ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ
(ਖ਼ਬਰਸਾਰ)
ਕੈਲਗਰੀ: -- ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਬਹੁਤ ਹੀ ਵਿਲੱਖਣ , ਉਤਸ਼ਾਹ ਭਰਪੂਰ ਅਤੇ ਯਾਦਗਾਰੀ ਹੋ ਨਿੱਬੜੀ। ਕੈਲਗਰੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਸੀ ਕਿ ਕਿਸੇ ਸਭਾ ਨੂੰ ਮੇਅਰ ਸਾਹਿਬ ਦੇ ਦਫ਼ਤਰ ਵਿਚ ਮੀਟਿੰਗ ਕਰਨ ਦੀ ਇਜਾਜ਼ਤ ਮਿਲੀ ਹੋਵੇ। ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਅਤੇ ਕੋਆਰਡੀਨੇਟਰ ਸ੍ਰੀਮਤੀ ਗੁਰਚਰਨ ਕੌਰ ਥਿੰਦ ਦੀ ਅਗਵਾਈ ਵਿੱਚ ਸਾਰੀਆਂ ਭੈਣਾਂ ਜੈਨੇਸਸ ਸੈਂਟਰ ਤੋਂ ਬੱਸ ਰਾਹੀਂ ਡਾਊਨਟਾਊਨ ਸਿਟੀ ਹਾਲ ਮੇਅਰ ਸਾਹਿਬ ਦੇ ਦਫ਼ਤਰ ਪਹੁੰਚੀਆਂ।
ਸਭ ਤੋਂ ਪਹਿਲਾਂ ਗੁਰਚਰਨ ਥਿੰਦ ਨੇ ਸਾਰੀਆਂ ਭੈਣਾਂ ਨੂੰ ਜੀ ਆਇਆਂ ਆਖਿਆ ਅਤੇ ਸਭਾ ਦੀ ਕਾਰਵਾਈ ਸ਼ੁਰੂ ਕੀਤੀ।
ਵਿਸ਼ਾ ਮਾਹਿਰ ਸੁਖਵੰਤ ਕੌਰ ਪਰਮਾਰ ਨੇ ਐਨਰਜੀ ਸੇਵਿੰਗ ਤੇ ਇਕ ਜਾਣਕਾਰੀ ਭਰਪੂਰ ਲੈਕਚਰ ਦਿੱਤਾ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਮੂਲ ਵਾਸੀਆਂ ਦਾ ਧੰਨਵਾਦ ਕਰੀਏ ਜਿਨ੍ਹਾਂ ਦੀ ਧਰਤੀ ਤੇ ਅਸੀਂ ਆ ਕੇ ਵਸੇ ਹਾਂ। ਉਸ ਤੋਂ ਬਾਅਦ ਉਨ੍ਹਾਂ ਨੇ ਬਿਜਲੀ ਅਤੇ ਪਾਣੀ ਦੀ ਬੱਚਤ ਬਾਰੇ ਸਲਾਈਡ ਸ਼ੋਅ ਰਾਹੀਂ ਭੈਣਾਂ ਨੂੰ ਉਹ ਛੋਟੀਆਂ ਛੋਟੀਆਂ ਜੁਗਤਾਂ ਦੱਸੀਆਂ, ਜਿਨ੍ਹਾਂ ਰਾਹੀਂ ਵੱਧ ਤੋਂ ਵੱਧ ਬੱਚਤ ਕੀਤੀ ਜਾ ਸਕਦੀ ਹੈ। ਹਾਜ਼ਰੀਨ ਦੇ ਸੁਆਲਾਂ ਦੇ ਜੁਆਬ ਦੇਣ ਉਪਰੰਤ, ਉਹਨਾਂ ਨੇ ਸਭ ਨੂੰ ਐਨਰਜੀ ਸੇਵਿੰਗ ਗਿਫ਼ਟ ਵੀ ਵੰਡੇ।
ਪੰਜਾਬੀ ਕੈਲੀਗਰਾਫੀ ਦੀ ਮਾਹਿਰ, ਨੌਜਵਾਨ ਮੈਂਬਰ ਮਨਿੰਦਰ ਕੌਰ ਨੇ 'ਯਾਦਾਂ ਦਾ ਪਿਟਾਰਾ' ਨਾਲ ਗੇਮ ਸ਼ੁਰੂ ਕੀਤੀ। ਜਿਸ ਵਿੱਚ ਪੰਜਾਬੀ ਵਿਰਸੇ ਨਾਲ ਜੁੜੀਆਂ ਤਸਵੀਰਾਂ ਦੀਆਂ ਪਰਚੀਆਂ ਸਨ। ਉਸ ਵਿਚੋਂ ਪਰਚੀ ਕੱਢ ਕੇ ਉਸ ਉੱਤੇ ਬਣੇ ਚਿੱਤਰ ਅਨੁਸਾਰ, ਆਪਣੀਆਂ ਯਾਦਾਂ ਜਾਂ ਗੀਤ/ਬੋਲੀਆਂ ਸਾਂਝੀਆਂ ਕਰਨੀਆਂ ਸਨ। ਇਸ ਮੌਕੇ ਹੀ ਸ਼ਹਿਰ ਦੀ ਮੇਅਰ ਸ੍ਰੀਮਤੀ ਜਿਓਤੀ ਗੌਂਡੇਕ ਦੀ ਐਂਟਰੀ ਹੋਈ, ਜਿਸ ਦਾ ਸਭਾ ਵਲੋਂ ਫੁੱਲਾਂ ਦੇ ਗੁਲਦਸਤੇ ਨਾਲ ਸੁਆਗਤ ਕੀਤਾ ਗਿਆ। ਉਨ੍ਹਾਂ ਨੂੰ ਵੀ ਗੇਮ ਵਿੱਚ ਸ਼ਾਮਲ ਕੀਤਾ ਗਿਆ।ਉਨ੍ਹਾਂ ਨੂੰ ਪਰਾਂਦੇ ਦੀ ਪਰਚੀ ਨਿਕਲੀ। ਉਨ੍ਹਾਂ ਨੇ ਇਸ ਨਾਲ ਜੁੜੀ ਯਾਦ ਸਾਂਝੀ ਕਰਦਿਆਂ ਕਿਹਾ- ਕਿ ਮੇਰੇ ਵਾਲ ਬਹੁਤ ਲੰਮੇ ਹੁੰਦੇ ਸਨ, ਤੇ ਮੈਂ ਪਰਾਂਦਾ ਪਾਕੇ ਇਕ ਫੰਕਸ਼ਨ ਵਿੱਚ ਕਸ਼ਮੀਰਨ ਕੁੜੀ ਬਣੀ ਸੀ। ਠੀਕ ਉਸੇ ਸਮੇਂ ਵਾਰਡ ਨੰਬਰ 5 ਦੇ ਕੌਂਸਲਰ ਰਾਜ ਧਾਲੀਵਾਲ ਵੀ ਆ ਹਾਜ਼ਰ ਹੋਏ। ਉਨ੍ਹਾਂ ਨੂੰ ਸਾਗ ਅਤੇ ਮੱਕੀ ਦੀ ਰੋਟੀ ਦੀ ਪਰਚੀ ਨਿਕਲੀ। ਉਨ੍ਹਾਂ ਕਿਹਾ- ਆਇਆ ਮਹੀਨਾ ਮਾਘ। ਖਾਵਾਂਗੇ ਮੱਕੀ ਦੀ ਰੋਟੀ ਨਾਲ ਸਾਗ।
ਬਾਕੀ ਭੈਣਾਂ ਨੇ ਵੀ ਪਰਚੀਆਂ ਤੇ ਗੀਤ, ਬੋਲੀਆਂ ਅਤੇ ਗਿੱਧਾ ਪਾ ਕੇ ਖੂਬ ਰੰਗ ਬੰਨ੍ਹ ਦਿੱਤਾ।
ਗੇਮ ਖੇਡਣ ਤੋਂ ਬਾਅਦ, ਮੇਅਰ ਸਾਹਿਬਾਂ ਨੇ ਆਪਣੇ ਦਫਤਰ ਵਿਚਲੀ ਲਾਇਬ੍ਰੇਰੀ ਦਿਖਾਈ। ਸਾਰੀਆਂ ਭੈਣਾਂ ਨੇ ਮੇਅਰ ਜਿਓਤੀ ਗੌਂਡੇਕ ਅਤੇ ਕੌਂਸਲਰ ਰਾਜ ਧਾਲੀਵਾਲ ਜੀ ਨਾਲ ਫੋਟੋਆਂ ਕਰਵਾ ਕੇ ਯਾਦਾਂ ਆਪੋ ਆਪਣੇ ਫੋਨਾਂ ਵਿੱਚ ਕੈਦ ਕੀਤੀਆਂ।
ਗੁਰਨਾਮ ਕੌਰ