸੀ ਸਿਹਤ ਖਰਾਬ ਹੋਈ ਕਾਫੀ ਦਿਨ ਬੁਖਾਰ ਰਿਹਾ ਉਸ ਬਿਮਾਰੀ ਵਿਚ ਹੀ ਕੋਈ ਦਵਾਈ ਖਰਾਬ ਕਰ ਗਈ। ਉਸ ਵੇਲੇ ਤੋਂ ਡਾਕਟਰਾਂ ਦੇ ਵੱਸ ਪਏ ਹਾਂ”।
ਜਨਾਨੀ ਹਿਰਖ ’ਚ ਬੋਲੀ “ਭਾਅ ਜੀ ਅਸੀਂ ਤਾਂ ਮੁਸੀਬਤ ’ਚ ਘਿਰ ਗਏ ਹਾਂ। ਮਾਸੀ ਮਿਲੀ ਸੀ ਸਾਰੀ ਗੱਲ ਉਸ ਨੂੰ ਦੱਸੀ ਸੀ ਇੱਕ ਅੱਧੀ ਵਾਰੀ ਆਈ ਮੁੜ ਉਸ ਨੇ ਵੀ ਕੋਈ ਸਾਰ ਨਹੀਂ ਲਈ।” “ਦੀਪੇ ਭਾਅ ਮੈਨੂੰ ਤਾਂ ਸੱਚ ਹੀ ਕੁਛ ਪਤਾ ਨਹੀਂ ਤੁਹਾਡੇ ਕੋਲ ਮੇਰਾ ਫੋਨ ਨੰਬਰ ਤਾਂ ਹੈ ਸੀ ਫੋਨ ਕਰ ਲੈਂਦੇ ਆਪਣੇ ਭੈਣ ਭਰਾ ਦਾ ਇਨ੍ਹਾਂ ਤਾਂ ਹੋਣਾ ਹੀ ਚਾਹੀਦਾ ਹੈ”।
“ਭਾਅ ਜੀ ਅਸੀਂ ਦੋਵੇਂ ਹੀ ਜਨਾਨੀ ਆਦਮੀ ਹਾਂ ਸਾਡੀ ਮਦਦ ਕਰਨ ਵਾਲਾ ਕੋਈ ਨਹੀਂ ਗੱਲਾਂ ਤਾਂ ਸਭ ਕਰਦੇ ਨੇ ਪਰ ਬਾਂਹ ਫੜ੍ਹਨ ਵਾਲਾ ਕੋਈ ਨਹੀਂ। ਇਹ ਤਾਂ ਕਮਰੇ ਅੰਦਰ ਹੁੰਦੇ ਨੇ ਬਾਹਰ ਸਾਰੀ ਨੱਠ ਭੱਜ ਮੈਂ ਕਰਦੀ ਹਾਂ ਦਵਾਈਆਂ ਅਲ਼ਟਰਾ ਸਾਉਂਡ ਹੋਰ ਸਮਾਨ ਵਗੈਰਾ ਕਿੰਨ੍ਹਾਂ ਕਿੰਨ੍ਹਾਂ ਸਮਾਂ ਲੱਗ ਜਾਂਦਾ ਹੈ ਘਰ ਕੁੜੀਆਂ ਹੁੰਦੀਆਂ ਹੈ ਭਾਪਾ ਤਾਂ ਉਪਰ ਹੀ ਰਹਿੰਦਾ ਹੈ”। ਭਰਜਾਈ ਹਿਰਖ ਨਾਲ ਬੋਲੀ। ਭੋਲੀ ਠੀਕ ਠਾਕ ਹੈ, ਛੋਟੀ ਦਾ ਕੀ ਹਾਲ ਹੈ।
“ਛੋਟੀ ਕੁੜੀ ਤਾਂ ਆਪਣੇ ਘਰ ਠੀਕ ਹੈ, ਵੱਡੀ ਭੋਲੀ ਬਾਰੇ ਤੁਹਾਨੂੰ ਕੁੱਝ ਨਹੀਂ ਪਤਾ ਭਰਜਾਈ ਕਹਿਣ ਲੱਗੀ”।
“ਕੀ ਮਤਲਬ ਹੈ ਭਰਜਾਈ ਜੀ ਤੁਹਾਡਾ ਪੰਕਜ ਨੇ ਭਰਜਾਈ ਨੂੰ ਸਵਾਲ ਕੀਤਾ”। “ਮਾਸੀ ਨੂੰ ਸਭ ਪਤਾ ਹੈ ਉਹ ਤਾਂ ਛੇ ਮਹੀਨੇ ਹੋ ਗਈ ਪੂਰੀ ਹੋ ਗਈ ਹੈ”।
“ਅੱਛਾ..........ਉਹ ਕਿਵੇਂ” ? ਪੰਕਜ ਦਾ ਇਕ ਸਾਹ ਉੱਤੇ ਦਾ ਉਤੇ ਤੇ ਦੂਜਾ ਹੇਠਾਂ ਦਾ ਹੇਠਾਂ “ਮੰਮੀ ਨੇ ਤਾਂ ਸਾਨੂੰ ਕੁੱਝ ਨਹੀਂ ਦੱਸਿਆ ਨਾਲੇ ਅਸੀਂ ਤਾਂ ਉਨਾ ਦੇ ਨਾਲ ਥੋੜੀ ਰਹਿੰਦੇ ਹਾਂ”।
“ਤੁਹਾਨੂੰ ਇਹ ਤਾਂ ਪਤਾ ਹੈ ਉਸ ਨੂੰ ਸ਼ੂਗਰ ਸੀ ਪਹਿਲਾਂ ਉਸ ਦੀਆਂ ਅੱਖਾਂ ਖਰਾਬ ਹੋਈਆਂ ਫਿਰ ਬੁਖਾਰ ਚੜ੍ਹਿਆ। ਜਗਮੋਹਨ ਨਾਲ ਤਾਂ ਤਲਾਕ ਹੋ ਗਿਆ ਇਹ ਤਾਂ ਪਤਾ ਹੀ ਹੈ ਦੂਸਰੀ ਥਾਂ ਬੈਠੀ ਹੈ ਜਵਾਈ ਤਾਂ ਚੰਗਾ ਹੈ। ਜਦੋਂ ਦੀ ਭੋਲੀ ਸੜੀ ਸੀ ਉਸ ਦਾ ਸਰੀਰ ਕਿਹੜਾ ਠੀਕ ਰਹਿੰਦਾ ਸੀ। ਫੇਰ ਮੁੰਡੇ ਤਾਂ ਜਗਮੋਹਨ ਨੇ ਆਪ ਰੱਖ ਲਿਆ ਸੀ ਦੁਖ ਭੋਗਦੀ ਹੀ ਭੋਲੀ ਜਹਾਨੋਂ ਤੁਰ ਗਈ”।
ਭਰਜਾਈ ਦੀਆਂ ਗੱਲਾਂ ਸੁਣ ਕੇ ਮਨ ਭਰ ਆਇਆ ਪੰਕਜ ਦਾ। ਪਤਾ ਨਹੀਂ ਕਿਉਂ ਸੱਚਾ ਪਾਤਸ਼ਾਹ ਇਸ ਟੱਬਰ ਨੂੰ ਸੁੱਖ ਨਹੀਂ ਆਉਣ ਦਿੰਦਾ। ਗੱਲਾਂ ਬਾਤਾਂ ਚੱਲਦੀਆ ਰਹੀਆਂ ਪੰਕਜ ਨੇ ਪੁੱਛਿਆ ਮਾਸੜ ਜੀ ਕਿੱਥੇ ਨੇ ? ਉੱਪਰ ਕਮਰੇ ’ਚ ਨੇ ਦੀਪੇ ਨੇ ਪੰਕਜ ਨੂੰ ਕਿਹਾ ਪੰਕਜ ਉਪਰ ਕਮਰੇ ’ਚ ਗਿਆ ਕੋਠੇ ਉਪਰ ਕਮਰਾ ਵੀ ਕਾਹਦਾ ਬਸ ਟਾਇਮ ਪਾਸ ਦੋ ਪੁਰਾਣੇ ਵੱਡੇ ਵੱਡੇ ਨਵਾਰੀ ਪਲੰਗ ਪੇਟੀ ਉਪਰ ਪੁਰਾਣੇ ਪੁਰਾਣੇ ਟਰੰਕ ਨਾਲ ਜਵਾਨੀ ਵੇਲੇ ਦੀ ਮਾਸੀ ਮਾਸੜ ਦੀ ਤਸਵੀਰ ਟਰੰਕ ਉਪਰ ਰੰਗਦਾਰ ਟੀ.ਵੀ. ਮਾਸੜ ਨੇ ਪਜਾਮਾ ਸਿਰ ਤੇ ਪਟਕਾ ਬਾਹਵਾਂ ਤੋ ਬਗੈਰ ਹੱਥ ਨਾਲ ਬਣਾਈ ਕਪੜੇ ਦੀ ਬਨੈਨ ਮਾਸੜ ਪੁਰਾਣੀ ਪੰਜਾਬੀ ਫਿਲਮ ਦੇਖ ਰਿਹਾ ਸੀ ਦੀਪੇ ਦੀ ਛੋਟੀ ਕੁੜੀ ਮਾਸੜ ਨੂੰ ਛੇੜ ਰਹੀ ਸੀ। ਪੰਕਜ ਨੇ ਜਦੋਂ ਮਾਸੜ ਦੇ ਪੈਰੀਂ ਹੱਥ ਲਾਇਆ ਤਾਂ ਮਾਸੜ ਹੱਥ ਫੜ੍ਹਦਾ ਬੋਲਿਆ।
“ਬੜ੍ਹੀ ਚਿਰੀਂ ਰਸਤਾ ਭੁਲ ਹੀ ਗਿਆ ਪੁੱਤਰਾ ! ਤੂੰ ਮਾਸੜ ਆਪਣੇ ਨੂੰ ਭੁਲਾ ਹੀ ਦਿਤਾ ਤੂੰ ਬਹੁਤ ਕੰਮ ਰਹਿੰਦਾ ਹੈ ਤੈਨੂੰ”।
“ਨਈ ਮਾਸੜ ਜੀ ਇਹੋ ਜਿਹੀ ਕੋਈ ਗੱਲ ਨਹੀਂ ਤੁਹਾਨੂੰ ਭੁੱਲਣ ਦਾ ਤਾਂ ਕੋਈ ਮਤਲਬ ਨਹੀਂ ਤੁਸੀ ਤਾਂ ਹਮੇਸ਼ਾ ਮੈਨੂੰ ਯਾਦ ਰਹਿੰਦੇ ਹੋ”।
“ਤਾਂਹੀ ਤਾਂ ਨਹੀਂ ਆਇਆ ਯਾਦ ਹੁੰਦਾ ਤਾਂ ਮਿਲਣ ਨਾ ਆਉਂਦਾ”।
“ਮਾਸੜ ਜੀ ਗਲਤੀ ਹੋ ਗਈ ਸਭ ਮਜਬੂਰੀਆਂ ਹੀ ਬੰਦੇ ਕੋਲੋਂ ਸਭ ਕੁੱਝ ਕਰਵਾਉਂਦੀਆਂ ਹਨ। ਕੋਈ ਇਹੋ ਜਿਹੀ ਗੱਲ ਨਹੀਂ ਪੁੱਤ ਮੈਂ ਮਜਾਕ ਕਰਦਾ ਸੀ ਹੋਰ ਸੁਣਾ ਕੁੜੀਆਂ ਕਿਵੇ ਨੂੰਹ ਰਾਣੀ ਠੀਕ ਠਾਕ ਹੈ। ਸਭ ਠੀਕ ਠਾਕ ਹੈ ਮਾਸੜ ਜੀ ਤੁਹਾਡੇ ਪੈਰਾਂ ਪਿਛੇ। ਹੁਣ ਸੁੱਖ ਨਾਲ ਸੌਖੀ ਰੋਟੀ ਮਿਲ ਰਹੀ ਹੈ”।
“ਘਰੋਂ ਨਿਕਲ ਕੇ ਚੰਗਾ ਰਿਹਾ ਨਾ ਤੂੰ”...........।
“ਹਾਂ ਬਿਲਕੁਲ ਠੀਕ ਹਾਂ। ਆਪਣੇ ਪੈਰਾਂ ਤੇ ਖੜ੍ਹਾ ਹਾਂ ਨਾਲੇ ਫਿਰ ਇਕ ਘਰ ਗੁਜਾਰਾ ਕਿਥੇ ਮੇਰਾ ਪਰਿਵਾਰ ਹੈ ਸੁੱਖ ਨਾਲ ਵੱਡੇ ਭਰਾ ਆਪਣਾ ਵੱਡਾ ਪਰਿਵਾਰ ਹੈ। ਨਾਲੇ ਹੁਣ ਅਸੀਂ ਆਪਣੀ ਨੀਂਦ ਸੋਂਦੇ ਹਾਂ ਆਪਣੀ ਮਰਜੀ ਨਾਲ ਉੱਠਦੇ ਹਾਂ”।
“ਚਲੋਂ ਤੂੰ ਕਿਹੜਾ ਮਾੜਾ ਹੈ, ਰੱਬ ਨੇ ਤੇਰੇ ਨਾਲ ਚੰਗਾ ਹੀ ਕਰਨਾ ਸੀ” ਮਾਸੜ ਜੀ ਦੀਪੇ ਦਾ ਸੁਣ ਕੇ ਬਹੁਤ ਦੁੱਖ ਲੱਗਿਆ ਚੰਗਾ ਭਲਾ ਗੱਭਰੂ ਸੀ ਹੁਣ ਤਾਂ ਉਹ ਕਮਜੋਰ ਹੀ ਬਹੁੱਤ ਲੱਗਣ ਲੱਗ ਪਿਆ ਹੈ”।
“ਪੰਕਜ ਬੇਟਾ ਇਹ ਸਭ ਬੰਦੇ ਦੇ ਆਪਣੇ ਕਰਮ ਹਨ। ਅਸੀਂ ਤਾਂ ਕੁਝ ਬੋਲਦੇ ਨਹੀਂ ਜੇ ਬੋਲੇ ਤਾਂ ਰੋਟੀ ਵੀ ਮਿਲਣੀ ਬੰਦ ਹੋ ਜਾਣੀ ਹੈ। ਅਲੱਗ ਤਾਂ ਉਸ ਨੇ ਮੈਨੂੰ ਕਰ ਹੀ ਦਿੱਤਾ ਹੈ। ਭੋਲੀ ਦਾ ਸੁਣ ਕੇ ਵੀ ਮਾੜਾ ਲੱਗਿਆ ਦਿਲ ਨੂੰ ਵੀ ਬਹੁਤ ਦੁੱਖ ਲੱਗਿਆ।
“ਪੰਕਜ ਪੁੱਤ ਉਸ ਦੇ ਕਰਮ ਹੀ ਮਾੜੇ ਸਨ। ਮੈਂ ਉਸ ਤੇ ਪੰਜਾਹ ਹਜ਼ਾਰ ਰੁਪਏ ਲਗਾ ਦੇਣੇ ਸੀ ਨਰਸ ਬਣ ਜਾਂਦੀ ਤੇ ਹਸਪਤਾਲ ਵਿਚ ਨੌਕਰੀ ਲਗ ਜਾਣਾ ਸੀ ਉਸ ਨੇ ਵਿਚ ਹੀ ਕੋਰਸ ਛੱਡ ਦਿਤਾ”। ਮਾਸੜ ਦੀਆਂ ਅੱਖਾਂ ਭਰ ਆਈਆਂ।
“ਮਾਸੜ ਜੀ ਦੀਪੇ ਦਾ ਇਲਾਜ ਤਾਂ ਹੋ ਰਿਹਾ ਹੈ ਆਪੇ ਮਹਾਰਾਜ ਠੀਕ ਕਰੇਗਾ”। “ਇਸ ਦਾ ਇਲਾਜ ਮੈਂ ਕੀ ਕਰਵਾਉਣਾ ਹੈ ਮੇਰੇ ਹੱਥ ਪੱਲੇ ਛੱਡਿਆ ਹੈ ਕੁਝ ਏਸੇ ਜਨਾਨੀ ਆਦਮੀ ਨੇ ? ਸਭ ਕੁਝ ਤਾਂ ਸਾਂਭ ਲਿਆ ਛੋਟਾ ਬਲਵੰਤ ਵੀ ਆਪਣੇ ਹਿੱਸੇ ਦੀ ਜਮੀਨ ਵੀ ਇਸ ਨੂੰ ਦੇ ਗਿਆ। ਹੁਣ ਕਹਿੰਦਾ ਜਿਹੜੀ ਜਮੀਨ ਰਹਿ ਗਈ ਉਸ ਵੀ ਵੇਚ ਕੇ ਮੈਨੂੰ ਦੇ ਦੇਵੇ। ਇਹ ਜਮੀਨ ਹੀ ਤਾਂ ਮੇਰਾ ਆਸਰਾ ਹੈ ਹੁਣ ਨਾ ਦੇਵਾਂ ਮੈਂ ਆਨੀ ਕੌਡੀ ਵੀ ਇਨਾਂ ਨੂੰ। ਜਿਉਂਦੇ ਜੀ ਇਨ੍ਹਾਂ ਨੇ ਮਾਂ ਦੀ ਧੇਲਾ ਕਦਰ ਨਾ ਪਾਈ। ਮੇਰੀ ਕਿਹੜਾ ਇਹ ਇੱਜਤ ਕਰਦੇ ਹਨ ਆਪਣੀ ਮਰਜੀ ਕਰਦੇ ਹੈ। ਮੈ ਇਕੱਲਾ ਉਪਰ ਬੈਠਾ ਰਹਿੰਦਾ ਹਾਂ ਛੱਤ ਇਕ ਪਾਸੇ ਤੋਂ ਪਾਣੀ ਚੋ ਰਿਹਾ ਹੈ ਬੱਚਿਆਂ ਨੂੰ ਜ਼ਰੂਰ ਸਕੂਲ ਛੱਡ ਆਉਂਦਾ ਹਾਂ ਤੇ ਛੁੱਟੀ ਹੋਣ ਤੇ ਲੈ ਆਉਂਦਾ ਹਾਂ ਟੈਮ ਪਾਸ ਹੋ ਜਾਂਦਾ ਹੈ”।
ਮਾਸੜ ਗੱਲਾਂ ਕਰ ਰਿਹਾ ਸੀ ਅੱਖਾਂ ਚੋਂ ਪਾਣੀ ਟੱਪ ਟੱਪ ਚੋ ਰਿਹਾ ਸੀ ਮਨ ’ਚ ਗੁੱਸਾ ਤਾਂ ਸੀ ਕਠੋਰਤਾ ਸਾਫ ਦਿਖਾਈ ਦੇ ਰਹੀ ਸੀ। ਪੰਕਜ ਮਨ ਹੀ ਮਨ ਵਿਚ ਸੋਚ ਰਿਹਾ ਸੀ ਕਿ ਬੰਦਾ ਪੁੱਤ ਮੰਗਦਾ ਹੈ ਜਦ ਮਾਸੜ ਦੀ ਇਹ ਹਾਲਤ ਵੇਖੀ ਤਾਂ ਸੋਚਣ ਲਈ ਮਜਬੂਰ ਹੋ ਗਿਆ ਅੱਜ ਪਿਓ ’ਚ ਪੁੱਤ ਲਈ ਇਨੀ ਕੁੜੱਤਨ ਕਿ ਪਿਓ ਪੁੱਤ ਨਾਲ ਮਰਨ ਜੰਮਣ ਦਾ ਨਾਤਾ ਟੁੱਟ ਗਿਆ।
“ਅੱਛਾ ਮਾਸੜ ਜੀ ਕਦੇ ਘਰ ਆਣਾ”। ਪੰਕਜ ਮਾਸੜ ਦੇ ਪੈਰਾਂ ਨੂੰ ਹੱਥ ਲਗਾਉਂਦਾ ਬੋਲਿਆ।
“ਚੰਗਾ ਪੁੱਤ ਕਦੀਂ ਸਵੇਰੇ ਆਵੀਂ ਤੇਰੇ ਘਰ ਚਲਾਂਗਾ”
ਅੱਛਾ ਇਹ ਲਫ਼ਜ਼ ਕਹਿ ਕੇ ਪੰਕਜ ਪੌੜੀਆਂ ਤੋਂ ਹੇਠਾਂ ਉਤਰ ਅਇਆ।