ਦੇਵ ਥਰੀਕਿਆਂ ਵਾਲੇ ਦਾ ਜਨਮ ਦਿਨ ਮਨਾਇਆ
(ਖ਼ਬਰਸਾਰ)
ਲੁਧਿਆਣਾ : ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਸਥਾਨਕ ਪੰਜਾਬੀ ਭਵਨ ਵਿਖੇ ਕੇਕ ਕੱਟ ਕੇ ਪੰਜਾਬੀ ਗੀਤਕਾਰੀ ਦੇ ਉਸਤਾਦ ਵਜੋਂ ਜਾਣੇ ਜਾਂਦੇ ਸਵ. ਹਰਦੇਵ ਦਿਲਗੀਰ ਉਰਫ਼ ਦੇਵ ਥਰੀਕਿਆਂ ਵਾਲੇ ਦਾ ਜਨਮ ਦਿਨ ਸੰਸਥਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋਰਵਿੰਦਰ ਸਿੰਘ ਭੱਠਲ, ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਮੌਜੂਦਾ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰਗਟ ਸਿੰਘ ਗਰੇਵਾਲ, ਡਾ. ਨਿਰਮਲ ਜੌੜਾ, ਅਮਰੀਕ ਸਿੰਘ ਤਲਵੰਡੀ, ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ ਅਤੇ ਅਮਰਜੀਤ ਸਿੰਘ ਟਿੱਕਾ ਸ਼ਾਮਲ ਹੋਏ। ਸਭ ਤੋਂ ਪਹਿਲਾਂ ਦੇਵ ਸਾਹਿਬ ਦੀ ਤਸਵੀਰ ਨਤਮਸਤਕ ਹੁੰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਗਿਆ। 'ਉੱਪਰੰਤ ਸੰਸਥਾ ਦੇ ਪ੍ਰਧਾਨ ਡਾ. ਕੋਚਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੇਵ ਥਰੀਕਿਆਂ ਵਾਲੇ ਦੀ ਬਹੁਪੱਖੀ ਸ਼ਖਸੀਅਤ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਗੀਤਾਂ ਵਿੱਚ ਪੰਜਾਬੀ ਲੋਕ ਧਾਰਾ ਅਤੇ ਸਭਿਆਚਾਰਕ ਵਿਰਾਸਤ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ। ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਵਾਲੇ ਨੇਕ ਤੇ ਹੱਸਮੁੱਖ ਇਨਸਾਨ ਸਨ। ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਕਿਹਾ ਕਿ ਉਸਤਾਦ ਅਤੇ ਸ਼ਗਿਰਦ ਦੇ ਰਿਸ਼ਤੇ ਨੂੰ ਪਿਓ-ਪੁੱਤ ਦੇ ਰਿਸ਼ਤੇ ਵਾਂਗ ਮਜਬੂਤੀ ਨਾਲ ਕਿਵੇਂ ਨਿਭਾਉਣਾ ਹੈ ਇਸ ਦੀ ਜਿਉਂਦੀ ਜਾਗਦੀ ਮਿਸਾਲ ਸਨ ਗੀਤਕਾਰ ਹਰਦੇਵ ਸਿੰਘ ਦਿਲਗੀਰ ਜਿਨ੍ਹਾਂ ਨੂੰ ਉਨ੍ਹਾਂ ਦੇ ਸ਼ਗਿਰਦ ਥਾਪੂ ਥਰੀਕੇ ਵਾਲਾ ਕਹਿ ਕੇ ਸਤਿਕਾਰ ਦਿੰਦੇ ਸਨ।
ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੇ ਦੇਵ ਥਰੀਕਿਆਂ ਵਾਲੇ ਨਾਲ ਬਿਤਾਏ ਪਲਾਂ ਨੂੰ ਚੇਤੇ ਕਰਦਿਆਂ ਗੀਤ ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਸੁਣਾ ਕੇ ਸਮੇਂ ਨੂੰ ਬੰਨ੍ਹਿਆ। ਪ੍ਰੋਫੈਸਰ ਭੱਠਲ, ਡਾਕਟਰ ਗੁਰਇਕਬਾਲ ਸਿੰਘ, ਅਮਰਜੀਤ ਸਿੰਘ ਟਿੱਕਾ ਅਤੇ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਨੇ ਸਾਂਝੇ ਤੌਰ ਤੇ ਕਿਹਾ ਕਿ ਦੇਵ ਥਰੀਕਿਆਂ ਵਾਲੇ ਦੀ ਪੰਜਾਬੀ ਮਾਂ ਬੋਲੀ ਪ੍ਰਤੀ ਸੁਹਿਰਦਤਾ ਨਾਲ ਦਿੱਤੀ ਗਈ ਵੱਡਮੁੱਲੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਨੈਸ਼ਨਲ ਅਵਾਰਡੀ ਅਮਰੀਕ ਸਿੰਘ ਤਲਵੰਡੀ ਨੇ ਖ਼ੂਬਸੂਰਤ ਕਾਵਿ ਚਿੱਤਰ ਨਾਲ ਦੇਵ ਥਰੀਕਿਆਂ ਵਾਲੇ ਦੀ ਵਡਿਆਈ ਕੀਤੀ। ਡਾ. ਨਿਰਮਲ ਜੋੜਾ ਅਤੇ ਪ੍ਰਗਟ ਸਿੰਘ ਗਰੇਵਾਲ ਨੇ ਦੇਵ ਥਰੀਕਿਆਂ ਵਾਲਾ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁਜੱਸਮਾ ਕਿਹਾ । ਸੰਸਥਾ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਸ਼ੇਰਪੁਰੀ ਜੋ ਦੇਵ ਸਾਹਿਬ ਦੇ ਸ਼ਗਿਰਦ ਵੀ ਹਨ। ਮੰਚ ਸੰਚਾਲਨ ਕਰਦਿਆਂ ਹੋਇਆਂ ਥਰੀਕਿਆਂ ਵਾਲੇ ਨਾਲ ਜੁੜੀਆਂ ਪਿਆਰੀਆਂ ਤੇ ਮਿੱਠੀਆਂ ਯਾਦਾਂ ਸਾਂਝੀਆਂ ਕਰਦੇ ਰਹੇ। ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਜਗਪਾਲ ਜੱਗਾ ਮਨਜੀਤ ਕੌਰ ਧੀਮਾਨ, ਰਣਜੀਤ ਸਿੰਘ ਗਰੇਵਾਲ, ਸੁਰਜੀਤ ਸਿੰਘ ਜੀਤ, ਇੰਦਰਜੀਤਪਾਲ ਕੌਰ, ਇੰਦਰਜੀਤ ਕੌਰ ਲੋਟੇ, ਗੁਰਦੇਵ ਸਿੰਘ ਨੇਵੀ, ਪੂਨਮ, ਦਲਜੀਤ ਸਿੰਘ ਬਾਗ਼ੀ,ਸੰਧੇ ਸੁਖਬੀਰ,ਸੋਮਨਾਥ ਭੱਟੀ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਕੇ ਸਾਧੂ ਸਿੰਘ, ਤਰਲੋਚਨ ਸਿੰਘ, ਨੇਤਰ ਸਿੰਘ ਮੁੱਤੋ, ਡਾ. ਜਸਪਾਲ ਸਿੰਘ, ਹਰਵਿੰਦਰ ਸਿੰਘ, ਸਤਵਿੰਦਰ ਸਿੰਘ ਥਰੀਕੇ ਅਤੇ ਲਖਬੀਰ ਸਿੰਘ ਆਦਿ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਵਾਹ ਵਾਹ ਖੱਟੀ।