ਕਾਲ਼ੀ ਜ਼ੁਬਾਨ (ਮਿੰਨੀ ਕਹਾਣੀ)

ਮਨਜੀਤ ਸਿੰਘ ਬੱਧਣ   

Email: manjitsinghbadhan@gmail.com
Cell: +91 94176 35053
Address:
ਲੁਧਿਆਣਾ India
ਮਨਜੀਤ ਸਿੰਘ ਬੱਧਣ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੀਂਹ ਥੋੜਾ ਘਟਿਆ ਪਰ ਕਿਣ-ਮਿਣ ਜਾਰੀ ਸੀ। ਰੋਕੀ ਭੌਂਕ-ਭੌਂਕ ਕੇ ਜਾਂ ਵੱਖ-ਵੱਖ ਆਵਾਜ਼ਾਂ ਕੱਢ ਕੇ ਬਾਹਰ ਲਿਜਾਣ ਲਈ ਜ਼ਿੱਦ ਕਰ ਰਿਹਾ ਸੀ। ਸਵੇਰੇ ਅਤੇ ਸ਼ਾਮ ਦਿਨ ਵਿੱਚ ਦੋ ਵਾਰ ਇਸ ਨੂੰ ਬਾਹਰ ਲਿਜਾਣਾ ਹੀ ਪੈਂਦਾ ਹੈ। ਮੈਨੂੰ ਜੁੱਤੀ ਪਾਉਂਦਿਆਂ ਵੇਖ ਕੇ ਪੂਛ ਮਾਰਦਿਆਂ ਉੱਠ ਗਿਆ। ਸਾਡੇ ਘਰ ਦੇ ਮਗਰਲੇ ਪਾਸੇ ਖੇਤਾਂ ਨੂੰ ਚੀਰਦੀ ਹੋਈ ਰੇਲਵੇ ਲਾਈਨ ਗੁਜ਼ਰਦੀ ਹੈ। ਆਮ ਤੌਰ 'ਤੇ ਨੇੜੇ-ਤੇੜੇ ਖੁੱਲ੍ਹੀ ਜ਼ਗ੍ਹਾ ਵਿੱਚ ਹੀ ਉਸ ਨੂੰ ਘੁਮਾਇਆ ਜਾਂਦਾ ਹੈ। ਅੱਜ ਚਿੱਕੜ ਹੋਣ ਕਾਰਨ ਮੈਂ ਲਾਈਨ ਦੇ ਉੱਪਰ ਹੋ ਕੇ ਜਾਣਾ ਠੀਕ ਸਮਝਿਆ। ਜਿਸ ਜ਼ਗ੍ਹਾ ਤੋਂ ਰੇਲਵੇ ਲਾਈਨ ਪਾਰ ਕਰਨੀ ਸੀ ਉੱਥੇ ਰੇਲਵੇ ਲਾਈਨਾਂ ਗੱਡੀ ਆਉਣ ਸਮੇਂ ਕਈ ਵਾਰ ਪ੍ਰੈਸ਼ਰ ਨਾਲ ਜੁੜਦੀਆਂ ਅਤੇ ਖੁੱਲ੍ਹਦੀਆਂ ਹਨ। ਇਸ ਨਾਲ ਗੱਡੀ ਮੋੜ ਕੱਟ ਕੇ ਦੂਸਰੀ ਲਾਈਨ 'ਤੇ ਜਾਂਦੀ ਹੈ। ਕੁਝ ਫਿਲਮਾਂ ਵਿੱਚ ਵੀ ਅਜਿਹਾ ਦ੍ਰਿਸ਼ ਵਿਖਾਇਆ ਜਾਂਦਾ ਹੈ ਕਿ ਕਿਸੇ ਇਨਸਾਨ ਜਾਂ ਜਾਨਵਰ ਦਾ ਪੈਰ ਰੇਲਵੇ ਲਾਈਨ ਵਿੱਚ ਫਸ ਗਿਆ ਹੈ ਅਤੇ ਦੂਸਰੇ ਪਾਸਿਓਂ ਕੋਈ ਰੇਲ ਗੱਡੀ ਆਉਂਦੀ ਫਿਲਮਾਈ ਜਾਂਦੀ ਹੈ। ਮੈਂ ਰੋਕੀ ਨੂੰ ਲੈ ਕੇ ਦੂਸਰੇ ਪਾਸੇ ਵੱਲ ਹੋ ਗਿਆ।
ਮੈਂ ਸੋਚਿਆ ਕਿ ਮੈਨੂੰ ਤਾਂ ਇਸ ਦੀ ਜਾਣਕਾਰੀ ਹੈ ਤੇ ਲਾਈਨਾਂ ਦੇ ਵਿਚਾਲਿਓ ਜਾਂ ਇੱਕ ਪਾਸੇ ਹੋ ਕੇ ਲੰਘ ਜਾਵਾਂਗਾ ਪਰ ਰੋਕੀ ਦਾ ਕੀ ਪਤਾ। ਮਤਾਂ ਇਸ ਦਾ ਪੈਰ ਉਸ ਲਾਈਨ ਵਿੱਚ ਹੋਵੇ ਅਤੇ ਅਚਾਨਕ ਰੇਲ ਵਿਭਾਗ ਵੱਲੋਂ ਲਾਈਨਾਂ ਜੋੜਨ ਵਾਲਾ ਬਟਨ ਦੱਬ ਦਿੱਤਾ ਜਾਵੇ। ਬੜਾ ਦਰਦਨਾਕ ਭਾਣਾ ਵਾਪਰ ਸਕਦਾ ਹੈ। ਹਾਲੇ ਮੈਂ ਅਜਿਹਾ ਸੋਚਹੀ ਰਿਹਾ ਸੀ ਕਿ ਅਚਾਨਕ ਥੋੜੀ ਜਿਹੀ ਆਵਾਜ਼ ਨਾਲ ਰੇਲਵੇ ਲਾਈਨਾਂ ਜੁੜ ਗਈਆਂ। ਮੈਂ ਡਰ ਗਿਆ ਅਤੇ ਸ਼ੁਕਰ ਕੀਤਾ ਕਿ ਸਾਡਾ ਬਚਾਅ ਹੋ ਗਿਆ। ਇਸ ਦੇ ਨਾਲ ਹੀ ਇੱਕ ਵਿਚਾਰ ਆਇਆ ਕਿ ਮੈਂ ਕਾਲੀ ਜ਼ੁਬਾਨ ਵਾਲਾ ਹਾਂ! ਇੱਧਰ ਗ਼ਲਤ ਸੋਚਿਆ ਤੇ ਉੱਧਰ ਵਾਪਰ ਗਿਆ। ਦੂਸਰੇ ਹੀ ਪਲ ਮੈਂ ਖ਼ੁਸ਼ ਹੋ ਗਿਆ ਕਿ ਮੈਂ ਕਿਹੜਾ ਕਿਸੇ ਨੂੰ ਬੋਲ ਕੇ ਦੱਸਿਆ ਹੈ, ਮੇਰੀ ਜ਼ੁਬਾਨ ਕਾਲ਼ੀ ਜ਼ੁਬਾਨ ਥੋੜ੍ਹਾ।