ਰੱਬ ਹੈ ਜਾਂ ਨਹੀਂ ? (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰੱਬ ਇਕ ਗੁੰਝਲਦਾਰ ਬੁਝਾਰਤ
ਰੱਬ ਇਕ ਗੋਰਖ ਧੰਧਾ 
ਖੋਲ੍ਹਣ ਲੱਗਿਆਂ ਪੇਚ ਏਸ ਦੇ
ਕਾਫ਼ਰ ਹੋ ਜਾਏ ਬੰਦਾ।

ਰੱਬ ਬਾਰੇ ਕੁਝ ਲਿਖਣਾ ਬਹੁਤ ਮੁਸ਼ਕਲ ਹੈ। ਰੱਬ ਵਿਚ ਕੁਝ ਸ਼ਰਧਾਲੂ ਅੰਨ੍ਹੀ ਸ਼ਰਧਾ ਰੱਖਦੇ ਹਨ। ਜੇ ਉਨ੍ਹਾਂ ਨੂੰ ਕੋਈ ਗੱਲ ਪਸੰਦ ਨਾ ਆਏ ਤਾਂ ਉਹ ਮਰਨ ਮਾਰਨ ਤੇ ਵੀ ਉਤਰ ਆਉਂਦੇ ਹਨ। ਇਸ ਲਈ ਮੇਰੀ ਇਹ ਬੇਨਤੀ ਹੈ ਕਿ ਇਸ ਲੇਖ ਵਿਚ ਦਿੱਤੇ ਗਏ ਵਿਚਾਰ ਬਿਲਕੁਲ ਮੇਰੇ ਨਿੱਜੀ ਵਿਚਾਰ ਹਨ ਜੋ ਗ਼ਲਤ ਵੀ ਹੋ ਸਕਦੇ ਹਨ। ਕਿਸੇ ਦੇ ਦਿਲ ਨੂੰ ਠੇਸ ਪਹੁਂਚਾਉਣ ਦਾ ਮੇਰਾ ਕੋਈ ਇਰਾਦਾ ਨਹੀਂ। ਰੱਬ ਬਾਰੇ ਹਰੇਕ ਦੀ ਨਿੱਜੀ ਅਤੇ ਨਵੇਕਲੀ ਵਿਚਾਰਧਾਰਾ ਹੈ। ਬੇਸ਼ੱਕ ਸਾਰੀ ਸ੍ਰਿਸ਼ਟੀ ਦਾ ਰੱਬ ਕੇਵਲ ਇਕ ਹੀ ਹੈ ਪਰ ਉਸ ਦੇ ਕਈ ਅਲੱਗ ਅਲੱਗ ਨਾਮ ਹਨ। ਫਿਰ ਵੀ ਜੇ ਕੋਈ ਸਮਝੇ ਕਿ ਮੇਰੇ ਵਿਚਾਰ ਉਨ੍ਹਾਂ ਦੇ ਵਿਚਾਰਾਂ ਤੋਂ ਅਲੱਗ ਹਨ ਤਾਂ ਸਮਝ ਲਉ ਕਿ ਮੇਰਾ ਰੱਬ ਕੋਈ ਵੱਖਰਾ ਹੀ ਹੈ ਅਤੇ ਮੈਂ ਉਨ੍ਹਾਂ ਦੇ ਰੱਬ ਜਾਂ ਮਾਨਤਾ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਕਰ ਰਿਹਾ। ਇਸ ਲਈ ਕਿਸੇ ਉਲਝਣ ਜਾਂ ਵਿਵਾਦ ਵਿਚ ਨਾ ਪਿਆ ਜਾਏ।
ਜਦ ਤੋਂ ਇਸ ਧਰਤੀ ’ਤੇ ਮਨੁੱਖ ਦਾ ਜਨਮ ਹੋਇਆ ਹੈ ਉਦੋਂ ਤੋਂ ਹੀ ਉਸ ਦੇ ਮਨ ਅੰਦਰ ਰੱਬ ਨਾਮ ਦੀ ਇਕ ਹਸਤੀ ਪੈਦਾ ਹੋ ਗਈ ਹੈ। ਮਨੁੱਖ ਅੰਦਰ ਰੱਬ ਬਾਰੇ ਕੁਝ ਵਿਸ਼ਵਾਸ ਅਤੇ ਕੁਝ ਸ਼ੰਕੇ ਵੀ ਪੈਦਾ ਹੋਏ ਹੋਏ ਹਨ। ਧਾਰਮਿਕ ਲੋਕਾਂ ਨੇ ਰੱਬ ਦੀ ਹੋਂਦ ਨੂੰ ਸਾਬਤ ਕਰਨ ਲਈ  ਕੁਝ ਆਪਣੀਆਂ ਆਪਣੀਆਂ ਦਲੀਲਾਂ ਘੜੀਆਂ ਹੋਈਆਂ ਹਨ ਪਰ ਅੱਜ ਤੱਕ ਕੋਈ ਵੀ ਦਲੀਲ ਅੰਤਮ ਸੱਚ ’ਤੇ ਨਹੀਂ ਪਹੁੰਚ ਸਕੀ। ਇਸੇ ਲਈ ਰੱਬ ਦੀ ਹੋਂਦ ਦੀ ਬੁਝਾਰਤ ਹਾਲੀ ਤੱਕ ਕਾਇਮ ਹੈ। ਪੰਜਾਬੀ ਦਾ ਮਸ਼ਹੂਰ ਸ਼ਾਇਰ ਪ੍ਰੋਫੈਸਰ ਮੋਹਣ ਸਿੰਘ ਆਪਣੀ ਬਹੁਤ ਹੀ ਪਿਆਰੀ ਕਵਿਤਾ ਵਿਚ ਰੱਬ ਬਾਰੇ ਇਸ ਤਰ੍ਹਾਂ ਲਿਖਦਾ ਹੈ:
ਰੱਬ ਇਕ ਗੁੰਝਲਦਾਰ ਬੁਝਾਰਤ
ਰੱਬ ਇਕ ਗੋਰਖ ਧੰਧਾ 
ਖੋਲ੍ਹਣ ਲੱਗਿਆਂ ਪੇਚ ਏਸ ਦੇ
ਕਾਫ਼ਰ ਹੋ ਜਾਏ ਬੰਦਾ।
ਭਾਵ ਇਹ ਹੈ ਕਿ ਰੱਬ ਬਾਰੇ ਜਾਣਨਾ ਇਕ ਬਹੁਤ ਹੀ ਕਠਿਨ ਕੰਮ ਹੈ। ਰੱਬ ਬਾਰੇ ਵਿਚਾਰ ਕਰਦਾ ਹੋਇਆ ਬੰਦਾ ਏਨਾ ਉਲਝ ਜਾਂਦਾ ਹੈ ਕਿ ਉਹ ਇਸ ਦੀ ਥਾਹ ਨਹੀਂ ਪਾ ਸਕਦਾ। ਰੱਬ ਦੀ ਹੋਂਦ ਬਾਰੇ ਇਸ ਸਮੇਂ ਮੁੱਖ ਤੋਰ ਤੇ ਦੋ ਵਿਚਾਰਧਾਰਾਵਾਂ ਚੱਲ ਰਹੀਆਂ ਹਨ। ਇਹ ਵਿਚਾਰਧਾਰਾਵਾਂ ਹਨ ਆਸਤਿਕ ਤੇ ਦੂਜੀ ਨਾਸਤਿਕ। ਆਸਤਿਕ ਲੋਕ ਪੱਕੇ ਹੀ ਰੱਬ ਨੂੰ ਮੰਨਣ ਵਾਲੇ ਹਨ। ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਰੱਬ ਨਾਮ ਦੀ ਕੋਈ ਹਸਤੀ ਹੈ ਜੋ ਇਸ ਸਾਰੀ ਦੁਨੀਆਂ ਨੂੰ ਚਲਾ ਰਹੀ ਹੈ। ਦੂਜੇ ਪਾਸੇ ਨਾਸਤਿਕਾਂ ਦਾ ਧੜਾ ਹੈ ਜੋ ਮੰਨਦਾ ਹੈ ਕਿ ਕੋਈ ਰੱਬ ਰੁੱਬ ਨਹੀਂ ਹੈ। ਇਹ ਧਾਰਮਿਕ ਲੋਕਾਂ ਦਾ ਗ਼ਰੀਬਾਂ ਅਤੇ ਸਿੱਧੇ ਸਾਦੇ ਲੋਕਾਂ ਨੂੰ ਵਹਿਮਆਂ ਭਰਮਾਂ ਵਿਚ ਫਸਾ ਕੇ ਲੁੱਟਣ ਦਾ ਇਕ ਢੋਂਗ ਹੀ ਹੈ। ਦੋਵੇਂ ਧੜੇ ਆਪਣੇ ਵਿਚਾਰਾਂ ਨੂੰ ਸਾਬਤ ਕਰਨ ਲਈ ਜੋਰਦਾਰ ਦਲੀਲਾਂ ਵੀ ਦਿੰਦੇ ਹਨ।
ਆਸਤਿਕ ਲੋਕਾਂ ਦਾ ਪੱਕਾ ਯਕੀਨ ਹੈ ਕਿ ਇਸ ਸਾਰੀ ਸ੍ਰਿਸ਼ਟੀ ਨੂੰ ਰੱਬ ਨੇ ਹੀ ਬਣਾਇਆ ਹੈ ਅਤੇ ਉਹ ਹੀ ਇਸ ਨੂੰ ਕਿਸੇ ਨਿਯਮ ਨਾਲ ਚਲਾ ਰਿਹਾ ਹੈ। ਦੂਜੇ ਪਾਸੇ ਨਾਸਤਿਕ ਲੋਕਾਂ ਦੀ ਦਲੀਲ ਹੈ ਕਿ ਜੇ ਰੱਬ ਨੇ ਸ਼੍ਰਿਸ਼ਟੀ ਦੀ ਰਚਨਾ ਕੀਤੀ ਹੈ ਤਾਂ ਰੱਬ ਦੀ ਰਚਨਾ ਕਿਸ ਨੇ ਕੀਤੀ ਹੈ? ਇਸ ਦੇ ਉੱਤਰ ਵਿਚ ਆਸਤਿਕ ਲੋਕਾਂ ਦਾ ਮੰਨਣਾ ਹੈ ਕਿ ਰੱਬ ਨੇ ਖ਼ੁਦ ਹੀ ਆਪਣੇ ਆਪ ਦੀ ਰਚਨਾ ਕੀਤੀ ਹੈ ਪਰ ਇਹ ਦਲੀਲ ਨਾਸਤਿਕ ਲੋਕਾਂ ਦੀ ਕਸੌਟੀ ਤੇ ਪੂਰੀ ਨਹੀਂ ਉਤਰਦੀ।

ਇਕ ਗੱਲ ਤਾਂ ਮੰਨਣੀ ਪਵੇਗੀ ਕਿ ਧਰਮ (ਰੱਬ) ਗ਼ਰੀਬ ਅਤੇ ਦੁਖੀ ਬੰਦੇ ਲਈ ਅੰਨ੍ਹੇ ਦੀ ਡੰਗੋਰੀ ਦੀ ਤਰ੍ਹਾਂ ਸਹਾਰੇ ਦਾ ਕੰਮ ਕਰਦਾ ਹੈ। ਆਮ ਤੋਰ ਤੇ ਮਨੁੱਖ ਦੁੱਖ ਵਿਚ ਇਕੱਲ੍ਹਾ ਹੀ ਰਹਿ ਜਾਂਦਾ ਹੈ। ਔਖੇ ਵੇਲੇ ਸਭ ਸਾਥ ਛੱਡ ਜਾਂਦੇ ਹਨ। ਇਸ ਸਮੇਂ ਦੁਖੀ ਬੰਦੇ ਨੂੰ ਕੇਵਲ ਰੱਬ ਦਾ ਹੀ ਆਸਰਾ ਹੁੰਦਾ ਹੈ। ਇਸ ਸਬੰਧ ਵਿਚ ਪ੍ਰੋ. ਮੋਹਣ ਸਿੰਘ ਲਿਖਦਾ ਹੈ:

ਤੇਰੀ ਸੌਂਹ, ਰੋਣ ਦਾ ਮਜਾ ਹੀ ਨਹੀਂ,
ਪੂੰਝਣ ਵਾਲਾ ਜੇ ਕੋਲ ਨਾ ਹੋਵੇ ਕੋਈ।
ਨਾਸਤਿਕ ਲੋਕ ਪੁੱਛਦੇ ਹਨ ਕਿ ਰੱਬ ਦਿਸਦਾ ਕਿਉਂ ਨਹੀਂ? ਧਾਰਮਿਕ ਲੋਕਾਂ ਦਾ ਵਿਚਾਰ ਹੈ ਕਿ ਰੱਬ ਕੋਈ ਐਂਵੇ ਮਿਲਣ ਵਾਲੀ ਵਸਤੂ ਨਹੀਂ। ਰੱਬ ਕੋਈ ਜੰਗਲਾਂ ਬੇਲਿਆਂ ਵਿਚ ਨਹੀਂ ਵੱਸਦਾ। ਰੱਬ ਨੂੰ ਆਪਣੇ ਅੰਦਰੋਂ ਹੀ ਖੋਜਣਾ ਪੈਂਦਾ ਹੈ। ਜਿਵੇਂ ਜੇ ਇਕ ਆਂਡੇ ਨੂੰ ਬਾਹਰ ਦੀ ਸ਼ਕਤੀ ਨਾਲ ਤੋੜਿਆ ਜਾਏ ਤਾਂ ਇਕ ਜ਼ਿੰਦਗੀ ਖ਼ਤਮ ਹੋ ਜਾਂਦੀ ਹੈ ਪਰ ਜੇ ਇਸ ਨੂੰ ਅੰਦਰਲੀ ਸ਼ਕਤੀ ਨਾਲ ਤੋੜਿਆ ਜਾਏ ਤਾਂ ਇਕ ਜ਼ਿੰਦਗੀ ਸ਼ੁਰੂ ਹੁੰਦੀ ਹੈ। ਇਸ ਲਈ ਪ੍ਰਮਾਤਮਾ ਨੂੰ ਆਪਣੇ ਅੰਦਰੋਂ ਹੀ ਖੋਜੋ ਤਾਂ ਹੀ ਤੁਹਨੂੰ ਪਤਾ ਚੱਲੇਗਾ ਕਿ ਰੱਬ ਹੈ। ਫਿਰ ਬੰਦਾ ਬੇਸ਼ੱਕ ਰੱਬ ਨੂੰ ਭੁੱਲ ਵੀ ਜਾਏ ਪਰ ਰੱਬ ਉਸਨੂੰ ਨਹੀਂ ਵਿਸਾਰਦਾ। ਇਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਫਰੀਦ ਜੀ ਫੁਰਮਾਉਂਦੇ ਹਨ:

ਫਰੀਦਾ ਪਿਛਲ ਰਾਤਿ ਨਾ ਜਾਗਿਓਹਿ
ਜੀਵਦੜੋ ਮੁਇਓਹਿ॥
ਜੇ ਤੈ ਰਬ ਵਿਸਾਰਿਆ 
ਤ ਰਬਿ ਨ ਵਿਸਰਿਓਹਿ॥                     ਅੰਗ 1383

ਰੱਬ ਦੀ ਹਸਤੀ ਅਤੇ ਵਡਿਆਈ ਸਭ ਮਨੁੱਖਾਂ ਤੋਂ ਉੱਚੀ ਹੈ। ਜਿਹੜੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਜਾਂ ਰੱਬ ਨੂੰ ਗਾਲ੍ਹਾਂ ਕੱਢਦੇ ਹਨ ਰੱਬ ਉੁਨ੍ਹਾਂ ਨੂੰ ਵੀ ਰੋਟੀ ਦਿੰਦਾ ਹੈ। ਉਹ ਕਿਸੇ ਨਾਲ ਕੋਈ ਵਿਤਕਰਾ ਜਾਂ ਭੇਦ ਭਾਵ ਨਹੀਂ ਕਰਦਾ।
ਪ੍ਰਮਾਤਮਾ ਕੇਵਲ ਇਕ ਸ਼ਬਦ ਹੀ ਨਹੀਂ ਇਹ ਸਭ ਸਮੱਸਿਆਵਾਂ ਦਾ ਹੱਲ ਵੀ ਹੈ।ਪ੍ਰਮਾਤਮਾ ਦਾ ਨਾਮ ਹੀ ਕਮਜ਼ੋਰ ਧਿਰ ਅੰਦਰ ਇਕ ਸ਼ਕਤੀ ਭਰਨ ਦੇ ਕੰਮ ਆਉਂਦਾ ਹੈ। ਫਿਰ ਅਸੰਭਵ ਕੰਮ ਵੀ ਸੰਭਵ ਹੋ ਜਾਂਦੇ ਹਨ। ਇਸੇ ਲਈ ਰੱਬ ਨੂੰ ਮੰਨਣ ਵਾਲੇ ਸਾਰੇ ਬੰਦੇ ਕੋਈ ਚੰਗਾ ਜਾਂ ਮੁਸ਼ਕਲ ਅਤੇ ਮਹਾਨ ਕੰਮ ਕਰਨ ਲੱਗੇ ਰੱਬ ਦਾ ਓਟ ਆਸਰਾ ਲੈ ਕੇ ਕਰਦੇ ਹਨ।ਉਨ੍ਹਾਂ ਦਾ ਵਿਸ਼ਵਾਸ ਹੁੰਦਾ ਹੈ ਕਿ ਇਸ ਤਰ੍ਹਾਂ ਪ੍ਰਮਾਤਮਾ ਵੀ ਹਰ ਸਮੇਂ ਉਨ੍ਹਾਂ ਦੇ ਅੰਗ ਸੰਗ ਹੁੰਦਾ ਹੈ। ਹਰ ਕੰਮ ਸਫ਼ਲਤਾ ਪੂਰਕ ਨੇਪਰੇ ਚੜਦਾ ਜਾਂਦਾ ਹੈ। ਦੇਖਿਆ ਗਿਆ ਹੈ ਕਿ ਔਖੇ ਸਮੇਂ ਰੱਬ ਨੂੰ ਨਾ ਮੰਨਣ ਵਾਲਿਆਂ ਨੂੰ ਵੀ ਰੱਬ ਚੇਤੇ ਆ ਹੀ ਜਾਂਦਾ ਹੈ। ਇੱਥੇ ਇਕ ਪਿਆਰੀ ਜਿਹੀ ਕਹਣੀ ਯਾਦ ਆ ਰਹੀ ਹੈ। ਇਕ ਵਾਰੀ ਦੋ ਰਾਜਿਆਂ ਵਿਚਕਾਰ ਜੰਗ ਛਿੜ ਗਈ। ਮੰਨ ਲਉ ਕਿ ਵੱਡੇ ਰਾਜੇ ਦਾ ਨਾਮ ਸਮਰਾਟ ਸੀ ਅਤੇ ਛੋਟੇ ਰਾਜੇ ਦਾ ਨਾਮ ਕੁਮਾਰ ਸੀ। ਸਮਰਾਟ ਕੋਲ ਫੋਜ ਬਹੁਤ ਜਿਆਦਾ ਸੀ।ਸੈਨਿਕ ਅਤੇ ਹੱਥਿਆਰ ਅਤੇ ਹੋਰ ਸਹੂਲਤਾਂ ਵੀ ਬਹੁਤ ਸਨ। ਦੂਜੇ ਪਾਸੇ ਕੁਮਾਰ ਕੋਲ ਫੌਜ ਬਹੁਤ ਘੱਟ ਸੀ ਅਤੇ ਜੰਗੀ ਹੱਥਿਆਰ ਵੀ ਘੱਟ ਹੀ ਸਨ। ਜਾਹਰ ਸੀ ਕਿ ਜਿੱਤ ਸਮਰਾਟ ਦੀ ਹੀ ਹੋਵੇਗੀ। ਕੁਮਾਰ ਅਤੇ ਉਸ ਦੇ ਸੈਨਿਕਾਂ ਨੂੰ ਸਾਹਮਣੇ ਕੰਧ ਤੇ ਲਿਖੀ ਆਪਣੀ ਹਾਰ ਨਜ਼ਰ ਆ ਰਹੀ ਸੀ। ਕੁਮਾਰ ਨੇ ਦਿਲ ਨਾ ਛੱਡਿਆ। ਉਹ ਆਪਣੇ ਸੈਨਿਕਾਂ ਵਿਚ ਇਕ ਨਵਾਂ ਜੋਸ਼ ਭਰਨਾ ਚਾਹੁੰਦਾ ਸੀ। ਉਸ ਨੇ ਆਪਣੇ ਸੈਨਿਕਾਂ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ-“ਮੇਰੇ ਬਹਾਦੁਰ ਸਾਥੀਓ ਅੱਜ ਸਾਡਾ ਮੁਕਾਬਲਾ ਜਾਲਮ ਰਾਜੇ ਨਾਲ ਹੈ। ਇਹ ਠੀਕ ਹੈ ਕਿ ਉਨ੍ਹਾਂ ਦੀ ਗਿਣਤੀ ਤੁਹਾਡੇ ਨਾਲੋਂ ਕਿਤੇ ਜਿਆਦਾ ਹੈ।ਉਨ੍ਹਾਂ ਕੋਲ ਹੱਥਿਆਰ ਵੀ ਅਧੁਨਿਕ ਹਨ।ਪਰ ਤੁਹਾਡੇ ਕੋਲ ਹੌਸਲਾ ਉਨ੍ਹਾਂ ਨਾਲੋਂ ਕਿਧਰੇ ਜਿਆਦਾ ਹੈ। ਤੁਸੀਂ ਉਨ੍ਹਾਂ ਨਾਲੋਂ ਕਿਧਰੇ ਬਹਾਦੁਰ ਹੋ।” ਸਾਰੇ ਸੈਨਿਕ ਹੈਰਾਨ ਹੋ ਕੇ ਕੁਮਾਰ ਵੱਲ ਦੇਖਣ ਲੱਗੇ। ਉਸ ਨੇ ਕੁਝ ਦੇਰ ਰੁਕ ਕੇ “ਕਿਹਾ ਇਸ ਤੋਂ ਇਲਾਵਾ ਤੁਹਾਡੇ ਕੋਲ ਉਨ੍ਹਾਂ ਕੋਲੋਂ ਇਕ ਅਗੰਮੀ ਤਾਕਤ ਉਨ੍ਹਾਂ ਨਾਲੋਂ ਕਿਧਰੇ ਜਿਆਦਾ ਹੈ। ਉਹ ਹੈ ਪ੍ਰਮਾਤਮਾ ਦੀ ਸ਼ਕਤੀ। ਜੇ ਤੁਹਾਨੂੰ ਨਹੀਂ ਯਕੀਨ ਤਾਂ ਚੱਲੋ ਅਸੀਂ ਹੁਣੇ ਜਾ ਕੇ ਪ੍ਰਮਾਤਮਾ ਕੋਲੋਂ ਪੁੱਛ ਹੀ ਲੈਂਦੇ ਹਾਂ। ਜੇ ਪ੍ਰਮਾਤਮਾ ਨੇ ਸਾਡੀ ਹਾਰ ਲਿਖੀ ਹੋਈ ਤਾਂ ਅਸੀਂ ਸਮਰਾਟ ਅੱਗੇ ਆਤਮ ਸਮਰਪਣ ਕਰ ਦਿਆਂਗੇ। ਜੇ ਸਾਡੀ ਕਿਸਮਤ ਵਿਚ ਜਿੱਤ ਹੋਰੀ ਤਾਂ ਅਸੀਂ ਜਾਲਮ ਦੁਸ਼ਮਣ ਨਾਲ ਲੜਾਂਗੇ ਅਤੇ ਜਿੱਤ ਪ੍ਰਾਪਤ ਕਰ ਕੇ ਛੱਡਾਂਗੇ।”
ਕੁਮਾਰ ਆਪਣੇ ਪੰਜ ਜਰਨੈਲਾਂ ਨਾਲ ਮੰਦਰ ਗਿਆ। ਸਿੱਕਾ ਉਛਾਲਿਆ ਗਿਆ। ਸਿੱਕਾ ਜਿੱਤ ਦਾ ਆਇਆ। ਸਾਰੇ ਸੈਨਿਕ ਖ਼ੁਸ਼ੀ ਨਾਲ ਝੂਮ  ਉੱਠੇ ਅਤੇ ਲਲਕਾਰੇ ਮਾਰਨ ਲੱਗੇ।। ਇਹ ਗੱਲ ਸਮਰਾਟ ਦੇ ਸੈਨਿਕਾਂ ਵਿਚ ਵੀ ਫੈਲ ਗਈ ਕਿ ਰੱਬ ਕੁਮਾਰ ਦੇ ਨਾਲ ਹੈ। ਉਨ੍ਹਾਂ ਦੇ ਹੌਸਲੇ ਪਸਤ ਹੋ ਗਏ।ਅਗਲੇ ਦਿਨ ਕੁਮਾਰ ਦੇ ਸੈਨਿਕ ਜਾਨ ਹੂਲ ਕੇ ਲੜੇ ਅਤੇ ਜੰਗ ਜਿੱਤ ਗਏ। ਸਮਰਾਟ ਨੂੰ ਕੈਦ ਕਰ ਲਿਆ ਗਿਆ। ਕੁਮਾਰ ਨੇ ਸਮਰਾਟ ਨੂੰ ਪੁੱਛਿਆ-“ਜਾਣਦੇ ਹੋ ਕਿ ਸਾਡੇ ਸੈਨਿਕ ਘੱਟ ਗਿਣਤੀ ਵਿਚ ਹੋਣ ਕਰ ਕੇ ਵੀ ਕਿਵੇਂ ਜੰਗ ਜਿੱਤ ਗਏ।” ਸਮਰਾਟ ਨੇ ਜੁਵਾਬ ਦਿੱਤਾ-“ਕਿਉਂਕਿ ਰੱਬ ਤੁਹਾਡੇ ਨਾਲ ਸੀ।” ਕੁਮਾਰ ਨੇ ਹੱਸ ਕੇ ਸਮਰਾਟ ਨੂੰ ਸਿੱਕਾ ਦਿਖਾਇਆ। ਸਿੱਕੇ ਦੇ ਦੋਵੇਂ ਪਾਸੇ ਇਕੋ ਜਿਹੇ ਹੀ ਸਨ। ਰੱਬ ਦਾ ਨਾਮ ਹੀ ਕੁਮਾਰ ਦੇ ਸੈਨਿਕਾਂ ਵਿਚ ਇਕ ਨਵਾਂ ਜੋਸ਼ ਭਰਨ ਲਈ ਕਾਫ਼ੀ ਸੀ।
ਪ੍ਰੋ. ਮੋਹਣ ਸਿੰਘ ਦਾ ਵਿਚਾਰ ਹੈ ਕਿ ਜੇ ਰੱਬ ਖ਼ੁਦ ਆਪ ਹੀ ਪ੍ਰਗਟ ਹੋ ਕੇ ਲੋਕਾਂ ਨੂੰ ਆਪਣੀ ਹੋਂਦ ਦਾ ਯਕੀਨ ਦੁਆ ਦੇਵੇ ਤਾਂ ਸਭ ਹੈਰਾਨ ਰਹਿ ਜਾਣ।ਉਹ ਆਪਣੀ ਕਵਿਤਾ ਦੇ ਅੰਤ ਵਿਚ ਲਿਖਦਾ ਹੈ:

ਜੇ ਤੂੰ ਮੂੰਹ ਤੋਂ ਜ਼ੁਲਫ਼ਾਂ ਹਟਾ ਦੇਵੇਂ, 
ਬਿਟ ਬਿਟ ਤੱਕਦਾ ਕੁਲ ਸੰਸਾਰ ਰਹਿ ਜਾਏ।
ਰਹਿ ਜਾਏ ਭਾਈ ਦੇ ਹੱਥ ਵਿਚ ਸੰਖ ਫੜਿਆ,
ਬਾਂਗ ਮੁੱਲਾ ਦੇ ਸੰਘ ਵਿਚਕਾਰ ਰਹਿ ਜਾਏ।
ਪੰਡਤ ਹੁਰਾਂ ਦਾ ਰਹਿ ਜਾਏ ਸੰਧੂਰ ਘੁਲਿਆ,
ਜਾਮ ਸੂਫ਼ੀ ਦਾ ਹੋਇਆ ਤਿਆਰ ਰਹਿ ਜਾਏ।
ਕਲਮ ਢਹਿ ਪਏ ਹੱਥੋਂ ਫ਼ਿਲਾਸਫ਼ਰ ਦੀ,
ਮੁਨਕਿਰ ਤੱਕਦਾ ਤੇਰੀ ਨੁਹਾਰ ਰਹਿ ਜਾਏ। 

ਅੱਜ ਕੱਲ੍ਹ ਭਾਰਤ ਵਿਚ ਬਹੁਤ ਸਾਰੇ ਬਾਬੇ ਬਣੇ ਫਿਰਦੇ ਹਨ। ਇਹ ਆਪਣੇ ਆਪ ਨੂੰ ਰੱਬ ਦੇ ਏਜੰਟ ਦੱਸਦੇ ਹਨ। ਉਹ ਤੁਹਾਨੂੰ ਸਵਰਗਾਂ ਵਿਚ ਪਹੁੰਚਾਉਣ ਦਾ ਅਤੇ ਰੱਬ ਨੂੰ ਮਿਲਾਨ ਦਾ ਦਾਅਵਾ ਕਰਦੇ ਹਨ ਪਰ ਇਹ ਦਾਅਵੇ ਤਾਂ ਫੌਕੇ ਹੀ ਨਿਕਲਦੇ ਹਨ। ਬਹੁਤੇ ਬਾਬੇ ਤਾਂ ਵਿਭਚਾਰੀ, ਪੈਸੇ ਦੇ ਠੱਗ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਫਸਾਉਣ ਵਾਲੇ ਹੀ ਸਾਬਤ ਹੁੰਦੇ ਹਨ। ਇਨ੍ਹਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਵੇਖਿਆ ਗਿਆ ਹੈ ਕਈ ਨਾਸਤਿਕ ਲੋਕ ਬਹੁਤ ਜਾਲਮ ਹੁੰਦੇ ਹਨ। ਉਹ ਵਿਭਚਾਰੀ ਹੁੰਦੇ ਹਨ ਅਤੇ ਲੋਕਾਂ ਦਾ ਖ਼ੂਨ ਚੂਸ ਕੇ ਉਨ੍ਹਾਂ ਨੂੰ  ਹਰ ਤਰ੍ਹਾਂ ਦੇ ਤਸੀਹੇ ਦਿੰਦੇ ਹਨ। ਉਹ ਰੱਬ ਨੂੰ ਅਤੇ ਮੌਤ ਨੂੰ ਭੁੱਲੇ ਹੁੰਦੇ ਹਨ। ਦੂਜੇ ਪਾਸੇ  ਕਈ ਨਾਸਤਿਕ ਲੋਕ ਬੇਸ਼ੱਕ ਰੱਬ ਨੂੰ ਨਹੀਂ ਮੰਨਦੇ ਪਰ ਉਹ ਆਪਣੇ ਅਸੂਲਾਂ ਦੇ ਬੜੇ ਪੱਕੇ ਹੁੰਦੇ ਹਨ। ਉਹ ਕਰਮ ਥਿਉਰੀ ਤੇ ਪੂਰਾ ਵਿਸ਼ਵਾਸ ਰੱਖਦੇ ਹਨ। ਉਹ ਵਹਿਮਾਂ ਭਰਮਾਂ ਨੂੰ ਬਿਲਕੁਲ ਨਹੀਂ ਮੰਨਦੇ। ਉਹ ਨਾਜ਼ੁਕ ਦਿਲ ਰੱਖਦੇ ਹਨ। ਗ਼ਰੀਬ ਗ਼ੁਰਬੇ ਦੀ ਮਦਦ ਕਰ ਕੇ ਉਨ੍ਹਾਂ ਨੂੰ ਅਥਾਹ ਖ਼ੁਸ਼ੀ ਮਿਲਦੀ ਹੈ। ਉਹ ਨਾ ਤਾਂ ਕਿਸੇ ਨਰਕ ਤੋਂ ਡਰਦੇ ਹਨ ਅਤੇ ਨਾ ਹੀ ਕੋਈ ਸਵਰਗ ਉਨ੍ਹਾਂ ਨੂੰ ਭਰਮਾਉਂਦਾ ਹੈ।
ਨਾਸਤਿਕ ਲੋਕਾਂ ਦਾ ਇਹ ਵੀ ਵਿਚਾਰ ਹੈ ਕਿ ਭਾਰਤ ਵਿਚ ਬਹੁਤ ਧਾਰਮਿਕ ਸਥਾਨ ਹਨ। ਇਨ੍ਹਾਂ ਨੇ ਬਹਤ ਕੀਮਤੀ ਜ਼ਮੀਨ ਦੱਬੀ ਹੋਈ ਹੈ। ਸਾਰੀ ਦੁਨੀਆਂ ਵਿਚ ਇਸ ਕਲਯੁੱਗ ਦੇ ਸਮੇਂ ਵਿਚ ਰੱਬ ਦੀ ਸਭ ਤੋਂ ਜ਼ਿਆਦਾ ਪੂਜਾ ਹੋ ਰਹੀ ਹੈ। ਸੰਖ ਵਜ ਰਹੇ ਹਨ ਅਤੇ ਘੜਿਆਲ ਖੜਕ ਰਹੇ ਹਨ। ਇਸ ਤੋਂ ਪਹਿਲਾਂ ਰੱਬ ਦੀ ਏਨੀ ਪੂਜਾ ਕਿਸੇ ਯੁੱਗ ਵਿਚ ਨਹੀਂ ਹੋਈ। ਇਸ ਹਿਸਾਬ ਸਿਰ ਤਾਂ ਹੁਣ ਇਹ ਦੁਨੀਆਂ ਸਵਰਗ ਬਣ ਜਾਣੀ ਚਾਹੀਦੀ ਹੈ। ਕੋਈ ਮਨੁੱਖ ਪ੍ਰੇਸ਼ਾਨ ਅਤੇ ਦੁਖੀ ਨਹੀਂ ਹੋਣਾ ਚਾਹੀਦਾ ਪਰ ਦੁਨੀਆਂ ਤਾਂ ਹਾਲੀ ਵੀ ਬਹੁਤ ਦੁਖੀ ਹੈ। ਗ਼ਰੀਬਮਾਰ, ਭ੍ਰਿਸ਼ਟਾਚਾਰ,ਮਿਲਾਵਟ, ਚੋਰੀ ਸੀਨਾ ਜੋਰੀ, ਗੁੰਡਾ ਗ਼ਰਦੀ, ਲੁੱਟਮਾਰ, ਬਲਾਤਕਾਰ ਅਤੇ ਭਰਾ ਮਾਰੂ ਜੰਗ ਦਾ ਜੋਰ ਹੈ। ਫਿਰ ਰੱਬ ਕਿਥੇ ਹੈ। ਏਨੇ ਜੁਲਮ ਦੇਖ ਕੇ ਵੀ ਜੇ ਰੱਬ ਸੁੱਤਾ ਹੀ ਪਿਆ ਹੈ ਤਾਂ ਫਿਰ ਉਹ ਕਾਹਦਾ ਰੱਬ ਹੈ? ਇੱਥੇ ਉੱਤਰ ਇਹ ਹੈ ਕਿ ਇਹ ਰੱਬ ਦੀ ਰਜਾ ਹੈ। ਉਹ ਬੰਦੇ ਦੇ ਮਾੜੇ ਕਰਮਾਂ ਦਾ ਫ਼ਲ ਉਸ ਨੂੰ ਦੇ ਰਿਹਾ ਹੈ।

ਸਾਡੀ ਸਾਇੰਸ ਪਦਾਰਥ ਨੂੰ ਹੀ ਮੰਨਦੀ ਹੈ। ਸਾਇੰਸ ਦਾ ਅਸੂਲ ਹੈ ਕਿ ਪਦਾਰਥ ਨੂੰ ਨਾ ਤਾਂ ਬਣਾਇਆ ਜਾ ਸਕਦਾ ਹੈ ਅਤੇ ਨਾ ਹੀ ਖ਼ਤਮ ਕੀਤਾ ਜਾ ਸਕਦਾ ਹੈ। ਹਾਂ ਕਿਸੇ ਪਦਾਰਥ ਨੂ ਰਸਾਇਨਿਕ ਕ੍ਰਿਆ ਦੁਆਰਾ ਦੂਜੇ ਪਦਾਰਥ ਵਿਚ ਬਦਲਿਆ ਜਾ ਸਕਦਾ ਹੈ। ਉਦਾਹਰਨ ਦੇ ਤੋਰ ਤੇ ਜੇ ਤੁਸੀਂ ਕਿਸੇ ਪਦਾਰਥ ਨੂੰ ਸਾੜ ਕੇ ਖ਼ਤਮ ਕਰਦੇ ਹੋ ਤਾਂ ਅਸਲ ਵਿਚ ਇਹ ਪਦਾਰਥ ਖ਼ਤਮ ਨਹੀਂ ਹੁੰਦਾ। ਉਹ ਕਾਰਬਨ ਡਾਇਆਕਸਾਈਡ ਅਤੇ ਹੋਰ ਗੈਸਾਂ ਵਿਚ ਬਦਲ ਜਾਂਦਾ ਹੈ।ਇਸੇ ਤਰ੍ਹਾਂ ਸਾਇੰਸਦਾਨਾ ਨੂੰ ਇਹ ਮੰਨਣਾ ਪੈਂਦਾ ਹੈ ਕਿ ਕਿਸੇ ਜੀਵ ਦੇ ਸਰੀਰ ਵਿਚ ਬਾਹਰਲੇ ਅਤੇ ਅੰਦਰਲੇ ਅੰਗਾਂ ਤੋਂ ਇਲਾਵਾ ਵੀ ਆਤਮਾ ਨਾਮ ਦੀ ਕੋਈ ਖਾਸ ਚੀਜ ਜਾਂ ਸ਼ਕਤੀ ਹੈ ਜੋ ਉਸ ਦੇ ਸਾਹਾਂ ਨੂੰ ਚੱਲਦੇ ਰੱਖਦੀ ਹੈ  ਅਤੇ ਜੀਵ ਨੂੰ ਜਿੰਦਾ ਰੱਖਦੀ ਹੈ।ਇਹ ਵਰਤਾਰਾ ਹੀ ਰੱਬ ਦੀ ਹੋਂਦ ਨੂੰ ਪ੍ਰਗਟ ਕਰਨ ਲਈ ਕਾਫੀ ਹੈ। ਇਹ ਹੀ ਕਾਰਨ ਹੈ ਕਿ ਵੱਡੇ ਵੱਡੇ ਸਾਇੰਸਦਾਨ ਵੀ ਰੱਬ ਦੀ ਹੋਂਦ ਨੂੰ ਮੰਨ ਕੇ ਉਸ ਦੀ ਸ਼ਕਤੀ ਅੱਗੇ ਸਿਰ ਝੁਕਾਉਂਦੇ ਹਨ। ਇਸ ਸ਼ਕਤੀ ਨੂੰ ਫਿਰ ਬੇਸ਼ੱਕ ਜੋ ਵੀ ਨਾਮ ਦੇ ਦਿਓ ਇਹ ਤੁਹਾਡੀ ਸੋਚ ਅਤੇ ਸ਼ਰਧਾ ਹੈ ਜਿਵੇਂ ਵਾਹਿਗੁਰੂ, ਰਾਮ, ਕ੍ਰਿਸ਼ਨ, ਈਸਾ ਮਸੀਹ, ਅੱਲ੍ਹਾ ਅਤੇ ਭਗਵਾਨ ਆਦਿ।ਜਦ ਕਿਸੇ ਮਰੀਜ ਦਾ ਅੰਤਿਮ ਸਮਾਂ ਆਉਂਦਾ ਹੈ ਤਾਂ ਡਾਕਟਰ ਵੀ ਘਰ ਵਾਲਿਆਂ ਨੂੰ ਕਹਿ ਦਿੰਦੇ ਹਨ ਕਿ ਹੁਣ ਪ੍ਰਮਾਤਮਾ ਅੱਗੇ ਅਰਦਾਸ ਕਰੋ। ਸ਼ਾਇਦ ਕੋਈ ਕ੍ਰਿਸ਼ਮਾ ਹੀ ਹੋ ਜਾਈ। ਇਹ ਵੀ ਰੱਬ ਦੀ ਹੋਂਦ ਨੂੰ ਮੰਨਣਾ ਹੀ ਹੈ। ਬੰਦੇ ਦੇ ਅੰਤ ਸਮਂੇ ਕੇਵਲ ਪ੍ਰਮਾਤਮਾ ਦਾ ਹੀ ਨਾਮ ਸਹਾਈ ਹੁੰਦਾ ਹੈ। ਫਿਰ ਜਮਾਂ ਦਾ ਵੀ ਡਰ ਨਹੀਂ ਲੱਗਦਾ।
ਮੇਰੇ ਕਈ ਪਾਠਕ ਮੈਨੂੰ ਸਿੱਧਾ ਸੁਆਲ ਕਰਦੇ ਹਨ ਕਿ ਕੀ ਤੁਸੀਂ ਰੱਬ ਨੂੰ ਮੰਨਦੇ ਹੋ ਜਾਂ ਨਹੀਂ? ਇੱਥੇ ਮੇਰਾ ਸਪਸ਼ਟ ਉੱਤਰ ਹੈ ਕਿ ਮੈਂ ਫ਼ਾਲਤੂ ਦੇ ਕਰਮ ਕਾਡਾਂ ਨੂੰ ਨਹੀਂ ਮੰਨਦਾ। ਮੈਂ ਇਸ ਨੂੰ ਸਮੇਂ, ਸ਼ਕਤੀ ਅਤੇ ਧਨ ਨੂੰ ਜਾਇਆ ਕਰਨਾ ਹੀ ਮੰਨਦਾ ਹਾਂ। ਇਸ ਲਈ ਕਈ ਲੋਕ ਮੈਨੂੰ ਨਸਤਿਕ ਹੀ ਸਮਝਦੇ ਹਨ। ਰੱਬ ਵਿਚ ਮੇਰਾ ਪੱਕਾ ਵਿਸ਼ਵਾਸ ਹੈ। ਮੈਂ ਕੁਦਰਤ ਵਿਚ ਹੀ ਕਾਦਰ ਦੇ ਦਰਸ਼ਨ ਕਰਦਾ ਹਾਂ। ਕਰਮ ਥਿਉਰੀ ਵਿਚ ਮੇਰਾ ਪੱਕਾ ਵਿਸ਼ਵਾਸ ਹੈ।  ਉਪਰੋਕਤ ਸਾਰੀ ਚਰਚਾ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਇਸ ਸ੍ਰਿਸ਼ਟੀ ਨੂੰ ਰਚਨ ਵਾਲਾ ਕੇਵਲ ਰੱਬ ਹੀ ਹੈ। ਉਹ ਆਪਣੀ ਮੌਜ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ। ਉਸ ਦੀ ਹੋਂਦ ਨੂੰ ਝੁਠਲਾਇਆ ਨਹੀਂ ਜਾ ਸਕਦਾ।