ਪੰਜਾਬੀ ਸਾਹਿਤਕਾਰੀ ਦੀ ਚਮਤਕਾਰੀ ਪ੍ਰਤਿਭਾ - ( 5) (ਲੇਖ )

ਕ੍ਰਿਸ਼ਨ ਸਿੰਘ (ਪ੍ਰੋ)   

Email: krishansingh264c@gmail.com
Cell: 94639 89639
Address: 264-ਸੀ, ਰਾਜਗੁਰੂ ਨਗਰ
ਲੁਧਿਆਣਾ India 141012
ਕ੍ਰਿਸ਼ਨ ਸਿੰਘ (ਪ੍ਰੋ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਡਾਕਟਰ ਹਮਰਾਹੀ ਨੇ ਉੱਤਰੀ ਭਾਰਤ ਦੀ ਗੌਰਵਮਈ ਸੰਸਥਾ ਅਤੇ ਮਹਾਂ- ਨਗਰੀ ਚੇਤਨਾ- ਉਦਯੋਗਿਕ ਕ੍ਰਾਂਤੀ ਵਾਲੇ ਸ਼ਹਿਰ, ਲੁਧਿਆਣੇ ਦੇ ਸਰਕਾਰੀ ਕਾਲਜ ਵਿਖੇ ਲੱਗਭੱਗ  17 ਸਾਲ ਅਧਿਆਪਨ ਕਾਰਜ ਕੀਤਾ। ਇਸ ਸਮੇਂ ਦੌਰਾਨ ਉਹਨਾਂ ਦੇ ਸਹਿਯੋਗੀ ਹੋਣ ਵਜੋਂ ਮੈਂ ਖ਼ੁਦ ਵੀ ਦੇਖਿਆ,ਕਾਲਜ ਸਟਾਫ਼ ਦੀਆਂ ਮੀਟਿੰਗਾਂ ਜਾਂ ਕਾਲਜ ਦੇ ਆਮ ਸਮਾਗਮਾਂ ਵਿੱਚ ਉਸ ਨੇ ਕਦੀ ਵੀ ਦੂਜਿਆਂ ਦੇ ਸਾਹਮਣੇ ,ਆਪਣੀ ਵਿਦਵਤਾ ਜਾਂ ਮੌਲਿਕਤਾ ਦਾ ਵਿਖਾਵਾ ਨਹੀਂ ਸੀ ਕੀਤਾ , ਕਿੰਨੀਂ ਵੀ ਗੰਭੀਰ ਵਿਚਾਰ ਹੋਵੇ ਉਹ ਉਥੇ ਬਾਕੀ ਹਾਜ਼ਰ ਸਹਿਯੋਗੀਆਂ/ ਸਹਿਕਰਮੀਆਂ ਵਾਂਗ ਆਪਣੀ  ਸ਼ਾਇਰਾਨਾ ਮਸਤੀ ਵਿੱਚ ਰਹਿੰਦਾ। ਉਸ ਦਾ ਵਿਸ਼ੇਸ਼ ਕਾਰਨ ਇਹ ਵੀ ਕਿਹਾ ਜਾ ਸਕਦਾ ਸੀ ਕਿ ਪਤਾ ਨਹੀਂ ਉਸ ਦੇ ਮਨ ਮਸਤਿਕ ਅੰਦਰ ਐਨ ਇੱਕੋ ਸਮੇਂ,ਕਿੰਨੇ ਕੁ ਚੈਨਲਾਂ ਦੀ ਭਰਮਾਰ ਜਾਂ ਬੋਲਬਾਲਾ ਹੁੰਦਾ ਸੀ। ਇੱਥੋਂ ਤੱਕ ਜਦੋਂ ਸਾਲਾਨਾ ਖੇਡ ਸਮਾਰੋਹ / ਇਨਾਮ ਵੰਡ ਸਮਾਗਮ ਜਾਂ ਕਨਵੋਕੇਸ਼ਨ/ ਡਿਗਰੀ ਵੰਡ ਸਮਾਰੋਹ ਵੀ ਹੁੰਦਾ ਉਹ ਕਾਲਜ ਪ੍ਰਬੰਧਕਾਂ ਵੱਲੋਂ ਨਿਰਧਾਰਿਤ ਡਿਊਟੀ ਜ਼ਰੂਰ ਕਰਦੇ ਪਰੰਤੂ ਉਸ ਵਕਤ ਵੀ ਆਪਣੇ ਆਪ ਵਿੱਚ ਮਸਤ ਰਹਿੰਦੇ। ਜਦੋਂ ਕਿ ਪ੍ਰੋਫੈ਼ਸਰ ਕੰਵਰ ਰਣਬੀਰ ਸਿੰਘ ਵਰਗੇ ਕੁਝ ਪ੍ਰੋਫੈ਼ਸਰ - ਸਾਹਿਬਾਨ ਨੂੰ ਮਾਇਕ 'ਤੇ ਬੋਲਣ ਦਾ ਬੜਾ ਸ਼ੌਕ ਹੁੰਦਾ ਸੀ, ਉਹ ਕਿਸੇ ਨਾ ਕਿਸੇ ਢੰਗ ਨਾਲ ਆਪਣੀ ਵਾਰੀ ਲੈ ਹੀ ਲੈਂਦੇ। ---
            ---  ਪ੍ਰੋਫੈ਼ਸਰ ਬਲਜੀਤ ਸਿੰਘ (ਭੂਗੋਲ ਵਿਭਾਗ) ਅਤੇ ਪ੍ਰੋਫੈ਼ਸਰ ਜੀ. ਐੱਸ ਬਰਾੜਾ ਤਾਂ ਖ਼ੈਰ ਮੰਚ ਦੇ ਧਨੀ ਸਨ; ਕਾਲਜ ਦੇ ਸਮੂਹ ਕਰਮਚਾਰੀਆਂ/ ਅਧਿਕਾਰੀਆਂ/ ਵਿਦਿਆਰਥੀਆਂ ਨੂੰ, ਉਨ੍ਹਾਂ ਦੇ ਪਿਆਰੇ ਬੋਲ ਸੁਣਨ ਦੀ ਹਮੇਸ਼ਾਂ ਉਤਸੁਕਤਾ ਬਣੀ ਰਹਿੰਦੀ ਸੀ। ਜਦੋਂ ਉਹ ਭਾਸ਼ਨ ਪ੍ਰਤਿਯੋਗਤਾ ਲਈ ਜਗਤਾਰ ਸਿੰਘ ਸਿੱਧੂ ( ਪੰਜਾਬੀ ਟ੍ਰਿਬਿਊਨ) ਅਤੇ ਜਸਵੰਤ ਸੰਦੀਲਾ ( ਅਜੋਕੇ ਉੱਘੇ ਗੀਤਕਾਰ/ ਗਾਇਕ) ਨੂੰ ਮੰਚ ਤੋਂ ਸੱਦਾ ਦਿੰਦੇ ਤਾਂ ਸਮੁੱਚਾ ਸਟਾਫ਼ ਤੇ ਵਿਦਿਆਰਥੀਆਂ ਵਿੱਚ ਚੁੱਪ ਛਾ ਜਾਂਦੀ, ਕਾਲਜ ਹਾਲ ਵਿੱਚ ਬੈਠੇ ਸ੍ਰੋਤੇ ਅੱਸ਼- ਅੱਸ਼ ਕਰ ਉੱਠਦੇ - ਹੋਰ ਤੋਂ ਹੋਰ ਸਿਫਾਰਿਸ਼ਾਂ ਦੀਆਂ ਝੜੀਆਂ ਲੱਗ ਜਾਂਦੀਆਂ - ਆਈਟਮਾਂ ਸੰਪੰਨ ਹੋਣ ਤੋਂ ਬਾਅਦ ਵੀ ਕਾਲਜ ਹਾਲ ਤਾੜੀਆਂ ਨਾਲ ਗੂੰਜ ਉੱਠਦਾ -- ਅੱਜ ਵੀ ਉਹ ਨਿੱਘੀਆਂ ਯਾਦਾਂ ਜਿਉਂ ਦੀ ਤਿਉਂ,‌ਉਸੇ ਤਰ੍ਹਾਂ ਤਾਜ਼ੀਆਂ ਹਨ। ਜਦੋਂ ਵੀ ਕਦੇ ਕਿਸੇ ਬਾਹਰਲੇ ਕਾਲਜ ਤੋਂ ਉਪਰੋਕਤ ਪ੍ਰਤਿਯੋਗਿਤਾਵਾਂ ਲਈ ਕੋਈ ਸੱਦਾ- ਪੱਤਰ ਆਉਂਦਾ ਤਾਂ ਬਰਾੜਾ ਸਾਹਿਬ, ਉਨ੍ਹਾਂ ਵਿਭਿੰਨ ਆਈਟਮਾਂ ਦੇ ਕਲਾਕਾਰ ਵਿਦਿਆਰਥੀਆਂ ਲਈ ਹਮਰਾਹੀ ਸਾਹਿਬ ਨੂੰ ਪਹੁੰਚ ਕਰਦੇ। ਵਿਭਾਗ ਵਿੱਚ ਇਸ ਬਹਾਨੇ ਉਹ ਚਾਹ ਦਾ ਕੱਪ ਵੀ ਸਾਂਝਾ ਕਰ ਲੈਂਦੇ। ਇਹ ਕਹਿੰਦਿਆਂ ਚੰਗਾ ਲੱਗਦਾ ਕਿ ਪ੍ਰੋ.ਬਲਜੀਤ ਸਿੰਘ ਹੁਰਾਂ ਦੀ ਉਰਦੂ ਦੇ ਸ਼ੇਅਰਾਂ ਦੀ ਬਕਮਾਲ ਸ਼ੈਲੀ/ਸ਼ਬਦਾਵਲੀ ਇਕ ਵਾਰ ਤਾਂ ਰੰਗ ਬੰਨ੍ਹ ਦਿੰਦੀ ਸੀ। ---
            --- ਕਾਲਜ ਦੇ ਕੁਝ ਪ੍ਰਾਧਿਆਪਕਾਂ ਜਿਵੇਂ ਪ੍ਰੋ. ਨਰਿੰਦਰ ਕੁਮਾਰ ਕਾਲੀਆ, ਡਾ. ਸੁਰਿੰਦਰ ਸਿੰਘ ਨਰੂਲਾ ( ਦੋਨੋਂ ਅੰਗਰੇਜ਼ੀ ), ਡਾ. ਸਤੀਸ਼ ਕਾਂਤ ਡੀ.ਲਿੱਟ (ਹਿੰਦੀ), ਪ੍ਰੋ. ਦਿਲਾਵਰ ਸਿੰਘ ਪੰਨੂ ਆਦਿ ਨਾਲ ਉਸ ਦੀ ਦਿਲੋਂ ਮੁਹੱਬਤ ਸੀ।  ਪੰਜਾਬੀ ਨਾਵਲਕਾਰੀ ਦੇ ਖ਼ੇਤਰ ਵਿਸ਼ੇਸ਼ ਪਛਾਣ ਬਣਾਉਣ ਵਾਲੇ ਅਤੇ ਯਥਾਰਥਵਾਦੀ ਨਾਵਲ ਦੇ ਮੋਢੀ ( ਪਿਓ ਪੁੱਤਰ)ਡਾ.ਸੁਰਿੰਦਰ ਸਿੰਘ ਨਰੂਲਾ ਹੁਰਾਂ ਦੇ ਨਾਲ ਬਤੌਰ ਸਹਿਕਰਮੀ ਹੀ ਨਹੀਂ,ਉਹਨਾਂ ਦੀ ਸਾਹਿਤਕਾਰੀ ਵਾਲੀ ਕਰੀਬੀ ਸਾਂਝ ਵੀ ਸੀ, ਇਸੇ ਕਾਰਨ ਹੀ ਜਿਵੇਂ ਉਹਨਾਂ ਦੱਸਿਆ ਸੀ ਕਿ ਨਰੂਲਾ ਸਾਹਿਬ ਅਤੇ ਪ੍ਰੋ. ਨਰਿੰਦਰ ਕਾਲੀਆ ਨੇ ਉਹਨਾਂ ਦੀ ਮਕਬੂਲ ਰਚਨਾ ' ਅੱਟਣਾ ਦੀ ਗਾਥਾ ' ਦਾ ਅੰਗਰੇਜ਼ੀ ਉਲੱਥਾ ਵੀ ਕੀਤਾ ਹੈ ; ਜਿਸ ਦੇ ਸਿੱਟੇ ਵਜੋਂ ਇਸ ਰਚਨਾ ਨੇ ਪੰਜਾਬੀ ਤੋਂ ਇਲਾਵਾ ਹੋਰ ਵੱਖ- ਵੱਖ ਭਾਸ਼ਾਵਾਂ/ ਸੱਭਿਆਚਾਰਾਂ ਦੇ ਵਿਦਵਾਨਾਂ ਤੱਕ ਰਸਾਈ ਕੀਤੀ; ਕਿਸੇ ਵੀ ਭਾਸ਼ਾ ਵਿੱਚ ਅਜਿਹਾ ਕੁੱਝ ਹੋਣਾ ਸੰਬੰਧਿਤ ਭਾਸ਼ਾ ਦੀ ਅਮੀਰੀ ਹੁੰਦੀ ਹੈ। ਫ਼ਖ਼ਰ ਵਾਲੀ ਗੱਲ ਤਾਂ ਇਹ ਹੈ ਕਿ ਉਹਨਾਂ ਦੇ ਸਹਿਕਰਮੀ ਡਾਕਟਰ ਸਤੀਸ਼ ਕਾਂਤ ਨੇ ਇਸ ਕਵਿਤਾ ਦਾ ਹਿੰਦੀ ਭਾਸ਼ਾ ਵਿੱਚ ਅਨੁਵਾਦ ਕੀਤਾ।ਡਾਕਟਰ ਹਮਰਾਹੀ ਦੀ ਇਹ ' ਅੱਟਣਾਂ ਦੀ ਗਾਥਾ ' ਰਚਨਾ ਵੀ ਆਧੁਨਿਕ ਪੰਜਾਬੀ ਕਵਿਤਾ ਦੀ ਮਾਣਯੋਗ ਪ੍ਰਾਪਤੀ ਹੈ। ----
            ---  ਪ੍ਰੋ. ਨਰਿੰਦਰ ਕਾਲੀਆ ਕਿਉਂਕਿ ਉਹ ਖ਼ੁਦ- ਬ- ਖ਼ੁਦ ਉਰਦੂ ਸ਼ਾਇਰੀ ਦੇ ਧੁਰ- ਅੰਦਰੋਂ ਆਸ਼ਕ ਸੀ- ਉਹ ਜਦੋਂ ਵੀ ਮੌਕੇ ਦੀ ਨਜ਼ਾਕਤ ਅਨੁਸਾਰ ਕੋਈ ਢੁੱਕਵਾਂ ਸ਼ੇਅਰ ਬੋਲਦੇ ਤਾਂ ਹਾਜ਼ਰੀਨ ਨੂੰ ਸਰਸ਼ਾਰ ਕਰ ਦਿੰਦੇ। ਡਾਕਟਰ ਹਮਰਾਹੀ, ਪ੍ਰੋ.ਕਾਲੀਆ ਦੀ ਇਸੇ ਕਾਵਿ- ਬਿਰਤੀ ਦਾ ਮੁਦੱਈ ਸੀ , ਉਹ ਦੋਨੋਂ ਅਕਸਰ ਹੀ ਕੰਟੀਨ ਵਿੱਚ ਬੈਠੇ ਤੇ ਚਾਹ ਪੀਂਦੇ- ਪੀਂਦੇ ਸ਼ਾਇਰੀ ਦਾ ਆਨੰਦ ਮਾਣਦੇ ਦਿਸਦੇ। ਕਾਲੀਆ ਸਾਹਿਬ ਸਿਗਰਟ ਪੀਣ ਦੇ ਸ਼ੌਕੀਨ ਸੀ, ਜਿਉਂ ਹੀ ਉਹ ਸਿਗਰਟ ਦਾ ਕਸ਼ ਲਾਉਂਦੇ ---  ਆਪਣੇ ਗਲੇ ਨੂੰ ਸਾਫ਼ ਕਰਦੇ - ਕਰਦੇ ਇੱਕ ਨਵਾਂ ਸ਼ੇਅਰ ਰੂਬਰੂ ਕਰ ਦਿੰਦੇ। ਇਹ ਉਹਨਾਂ ਦੀ ਯਾਦਾਸ਼ਤ ਦਾ ਕਮਾਲ ਸੀ। ਉਹਨਾਂ ਦੀ ਖ਼ਾਸੀਅਤ ਇਹ ਵੀ ਸੀ ਕਿ ਉਹ ਕਿਉਂਕਿ ਕਾਲਜ ਸਟਾਫ਼ ਯੂਨੀਅਨ ਵਿੱਚ ਸਰਗਰਮ ਰਹਿੰਦੇ ਸਨ, ਇਸ ਲਈ ਸ਼ੇਅਰਾਂ ਦਾ ਰਾਜਨੀਤੀਕਰਨ ਕਰਨ ਦੀ ਉਹਨਾਂ ਦੀ ਕਲਾ, ਸਮੁੱਚੇ ਸਟਾਫ਼ ਨੂੰ ਬੜਾ ਪ੍ਰਭਾਵਿਤ ਕਰਦੀ ਸੀ। --- ਇਹ ਮੇਰੀ ਬਦਨਸੀਬੀ ਕਹਿ ਲਵੋ ਜਾਂ ਕਲਾਸ ਰੋਲ ਨੰਬਰ ਦੇ ਢੁੱਕਵੇਂ ਸੈਕਸ਼ਨ ਦੇ ਨਾ ਮਿਲਣ ਦੀ ਤਕਨੀਕੀ ਰੁਕਾਵਟ -- ਅਸਿੱਧੇ ਤੌਰ 'ਤੇ ਤਾਂ ਮੈਂ ਉਹਨਾਂ ਦਾ ਮੁਦੱਈ ਸੀ ਪਰ ਸਿੱਧੇ ਤੌਰ 'ਤੇ ਭਾਵੇਂ ਮੈਂ ਉਹਨਾਂ ਦਾ ਵਿਦਿਆਰਥੀ ਨਹੀਂ ਸੀ। ਮੇਰੇ ਹਮਜਮਾਤੀਆਂ ਤੋਂ ਸਾਹਮਣੇ ਪਿੱਪਲ ਹੇਠ ਬੈਠਿਆਂ- ਬੈਠਿਆਂ ਗੱਲਬਾਤ ਜਾਂ ਗੱਪਾਂ ਮਾਰਦਿਆਂ , ਅਧਿਆਪਨ ਜੁਗਤਾਂ ਬਾਰੇ ਉਹਨਾਂ ਦੀਆਂ ਜੋ ਤਰੋਤਾਜ਼ਾ ਕਨਸੋਆਂ ਮੈਨੂੰ ਮਿਲਦੀਆਂ, ਮੈਨੂੰ ਹਮੇਸ਼ਾਂ ਇਉਂ ਵੀ ਲੱਗਦਾ, ਕਿੰਨਾ ਚੰਗਾ ਹੁੰਦਾ ਜੇਕਰ ਮੈਂ ਵੀ ਉਹਨਾਂ ਦਾ ਵਿਦਿਆਰਥੀ ਹੁੰਦਾ! ਪਰ ਕਹਿ ਦੇਵਾਂ, ਜਦੋਂ ਕਰਮਸਰ ਕਾਲਜ ਰਾੜਾ ਸਾਹਿਬ ਤੋਂ ਤਬਦੀਲ ਹੋ ਕੇ ਸਰਕਾਰੀ ਕਾਲਜ ਲੁਧਿਆਣਾ ਵਿਖੇ ਹਾਜ਼ਰ ਹੋਇਆ ਤਾਂ ਮੇਰੀ ਮੁਲਾਕਾਤ ਜਦੋਂ ਪ੍ਰੋ. ਨਰਿੰਦਰ ਕਾਲੀਆ ਹੁਰਾਂ ਨਾਲ ਹੋਈ ਤਾਂ ਉਹਨਾਂ ਕੰਟੀਨ ਵਿੱਚ ਬੈਠਿਆਂ ਜੋ ਲਫ਼ਜ਼ ਮੇਰੇ ਨਾਲ ਸਾਂਝੇ ਕੀਤੇ,ਉਹ ਮੈਨੂੰ ਅਜੇ ਤੱਕ ਨਹੀਂ ਭੁੱਲੇ," ਕ੍ਰਿਸ਼ਨ ਸਿੰਘ! ਤੁਸੀਂ ਇਥੇ ਵਿਦਿਆਰਥੀ ਰਹੇ ਹੁਣ ਤੁਸੀਂ ਪ੍ਰੋਫੈ਼ਸਰ ਬਣ ਕੇ ਆਏ ਹੋ, ਇਕ ਗੱਲ ਯਾਦ ਰੱਖਿਓ, ਇਥੇ ਐਮ. ਏ ਦੀਆਂ ਕਲਾਸਾਂ ਵੀ ਹਨ, ਤੁਸੀਂ ਪਹਿਲੇ ਦੋ ਸਾਲ ਪੂਰੀ ਮਿਹਨਤ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣਾ, ਪਹਿਲੀ ਸੱਟੇ ਜਿਹੋ- ਜਿਹਾ ਤੁਹਾਡਾ ਇਮੇਜ਼ ਬਣ ਗਿਆ, ਉਹ ਸਾਰੀ ਉਮਰ ਤੁਹਾਡੇ ਨਾਂਅ ਨਾਲ ਜੁੜੇ ਰਹਿਣਾ - ਧਿਆਨ ਰੱਖਿਓ।"  ਉਹਨਾਂ ਦੇ ਪਿਆਰੇ ਤੇ ਹਮਦਰਦੀ ਵਾਲੇ ਬੋਲ ਸੁਣ ਕੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹ ਮੇਰੇ ਲਈ ਹਮੇਸ਼ਾਂ ਸਤਿਕਾਰ ਦੇ ਪਾਤਰ ਰਹੇ ਬਤੌਰ ਅੰਗਰੇਜ਼ੀ ਪ੍ਰਾਧਿਆਪਕ, ਉਹ ਮੰਚ ਦੇ ਧਨੀ ਸਨ,ਜਦੋਂ ਬੀ ਏ ਭਾਗ ਤੀਜਾ ਵਿੱਚ ਉਹ ਸ਼ੈਕਸਪੀਅਰ ਦਾ ਨਾਟਕ " ਜੂਲੀਅਸ ਸੀਜਰ ' ਪੜ੍ਹਾਉਂਦੇ ਤਾਂ ਨਾਟਕੀ ਸ਼ੈਲੀਗਤ ਅੰਦਾਜ਼ ਵਿੱਚ ਉਹ ਖ਼ੁਦ ਪਾਤਰ ਬਣੇ ਪ੍ਰਤੀਤ ਹੁੰਦੇ। ----
            ---- ਡਾਕਟਰ ਸਤੀਸ਼ ਕਾਂਤ ਆਪਣੇ ਖੋਜ- ਖ਼ੇਤਰ ਦੀਆਂ ਪ੍ਰਾਪਤੀਆਂ ਸਦਕਾ,ਸੰਸਾਰ ਪੱਧਰ ਦੀਆਂ ਪ੍ਰਚਲਿਤ/ ਮਕਬੂਲ ਆਲੋਚਨਾ ਪ੍ਰਣਾਲੀਆਂ ਦੇ ਗਿਆਨਵਾਨ ਸਨ। ਡਾਕਟਰ ਹਮਰਾਹੀ ਨੂੰ ਉਹ ਉਮਰ ਦੇ ਤਕਾਜ਼ੇ ਮੁਤਾਬਿਕ ਕਈ ਵਾਰ ਸਤਿਕਾਰ ਵਜੋਂ 'ਬਾਪੂ' ਕਹਿ ਕੇ ਬੁਲਾਉਂਦੇ ਅਤੇ ਪ੍ਰੋ਼. ਮਹਿੰਦਰ ਸਿੰਘ ਚੀਮਾ ਨੂੰ ਸਤਿਕਾਰ ਵਜੋਂ 'ਗੁਰੂਦੇਵ' ਕਹਿਣ ਦਾ ਮਾਣ ਹਾਸਲ ਕਰਦੇ। ਇਕ ਵਾਰ ਉਹਨਾਂ ਦੀ ਇੱਛਾ ਹੋਈ ਕਿ ਮੈਂ ਪੰਜਾਬੀ ਦੇ ਐਮ. ਏ ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਾਠਕ੍ਰਮ ਦੇ ਅੰਤਰਗਤ, ਆਲੋਚਨਾ ਪ੍ਰਣਾਲੀਆਂ 'ਤੇ ਇਕ ਭਾਸ਼ਨ ਦੇਵਾਂ। ਉਹਨਾਂ ਦੀ ਅਜਿਹੀ ਭਾਵਨਾ/ਇੱਛਾ ਨੂੰ ਸੁਣ ਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਮਹਿੰਦਰ ਸਿੰਘ ਚੀਮਾ ਜੀ ਹੱਸਦੇ- ਹੱਸਦੇ ਕਹਿਣ ਲੱਗੇ," ਕਾਂਤ! ਮੈਂ ਤੈਨੂੰ ਕਈ ਵਾਰ ਪਹਿਲਾਂ ਵੀ ਸੁਣਿਆ, ਹੈਂ ਤਾਂ ਤੂੰ ਬਹੁਤ ਪੜ੍ਹਿਆ ਲਿਖਿਆ ਪਰ ਤੂੰ ਪੜ੍ਹਾਉਂਦਾ ਘੱਟ ਏਂ ਪਰ ਪ੍ਰਭਾਵਿਤ ਬਹੁਤਾ ਕਰਦੈਂ। ਇਸ ਲਈ ----।" ਐਨਾ ਕੁ ਕਹਿ ਕੇ ਚੀਮਾ ਸਾਹਿਬ ਚੁੱਪ ਕਰ ਗਏ। ਉਧਰ ਚੀਮਾ ਸਾਹਿਬ ਦੀ ਵਿਅੰਗਮਈ ਹਕੀਕਤ ਸੁਣ ਕੇ,ਡਾ.ਕਾਂਤ ਦਾ ਹਾਸਾ ਨਹੀਂ ਸੀ ਰੁਕ ਰਿਹਾ। ਸਵਾਲ ਕੀ ਸੀ ਤੇ ਜਵਾਬ ਕੀ ਸੀ? ਵਿਦਵਾਨਾਂ ਦੀ ਭਾਸ਼ਾ ਵਿੱਚ ਹੀ ਰੁਲ਼ ਗਿਆ।---
            ---- ਡਾਕਟਰ ਸਤੀਸ਼ ਕਾਂਤ ਦੇ ਕਹਿਣ ਮੁਤਾਬਿਕ, " ਡਾਕਟਰ ਹਮਰਾਹੀ ਅਕਾਦਮਿਕ ਪੱਧਰ 'ਤੇ  ਜਦੋਂ ਕਦੇ/ਜੇ ਕਿਤੇ ਔਖੇ ਵਕਤ ਮੈਨੂੰ ਵੀ ਯਾਦ ਕਰਦੇ ਹਨ ਤਾਂ ਮੈਂ ਉਹਨਾਂ ਨੂੰ  ਹਮੇਸ਼ਾਂ ਸਹਿਯੋਗ ਦਿੰਦਾ ਹਾਂ, ਮੈਨੂੰ ਅੰਦਰੋਂ ਖ਼ੁਸ਼ੀ ਹੁੰਦੀ ਹੈ ਕਿ ਮੈਨੂੰ ਹਿੰਦੀ ਦੇ ਵਿਦਿਆਰਥੀਆਂ ਦੇ ਨਾਲ- ਨਾਲ,ਪੰਜਾਬੀ ਦੇ ਖੋਜਾਰਥੀਆਂ/ਵਿਦਿਆਰਥੀਆਂ ਦੀ ਰਹਿਨੁਮਾਈ ਕਰਨ ਦਾ ਵੀ ਮੌਕਾ ਮਿਲ ਰਿਹਾ ਹੈ।" ਅਫ਼ਸੋਸ ! ਉਨ੍ਹਾਂ ਦੋਹਾਂ ਪ੍ਰਾਧਿਆਪਕਾਂ ਦੀ ਉਹ ਅਕਾਦਮਿਕ ਪੀਡੀ ਸਾਂਝ ਭਾਵੇਂ ਛੇਤੀ ਹੀ ਦਮ ਤੋੜ ਗਈ ਪਰੰਤੂ ਉਨ੍ਹਾਂ ਦੀ ਸੰਵਾਦ ਰਚਾਉਣ ਦੀ ਬਿਰਤੀ ਮੇਰੇ ਚੇਤਿਆਂ ਵਿਚ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਪ੍ਰੋ. ਕਾਂਤ ਚੰਗੇਰੀ ਸਮਝ ਦੇ ਮਾਲਕ ਸਨ, ਮੈਨੂੰ ਉਹ ਹਮੇਸ਼ਾਂ ਕਹਿੰਦੇ," ਕ੍ਰਿਸ਼ਨ ਸਿੰਘ! ਗੁਰਬਾਣੀ ਸਿਧਾਂਤਾਂ ਨੂੰ ਸਮਕਾਲੀ ਪ੍ਰਸੰਗ ਅਨੁਸਾਰ ਡੀਕੋਡ ਕਰਨ ਦਾ ਤੇਰਾ ਅਧਿਐਨ ਬਾਕਮਾਲ ਹੈ। ਇਹੋ ਤੇਰੇ ਅਧਿਆਪਨ ਕਾਰਜ ਦੀ ਮੂਲ ਪਛਾਣ ਹੈ,ਇਸ ਨੂੰ ਨਿਰੰਤਰ ਕਾਇਮ ਰੱਖੀਂ। " ਮੈਂ ਹਮੇਸ਼ਾਂ ਉਹਨਾਂ ਦਾ ਧੰਨਵਾਦ ਕਰਨਾ ਅਤੇ ਇਉਂ ਕਹਿਣਾ " ਡਾਕਟਰ ਸਾਹਿਬ ਮੈਨੂੰ ਫ਼ਖ਼ਰ ਹੈ ਕਿ ਮੈਂ ਬਤੌਰ ਵਿਦਿਆਰਥੀ ਡਾਕਟਰ ਅਤਰ ਸਿੰਘ ਹੁਰਾਂ ਦੀ ਸੰਗਤ ਮਾਣੀ ਹੈ।" ਉਹਨਾਂ ਜਵਾਬ ਵਜੋਂ ਇਹੋ ਕਹਿਣਾ," ਡਾਕਟਰ ਅਤਰ ਸਿੰਘ ਹੁਰਾਂ ਦਾ ਕੋਈ ਬਦਲ ਨਹੀਂ। ਉਹਨਾਂ ਦੀ ਵਿਦਵਤਾ ਅੱਗੇ ਹਮੇਸ਼ਾਂ ਮੇਰਾ ਸਿਰ ਝੁਕਦੈ।" ਦੁੱਖਦਾਈ ਗੱਲ ਤਾਂ ਇਹ ਹੋਈ ਕਿ ਡਾਕਟਰ ਕਾਂਤ ਬਹੁਤ ਛੋਟੀ ਉਮਰ ਦਾ ਡੀ ਲਿੱਟ - ਪਰ ਪਰਮਾਤਮਾ ਦਾ ਹੁਕਮ, ਬਹੁਤ ਛੋਟੀ ਉਮਰ ਵਿੱਚ ਹੀ ਉਹ ਦਿਸਦੇ ਜਗਤ ਤੋਂ ਵਿਦਾ ਹੋ ਗਿਆ।---
               ----  ਪ੍ਰੋ. ਦਿਲਾਵਰ ਸਿੰਘ ਪੰਨੂ ਜੋ ਰਾਜਨੀਤੀ ਦਾ ਵਿਸ਼ਾ ਪੜ੍ਹਾਉਂਦੇ ਸਨ, ਉਹਨਾਂ ਦੀ ਸਦਾ ਬਹਾਰ - ਹਮੇਸ਼ਾਂ ਖ਼ੁਸ਼ ਰਹਿਣੀ ਸ਼ਖ਼ਸੀਅਤ/ ਤਬੀਅਤ ਦੀ ਖ਼ੂਬਸੂਰਤੀ ਇਹ ਸੀ, ਗੰਭੀਰ ਤੋਂ ਗੰਭੀਰ ਮੁੱਦਿਆਂ ਬਾਰੇ ਹੋ ਰਹੀ ਚਰਚਾ ਦਾ ਇਉਂ ਨਿਚੋੜ ਕੱਢਦੇ ਕਿ ਸਾਰਾ ਸਟਾਫ਼ ਉਹਨਾਂ ਦੇ ਮਜ਼ਾਕੀਆ ਲਹਿਜ਼ੇ 'ਤੇ ਦੰਗ ਰਹਿ ਜਾਂਦਾ। ਸਟਾਫ਼ ਦੇ ਸਰਕਾਰੀ ਪ੍ਰਬੰਧਕੀ ਢਾਂਚੇ/ ਨਿਯਮਾਂ/ ਰੂਲਜ਼ ਬਾਰੇ ਉਹ ਨਵੀਂ ਤੋਂ ਨਵੀਂ ਵਿਸਥਾਰਪੂਰਵਕ ਜਾਣਕਾਰੀ ਦਿੰਦੇ। ਭਾਵੇਂ ਪੰਜਾਬ ਸਰਕਾਰੀ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਅਤੇ ਕੇਂਦਰ ਦੇ ਕੌਮੀ ਪੱਧਰ ਦੇ ਫ਼ੈਸਲਿਆਂ ਦੀ ਜਾਣਕਾਰੀ ਪੱਖੋਂ ਪ੍ਰੋ਼. ਜੈਪਾਲ ਸਿੰਘ ਹੁਰਾਂ ਦਾ ਮੁਕਾਬਲਾ ਕਰਨਾ ਉਹਨਾਂ ਲਈ ਤਕਨੀਕੀ ਤੌਰ 'ਤੇ ਔਖਾ ਸੀ। ਮੈਨੂੰ ਇਕ ਦਿਨ ਪ੍ਰੋ਼. ਪੰਨੂੰ ਸਾਹਿਬ 'ਤੇ ਬੜੀ ਹੈਰਾਨੀ ਵੀ ਹੋਈ," ਕ੍ਰਿਸ਼ਨ ਸਿੰਘ! ਮੈਂ ਤੁਹਾਡੇ ( ਯਾਨਿ ਕਿ ਸਾਡੇ ਵਿਭਾਗ ਦੇ) ਡਾਕਟਰ ਹਮਰਾਹੀ ਦਾ ਹੋਰ ਤਾਂ ਬਹੁਤਾ ਕੁਝ ਨਹੀਂ ਪੜ੍ਹਿਆ ਨਾ ਹੀ ਕਈ ਵਾਰੀ ਸਮਝ ਹੀ ਲੱਗਦੀ ਹੈ ਪਰ ਯਾਰ! ਉਸ ਦੀ ਲੋਕਯਾਨਿਕ ਵਿਅੰਗਕਾਰੀ ਵਾਲੀ ਕਿਤਾਬ ਪੜ੍ਹ ਕੇ ਮੇਰੇ ਤਾਂ ਕਿਵਾੜ ਖੁੱਲ੍ਹ ਗਏ ! ਉਹਦੀ ਖੋਜ ਬੜੀ ਕਮਾਲ ਹੈ, ਅਸੀਂ ਤਾਂ ਪੰਜਾਬੀ ਵਾਲਿਆਂ ਨੂੰ ਕਈ ਵਾਰ ਆਮ ਪ੍ਰੋਫੈ਼ਸਰ ਹੀ ਮੰਨਦੇ ਆਂ। ਮੈਨੂੰ ਹੈਰਾਨੀ ਹੋਈ ਹੈ ਕਿ ਉਹਨੇ ਆਪਣੇ ਪਿੰਡਾਂ ਦੀਆਂ ਉਹ ਬੋਲੀਆਂ, ਅਖਾਣ, ਮੁਹਾਵਰੇ ਕਿਵੇਂ ਇਕੱਠੇ ਕੀਤੇ ਹੋਣਗੇ? "  ਪ੍ਰੋ. ਪੰਨੂ ਦੇ ਇਹ ਲਫ਼ਜ਼ ਸੁਣ ਕੇ ਮੈਨੂੰ ਬੜੀ ਖ਼ੁਸ਼ੀ ਹੋਈ ਅਤੇ ਮਨੋਂ- ਮਨੀਂ ਸੋਚਿਆ ਕਿ ਪੰਨੂ ਸਾਹਿਬ ! ਮਿਹਨਤ ਕਦੇ ਵੀ ਅਜਾਈਂ ਨਹੀਂ ਜਾਂਦੀ, ਉਹ ਇੱਕ ਨਾ ਇੱਕ ਦਿਨ ਰੰਗ ਜ਼ਰੂਰ ਲਿਆਉਂਦੀ ਹੈ।---
           ----  ਡਾਕਟਰ ਹਮਰਾਹੀ ਦੇ ਬਤੌਰ ਪ੍ਰਾਧਿਆਪਕ ਮਕਬੂਲ ਹੋਣ ਦਾ ਇਹੋ ਕਾਰਨ ਸੀ ਕਿ ਉਹਨਾਂ ਦੇ ਵਿਦਿਆਰਥੀ ਜਦੋਂ ਵਕਤ ਦੇ ਸਮਕਾਲੀ ਪ੍ਰਾਧਿਆਪਕਾਂ ਨਾਲ ਉਹਨਾਂ ਦਾ ਮੇਚਾ ਕਰਦੇ ਤਾਂ ਅਕਸਰ ਦਲਜੀਤ ਬਾਗ਼ੀ ਤੇ ਪਰਮਜੀਤ ਭੋਲੇ ਵਰਗੇ ਝੱਟ ਕਹਿ ਦਿੰਦੇ," ਡਾਕਟਰ ਹਮਰਾਹੀ ਤੋਂ ਕਲਾਸ ਵਿੱਚ ਪੜ੍ਹਿਆ ਵਿਦਿਆਰਥੀ- ਕਦੇ ਕਲਾਸ 'ਚੋਂ ਫੇਲ੍ਹ ਨਹੀਂ ਹੋ ਸਕਦਾ ਅਤੇ ਪ੍ਰੋ. ਮਹਿੰਦਰ ਸਿੰਘ ਚੀਮਾ ਤੋਂ ਪੜ੍ਹਿਆ- ਕਦੇ ਦੁਨੀਆਂਦਾਰੀ 'ਚੋਂ ਫਾਡੀ ਨਹੀਂ ਰਹਿ ਸਕਦਾ।"
             ----  ਇਹ ਅਕਾਰਨ ਨਹੀਂ ਸੀ, ਇਸ ਦਾ ਵਿਸ਼ੇਸ਼ ਕਾਰਨ ਇਹ ਸੀ ਕਿ ਦਸਵੀਂ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ, ਕੋਈ ਸ਼ੱਕ ਨਹੀਂ ਉਹਨਾਂ ਆਪਣੀ ਬਾਕੀ ਸਾਰੀ ਦੀ ਸਾਰੀ ਵਿੱਦਿਆ, ਖ਼ੁਦ ਆਪਣੇ ਨੋਟਿਸ ਤਿਆਰ ਕਰਕੇ ਜਾਂ ਉਧਾਰੇ ਲਏ ਨੋਟਿਸਾਂ ਦੇ ਸਹਾਰੇ ਗ੍ਰਹਿਣ ਕੀਤੀ ਹੋਵੇ ; ਵਿਅਕਤੀਗਤ ਤੌਰ 'ਤੇ ਬਤੌਰ ਪ੍ਰਾਧਿਆਪਕ,ਇਹ ਉਹਨਾਂ ਦੀ ਵੱਡਮੁੱਲੀ ਪ੍ਰਾਪਤੀ ਸੀ।ਅਧਿਐਨ ਤੇ ਅਧਿਆਪਨ ਦੀ ਇਹ ਜੁਗਤਿ ਉਹਨਾਂ ਆਪਣੇ ਅਮਲ ਵਜੋਂ ਤਾਅ ਉਮਰ ਨਿਭਾਈ। ਬਾਕੀ ਵਿਚਾਰ ਆਪਣਾ- ਆਪਣਾ ---- । ਖ਼ੁਦ ਕਿਤਾਬਾਂ ਦਾ ਅਧਿਐਨ ਕਰਕੇ ਪਹਿਲਾਂ ਆਪਣੇ ਨੋਟਿਸ ਤਿਆਰ ਕਰਨੇ ਅਤੇ ਫਿਰ ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਲਿਖਵਾਉਣੇ ।ਕੁਝ ਲੋਕ ਇਸ ਨੂੰ ਕਾਪੀਵਾਦ ਵੀ ਕਹਿ ਦਿੰਦੇ ਹਨ --- ਕਿਉਂਕਿ ਇਸ ਤਰ੍ਹਾਂ ਵਿਦਿਆਰਥੀਆਂ ਦੀ ਖ਼ੁਦ ਸੋਚਣ ਦੀ ਬਿਰਤੀ ਦੀ ਹੱਦਬੰਦੀ ਜ਼ਰੂਰ ਬਣ ਜਾਂਦੀ ਹੈ   --- ਉਹ ਵਿਦਿਆਰਥੀ ਐਨੇ ਸੁਸਤ ਹੋ ਜਾਂਦੇ ਹਨ ਕਿ ਉਹ ਆਦਤਨ ਕਈ ਵਾਰ ਪਾਠਕ੍ਰਮ ਜਾਂ ਕਲਾਸ ਲੈਕਚਰ ਤੋਂ ਇਲਾਵਾ ਹੋਰ ਕੁੱਝ ਪੜ੍ਹਨ ਨੂੰ ਪਹਿਲ ਨਹੀਂ ਦਿੰਦੇ। ਦੂਜੇ ਪਾਸੇ ਇਉਂ ਵੀ ਪ੍ਰਤੀਤ ਹੁੰਦਾ ਕਿ ਪ੍ਰਾਧਿਆਪਕ ਦਾ ਪੜ੍ਹਾਇਆ ਕਿੰਨਾ ਕੁ ਚਿਰ ਸਾਡੀ ਯਾਦਾਸ਼ਤ ਦਾ ਹਿੱਸਾ ਬਣਿਆ ਰਹਿ ਸਕਦਾ? ਇਹ ਵੀ ਵਿਚਾਰਨਯੋਗ ਨੁਕਤਾ ਹੈ --- ਜਾਂ ਕਲਾਸ ਵਿੱਚ ਨੋਟ ਕੀਤੇ ਪਹਿਲੂਆਂ ਦੀ ਬਾਅਦ ਵਿੱਚ ਕਿੰਨੀ ਕੁ ਵਿਆਖਿਆ ਹੋ ਸਕਦੀ ਹੈ ? ਇਹ ਵੀ ਤਾਂ ਵਿਦਿਆਰਥੀਆਂ ਦੀ ਵਿਅਕਤੀਗਤ ਲਿਆਕਤ 'ਤੇ ਨਿਰਭਰ ਕਰਦਾ ਹੈ। --- ਇਸ ਬਾਰੇ ਨਿੱਠ ਕੇ ਕਹਿਣਾ ਭਾਵੇਂ ਪੂਰੀ ਤਰ੍ਹਾਂ ਸੰਭਵ ਤਾਂ ਨਹੀਂ --- ਇਹ ਜ਼ਰੂਰ ਹੈ ਕਿ ਵਿਦਿਆਰਥੀਆਂ ਦੀ ਆਪਣੀ ਅਧਿਐਨ ਦੀ ਰੁਚੀ, ਇੱਕ  ਨਾ ਇੱਕ ਦਿਨ ਜ਼ਰੂਰ ਆਪਣਾ ਰੰਗ ਲਿਆਉਂਦੀ ਹੈ, ਅੱਗੋਂ ਉਹ ਰੁਚੀ ਆਪਣੇ ਵਿਸ਼ਾਗਤ ਪਰਿਪੇਖ ਵਜੋਂ ਨਾਂਹ- ਪੱਖੀ ਹੋਵੇ ਜਾਂ ਹਾਂਅ- ਪੱਖੀ। ----- ਮੈਨੂੰ  ਇਹ ਕਹਿਣ ਵਿੱਚ ਕੋਈ ਝਿਜਕ ਨਹੀਂ --ਡਾਕਟਰ ਹਮਰਾਹੀ ਦੀ ਨੋਟਿਸਾਂ ਤੋਂ ਲਿਖਵਾਉਣ ਦੀ ਇਹ ਜੁਗਤਿ ਆਮ ਵਿਦਿਆਰਥੀਆਂ ਲਈ ਹਮੇਸ਼ਾਂ ਲਾਹੇਵੰਦ ਰਹੀ - -। ਬਣੇ- ਬਣਾਏ ਨੋਟਿਸਾਂ ਦੀ ਕਾਰਗੁਜ਼ਾਰੀ ਬਾਰੇ ਤਾਂ ਇਉਂ ਜਾਣੋ ਜਿਵੇਂ ਅਸੀਂ ਆਮ ਭਾਸ਼ਾ ਵਿੱਚ ਕਹਿ ਦਿੰਦੇ ਹਾਂ ਕਿ ਬਣਿਆ- ਬਣਾਇਆ ਕੜਾਹ ਮਿਲ ਗਿਆ; ਅਜਿਹੇ ਮੌਕੇ ਨੂੰ ਛੇਤੀ ਕੀਤਿਆਂ ਖੁੰਝਾਉਂਦਾ ਵੀ ਕੌਣ ਹੈ ? ਡਾਕਟਰ ਸਾਹਿਬ ਤਾਂ ਕਈ ਵਾਰ ਸਮੇਂ ਦੀ ਘਾਟ ਕਾਰਨ ਅਤੇ ਵਿਦਿਆਰਥੀਆਂ ਦੇ ਹਿੱਤਾਂ ਕਾਰਨ ,ਘਰ ਦੇ ਕੰਮ ਵਾਂਗ ਕਹਿ ਦਿੰਦੇ ਕਿ ਇਹ ਮੇਰੇ ਹੱਥ- ਲਿਖਤ ਨੋਟਿਸ ਲੈ ਜਾਓ, ਕੋਈ ਗੱਲ ਨਹੀਂ ਤੁਸੀਂ ਘਰੋਂ ਲਿਖ ਲਿਆਇਓ। ---
             ---- ਇਹ ਵੀ ਦੱਸਣਾ ਬਣਦਾ ਹੈ ਕਿ ਇਕ ਵਾਰ ਅਸੀਂ ਸਰਕਾਰੀ ਕਾਲਜ ਇਸਤਰੀਆਂ, ਲੁਧਿਆਣਾ ਵਿਖੇ ਪਟਿਆਲਾ ਯੂਨੀਵਰਸਿਟੀ ਦੇ ਮਕਬੂਲ ਪ੍ਰੋਫੈ਼ਸਰ ਡਾਕਟਰ ਸਰਬਜਿੰਦਰ ਸਿੰਘ ਹੁਰਾਂ ਦਾ ਗੁਰਬਾਣੀ ਸਿਧਾਂਤਾਂ ਬਾਰੇ ਲੈਕਚਰ ਕਰਵਾਇਆ ---  ਉਹਨਾਂ ਕਿਸੇ ਵੀ ਕਾਪੀ ਕਾਗ਼ਜ਼ ਦਾ ਸਹਾਰਾ ਨਹੀਂ ਲਿਆ, ਸਾਰੇ ਦਾ ਸਾਰਾ ਲੈਕਚਰ ਜ਼ਬਾਨੀ ਪੇਸ਼ ਦਿੱਤਾ --- ਆਪਣੇ ਆਤਮ- ਵਿਸ਼ਵਾਸ ਅਤੇ ਸਿਧਾਂਤਕ ਸਮਝ ਦਾ ਪ੍ਰਗਟਾਵਾ ਕਰਦਿਆਂ,ਉਹਨਾਂ ਆਪਣੇ ਲੈਕਚਰ ਦੌਰਾਨ ਇਹ ਵੀ ਸਪੱਸ਼ਟ ਕੀਤਾ ਕਿ ਅਸੀਂ ਜਿੰਨ੍ਹਾਂ ਵਿਦਵਾਨ ਪ੍ਰਧਿਆਪਕਾਂ ਪਾਸੋਂ ਪੜ੍ਹੇ ਹਾਂ, ਉਹ ਸਾਨੂੰ ਖ਼ੁਦ ਜ਼ਬਾਨੀ ਪੜ੍ਹਾਉਂਦੇ ਰਹੇ,ਇਸ ਲਈ ਅਸੀਂ ਵੀ ਉਨ੍ਹਾਂ ਦੇ ਪਦ- ਚਿੰਨ੍ਹਾਂ 'ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ; ਉਹਨਾਂ ਚੱਲਦੇ- ਚੱਲਦੇ ਆਪਣੇ ਗੁਰੂਦੇਵ ਡਾਕਟਰ ਬਲਕਾਰ ਸਿੰਘ ਹੁਰਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ। ਕੁਝ ਵੀ ਹੋਵੇ ਡਾਕਟਰ ਹਮਰਾਹੀ ਸਾਹਿਬ ਦੀ ਚਿੱਟੇ ਦਿਨ ਵਰਗੀ ਵਿਦਵਤਾ/ ਅਧਿਆਪਨ ਜੁਗਤਿ ਬਾਰੇ ਕੋਈ ਸਵਾਲੀਆ ਚਿੰਨ੍ਹ ਲਾਉਣਾ, ਕਿਸੇ ਵੀ ਤਰ੍ਹਾਂ ਵਾਜ਼ਿਬ ਨਹੀਂ -- ਉਹਨਾਂ ਦੇ ਵਿਦਿਆਰਥੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ। ---
           ----  ਇਸ ਤਰ੍ਹਾਂ ਡਾਕਟਰ ਹਮਰਾਹੀ ਅਕਾਦਮਿਕ ਅਤੇ ਮਨੁੱਖੀ ਗੁਣਾਂ ਦੀ ਰੰਗੀਨ ਪਟਾਰੀ ਸੀ।ਸਮੇਂ ਦੇ ਵੱਖੋ - ਵੱਖਰੇ ਪੜਾਵਾਂ/ ਉਤਰਾਵਾਂ / ਚੜ੍ਹਾਵਾਂ ਨੂੰ ਪਾਰ ਕਰਨ ਲਈ, ਡਾਕਟਰ ਹਮਰਾਹੀ ਦੀਆਂ ਯਾਦਾਂ ਦੇ ਪੁਲ ਹੁਣ ਵੀ ਮਿੱਤਰ- ਪਿਆਰਿਆਂ ਦਾ ਸੰਗ- ਸਾਥ ਨਿਭਾਉਂਦੇ ਹਨ ; ਰੱਬ ਕਰੇ! ਵਗਦੇ ਪਾਣੀਆਂ ਦੀ ਤਰ੍ਹਾਂ ਇਹ ਨਿਰੰਤਰ ਚੱਲਦੇ ਰਹਿਣ। -- ਪਰਮਾਤਮਾ ਕਰੇ! ਇਹ ਯਾਦਾਂ ਹਮੇਸ਼ਾਂ ਸੁਖਾਵੀਆਂ ਹੋਣ।---
          ---- ਡਾਕਟਰ ਹਮਰਾਹੀ ਦੀ ਵਿਸ਼ੇਸ਼ ਖ਼ਾਸੀਅਤ ਇਹ ਵੀ ਸੀ ਕਿ ਉਸ ਦੀ ਸਿਰਜਣਾਤਮਿਕ ਤੇ ਆਲੋਚਨਾਤਮਿਕ ਬਿਰਤੀ ਸਾਮਾਂਨਤ੍ਰ ਰੂਪ ਵਿੱਚ ਆਪਣੀ ਕਿਰਿਆਸ਼ੀਲਤਾ ਦਾ ਇਜ਼ਹਾਰ ਕਰਦੀ ਸੀ। ਇੱਕ ਵਾਰ ਉਨ੍ਹਾਂ ਦੀ ਅਜਿਹੀ ਤ੍ਰੈਮੁਖੀ- ਚੇਤਨਾ ਦੇਖ ਕੇ ਮੈਂ ਬੜਾ ਹੈਰਾਨ ਵੀ ਹੋਇਆ, ਉਹਨਾਂ ਦੀ ਇੱਕ ਪੀ ਐੱਚ. ਡੀ ਦੀ ਵਿਦਿਆਰਥਣ- ਪੰਜਾਬੀ ਵਿਭਾਗ ਵਿਖੇ ਆਈ। ਉਸ ਦੇ ਆਉਣ ਤੋਂ ਥੋੜ੍ਹਾ ਸਮਾਂ ਬਾਅਦ ਡਾ. ਦਵਿੰਦਰਜੀਤ ਸਿੰਘ ( ਮਨੋ ਵਿਗਿਆਨ ਵਾਲੇ -  ਜੋ ਪਿਛੋਂ ਬਤੌਰ ਡਿਪਟੀ ਡਾਇਰੈਕਟਰ ਪੁਲਿਸ ਟਰੇਨਿੰਗ ਸਕੂਲ ਫ਼ਿਲੌਰ ਵਿਖੇ ਤਾਇਨਾਤ ਹੋਏ) ਆ ਗਏ ----  ਉਹ ਖੋਜ- ਵਿਦਿਆਰਥਣ ਸੂਫ਼ੀ- ਕਾਵਿ ਅਤੇ ਮਨੋਵਿਗਿਆਨ 'ਤੇ ਆਪਣਾ ਖੋਜ- ਨਿਬੰਧ ਲਿਖ ਰਹੀ ਸੀ। ਉਹ ਤਿੰਨੋਂ ਆਪਣੀਆਂ- ਆਪਣੀਆਂ ਕੁਰਸੀਆਂ 'ਤੇ ਬੜੇ ਸਾਵਧਾਨ ਹੋ ਕੇ ਬੈਠ ਗਏ। ਉਪਰੰਤ ਉਨ੍ਹਾਂ ਇਕ ਦੂਜੇ ਨਾਲ ਥੋੜ੍ਹਾ ਵਿਚਾਰ - ਵਟਾਂਦਰਾ ਕੀਤਾ। --- ਪਹਿਲਾਂ ਉਹ (ਵਿਦਿਆਰਥਣ ) ਸ਼ਾਹ ਹੁਸੈਨ ਦੀਆਂ ਕਾਫ਼ੀਆਂ ਪੜ੍ਹਦੀ, ਪਿਛੋਂ ਹਮਰਾਹੀ ਸਾਹਿਬ ਪੰਜਾਬੀ ਵਿੱਚ ਉਸ ਦੀ ਵਿਆਖਿਆ ਕਰਦੇ ਉਪਰੰਤ ਡਾ. ਡੀ. ਜੇ ਸਿੰਘ  ਵਿਸ਼ੇਸ਼ ਵਿਸ਼ਾ ਮਾਹਿਰ ਹੋਣ ਵਜੋਂ ਮਨੋਵਿਗਿਆਨਕ ਪਰਿਪੇਖ ਵਿੱਚ ਅੰਗਰੇਜ਼ੀ ਭਾਸ਼ਾ ਦੇ ਮਾਧਿਅਮ ਰਾਹੀਂ ਉਸ ਦਾ ਉਲੱਥਾ ਕਰਦੇ। ਇਨ੍ਹਾਂ ਤਿੰਨਾਂ ਦੇ ਅਨੂਠੇ ਆਪਸੀ ਤਾਲਮੇਲ ( Co-ordination) ਤੋਂ ਮੈਂ ਬੜਾ ਪ੍ਰਭਾਵਿਤ ਹੋਇਆ। ਇੱਕ ਸਬੱਬ ਵਜੋਂ ਖੋਜ ਕਾਰਜ ਦਾ ਅਜਿਹਾ ਨਮੂਨਾ ਮੈਂ ਜੀਵਨ ਵਿੱਚ ਪਹਿਲੀ ਵਾਰ ਦੇਖਿਆ ਸੀ। ਕੁਲ ਮਿਲਾ ਕੇ ਉਸ ਤ੍ਰਿਕੜੀ ਦਾ ਉਹ ਦ੍ਰਿਸ਼ ਦੇਖਣ ਤੋਂ ਬਾਅਦ ਮੈਨੂੰ ਪ੍ਰਤੀਤ ਹੋਇਆ ਕਿ ਗੰਭੀਰ ਖੋਜ ਕਾਰਜ ਨੂੰ ਸਹੀ ਢੰਗ ਨਾਲ ਨਿਭਾਉਂਣ ਲਈ ਓਨੀ ਹੀ ਗੰਭੀਰਤਾ ਵਾਲੇ ਖੋਜਕਾਰਾਂ/ ਖੋਜ ਔਜ਼ਾਰਾਂ ਦੀ ਲੋੜ ਹੁੰਦੀ ਹੈ ; ਡਾਕਟਰ ਹਮਰਾਹੀ ਇਸ ਪੱਖੋਂ ਬਤੌਰ ਨਿਗਰਾਨ ਆਪਣਾ ਪੂਰਾ ਤਾਣ ਲਾ ਰਹੇ ਸਨ। ਮੈਨੂੰ ਇਹ ਸਾਰਾ ਮਿਆਰੀ ਵੀ ਜਾਪਿਆ ਅਤੇ ਆਪਣੇ ਅਮਲ ਦੇ ਖੋਜ ਕਾਰਜ ਵਲੋਂ ਪੂਰੇ ਮਾਪਦੰਡਾਂ ਦਾ ਅਨੁਸਾਰੀ ਵੀ : ਦੋਸਤੋ ! ਅਜਿਹੀ ਲਗਨ ਤੇ ਦੀਰਘਦ੍ਰਿਸ਼ਟੀ ਦੇ ਮਾਲਕ ਸਨ - ਡਾਕਟਰ ਆਤਮ ਹਮਰਾਹੀ।
                                ( ਚੱਲਦਾ --- )