ਦੋ ਕੀਮਤਾਂ ‘ਚ ਪਿਸਦੇ ਸਮਾਜ ਦਾ ਬਿਰਤਾਂਤ- ਦਵਿੰਦਰ ਸਿੰਘ ਸੇਖਾ ਦਾ ਨਾਵਲ ਤੀਜੀ ਅਲਵਿਦਾ (ਆਲੋਚਨਾਤਮਕ ਲੇਖ )

ਸੁਰਜੀਤ ਬਰਾੜ (ਡਾ.)   

Address: ਘੋਲੀਆ ਕਲਾਂ
ਮੋਗਾ India
ਸੁਰਜੀਤ ਬਰਾੜ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


iਦਵਿੰਦਰ ਸਿੰਘ ਸੇਖਾ ਨੇ ਦੋ ਕਥਾ ਸੰਗ੍ਰਹਿ ਪ੍ਰਕਾਸਿਤ ਕਰਨ ਪਿਛੋਂ ਭਾਵ ਬਾਈ ਸਾਲ ਦੇ ਲੰਬੇ ਅਰਸੇ ਬਾਅਦ ਨਾਵਲ ਲਿਖਣਾ ਸ਼ੁਰੂ ਕੀਤਾ ਸੀ । ਉਸਦੇ ਦੂਜੇ ਨਾਵਲ ਪਹੁ-ਫੁਟਾਲਾ ਦਾ (1999'ਚ ਪ੍ਰਕਾਸ਼ਤ) ਸਾਹਿਤਕ ਹਲਕਿਆਂ 'ਚ ਕਾਫ਼ੀ ਜਿਕਰ ਹੋਇਆ ਸੀ। ਪਹੁ ਫੁਟਾਲਾ ਵੀ ਸਫਲਤਾ ਪਿੱਛੋਂ ਦਵਿੰਦਰ ਨੇ ਆਪਣਾ ਦੂਜਾ ਨਾਵਲ ‘ਤੀਜੀ ਅਲਵਿਦਾ' 2000 ਵਿੱਚ ਆਪਣੇ ਪਠਕ ਵਰਗ ਦੇ ਰੂ-ਬ-ਰੂ ਕੀਤਾ ਸੀ । ਦਵਿੰਦਰ ਦੇ ਪਹਿਲੇ ਨਾਵਲ ਵਿੱਚ ਮਾਨਵ ਦੇ ਅਵਚੇਤਨ ਦਾ ਹਿੱਸਾ ਸਾਮੰਤੀ ਸਮਾਜਕ- ਸਭਿਆਚਾਰਕ ਕਦਰਾਂ ਕੀਮਤਾਂ ਦੇ ਬਿਖਰਾਵ ਅਤੇ ਨਵੀਆਂ ਉਤਪੰਨ ਹੋ ਰਹੀਆਂ ਕੀਮਤਾਂ ਦਾ, ਲੋੜ ਅਨੁਸਾਰ ਚਿਤਰਨ ਊਪਲੱਭਧ ਹੈ । ਪਹੁ ਫ਼ੁਟਾਲਾ ਦਾ ਕਥਾਨਕ 1980 ਦੇ ਆਰ ਪਾਰ ਤੱਕ ਫੈਲਿਆ ਹੋਇਆ ਹੈ ਜਿਸ ਵਿੱਚ ਉਸ ਅੰਤਰਾਲ ਦਾ ਭਰਪੂਰ ਯਥਾਰਥ ਚਿਤਰਨ ਹੈ। 


ਦਵਿੰਦਰ ਸਿੰਘ ਸੇਖਾ ਨੇ ਤੀਜੀ ਅਲਵਿਦਾ ਨਾਵਲ ਨੂੰ ਸਮਾਜਕ ਨਾਵਲ ਦਾ ਨਾਮ ਦਿੱਤਾ ਗਿਆ ਹੈ ਪਰੰਤੂ ਇਹ ਨਾਵਲ ਸਮਾਜਕ ਹੀ ਨਹੀਂ ਸਗੋਂ ਪੇਂਡੂ ਆਰਥਕ, ਸਭਿਆਚਾਰਕ ਮੁੱਲਾਂ/ਪ੍ਰਤਿਮਾਨਾਂ ਦਾ ਇਕ ਮਿੰਨੀ ਦਸਤਾਵੇਜ ਹੈ। ਮੇਰੇ ਵਿਚਾਰ ਅਨੁਸਾਰ ਉਸ ਨਾਵਲ ਨੂੰ ਹੀ ਨਿੱਗਰ ਉਤਕ੍ਰਿਸ਼ਟ ਰਰਨਾ ਕਿਹਾ ਜਾ ਸਕਦਾ ਹੈ ਜਿਸ ਵਿੱਚ ਆਪਣੇ ਸਮਕਾਲੀ ਸਮਾਜ ਦੇ ਸਮਾਜਕ- ਆਰਥਕ- ਸਭਿਆਚਾਰਕ ਮੁੱਲਾਂ - ਪ੍ਰਤਿਮਾਨਾਂ ਦਾ ਪ੍ਰਜਟਾਵਾ ਹੋਏ, ਜਿਸ ਨਾਵਲ 'ਚ ਅਜਿਹਾ ਨਹੀਂ ਹੁੰਦਾ ਉਹ ਸਾਹਕਾਰ ਰਚਨਾ  ਨਹੀਂ ਕਹਾ ਸਕਦੀ। 'ਤੀਜੀ ਅਲਵਿਦਾ' ਨੂੰ ਮੈਂ ਭਾਵੇਂ ਸਾਹਕਾਰ ਰਚਨਾ ਦਾ ਦਰਜਾ ਨਾ ਦੇਵਾਂ ਕਿਉਂਕਿ ਇਸ ਵਿੱਚ ਪ੍ਰਸਤੁਤ ਮੁੱਲਾਂ ਪ੍ਰਤਿਮਾਨਾਂ ਦਾ ਮੋਟਾ ਖੁੱਲ੍ਹਾ ਅਤੇ ਸੰਖੇਪ ਵਰਨਣ ਹੈ ਪਰ ਫਿਰ ਵੀ ਨਾਵਲ ਦੇ ਪਾਠਗਤ ਮੁੱਲਅੰਕਣ ਉਪਰੰਤ ਜੋ ਵੀ ਪ੍ਰਾਪਤ ਹੁੰਦਾ ਹੈ ਉਹ ਮਾਰਮਿਕ ਹੈ।


ਪੰਜਾਬ ਚ ਸਠਵਿਆਂ ਤੋਂ ਪੂਰਵ ਪੇਂਡੂ ਧਰਾਤਲ ਤੇ ਪਿੰਡ ਇਕ ਪੂਰਨ ਇਕਾਈ ਹੁੰਦਾ ਸੀ ਪੰਜਾਬ ਦੇ ਪ੍ਰਤੇਕ ਪਿੰਡ ਵਿੱਚ ਸਾਮੰਤੀ ਕੀਮਤਾਂ- ਪ੍ਰਤਿਮਾਨਾਂ ਦੀ ਸਰਦਾਰੀ ਹੁੰਦੀ ਸੀ। ਇਨ੍ਹਾਂ ਕੀਮਤਾਂ ਪ੍ਰਤਿਮਾਨਾਂ ਨੂੰ ਤੋੜਣਾ ਇਕ ਅਸੰਭਵ ਕਾਰਜ ਸੀ ਜੇ ਕਰ ਕੋਈ ਅਜਿਹੀ ਭੁੱਲ ਕਰਨ ਲਈ ਜਤਨਸੀਲ ਹੁੰਦਾ ਤਾਂ ਉਸਨੂੰ ਸਜਾ ਦਾ ਭਾਗੀ ਹੋਣਾ ਪੈਦਾ ਸੀ। ਅਜਿਹੀ ਭੁੱਲ ਤੇ ਹਰ ਵਿਅਕਤੀ ਤੇ ਮਾਨਸਕ ਪੀੜਾ ਸਹਿਣ ਕਰਨੀ ਪੈਂਦੀ ਸੀ। ਪੂੰਜੀਵਾਦੀ ਪੈਦਾਵਾਰੀ ਸਾਧਨਾਂ ਦੇ ਵਿਕਸਤ ਅਤੇ ਤਬਦੀਲ ਹੋਣ ਨਾਲ ਸਾਡੀਆਂ ਸਨਾਤਨੀ ਕਦਰਾਂ ਕੀਮਤਾਂ ਲਿਬਰੇਜ ਭੂਪਵਾਦੀ ਸਰੰਚਨਾ ਟੁੱਟਣੀ ਪ੍ਰਾਰੰਭ ਹੁੰਦੀ ਹੈ ਅਤੇ ਇਹਨਾਂ ਪੁਗਤਨ- ਬੋਦੇ ਮੁੱਲਾਂ - ਪ੍ਰਤਿਮਾਨਾਂ ਦੇ ਸਥਾਨ ਤੇ ਨਵੀਨਤਮ ( ਬਲਗਰ ਅਤੇ ਸਿਹਤਮੰਦ ਦੋਨੋਂ) ਮੁੱਲ-ਪ੍ਰਤਿਮਾਨ ਸਥਾਪਤ ਹੋਣ ਲੱਗਦੇ ਹਨ । ਪੈਸੇ ਦੀ ਆਮਦ ਨਾਲ ਅਤੇ ਆਯਾਤਿਤ ਪੂੰਜੀਵਾਦੀ ਰੂਪ ਸਾਡੇ ਪੇਂਡੂ ਸਮਾਜ ਤੇ ਥੋਪਣ ਨਾਲ ਪਿੰਡ ਜੋ ਇਕ ਸੰਗਠਿਤ ਸਮਾਜਕ ਆਰਥਕ ਇਕਾਈ ਦਾ ਰੂਪ ਸੀ ਉਹ ਬਿਖਰਣੀ ਸੁਰੂ ਹੋ ਜਾਂਦੀ ਹੈ। ਫਲਸਰੂਪ ਪਿੰਡ ਪੱਧਰ ਤੇ ਉਤਪੰਨ ਹੋਈਆਂ ਲੋੜਾਂ ਅਨੁਸਾਰ ਉਪਜੀਵਕਾ ਦੀ ਥੋੜ ਹੋ ਜਾਂਦੀ ਹੈ। ਭਾਵ ਰੁਜਗਾਰ ਦੇ ਸੰਗੜਣ ਦੀ ਪ੍ਰਕਿਰਿਆ ਕਾਰਨ ਲੋਕਾਂ ਨੂੰ ਪਿੰਡ ਤੋਂ ਨਿਰਭਰਤਾ ਘਟਾ ਕੇ ਸ਼ਹਿਰਾਂ ਵੱਲ ਹਿਜਰਤ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਇਸੇ ਦੌਰਾਨ ਨਵੀਨਤਮ ਅਤੇ ਸਨਾਤਨੀ ਮੁੱਲਾਂ ਪ੍ਰਤਿਮਾਨਾਂ 'ਚ ਤਿੱਖੇ ਦਵੰਦ, ਤਨਾਅ ਵਿਆਪਣ ਕਾਰਨ ਅੰਤਰ ਪਰਿਵਾਰਕ ਝਗੜੇ ਉਤਪੰਨ ਹੋਣੇ ਸ਼ੁਰੂ ਹੁੰਦੇ ਹਨ। ਪਵਿੱਤਰ ਅਤੇ ਸਿਹਤਮੰਦ ਰਿਸ਼ਤਿਆਂ 'ਚ ਗੰਭੀਰ ਤਰੇੜਾਂ ਪੈਣੀਆਂ ਆਰੰਭ ਹੋ ਜਾਂਦੀਆਂ ਹਨ । ਸਿੱਟੇ ਵਜੋਂ, ਸੰਯੁਕਤ ਪਰਿਵਾਰ ਦੀ ਭੂਪਵਾਦੀ ਭਾਵਨਾ ਟੁੱਟਣ ਬਿਖਰਣ ਲਗਦੀ ਹੈ। ਪਰਸਪਰ ਪਰਿਵਾਰਕ ਪਿਆਰ ਸਨੇਹ ਸਾਂਝ ਸਹਿਯੋਗ ਇਤਫਾਕ ਹਾਸੀਏ ਤੇ ਚਲੇ ਜਾਂਦੇ ਹਨ। ਪੂੰਜੀਵਾਦ ਦੇ ਉਭਾਰ ਕਾਰਨ ਪੀੜ੍ਹੀ ਪਾੜੇ  ਦੀ ਦਰ 'ਰ ਤਿੱਖਾ ਵਾਧਾ ਹੁੰਦਾ ਹੈ । ਕਹਿਣ ਦਾ ਅਰਥ ਹੈ ਕਿ ਪੈਦਾਵਾਰੀ ਸਾਧਨਾਂ ਦੇ ਰੂਪ ਪਰੀਵਰਤਨ ਨਾਲ ਅਤੇ ਸਰਮਾਏ ਦੀ ਆਮਦ ਨਾਲ ਪੁਰਾਤਨ ਪੇਂਡੂ ਭਾਈਚਾਰਕ ਸੰਰਚਨਾ ਤਹਿਸ਼- ਨਹਿਸ਼ ਹੋਣ ਲਗਦੀ ਹੈ । ਸਮਾਜ ਚ ਤਾਂ ਕੀ ਇਕ ਪਰਿਵਾਰ ‘ਚ ਵੀ  ਸਾੜਾ - ਨਫਰਤ - ਈਰਖਾ - ਹਊਮੈ -ਇਕਲਾ-ਬੇਗਾਨਗੀ ਦੀ ਭਾਵਨਾ ਭਾਰੂ ਹੋਣ ਲੱਗਦੀ ਹੈ । ਘਰਾਂ `ਚ ਵੰਡੀਆਂ ਪੈਣ, ਅਤੇ ਕੰਧਾਂ ਉਸਰਣ ਲੱਗਦੀਆਂ ਹਨ। ਵਿਅਕਤੀਵਾਦੀ- ਨਿੱਜਵਾਦੀ- ਅਸਤਿਤੱਵ- ਵਾਦੀ ਅਤੇ ਸੰਵੇਦਨਹੀਣਤਾ - ਅਣਮਨੁਖਤਾ ਦਾ ਰੁਝਾਣ ਵਧਣ ਲੱਗਦਾ ਹੈ । ‘ਤੀਜੀ ਅਲਵਿਦਾ’ ਨਾਵਲ ਵਿਚ ਜਿਸ ਪਰਿਵਾਰ ਚ ਬੇਹੱਦ ਇਤਫਾਕ ਮੋਹ-ਪਿਆਰ ਹੁੰਦਾ ਹੈ, ਪਰਿਵਾਰ ਦੇ ਮੁਖੀ ਜੋਰਾ ਸਿੰਘ ਦੇ ਸਾਰਾ ਕੁਝ ਹੱਥ ਵਸ ਹੁੰਦਾ ਹੈ ਅਤੇ ਪ੍ਰਤੇਕ  ਮੈਂਬਰ ਉਸਦੇ ਕਹਿਣੇ ਵਿੱਚ ਹੁੰਦਾ ਹੈ। ਜੋਰਾ ਸਿੰਘ ਦਾ ਸੁਭਾਅ ਅਖੜ- ਗਰਮ ਹੋਣ ਦੇ ਬਾਵਜੂਦ ਸਾਰਾ ਪਰਿਵਾਰ ਪੂਰਾ ਸੁਖੀ ਪੂਰਾ ਜਲੌਅ ਵਿੱਚ ਹੁੰਦਾ ਹੈ । ਪਰਿਵਾਰ 'ਚ ਸਹਿਯੋਗ-ਇਤਫਾਕ- ਪਿਆਰ ਵੀ ਬਰਕਰਾਰ ਹੁੰਦਾ ਹੈ। ਜੋਰਾ ਸਿੰਘ ਦੀ ਅਗਲੀ ਪੀੜੀ ਤੋਂ ਭਾਵੇਂ ਪਰਿਵਾਰਕ ਟੁੱਟ ਭੱਜ ਆਰੰਭ ਹੋ ਜਾਂਦੀ ਹੈ ਪਰੰਤੂ ਕਰਤਾਰ ਸਿੰਘ ਨੂੰ ਛੱਡ ਕੇ ਦੂਜੇ ਭਰਾਵਾਂ 'ਚ ਇਤਫਾਕ -ਪਿਆਰ- ਸਾਂਝ-ਸਹਿਯੋਗ ਵਰਗੇ ਮੁੱਲ ਸਥਿਰ ਰਹਿੰਦੇ ਹਨ। ਦੂਜੀ ਪੀੜੀ ( ਬਲਦੇਵ ਸਿੰਘ, ਸੂਬਾ ਸਿੰਘ, ਸੁਖਦੇਵ ਸਿੰਘ, ਕਰਤਾਰ ਸਿੰਘ ) ਕੁਲਵੰਤ ਸਿੰਘ ਤੋਂ ਸੰਯੁਕਤ ਪਰਿਵਾਰ ਦਾ ਬਿਖਰਣਾ ਸ਼ੁਰੂ ਹੋ ਕੇ ਤੀਜੀ ਪੀੜ੍ਹੀ ਤੱਕ ਇਹ ਬਿਖਰਾਵ ਸਿਖਰ ਤੱਕ ਪੁੱਜ ਜਾਂਦਾ ਹੈ ਜੋ ਅਜੋਕਾ ਸੱਚ ਹੈ।  ਵਾਸਤਵ 'ਚ ਪ੍ਰਤੱਖ ਜਾਂ ਪਰੋਖ ਪੂੰਜੀਵਾਦੀ ਰਿਸ਼ਤੇ ਭਾਰੂ ਹੋਣ ਕਾਰਨ ਅਜਿਹਾ ਵਰਤਾਰਾ - ਸੰਤਾਪ ਵਿਆਪਦਾ ਹੈ । ਸ਼ੋ ਨਵੇਂ ਰਿਸ਼ਤਿਆਂ ਦੀ ਉਪਜ ਕਾਰਨ ਹੀ ਫੌਜ ‘ਚੋਂ ਰਿਜਰਵ ਪੈਨਸ਼ਨ ਆਏ ਕੁਲਵੰਤ ਸਿੰਘ ਨੂੰ ਆਪਣਾ ਰੂੜਗਾਰ ਚਲਾਉਣ ਲਈ ਕਈ ਬੰਦੇ ਕਾਰ ਲਈ ਮਜਬੂਰ ਹੋਣਾ ਪੈਂਦਾ ਹੈ। ਕਦੇ ਉਸਨੂੰ ਆਪਣਾ ਰੁਜਗਾਰ ਚਲਾਉਣ ਲਈ ਕਈ ਧੰਦੇ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਕਦੇ ਉਸ ਨੂੰ ਆਪਣਾ ਰੁਜਗਾਰ ਚਲਾਉਣ ਈ ਪਿੰਡ 'ਚ ਹੀ ਦੂਕਾਨਦਾਰੀ ਕਰਨੀ ਪੈਂਦੀ ਹੈ ਤੇ ਕਦੇ ਕਪੜੇ ਸਿਉਚ ਦਾ ਕੰਮ ਸਿੱਖਣ/ਕਰਨ ਲਈ ਬੀਕਾਨੇਰ ਜਾਣਾ ਪੈਦਾ ਹੈ ਪ੍ਰੰਤੂ ਜਦ ਓਸਨੂੰ ਇਹਨਾਂ ਕੰਮਾਂ 'ਚ ਅਸਫਲਤਾ ਮਿਲਦੀ ਹੈ ਤਾਂ ਉਹ ਚੰਗੇ ਰੁਜਗਾਰ ਦੀ ਤਲਾਸ਼ ‘ਚ ਲੁਧਿਆਣੇ ਹਿਜਰਤ ਕਰ ਜਾਂਦਾ ਹੈ। ਇਥੋਂ ਹੀ ਉਸਦੀਆਂ ਵਿਰਾਟ ਆਰਥਕ ਅਤੇ ਪਰਿਵਾਰਕ ਸਮੱਸਿਆਵਾਂ - ਗੁੰਝਲਾਂ ਦਾ ਆਰੰਭ ਹੁੰਦਾ ਹੈ । ਮਾੜੀ ਆਰਥਿਕਤਾ ਕਾਰਣ ਹੀ ਨਾਨਿਵਾਰਨਯੋਗ ਸਮੱਸਿਆਵਾਂ ਦੀ ਉਤਪਤੀ ਹੁੰਦੀ ਹੈ, ਇਹ ਇਕ ਸਰਵ ਪ੍ਰਵਾਨਤ ਵਰਤਾਰਾ ਹੈ। ਉਹ ਅਤੇ ਉਸਦੀ ਪਤਨੀ ਸਮਾਜਕ ਰੁਤਬੇ ਅਤੇ ਸਥਾਪਤੀ ਲਈ ਨਿਸਦਿਨ ਸਖਤ ਕਿਰਤ ਕਮਾਈ ਕਰਦੇ ਹਨ। ਜੋ ਨਵਾਂ ਢਾਂਚਾ ਅਤੇ ਸਥਿਤੀਆਂ ਪਠਸਥਿਤੀਆਂ ਉਸਰ ਰਹੀਆਂ ਹਨ ਉਹਨਾਂ ਨੂੰ ਬਦਲਣ ਤੋਂ ਅਸਮੱਰਥ ਹੈ। ਜਿਵੇਂ ਮਨੁਖ ਚਾਹੁੰਦਾ ਹੈ ਸੁਵੇਂ ਨਹੀਂ ਹੁੰਦਾ। ਸਿੱਟੇ ਵਜੋਂ ਉਸਨੂੰ ਸਥਿਤੀਆਂ - ਪ੍ਰਸਥਿਤੀਆਂ ਆਪਣੇ ਵਹਾ ‘ਚ ਵਹਾ ਕੇ ਲੈ ਜਾਂਦੀਆਂ ਹਨ । ਇਹੀ ਕਾਰਨ ਹੈ ਕਿ ਕੁਲਵੰਤ ਅਤੇ ਉਸਦੀ ਪਤਨੀ ਲੱਖ ਪ੍ਰਜਤਨ ਕਰਨ ਦੇ ਬਾਵਜੂਦ ਸਥਿਤੀਆਂ ਨੂੰ ਆਪਣੇ ਅਨੁਕੂਲ ਢਾਲ ਨਹੀਂ ਸਕਦੇ।  ਇਕ ਤਾਂ ਕੁਲਵੰਤ ਦੀ ਆਰਥਕ ਸਥਿਤੀ ਕਮਜੋਰ ਹੈ ਦੂਜੇ ਉਸ ਦੇ ਪੁੱਤਰਾਂ( ਜਗਦੀਸ਼ ਅਤੇ ਦਰਸ਼ਨ) ਨੂੰ ਬਲਗਰ ਕੀਮਤਾਂ ਦਾ ਰੰਗ ਚੜ੍ਹ ਜਾਂਦਾ ਹੈ। ਉਹ ਕੋਈ ਕੰਮ ਕਾਜ ਨਹੀਂ ਕਰਦੇ, ਖੁਲਝਾ ਖਰਚ ਉਹ ਘਰੋਂ ਮੰਗਦੇ ਹਨ ਫਲਸਰੂਪ ਘਰ/ਪਰਿਵਾਰ ਵਿੱਚ ਹਮੇਸ਼ਾ ਤਨਾਅ - ਝਗੜਾ ਹੁੰਦਾ ਰਹਿੰਦਾ ਹੈ। ਸਖ਼ਤ ਮਿਹਨਤ ਕਰਨ ਦੇ ਬਾਵਜੂਦ ਕੁਲਵੰਤ ਅਤੇ ਉਸਦੀ ਪਤਨੀ ਲੰਬਾ ਸਮਾਂ ਤੱਕ ਘਰ ਨਹੀਂ ਬਣਾ ਸਕਦੇ, ਘਰ ਜੋ ਬਣਾਇਆ ਹੁੰਦਾ ਹੈ, ਉਹ ਕਰਜਾ ਚੜ੍ਹਣ ਕਾਰਨ ਦੁਬਾਰਾ ਵਿਕ ਜਾਂਦਾ ਹੈ। ਸ਼ਹਿਰੀ  ਅਤੇ ਪੈਸੇ ਦੀ ਜਿੰਦਗੀ ਨੇ ਕੁਲਵੰਤ ਸਿੰਘ ਦੀ ਸਰਲ ਅਤੇ ਸਾਧਾਰਨ ਜ਼ਿੰਦਗੀ ਨੂੰ ਨਸ਼ਟ ਕਰ ਦਿੱਤਾ ਹੈ । ਪੂੰਜੀਵਾਦ ਸਰਮਾਏ' ਦੀ ਚਮਕ ਦਮਕ ਦਿਖਾ ਕੇ ਮਨੁਖ 'ਚੋਂ ਮਾਨਵੀ ਭਾਵਨਾਵਾਂ ਖ਼ਤਮ ਕਰਦਾ ਅਤੇ ਅਣਮਨੁੱਖਤਾ ਫੈਲਾਉਂਦਾ ਹੈ। ਮਨੁੱਖਾ ਵਿੱਚ ਪਿਆਰ, ਸਾਂਝ, ਸਹਿਯੋਗ ਦੀ ਥਾਂ ਤਨਾਅ - ਲੜਾਈ ਝਗੜੇ ਉਤਪੰਨ ਕਰਦਾ ਹੈ। ਵਾਸਤਵ ‘ਚ ਪੂੰਜੀਵਾਦ ਜਗਦੀਸ਼ ਅਤੇ ਦਰਸ਼ਨ ਵਰਗੀ ਪੀੜ੍ਹੀ ਤਿਆਰ ਕਰਦਾ ਹੈ ਜਿਸਦਾ ਕੰਮ ‘ਚ ਕੋਈ ਅਕੀਦਾ ਨਹੀਂ ਹੁੰਦਾ, ਜਿਸ ਦੀ ਭਾਵਨਾ ਅਮਾਨਵੀ ਹੈ ਅਤੇ ਜੋ ਰਿਸਤਿਆਂ ਦੀ ਕਦਰ ਨਹੀਂ ਜਾਣਦੀ  ਪੂੰਜੀਵਾਦ ਤਾਂ ਕੁਲਦੀਪ ਅਤੇ ਕੁਲਵੰਤ ਵਰਗੀ ਜ਼ਿੰਦਗੀ ਪ੍ਰਤੀ ਸੁਹਿਰਦ ਪੀੜ੍ਹੀ ਨੂੰ ਵੀ ਨਿਗਲ ਜਾਂਦਾ ਹੈ । ਸੋ ਕੁਲਵੰਤ ਅਤੇ ਕੁਲਦੀਪ ਜੋ ਸਾਮੰਤੀ ਪ੍ਰਤਿਮਾਨਾਂ/ ਮੁੱਲਾਂ ਦੀ ਲਖਇਕ ਪੀੜ੍ਹੀ ਹੈ ਉਸਦੀ ਪੂੰਜੀਵਾਦੀ ਮੁੱਲਾਂ ਨਾਲ ਪ੍ਰਣਾਈ ਜਗਦੀਸ਼-ਦਰਸ਼ਨ ਦੀ ਪੀੜ੍ਹੀ ਨਾਲ ਦਵੰਦ- ਤਨਾਅ- ਟੱਕਰ ‘ਚੋਂ ਹਾਰ ਅੱਵੱਸ਼ ਹੈ। ਇਹ ਕੁਦਰਤੀ ਅਤੇ ਤਾਰਕਿਕ ਵਰਤਾਰਾ ਹੈ । ਇਸੇ ਕਾਰਨ ਘਰਾਂ-ਪਰਿਵਾਰਾਂ ਦਾ ਬਿਖਰਾਵ/ ਖਿੰਡਾਵ ਅਨਿਵਾਰੀ ਰੁਝਾਣ ਹੈ। ਸੇਖਾ ਨੇ ਆਪਣੇ ਨਾਵਲ 'ਚ ਦੋ ਪ੍ਰਤਿਮਾਨਾਂ ਵਿਚਕਾਰ ਤਿਖੇ ਦਵੰਦ ਨੂੰ ਪਕੜਿਆ ਅਤੇ ਆਪਣੇ ਨਾਵਲ 'ਚ ਰਜਿਸਟਰਡ ਕੀਤਾ ਹੈ । ਇਹੀ ਸਮਕਾਲ ਦਾ ਯਥਾਰਥ ਹੈ। 


ਸਾਮੰਤੀ ਕੀਮਤਾਂ ਦੀ ਚੜ੍ਹਤ ਦੌਰਾਨ ਪਰਿਵਾਰ ਦੇ ਮੁਖੀ ਦੀ ਸਰਦਾਰੀ ਹੁੰਦੀ ਹੈ ਅਤੇ ਪਰਿਵਾਰ ਦਾ ਹਰ ਮੈਂਬਰ ਉਸਨੂੰ ਸਤਿਕਾਰ ਅਤੇ ਇੱਜਤ ਦਿੰਦਾ ਹੈ, ਪਰ ਪੂੰਜੀਵਾਦ ਦੇ ਆਮਦ ਨਾਲ, ਇਹ ਕੀਮਤ ਨਿਰਾਰਥਕ ਹੋ ​​ਜਾਂਦੀ ਹੈ। ਇਸ ਕੀਮਤ ਦੇ ਟੁੱਟਣ ਨਾਲ, ਪਰਿਵਾਰ ਦੇ ਮੁਖੀ ਦਾ  ਪ੍ਰਮੁੱਖ ਦਰਜਾ ਨਹੀਂ ਰਹਿੰਦਾ, ਫਲਸਰੂਪ ਅਜਿਹੀ ਕੀਮਤ ਦੇ ਲਖਾਇਕ ਵਿਅਕਤੀ ਸਾਮੰਤੀ ਹਉਂ ਅਤੇ ਮਾਨਸਿਕਤਾ ਨੂੰ ਠੇਸ ਪਹੁੰਚਦੀ ਹੈ। 'ਤੀਜੀ ਅਲਵਿਦਾ' ਦਾ ਜੋਰਾ ਸਿੰਘ ਇੱਕ ਅਜਿਹਾ ਪਾਤਰ ਹੈ ਜੋ ਸਾਮੰਤੀ ਕਦਰਾਂ-ਕੀਮਤਾਂ ਦਾ ਧਾਰਕ ਹੈ। ਜਦੋਂ ਉਸਦਾ ਆਪਣੇ ਪੁੱਤਰਾਂ (ਕੁਲਵੰਤ ਅਤੇ ਕੁਲਦੀਪ) 'ਤੇ ਸਿਧਾ ਕੰਟਰੋਲ ਨਹੀਂ ਰਹਿੰਦਾ (ਹਾਲਾਂਕਿ ਉਹ ਦੋਵੇਂ ਉਸਨੂੰ ਬਣਦਾ ਸਤਿਕਾਰ ਵੀ ਦਿੰਦੇ ਹਨ) ਤਾਂ ਉਹ ਆਪਣੀ ਹਉਂ ਨੂੰ ਪੱਠੇ ਪਾਉਣ ਲਈ ਆਪਣੇ ਵਿਗੜੇ  ਪੋਤੇ ਜਗਦੀਸ਼ ਦੀ ਹਰ ਸੰਭਵ ਅਸੰਭਵ ਮਦਦ ਕਰਦਾ ਹੈ।  ਉਹ ਅਜਿਹਾ ਭਾਵੇਂ ਇਸ ਲਈ ਕਰਦਾ ਹੈ ਕਿਉਂਕਿ ਉਸ ਨੂੰ ਮੂਲ ਨਾਲੋਂ ਜ਼ਿਆਦਾ ਵਿਆਜ ਪਿਆਰਾ  ਹੈ, ਪਰ ਇਸ ਪਿੱਛੇ ਕਾਰਜਸੀਲ ਤੱਤ ਸਾਮੰਤੀ ਮੁੱਲ ਹੀ ਹੈ। ਸਾਮੰਤੀ ਸੰਰਚਨਾ ਵੀ ਲੁੱਟ ਸ਼ੋਸ਼ਣ 'ਤੇ ਅਧਾਰਤ ਹੁੰਦੀ ਹੈ ਪ੍ਰੰਤੂ ਪੂੰਜੀਵਾਦੀ ਢਾਂਚਾ ਤਾਂ ਸਾਮੰਤਵਾਦ ਤੋਂ ਵੀ ਵੱਧ ਕਰੂਰ ਅਤੇ ਬਰਬਰ ਹੁੰਦਾ ਹੈ। ਲੁੱਟ ਸੋਸ਼ਨ ਦਾ ਰੂਪ ਵੀ ਬਦਲ ਜਾਂਦਾ ਹੈ। ਲੁੱਟ ਸੋਸ਼ਨ ਦੇ ਬਾਵਜੂਦ ਸਾਮੰਤਵਾਦ ‘ਚ ਸ਼ਰੀਕਾ ਭਾਈਚਾਰਾ ਬਣਿਆਂ ਰਹਿੰਦਾ ਹੈ ਪਰ ਪੂੰਜੀਵਾਦ ਦੀ ਆਮਦ ਨਾਲ, ਇਸ ਭਾਈਚਾਰੇ ਦਾ ਰੂਪ ਦੁਸ਼ਮਣੀ ਭਰੇ ਸ਼ਰੀਕੇ ਵਿੱਚ ਬਦਲ ਜਾਂਦਾ ਹੈ। ਸ਼ਰੀਕਾਬਾਜੀ ਇੱਕ ਤਰ੍ਹਾਂ ਦੀ ਖਹਿਬਾਜੀ ਬਣ ਜਾਂਦੀ ਹੈ। ਜਦੋਂ ਭਾਈਚਾਰੇ ਵਿੱਚ ਕੋਈ ਵਿਅਕਤੀ ਪੈਸੇ ਕਾਰਨ – ਚੰਗੀ ਮਾੜੀ ਆਰਥਿਕ ਸਥਿਤੀ ਕਾਰਣ ਇਕ ਦੂਜੇ ਤੋਂ ਅੱਗੇ ਨਿਕਲ ਜਾਂਦਾ ਹੈ ਜਾਂ ਪਿਛੇ ਰਹਿ ਜਾਂਦਾ ਹੈ ਉਸ ਸਮੇਂ ਭਾਈਚਾਰੇ ਵਿੱਚ ਤਰੇੜਾਂ ਦਿਖਾਈ ਦੇਣ ਲੱਗਦੀਆਂ ਹਨ। ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿੱਧੇ ਜਾਂ ਅਸਿੱਧੇ ਤੌਰ 'ਤੇ ਇੱਕ ਦੂਜੇ ਦੇ ਕੰਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਵਿਘਨ ਪਾਉਣ ਲਈ ਕਈ ਤਰ੍ਹਾਂ ਦੀਆਂ ਚਾਲਾਂ ਵਰਤੀਆਂ ਜਾਂਦੀਆਂ ਹਨ, ਪੂੰਜੀਵਾਦ ਕਾਰਨ ਅਜਿਹੇ ਝਗੜੇ, ਤਣਾਅ ਆਮ ਹਨ, ਅਤੇ ਸ਼ਰੀਕੇ ਦਾ ਵੀ ਵਿੱਚ ਹੱਥ ਹੁੰਦਾ ਹੈ। ਅਜਿਹਾ ਹੀ ਨਾਵਲ 'ਤੀਜੀ ਅਲਵਿਦਾ' ਵਿੱਚ ਵਾਪਰਦਾ ਹੈ। ਕੁਲਵੰਤ ਅਤੇ ਕੁਲਦੀਪ ਨੂੰ ਵਿੱਤੀ ਮੁਸ਼ਕਲਾਂ ਹੁੰਦੀਆਂ ਹਨ, ਉੱਥੇ ਉਨ੍ਹਾਂ ਦੇ ਨਿਕੰਮੇ ਪੁੱਤਰਾਂ ਕਾਰਣ ਲੜਾਈ ਝਗੜਾ ਹੁੰਦਾ ਹੈ। ਪਰ ਇਸ ਝਗੜੇ ਨੂੰ ਉਨ੍ਹਾਂ ਦਾ ਸਾਰਾ ਸ਼ਰੀਕਾ (ਜੋਰਾਸਿੰਘ, ਕਰਤਾਰ ਸਿੰਘ, ਮਲਕੀਤ ਸਿੰਘ, ਹਰਨਾਮ ਸਿੰਘ, ਕੁਲਦੀਪ ਸਿੰਘ ਆਦਿ) ਇਸ ਸਮੱਸਿਆ ਨੂੰ ਨਿਪਟਾਉਂਦੇ ਘੱਟ ਅਤੇ ਬਧਾਉਂਦਾ ਵਧੇਰੇ ਹੈ। 


ਕੁਲਵੰਤ ਅਤੇ ਉਸਦੇ ਪਰਿਵਾਰ ਨੂੰ ਲੋਕਾਂ ਚ ਭੰਡਿਆ ਜਾਂਦਾ ਹੈ। ਉਸਦੇ ਸਿਰ ਚੜ੍ਹੇ ਕਰਜ਼ੇ ਦੀਆਂ ਗਲਾਂ ਕੀਤੀਆਂ ਜਾਂਦੀਆਂ ਹਨ ਸੇਖਾ ਨੇ ਸ਼ਰੀਕੇ ਦਾ ਜੋ ਯਥਾਰਥਕ ਬਿੰਬ ਇਸ ਨਾਵਲ ‘ਚ ਖਿਚਿਆਉਲੀਕਿਆ ਹੈ ਉਹ ਅਤੀ ਮਾਰਮਕ ਅਤੇ ਚੇਤਨ ਕਰਨ ਯੋਗ ਹੈ।

 ਜਦ ਇਕ ਪੂਰਨ ਸਮਾਜਕ ਇਕਾਈ ਪਿੰਡ ਭਾਵ ਪੇਂਡੂ ਅਰਥਚਾਰੇ ਦੀ ਥਾਂ ਤੇ ਜਿਥੇ ਨਵੇਂ ਰਿਸ਼ਤੇ ਸਥਾਪਤ ਹੋਣ ਲੱਗਦੇ ਹਨ ਅਤੇ ਪਰਿਵਾਰਾਂ ਚ ਭਾਰੀ ਟੁੱਟ ਭੱਜ, ਉਥੇਲ-ਪੁੱਥਲ ਅਤੇ ਹਿਲਜੁੱਲ ਹੋਣ ਲੱਗਦੀ ਹੈ। ਉੱਥੇ ਨਵੇਂ ਪੂੰਜੀਵਾਦੀ ਰਿਸ਼ਤਿਆਂ ਦੀ ਚੜ੍ਹਤ ਬੜਤ ਕਾਰਨ ਸ਼ਹਿਰ ਵਿਕਸਤ ਹੋਣ ਲਗਦੇ ਹਨ। ਫਲਸਰੂਪ ਉੱਥੇ ਰੁਜਗਾਰ ਦੇ ਨਵੀਨਤਮ ਮੌਕੇ ਉਤਪੰਨ ਹੁੰਦੇ ਹਨ। ਚੰਗੇ ਜੀਵਨ ਦੀ ਤਲਾਸ਼ ਅਤੇ ਬੇਰੁਜਗਾਰੀ ਕਾਰਨ ਪਿੰਡਾਂ ਦੇ ਕੁਝ ਲੋਕ ਸ਼ਹਿਰਾਂ ਵੱਲ ਹਿਜਰਤ ਕਰਨੀ ਪ੍ਰਾਰੰਭ ਕਰਦੇ ਹਨ।  ਵਾਸਤਵ ‘ਚ ਪੇਂਡੂ ਪੁਰਾਤਨ ਕੀਮਤਾਂ, ਪੇਂਡੂ ਰਹਿਤਲ, ਪੇਂਡੂ ਸੰਗਾਠਿਤ ਇਕਾਈ, ਪੇਂਡੂ ਅਰਥਚਾਰਾ ਭੰਗ ਹੋਣ ਨਾਲ ਪਿੰਡਾਂ ਵਿੱਚ ਗਰੀਬੀ ਅਤੇ ਬੇਰੁਜਗਾਰੀ ਦੀ ਦਰ ‘ਚ ਹੋਰ ਵਾਧਾ ਹੁੰਦਾ ਹੈ। ਜੋਰਾ ਸਿੰਘ ਦਾ ਖੇਤੀਬਾੜੀ ਦਾ ਚੰਗਾ ਕਾਰਜ ਜੀ ਜਦ ਉਹ ਅਤੇ ਉਸਦੇ ਭਰਾ ਸੰਯੁਕਤ ਰੂਪ 'ਚ ਰਵਾਇਤੀ ਢੰਗ ਨਾਲ ਖੇਤੀ ( ਸਾਂਝੀ) ਕਾਰਜ ਕਰਦੇ ਸਨ ਪਰ ਜਦ ਖੇਤੀ ਅਰਥਚਾਰੇ ‘ਚ ਨਵੇਂ ਰਿਸ਼ਤਿਆਂ ਦੀ ਆਮਦ ਹੋ ਗਈ ਤਦ ਸਾਂਝੀ ਖੇਤੀ ਅਤੇ ਸਾਂਝੇ ਪਰਿਵਾਰ ਦਾ ਸੰਕਲਪ ਵੀ ਬਿਖਰ ਗਿਆ। ਇਸ ਕਰ ਕੇ ਹੀ ਜੋਰਾ ਸਿੰਘ ਅਤੇ ਉਸਦੇ ਭਰਾ ਵੱਖਰੇ ਹੋ ਜਾਂਦੇ ਹਨ, ਉਨ੍ਹਾਂ ਦੀ ਖੇਤੀ ਫੇਲ੍ਹ ਹੋ ਜਾਂਦੀ ਹੈ। ਨਵੇਂ ਢਾਂਚੇ ‘ਚ ਅਜਿਹਾ ਹੋਣਾ ਕੁਦਰਤੀ ਅਤੇ ਜਰੂਰੀ ਹੈ। ਜੋਰਾ ਸਿੰਘ ਦਾ ਪਰਿਵਾਰ ਬਹੁਤ ਵੱਡਾ ਹੈ, ਉਸਦੇ ਛੇ ਪੁੱਤਰ ਅਤੇ ਪੰਜ ਧੀਆਂ ਹਨ ਖੇਤੀ ਧੰਦਾ ਫੇਲ੍ਹ ਹੋਣ ਅਤੇ ਵੱਡੇ ਪਰਿਵਾਰ ਦੀਆਂ ਵੱਡੀਆਂ ਉਲਝਣਾਂ- ਸਮੱਸਿਆਵਾਂ ਕਾਰਨ ਘਰ ‘ਚ ਘੋਰ ਗਰੀਬੀ ਆ ਜਾਂਦੀ ਹੈ। ਸਿੱਟੇ ਵਜੋ ਉਸਦਾ ਇਕ ਪੁੱਤਰ ਸਿਲਾਈ ਦਾ ਕੰਮ ਕਰਨ/ਸਿੱਖਣ ਲਈ ਬੀਕਾਨੇਰ ਹਿਜਰਤ ਕਰ ਜਾਂਦਾ ਹੈ। ਦੋ ਪੁੱਤਰ ਕੁਲਵੰਤ ਸਿੰਘ ਸਮੇਤ ਫੌਜ਼ ਰ ਭਰਤੀ ਹੋ ਜਾਂਦੇ ਹਨ। ਕੁਲਵੰਤ ਵੀ ਫੌਜ ‘ਚੋਂ ਰੀਜਰਵ ਸੇਵਾ ਮੁਕਤੀ ਪਿਛੋ ਪਿੰਡ ਛੱਡ ਕੇ ਸ਼ਹਿਰ ਪ੍ਰਵਾਸ ਕਰ ਜਾਂਦਾ ਹੈ। ਉਸਦੇ ਦੂਜੇ ਪੁੱਤਰ ਵੀ ਪਿੰਡ ਨੂੰ ਤਿਲਾਂਜਲੀ ਦੇ ਕੇ ਸ਼ਹਿਰ ਪ੍ਰਸਥਾਨ ਕਰ ਜਾਂਦੇ ਹਨ। ਪਿਛਲੇ ਬਹੁਤ ਸਾਲਾਂ ਤੋਂ ਅਜਿਹਾ ਰੁਝਾਣ ਬਣਿਆ ਹੋਇਆ ਹੈ | ਰੁਜਗਾਰ ਦੀ ਤਲਾਸ਼ ਵਿੱਚ ਲੋਕ ਸਮਕਾਲ 'ਚ ਵੀ ਸ਼ਹਿਰਾਂ- ਮਹਾਂ ਨਗਰਾਂ ਦਾ ਹਿੱਸਾ ਬਣ ਰਹੇ ਹਨ ਪ੍ਰੰਤੂ ਇਹ ਜ਼ਰੂਰੀ ਨਹੀਂ ਕਿ ਉੱਥੇ ਹਰ ਵਿਅਕਤੀ ਨੂੰ ਸਫਲਤਾ ਮਿਲੀ ਹੋਵੇਗੀ।  ਕੁਲਵੰਤ ਦੇ ਪਰਿਵਾਰ ਦਾ ਯਥਾਰਥ- ਹੋਣੀ ਸਾਡੇ ਸਨਮੁੱਖ ਹੈ। ਉਸਦੇ ਪਰਿਵਾਰ ਵੱਲੋਂ ਸਖਤ ਕਿਰਤ ਕਰਨ ਦੇ ਬਾਵਜੂਦ ਉਹ ਬੇਘਰੇ ਹੀ ਰਹਿੰਦੇ ਹਨ ਸਗੋਂ ਸਖਤ ਮਿਹਨਤ ਕਾਰਨ ਕੁਲਵੰਤ ਅਤੇ ਕੁਲਦੀਪ ਦੋਨੋਂ ਸਰੀਰਕ ਅਤੇ ਮਾਨਸਕ ਰੋਗੀ ਹੋ ਜਾਂਦੇ ਹਨ। ਇਹ ਸ਼ਹਿਰ ਉਹਨਾਂ ਨੂੰ ਨਿਗਲ ਜਾਂਦਾ ਹੈ । ਕੁਲਵੰਤ ਮਾਰਕਸਵਾਦੀ ਵਿਚਾਰਾਂ ਦਾ ਹੁੰਦਾ ਹੋਇਆ ਵੀ ਪਰੇਸ਼ਾਨੀਆਂ ਤੋਂ ਮੁਕਤ ਨਹੀਂ ਹੁੰਦਾ ਸਗੋਂ ਇਸ ਦੇ ਨਿਵਾਰਣ ਲਈ ਸ਼ਰਾਬ ਦਾ ਦਾ ਸੇਵਨ ਕਰਦਾ ਹੈ। ਇਸ ਪਰਿਵਾਰ ਵਿਚ ਕੁਲਦੀਪ ਸੱਭ ਤੋਂ ਵੱਖ ਸੰਤਾਪ ਹੰਢਾਉਂਦੀ ਹੈ ਜਿਸ ਲਈ ਹਰ ਰਿਸ਼ਤਾ (ਸੱਸ-ਸਹੁਰਾ, ਦਿਉਰ-ਜੇਠ, ਪਿਉ-ਭਰਾ, ਪਤੀ ਅਤੇ ਪੁੱਤਰ ) ਨਾਸੂਰ ਬਣਦਾ ਹੈ। ਇਸ ਪੱਖੋਂ ਇਸ ਨਾਵਲ ਦੀ ਮਹਿਮਾ ਗਣੀ ਨਹੀਂ ਜਾਂ ਸਕਦੀ।


ਸਾਮੰਤੀ ਪ੍ਰਬੰਧ ਵਿਚ ਮਰਦ ਜਿੱਥੇ ਹਰ ਨਿੱਜੀ ਸੰਪਤੀ ਦਾ ਮਾਲਕ ਹੁੰਦਾ ਹੈ ਉੱਥੇ ਔਰਤ ਦੀ ਉਸਦੀ ਨਿੱਜੀ ਜਾਇਦਾਦ ਹੈ । ਇਸ ਕਰੂਰ ਅਤੇ ਬਰਬਰ ਪ੍ਰਬੰਧ ਵਿੱਚ ਔਰਤ ਨੂੰ ਕੋਈ ਮਾਨਵੀ ਅਧਿਕਾਰ ਨਹੀਂ ਦਿੱਤਾ ਜਾਂਦਾ ਭਾਵੇਂ ਉਹ ਕਿੰਨੀ ਵੀ ਸਹਿਯੋਗੀ ਅਤੇ ਵਫਾਦਾਰ ਹੋਵੇ। ਔਰਤ ਨੂੰ ਜਿੱਥੇ ਦੂਹਰੀ ਤੀਹਰੀ ਸਰੀਰਕ ਮਾਨਸਕ ਗੁਲਾਮੀ ਭੋਗਣੀ ਪੈਂਦੀ ਹੈ ਉੱਥੇ ਬੇਕਿਰਕੀ ਨਾਲ ਉਸਦੀ ਕਿਰਤ ਦਾ ਸੋਸ਼ਣ ਵੀ ਕੀਤਾ ਜਾਂਦਾ ਹੈ। ਉਸ ਨੂੰ ਉਤਪੀੜਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਸਦੇ ਮਾਨਵੀ ਅਧਿਕਾਰਾਂ ਦਾ ਹਰ ਸਥਾਨ ਤੇ ਹਨਨ ਹੁੰਦਾ ਹੈ। ਉਸਦੀ ਘਰੇਲੂ ਕਿਰਤ ਨੂੰ ਕਿਰਤ ਨਹੀਂ ਗਰਦਾਨਿਆਂ ਜਾਂਦਾ।  ਉਸਦਾ ਸਮਾਜ ਦੇ ਹਰ ਖੇਤਰ ਵਿੱਚ ਸਮਾਜਕ ਰੁਤਬਾ ਅਤ ਨੀਵਾਂ ਰਹਿੰਦਾ ਹੈ। ਉਸਨੂੰ ਕੋਈ ਮਾਣ ਇੱਜਤ, ਸਤਿਕਾਰ ਨਹੀਂ ਮਿਲਦਾ। ਔਰਤ ਨੂੰ ਭੋਗਣ ਦੀ ਵਸਤ ਹੀ ਸਮਝਿਆ ਜਾਂਦਾ ਹੈ। ਇਹ ਤੱਥ ਸਿਧਾਂਤ ਵੀ ਦਰੁਸਤ ਨਹੀਂ ਕਿ ਪੂੰਜੀਵਾਦ ਵਿੱਚ ਕੋਈ ਬਦਲਾਵ ਆ ਜਾਂਦਾ ਹੈ | ਇਸ ਯੁੱਗ ਵਿੱਚ ਵੀ ਉਸਦੀ ਹਰ ਪੱਖੋਂ ਲੁੱਟ-ਸੋਸ਼ਣ ਹੋਰ ਵਧਦਾ ਹੈ । ਗੁਲਾਮੀ, ਉਤਪੀੜਣ ਅਤੇ ਉਸ ਨਾਲ ਕੀਤੇ ਜਾਦੇ ਵਿਤਕਰਿਆਂ ਅਤੇ ਦੁਰਵਿਵਹਾਰਾਂ 'ਚ ਹੋਰ ਵਾਧਾ ਹੁੰਦਾ ਹੈ। ਸੋ ਇਨ੍ਹਾਂ ਦੋਨਾਂ ਸੰਰਚਨਾਵਾਂ ਵਿੱਚ ਔਰਤ ਪਹਿਲਾਂ ਪੇਕੇ ਘਰ ਕਿਰਤ ਕਰਦੀ ਹੈ ਫਿਰ ਸਹੁਰੇ ਘਰ ਗੋਰੇ ਬੈਲ ਵਾਂਗ ਕਮਾਉਂਦੀ ਹੈ। ਜਨਮ ਤੋਂ ਲੈ ਕੇ ਮਰਨ ਤੱਕ ਉਸਦੀ ਹਾਲਤ ਬਦਤਰ ਰਹਿੰਦੀ ਹੈ। ਔਰਤ ਪਿਓ ਭਰਾਵਾਂ ਤੋਂ ਲੈ ਕੇ ਸਹੁਰੇ-ਪਤੀ-ਪੁੱਤਰਾਂ ਤੱਕ ਦਾਸੀ ਬਣੀ ਰਹਿੰਦੀ ਹੈ। ਉਸ ਨੂੰ ਸਾਰੀ ਉਮਰ ਸੁਖ,ਚੈਨ,ਅਰਾਮ ਪ੍ਰਾਪਤ ਨਹੀਂ ਹੁੰਦਾ। ਤੀਜੀ ਅਲਵਿਦਾ ਨਾਵਲ ਵਿੱਚ ਔਰਤ ਦੇ ਅਜਿਹੇ ਦੁਖਾਂਤਕ ਅਤੇ ਵਿਡੋਬਣਾਮਈ ਜੀਵਨ ਬਿਰਤਾਂਤ ਨੂੰ ਚਿਤਰਿਆ ਗਿਆ ਹੈ । ਮਨਜੀਤ ਕੌਰ ਅਤੇ ਕੁਲਦੀਪ ਕੌਰ ਪਹਿਲਾਂ ਆਪਣੇ ਐਬੀ ਅਤੇ ਅੜਬ ਸੁਭਾਅ ਦੇ ਪਿਉ ਬਚਿੱਤਰ ਸਿੰਘ ਨਾਲ ਸਾਰਾ ਦਿਨ ਖੇਤੀ ਦਾ ਧੰਦਾ ਕਰਵਾਉਂਦੀਆਂ ਹਨ। ਖੇਤੋਂ ਘਰ ਆ ਕੇ ਵੀ ਉਹ ਸਾਰਾ ਘਰੇਲੂ ਕੰਮ ਕਰਦੀਆਂ ਹਨ ਜਦ ਕਿ ਉਨ੍ਹਾਂ ਦੇ ਦੋਨੋਂ ਭਰਾ ਕੋਈ ਮਾਮੂਲੀ ਕੰਮ ਵੀ ਨਹੀਂ ਕਰਦੇ ਸਗੋਂ ਹਮੇਸ਼ਾ ਵਿਹਲੇ ਰਹਿੰਦੇ ਹਨ। ਅਜਿਹੇ ਜੋਖਮ ਭਰੇ ਕੰਮ ਉਨ੍ਹਾਂ ਨੂੰ ਸਹੁਰੇ ਘਰ ਵੀ ਜਾ ਕੇ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਮਨਜੀਤ ਦਾ ਪਤੀ ਕਰਤਾਰ ਸਿੰਘ, ਜਿੱਥੇ ਸ਼ਰਾਬੀ ਅਫੀਮਚੀ ਹੈ ਉਹ ਮਨਜੀਤ ਨੂੰ ਮਾਨਸਿਕ ਅਤੇ ਸਰੀਰਕ ਤਸੀਹੇ ਦਿੰਦਾ ਹੈ। ਇਸ ਦੇ ਬਾਵਜੂਦ, ਮਨਜੀਤ ਕਦੇ ਵੀ ਆਪਣੇ ਪਤੀ ਨੂੰ ਬੁਰਾ ਨਹੀਂ ਕਹਿੰਦੀ,ਸਗੋਂ ਉਹ ਉਸਦੀ ਤੰਦਰੁਸਤੀ ਲਈ ਪ੍ਰਾਰਥਨਾ ਕਰਦੀ ਹੈ। ਸਾਮੰਤੀ ਮੁੱਲਪਤੀਵਰਤਾ ਕਾਰਨ ਔਰਤ ਨੂੰ ਅਮਾਨਵੀ ਵਰਤਾਰਾ ਸਹਿਣ ਕਰਨਾ ਪੈਂਦਾ ਹੈ, ਇਹੀ ਭਾਰਤੀ ਔਰਤ ਦਾ  ਮਹਾਂਦੁਖਾਂਤ ਹੈ। ਉਪਰੋਕਤ ਕਾਰਨਾਂ ਕਰਕੇ ਮਨਜੀਤ ਮਾਨਸਿਕ ਚਿੰਤਾਵਾਂ ਤੋਂ ਮੁਕਤ ਨਹੀਂ ਹੋ ਸਕਦੀ। ਫਲਸਰੂਪ ਜਿੱਥੇ ਉਹ ਮਾਨਸਿਕ ਤੌਰ 'ਤੇ ਬਿਮਾਰ ਹੋ ਜਾਂਦੀ ਹੈ, ਉਥੇ ਉਹ ਟੀਬੀ ਦਾ ਸ਼ਿਕਾਰ ਵੀ ਹੋ ਜਾਂਦੀ ਹੈ।  ਨਾ ਤਾਂ ਉਸਦਾ ਸਹੀ ਇਲਾਜ ਕੀਤਾ ਜਾਂਦਾ ਹੈ, ਨਾ ਹੀ ਉਸਨੂੰ ਕੋਈ ਹਮਦਰਦੀ ਮਿਲਦੀ ਹੈ।  ਉਹ ਹੌਕੇ ਚਿੰਤਾਵਾਂ ਦੁੱਖ ਸੋਗ ਪੀੜ ਸਹਾਰਦੀ ਹੈ ਤਿਲਤਿਲ ਆਪਣੇ ਸਵਾਸ ਪੂਰੇ ਕਰ ਜਾਂਦੀ ਹੈ। ਇਹੀ ਬਦਤਰ ਅਤੇ ਤਰਾਸਦਕ ਸਥਿਤੀ ਕੁਲਦੀਪ ਦੀ ਹੈ ਜਿਸ ਨੂੰ ਸਹੁਰੇ ਘਰ ਵਿੱਚ ਦਿਨ ਰਾਤ ਕੰਮ ਕਰਨ ਦੇ ਬਾਵਜੂਦ, ਉਸਨੂੰ ਕੋਈ ਮਾਣ ਸਤਿਕਾਰ ਨਹੀਂ ਮਿਲਦਾ। ਉਸਨੂੰ ਚੰਗਾ ਖਾਣ ਲਈ ਨਹੀਂ ਮਿਲਦਾ, ਚੰਗਾ ਪਹਿਨਣ ਲਈ ਨਹੀਂ ਮਿਲਦਾ। ਉਸਦੀ ਸੱਸ ਹਰ ਵਸਤ ਨੂੰ ਤਾਲੇ ਅੰਦਰ ਰੱਖਦੀ ਹੈ। ਉਹ ਉਸਦੇ ਨਾਲ ਘਿਣਾਉਣਾ ਅਤੇ ਅਣ ਮਨੁੱਖੀ ਵਰਤਾਵ ਕਰਦੀ ਹੈ। ਉਸ ਦੇ ਅਮਾਨਵੀ ਵਰਤਾਰੇ ਦੀ ਇੱਕ ਉਦਾਹਰਣ ਪੇਸ਼ ਪੇਸ਼ ਹੈ, ‘ਜੈਖਾਣੇ ਦੀ, ਗਏ ਘਰਾਂ ਦੀ - ਮੇਰੇ ਪੁੱਤਾਂ ਨੂੰ ਦੇਖ  ਨਹੀਂ ਜਰਦੀ- ਸ਼ਰੀਕਾ ਕਰਨ ਵਾਲੀ ਨੂੰ ਮੈਂ ਕਿਹੜਾ ਭਲੀਆਂ ਖੁਆਊਂ – ਲੱਤ ਤੇ ਲੱਤ ਧਰ ਕੇ ਚੀਰ ਦਿਊਂ – ਵਿਹਲੀ ਰਹਿੰਦੀ ਖਾਂਦੀ ਪੀਂਦੀ ਟੀਟਾਂ ਮਾਰਦੀ ਐ। " ਹਾਲਾਂਕਿ ਕੁਲਦੀਪ ਦਿਨ ਰਾਤ ਘਰੇਲੂ ਕੰਮ ਵੀ ਕਰਦੀ ਹੈ ਅਤੇ ਆਪਣੇ ਦਿਉਰਾਂ ਨਾਲ ਕੋਈ ਵਿਤਕਰਾ ਵੀ ਨਹੀਂ ਕਰਦੀ। ਪਿੰਡੋਂ ਲੁਧਿਆਣੇ ਪ੍ਰਵਾਸ ਕਰ ਕੇ ਵੀ ਉਹ ਦਿਨ ਰਾਤ ਸਿਲਾਈ ਮਸੀਨ ਚਲਾਉਂਦੀ ਹੈ ਅਤੇ ਆਪਣੀ ਜ਼ਿੰਦਗੀ ਲਈ ਬੇਜੋੜ ਸੰਘਰਸ਼ ਕਰਦੀ ਹੈ। ਜ਼ਿਆਦਾ ਮਿਹਨਤ ਕਾਰਨ ਉਸਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ - ਉਹ ਛੋਟੀ ਉਮਰ ਵਿੱਚ ਬੁੱਢੀ ਦਿਖਾਈ ਦੇਣ ਲੱਗਦੀ ਹੈ। ਉਹ ਸਰੀਰਕ ਅਤੇ ਮਾਨਸਿਕ ਕਈ ਅਸਾਧ ਰੋਗ ਲੱਗ ਜਾਂਦੇ ਹਨ। ਉਸਨੂੰ ਨਾ ਪਤੀ ਵੱਲੋਂ ਅਤੇ ਨਾ ਹੀ ਵਿਹਲੜ, ਨਿਕੰਮੇ, ਝਗੜਾਲੂ ਪੁੱਤਰਾਂ ਤੋਂ ਕੋਈ ਸੁਖ ਚੈਨ ਆਰਾਮ ਮਿਲਦਾ ਹੈ। ਘਰ ਪਰਿਵਾਰ ਅਤੇ ਜਿੰਦਗੀ ਲਈ ਉਹ ਹਰ ਪਲ ਜੂਝਦੀ ਹੈ, ਪਰ ਟੁੱਟ ਭੱਜ ਰਹੇ ਘਰੇਲੂ ਮਹੌਲ ਅਤੇ ਪੂੰਜੀਵਾਦੀ ਪ੍ਰਸਥਿਤੀਆਂ ਕਾਰਨ ਉਸਦੇ ਯਤਨ ਸਫਲ ਨਹੀਂ ਹੁੰਦੇ। ਉਸਦੇ ਸੰਘਰਸ਼ਮਈ ਯਤਨਾਂ ਨੂੰ ਪ੍ਰੋਤਸਾਹਿਤ ਕਰਨ ਦੀ ਬਜਾਏ ਸਗੋਂ ਉਸ ਦਾ ਸੱਸ ਸਹੁਰਾ, ਉਸ ਦੇ ਦਿਉਰ ਜੇਠ ਕੁਲਦੀਪ ਨੂੰ ਦੋਸ਼ੀ ਗਰਦਾਨਦੇ ਹਨ। ਉਸਦਾ ਪਿਤਾ ਅਤੇ ਉਸਦੇ ਭਰਾ ਦੇ ਭਰਾ ਵੀ ਉਸਨੂੰ ਪਰੇਸ਼ਾਨੀਆਂ, ਗਾਲ੍ਹਾਂ ਅਤੇ ਚਿੰਤਾਵਾਂ ਤੋਂ ਸਿਵਾਏ ਕੁਝ ਨਹੀਂ ਦਿੰਦੇ।  ਪੁੱਤਰਾਂ ਵਾਂਗ ਉਸਦੇ ਪਤੀ ਦਾ ਵਿਵਹਾਰ ਵੀ ਗੈਰ ਮਾਨਵੀ ਹੈ।  ਉਸ ਦੀ ਕਿਰਤ ਦਾ ਜਿਥੇ ਸੋਸ਼ਣ ਹੁੰਦਾ ਹੈ, ਉਥੇ ਉਹ ਮਾਨਸਿਕ ਉਤਪੀੜਨ ਦਾ ਸਿਕਾਰ ਵੀ ਹੁੰਦੀ ਹੈ। ਉਸਦਾ ਕੋਈ ਮਾਣ ਸਤਿਕਾਰ ਨਹੀਂ ਹੁੰਦਾ। ਉਸਨੂੰ ਕਿਸੇ ਤੋਂ ਪਿਆਰ ਨਹੀਂ ਮਿਲਦਾ। ਉਸਦੇ ਪੁੱਤਰ ਉਸਨੂੰ ਮਾਂ ਦੀ ਬਜਾਏ ਬੁੜ੍ਹੀ ਕਹਿ ਕੇ ਬੁਲਾਉਂਦੇ ਹਨ। ਕੁਰਦੀਪ ਸਮੁੱਚੀ ਸੰਤਾਪੀ ਹੋਈ ਭਾਰਤੀ ਔਰਤ ਦਾ ਚਿਹਨ ਹੈ ਜੋ ਵਿਡੰਵਨਾਮਈ ਅਤੇ ਤਰਾਸਦਿਕ ਜਿੰਦਗੀ ਬਸਰ ਕਰਨ ਲਈ ਮਜਬੂਰ ਹੈ। ਇਸ ਨਾਵਲ ‘ਚ ਸਾਮੰਤੀ ਮਰਦ ਹਉਂ ਦੇ ਵਿਰਾਟ ਰੂਪ ਨੂੰ ਪੇਸ਼ ਕੀਤਾ ਗਿਆ ਹੈ। ਨਾਵਲ ਅਜਿਹੇ ਮਰਦ ਪ੍ਰਤੀ  ਨਫਰਤ ਅਤੇ ਗੁੱਸਾ ਉਤਪੰਨ ਕਰਦਾ ਹੈ। ਇਸ ਦੇ ਵਿਪਰੀਤ ਔਰਤ ਪ੍ਰਤੀ ਸਹਾਨੂਭੂਤੀ ਹੀ ਪ੍ਰਗਟ ਨਹੀਂ ਕਰਦਾ ਸਗੋਂ ਸਾਨੂੰ ਅਜਿਹਾ ਕਿਉਂ? ਸੋਚਣ ਲਈ ਮਜਬੂਰ ਵੀ ਕਰਦਾ ਹੈ। ਸੋ ਇਹ ਨਾਵਲ ਉਨ੍ਹਾਂ ਔਰਤਾਂ ਲਈ ਇੱਕ ਸਬਕ ਹੈ। 


ਸਰਮਾਏ ਦਾ ਯੁੱਗ ਇਕ ਲੁੱਟ ਅਤੇ ਸੋਸ਼ਣ ਦਾ ਕਾਲ ਹੈ, ਇਸ ਵਿੱਚ ਕਿਸੇ ਮਾਨਵੀ ਰਿਸ਼ਤੇ ਦੀ ਮਾਨਤਾ ਨਹੀਂ ਰਹਿੰਦੀ। ਹਰ ਰਿਸ਼ਤੇ ਨੂੰ ਪੈਸੇ ਦੇ ਪੈਮਾਨੇ ਨਾਲ ਹੀ ਮਾਪਿਆ ਜਾਂਦਾ ਹੈ।  ਭਾਵ ਇਕ ਮੁੱਲ ਦੂਜੇ ਮੁੱਲ ‘ਚ ਰੂਪਾਤਰਿਤ ਹੋਣ ਕਾਰਣ ਰਿਸ਼ਤਿਆਂ ਦੀ ਪਰੀਭਾਸਾ ਹੀ ਬਦਲ ਗਈ ਹੈ। ਕੁਲਵੰਤ ਅਤੇ ਕੁਲਦੀਪ ਆਪਣੇ ਨਜ਼ਦੀਕੀ ਰਿਸ਼ਤੇਦਾਰ ਕੁਲਦੀਪ ਸਿੰਘ ਦੀ ਫੈਕਟਰੀ ਵਿੱਚ ਕੰਮ ਕਰਦੇ ਹਨ, ਪਰ ਉਨ੍ਹਾਂ ਨੂੰ ਪੂਰਾ ਮਿਹਨਤਾਨਾ ਨਹੀਂ ਮਿਲਦਾ।  ਕੁਲਦੀਪ ਸਿੰਘ ਆਪਣੀ ਭੈਣ ਕੁਲਦੀਪ ਦੀ ਕਿਰਤ ਦਾ ਸੋਸ਼ਣ ਕਰਨ ਹਿਸਾਬ ਕਿਤਾਬ ਵਾਲਾ ਕਾਗਜ ਹੀ ਪਾੜ ਦਿੰਦਾ ਹੈ। ਅਜਿਹੇ ਸਮੇਂ ਕੁਲਦੀਪ ਦੀ ਭਤੀਜੀ ਉਸਨੂੰ ਪਰੇਸ਼ਾਨ ਕਰਨ ਵਾਲੀ ਗੱਲ ਕਹਿੰਦੀ ਹੈ - "ਭੂਆ! ਤੇਰੇ ਨਾਂ ਵਾਲਾ ਕਾਗਜ ਗੁਆਚ ਗਿਆ ਹੈ। ਚੱਲ ਤੈਨੂੰ ਇਕ ਸੂਟ ਬਣਾ ਦਿੰਨੇ ਆਂ। " ਜਦੋਂ ਜਦ ਜਦ ਕੁਲਵੰਤ ਆਪਣਾ ਨਿੱਜੀ ਕੰਮ ਸੁਰੂ ਕਰਨ ਲੱਗਦਾ ਹੈ, ਤਾਂ ਕੁਲਦੀਪ ਸਿੰਘ ਉਸਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਕਿਉਂਕਿ ਉਸਨੂੰ ਡਰ ਹੁੰਦਾ ਹੈ ਕਿ ਇਸ ਤਰ੍ਹਾਂ ਇਹ ਉਸਦੇ ਹੱਥੋਂ ਨਿਕਲ ਜਾਵੇਗਾ। ਤੀਜੀ ਅਲਵਿਦਾ ਨਾਵਲ ਵਿੱਚ ਇੱਕ ਰਿਸ਼ਤਾ ਦੂਜੇ ਰਿਸ਼ਤੇ ਦੀ ਮਜਬੂਰੀ ਦਾ ਫਾਇਦਾ ਉਠਾਉਂਦਾ ਹੈ ਅਤੇ ਬਿਨਾਂ ਕਿਸੇ ਸੰਗ ਸ਼ਰਮ ਇਕ ਦੂਜੇ ਦਾ ਸੋਸ਼ਣ ਕਰਦਾ ਹੈ। ਜੇਕਰ ਕੋਈ ਰਿਸ਼ਤਾ ਆਰਥਿਕ ਤੰਗੀ ਹੰਢਾ ਰਿਹਾ ਹੈ ਉਸ ਦੀ ਕੋਈ ਸਹਾਇਤਾ ਨਹੀਂ ਕਰਦਾ, ਜਿਵੇਂ ਇਸ ਨਾਵਲ ਵਿਚ ਕੁਲਵੰਤ ਦਾ ਸਾਲਾ ਕੁਲਦੀਪ ਸਿੰਘ ਆਪਣੇ ਰਿਸ਼ਤੇਦਾਰਾਂ ਦੀਆਂ ਮੁਸ਼ਕਲਾਂ, ਕੋਈ ਅਰਥ ਨਹੀਂ ਰਹਿੰਦਾ। 

ਤੰਗੀਆਂ ਅਤੇ ਔਖਿਆਈਆਂ ਦੌਰਾਨ ਕੋਈ ਸਹਾਇਤਾ ਨਹੀਂ ਕਰਦਾ ਸਗੋਂ  ਉਨ੍ਹਾਂ ਵੱਲੋਂ ਸਹਾਇਤਾ ਮੰਗਣ ਤੇ ਜਵਾਬ ਦੇ ਦਿੰਦਾ ਹੈ। ਉਹ ਪੈਸੇ ਦੇ ਗਰੂਰ ਵਿਚ ਰਹਿੰਦਾ ਹੈ ਅਤੇ ਆਪਣੀ ਭਤੀਜੀ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੁੰਦਾ। ਕੁਲਵੰਤ ਦਾ ਭਤੀਜਾ ਮਰਹੂਮ ਮਨਜੀਤ ਕੌਰ ਦਾ ਲੜਕਾ ਗੁਰਚਰਨ ਵੀ ਉਨ੍ਹਾਂ ਲਈ ਪਰੇਸਾਨੀਆਂ ਦਾ ਵਾਹਕ ਬਣਦਾ ਹੈ ਜਦ ਕਿ ਉਨ੍ਹਾਂ ਨੇ ਉਸ ਦੀ ਹਮੇਸਾ ਸਮਰਥਾ ਅਨੁਸਾਰ ਮਦਦ ਕੀਤੀ ਹੁੰਦੀ ਹੈ। ਕਹਿਣ ਦਾ ਅਰਥ ਹੈ ਲੁੱਟ ਸੋਸ਼ਣ ਤੇ ਅਧਾਰਿਤ ਰਿਸ਼ਤਿਆਂ ‘ਚ ਮੋਹ ਪਿਆਰ ਵਰਗੀਆਂ ਭਾਵਨਾਵਾਂ ਦਾ ਦਾ ਕੋਈ ਅਰਥ ਨਹੀਂ ਰਹਿੰਦਾ। ਹਰ ਰਿਸ਼ਤੇ ਵਪਾਰਕ ਦ੍ਰਿਸ਼ਟੀਕੋਣ ਤੋਂ ਦੇਖਿਆ ਪਰਖਿਆ ਜਾਂਦਾ ਹੈ। ਇਹੀ ਯਥਾਰਥ  ਇਸ ਨਾਵਲ ਦੀ ਪ੍ਰਾਪਤੀ ਹੈ। 


ਜ਼ਮੀਨੀ ਸੰਪਤੀ  ਕਾਰਨ ਕੁਰਦੀਪ ਕੌਰ ਦੇ ਪੇਕੇ ਪਰਿਵਾਰ ਵਿੱਚ ਇੱਕ ਅੰਤਰ-ਪਰਿਵਾਰਕ ਝਗੜਾ ਹੁੰਦਾ ਹੈ, ਜਿਸਨੂੰ ਕੁਲਦੀਪ ਆਪਣੀ ਸਮਝਦਾਰੀ ਨਾਲ ਸੁਲਝਾ ਲੈਂਦੀ ਹੈ ਅਤੇ ਆਪਣੇ ਭਰਾਵਾਂ ਦੇ ਨਾਮ ਜ਼ਮੀਨ ਦਾ ਆਪਣਾ ਹਿੱਸਾ ਵੀ  ਕਰਵਾ ਦਿੰਦੀ ਹੈ।  ਇਸ ਤੋਂ ਬਾਅਦ, ਦੋਵੇਂ ਭਰਾ ਮਨਜੀਤ ਸਿੰਘ ਅਤੇ ਕੁਲਦੀਪ ਸਿੰਘ ਆਪਣੇ ਬਾਪੂ ਬਚਿੱਤਰ ਸਿੰਘ ਨਾਲ ਮਾਨਵੀ ਵਿਵਹਾਰ ਨਹੀਂ ਕਰਦੇ। ਜਮੀਨ ਪੁੱਤਰਾਂ ਦੇ ਨਾਮ ਲੁਆ ਬਚਿੱਤਰ ਸਿੰਘ ਨੂੰ ਜਮੀਨ ਦਾ ਹੇਰਵਾ ਪਰੇਸ਼ਾਨ ਕਰਦਾ ਰਹਿੰਦਾ ਹੈ ਅਤੇ ਇਸ ਕਾਰਨ, ਉਹ ਆਪਣੀ ਧੀ ਕੁਲਦੀਪ ਕੌਰ ਨੂੰ ਦੋਸ਼ੀ ਗਰਦਾਨਦਾ ਹੈ। ਜਮੀਨ -ਸੰਪਤੀ ਇਕ ਅਜਿਹੀ ਵਸਤ ਹੈ ਜਿਸ ਦੇ ਲਾਲਚ ਕਾਰਨ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ, ਇਸ ਦੀ ਵੰਡ ਸਮੇਂ ਨਿੱਜ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਨਿੱਜੀ ਜਾਇਦਾਦ ਹੀ ਪਰਿਵਾਰਕ ਪਵਿੱਤਰ ਰਿਸ਼ਤਿਆਂ ਨੂੰ ਤੋੜਦੀ ਹੈ। ‘ਤੀਜੀ ਅਲਵਿਦਾ’ ਨਾਵਲ ‘ਚ, ਰਿਸ਼ਤਿਆਂ ਦੇ ਅਜਿਹੇ ਕਰੂਰ ਯਥਾਰਥ ਨੂੰ ਹੀ  ਰੂਪਮਾਨ ਕੀਤਾ ਗਿਆ ਹੈ।


ਸਾਮੰਤੀ ਯੁੱਗ ਵਿੱਚ ਮਰਦ ਪ੍ਰਧਾਨ ਸਮਾਜ ਹੋਣ ਕਾਰਣ ਧੀਆਂ ਨਾਲੋਂ ਪੁੱਤਰਾਂ ਦੀ ਜ਼ਰੂਰਤ ਜ਼ਿਆਦਾ ਮਹਿਸੂਸੀ ਜਾਂਦੀ ਹੈ। ਪੁੱਤਰ ਹੋਣ 'ਤੇ ਪਰਿਵਾਰ ਅਤੇ ਰਿਸ਼ਤੇਦਾਰੀਆਂ ‘ਚ ਖੁਸੀ ਦਾ ਮਾਹੌਲ ਬਣ ਜਾਂਦਾ ਹੈ।  ਪਹਿਲੇ ਪੁੱਤਰ ਨੂੰ ਜਨਮ ਦੇਣ ਵਾਲੀ ਔਰਤ ਦਾ ਸਮਾਜਿਕ ਰੁਤਬਾ ਵਧ ਜਾਂਦਾ ਹੈ। ਨਾਵਲ ਤੀਜੀ ਅਲਵਿਦਾ ‘ਚ ਵੀ ਇਸੇ ਤਰ੍ਹਾਂ  ਵਿਆਪਦਾ ਹੈ। ਕੁਲਵੰਤ ਸਿੰਘ ਅਤੇ ਕੁਲਦੀਪ ਦੇ ਘਰ ਪੁੱਤਰ ਦੇ ਜਨਮ ਨਾਲ ਪੂਰਾ ਪਰਿਵਾਰ ਖੁਸੀ ਮਹਿਸੂਸ ਕਰਦਾ ਹੈ। ਪਰ ਸਾਮੰਤੀ ਕੀਮਤਾਂ ਟੁੱਟਣ ਅਤੇ ਪੂੰਜੀਵਾਦੀ ਕੀਮਤਾਂ ਉਤਪੰਨ ਹੋਣ ਕਾਰਨ ਉਹੀ ਪੁੱਤਰ ਮਾਂ- ਬਾਪ ਲਈ ਸਿਰਦਰਦੀ ਬਣ ਜਾਂਦਾ ਹੈ। ਪੁੱਤਰ ਕਾਰਣ ਪਰੇਸਾਨੀਆਂ ਵਿਚ ਘਿਰਿਆ ਕੁਲਵੰਤ ਕਹਿੰਦਾ ਹੈ, ‘ਕੀ ਥੁੜਿਆ ਪਿਐ ਮੁੰਡਿਆਂ ਬਿਨਾਂ? ਕਿੰਨੀ ਖੁਸੀ ਹੁੰਦੀ ਐ ਮੁੰਡਾ ਹੋਏ ਤੋਂ, ਕੁੜੀ ਹੋਜੇ ਤਾਂ ਘਰ ‘ਚ ਸੋਗ ਪੈ ਜਾਂਦੈਐਹੋ ਜਿਹਿਆਂ ਨਾਲੋਂ ਤਾਂ ਕੁੜੀਆਂ ਈ ਹੋ ਜਾਣ। “ ਅਜਿਹੇ ਵਿਚਾਰ ਹੀ ਉਸ ਦੀ ਪਤਨੀ ਦੇ ਹਨ , “ਇਹੋ ਜੇ ਨਿਕਲਣ ਦਾ ਪਤਾ ਨੀਂ ਹੁੰਦਾ, ਨਹੀਂ ਜੰਮਦਿਆਂ ਦੇ ਗਲ ਗੂਠਾ ਦੇ ਦੇਵੇ ਮਾਵਾਂ ਕੀ ਨੀ ਕਰਦੀਆਂ ਪੁਤਾਂ ਪਿਛੇ, ਆਪ ਗਿੱਲੇ ਥਾਂ ਪੈ ਕੇ ਪੁੱਤਾਂ ਨੂੰ ਸੁੱਕੇ ਪਾਉਂਦੀਆਂ, ਕਿੰਨੀਆਂ ਆਸਾਂ ਹੁੰਦੀਐਂ। “



ਸਮਕਾਲ ਦੀ ਬੇਮੁਹਾਰੀ ਅਤੇ ਮਾੜੀ ਔਲਾਦ ਖਾਸ ਕਰ ਪੁੱਤਰਾਂ ਬਾਰੇ ਕੁਲਦੀਪ ਦੇ ਇਹ ਵਿਚਾਰ ਵੀ ਮਾਰਮਿਕ ਹਨ, “ਜਦੋਂ ਪੁੱਤ ਨਾ ਕਰਨ ਤਾਂ ਆਵਦਾ ਦਿਲ ਵੀ ਨੀ ਕਰਦਾ। ਕਰਦੇ ਤਾਂ ਅਸੀਂ ਇਨਾਂ ਵਾਸਤੇ ਆਂ, ਕਦੇ ਚੱਜ ਦਾ ਖਾ ਕੇ ਨੀ ਵੇਖਿਆ, ਕਦੇ ਚੱਜ ਦਾ ਪਾ ਕੇ ਨੀ ਦੇਖਿਆ। ਇਹ ਜੈਦਾਦ ਕਿਸੇ ਨੇ ਸਾਡੀ ਸੀੜ੍ਹੀ ਤੇ ਨੀ ਰਖ ਦੇਣੀ। ਹੁਣ ਤਕ ਤਾਂ ਇਹ ਆਦ ਲਾਈ ਰੱਖੀ ਕਿ ਪੁੱਤ ਵੱਡੇ ਹੋ ਕੇ ਕੰਮ ਛੁਡਾ ਦੇਣਗੇ। ਅਖੇ ਜੁਆਕ ਹੁੰਦੇ ਖਾਣ ਰੋਟੀਆਂ , ਵਡੇ ਹੋ ਕੇ ਖਾਣ ਬੋਟੀਆਂ। ਸੁਖ ਤਾਂ ਕੀ ਦੇਣਾ ਸੀ ਉਲਟਾ ਬੋਟੀਆਂ ਖਾਣ ਲਗ ਪੇ।“ ਇਹ ਸਾਡੇ ਸਮਾਜਕ ਜੀਵਨ ਦਾ ਕਰੂਰ ਯਥਾਰਥ ਹੈ। ਇਸ ਦੁਖਾਂਤ ਦੀ ਅਭਿਵਿਅਕਤੀ ਦੇ ਨਾਲ ਨਾਲ  ਸੇਖੇ ਨੇ ਕੁੜੀਆਂ ਬਾਰੇ ਬਦਲ ਰਹੇ ਨਜਰੀਏ ਪ੍ਰਤੀ ਵੀ ਸਿਹਤਮੰਦ ਸੰਕੇਤ ਦਿੱਤਾ ਹੈ। ਨਾਵਲਕਾਰ ਨੂੰ ਉਕਤ ਅਜਿਹੇ ਹਨੇਰੇ ਸਮਾਜ ਵਿੱਚ ਇੱਕ ਰੋਸ਼ਨੀ ਦੀ ਕਿਰਨ ਵੀ ਦਿਖਾਈ ਦਿੰਦੀ ਹੈ। ਇਸ ਰੋਸ਼ਨੀ ਦੇ ਪ੍ਰਤੀਕ ਗੁਰਮੀਤ, ਸੁਰਿੰਦਰ ਅਤੇ ਪ੍ਰੋ ਸਾਮ ਸਿੰਘ ਹਨ। ਸੁਰਿੰਦਰ ਵਿਚਾਰਧਾਰਕ ਤੌਰ ਤੇ ਵੀ ਸਿਆਣਾ ਹੈ। ਉਸਨੂੰ ਦੌਲਤ, ਜਾਇਦਾਦ ਅਤੇ ਰਿਸ਼ਤਿਆਂ ਦੀ ਡੂੰਘੀ ਸਮਝ ਹੈ। ਉਸਨੂੰ ਦੌਲਤ ਅਤੇ ਪੈਸੇ ਵਿੱਚ ਕੋਈ ਦਿਲਚਸਪੀ ਨਹੀਂ ਹੈ, ਪਰ ਉਹ ਸਮਾਜਕ ਰਿਸ਼ਤਿਆਂ ਨੂੰ ਵਧੇਰੇ ਮਹੱਤਵ ਦਿੰਦਾ ਹੈ। ਸਮਾਜ ਨੂੰ ਵੀ ਅਜਿਹੇ ਨੌਜਵਾਨਾਂ ਦੀ ਲੋੜ ਹੈ ਜੋ ਰਿਸ਼ਤਿਆਂ ਦੇ ਅਰਥ ਨੂੰ ਸਮਝ ਸਕਣ। ਇਹ ਇਸ ਨਾਵਲ ਦਾ ਇੱਕ ਅਹਿਮ ਹਾਂਦਰੂ ਪਾਸਾਰ  ਹੈ।


ਸਾਮੰਤੀ ਸੰਰਚਨਾ ਦੇ ਸਮਾਜਿਕ-ਸੱਭਿਆਚਾਰਕ ਨਿਯਮਾਂ ਅਨੁਸਾਰ ਹੀ ਹਰ ਔਰਤ ਢਲ ਜਾਂਦੀ ਹੈ। ਉਹ ਇਹਨਾਂ ਨਿਯਮਾਂ ਨੂੰ ਤੋੜਨ ਦੀ ਬਜਾਏ ਸਗੋਂ ਇਹਨਾਂ ਦੀ ਰਾਖੀ ਕਰਦੀ ਹੈ, ਹਾਲਾਂਕਿ ਸਾਰੇ ਸਾਮੰਤੀ ਨੇਮ ਉਸਦੇ ਵਿਰੁੱਧ ਹੀ ਹੁੰਦੇ ਹਨ। ਨਾਵਲ ਦੀ ਇਕ ਨਾਇਕਾ ਮਨਜੀਤ ਹੈ, ਜੋ ਮਰਦ ਹਉਂ ਦੇ ਜ਼ੁਲਮ ਅਤੇ ਸ਼ੋਸ਼ਣ ਦਾ ਸ਼ਿਕਾਰ ਹੈ, ਉਸਦੇ ਅਮਾਨਵੀ ਧੱਕਿਆਂ ਕਾਰਨ ਉਹ ਰੋਗਣ ਹੋ ਜਾਂਦੀ ਹੈ, ਫਿਰ ਵੀ ਉਹ ਆਪਣੇ ਪਤੀ ਦੀ ਭਲਾਈ ਸੁਖ ਲੋਚਦੀ ਹੈ। ਉਹ ਆਪਣੀ ਭੈਣ ਨੂੰ ਸੰਬੋਧਿਤ ਹੋ ਕੇ ਕਹਿੰਦੀ ਹੈ –“ਉਹ ਜਾਣੇ ਜੇ ਕੋਈ ਕਰਦੈ ਕਰੀ ਜਾਵੇ, ਆਵਦੇ ਕੋਲੋਂ ਨਾ ਹੋਣ। ਉਸ ਨੂੰ ਤੱਤੀ ‘ਵਾ ਨਾ ਲੱਗੇ। “ ਇਹਨਾਂ ਨੇਮਾਂ ਦੇ ਨਾਲ ਨਾਲ ਸਾਡੇ ਧਾਰਮਿਕ ਨੇਮ ਵੀ ਮਨੁਖ ਨੂੰ ਸੰਘਰਸ਼ ਕਰਨ ਦੀ ਪ੍ਰੇਰਨਾ ਦੇਣ ਦੀ ਬਜਾਏ, ਜਿੱਥੇ ਭਾਣਾ ਮੰਨਣ ਲਈ ਹੀ ਪਰੇਰਿਤ ਕਰਦੇ ਹਨ ਉਥੇ “ਇਹ ਦੁਨੀਆਂ ਕੁਝ ਵੀ ਨਹੀਂ, ਇਥੇ ਕੀ ਪਿਆ ਹੈ” ਦਾ ਪਾਠ ਵੀ ਪੜ੍ਹਾਉਂਦੇ ਹਨ। ਮਨਜੀਤ ਔਰਤ ਦੀ ਬਦਤਰ  ਸਥਿਤੀ ਨੂੰ ਜਾਣਦਿਆਂ ਵੀ ਇਸੇ ਕਰ ਕੇ ਕੁਲਦੀਪ ਨੂੰ ਪੁਛਦੀ ਹੈ –“ਆਪਾਂ ਪੇਕੇ ਚਿੜੀਆਂ ਦਾ ਚੰਬਾ ਸੀ – ਉਡ ਆਈਆਂ – ਮੈਨੂੰ ਸਮਝ ਨੀ ਲਗਦੀ ਇਹ ਦੁਨੀਆਂ ਕੀ ਹੈ – ਉਡ ਤਾਂ ਆਪਾਂ ਏਥੋਂ ਵੀ ਜਾਣੈ - ਕੁਝ ਲੈ ਕੇ ਨੀ ਆਈਦਾ, ਕੁਝ ਲੈ ਕੇ ਨੀ ਜਾਈਦਾ-  ਫਿਰ ਬੰਦਾ ਦੁਖੀ ਕਿਉਂ ਹੁੰਦਾ ਹੈ?" ਸਾਡੇ ਸਥਾਪਿਤ ਧਾਰਮਿਕ ਨੇਮ ਵੀ ਔਰਤ ਨੂੰ ਗੁਲਾਮ ਜ਼ਹਿਨੀਅਤ ਦੀ ਲਖਾਇਕ ਹੀ ਬਣਾਉਦੇ ਹਨ। ਇਹਨਾਂ ਅਖੌਤੀ ਸਮਾਜਕ - ਸਭਿਆਚਾਰਕ-ਧਾਰਮਿਕ ਨੇਮਾਂ ਨੂੰ ਉਲੰਘਣਾ ਸਮਕਾਲ ‘ਚ ਵੀ ਔਰਤ ਲਈ ਕਠਨ  ਹੈ । ਇਹ ਪ੍ਰਸ਼ਨ ਨਾਵਲਕਾਰ ਸਾਡੇ ਸਨਮੁਖ ਸਾਡੇ ਸੋਚਣ ਲਈ ਰੱਖਦਾ ਹੈ।


ਇਸ ਨਾਵਲ ਵਿੱਚ ਜਿੰਨੀ ਸਖ਼ਤ ਕਿਰਤ ਮਿਹਨਤ ਕੁਲਵੰਤ ਅਤੇ ਉਸ ਦੀ ਪਤਨੀ ਕਰਦੇ ਹਨ ਉਤਨੀ ਸਖਤ ਕਿਰਤ ਮਿਹਨਤ ਨਾ ਉਨ੍ਹਾਂ ਦੇ ਪੱਤਰ ਕਰਦੇ ਹਨ ਨਾ ਹੀ ਨੂੰਹ ਸੁਖਵਿੰਦਰ  ਕਰਦੀ ਹੈ। ਨਵੇਂ ਬਲਗਰ ਮੁੱਲ ਸਥਾਪਤ ਹੋਣ ਕਾਰਨ ਕੰਮ ਸਭਿਆਚਾਰ ਸਾਡੇ ਸਮਾਜ ਦਾ ਅੰਗ ਬਣ ਹੀ ਨਹੀਂ ਸਕਿਆ ਸਵੇਦੇ ਸਗੋਂ ਦਿਨ ਪ੍ਰਤੀ ਦਿਨ ਉਸ ਨੂੰ ਖੋਰਾ ਲਗ ਰਿਹਾ ਹੈ । ਨਵੀਂ ਪੀੜ੍ਹੀ ਵੇਹਲੜਾਂ ਅਤੇ ਸੰਵੇਦਨਹੀਣਾਂ ਦੀ ਭੀੜ ਵੀ ਬਣ ਹੈ।  ਇਹ ਭੀੜ ਦੇਸ਼/ਸਮਾਜ ਲਈ ਸਿਰਦਰਦੀ ਬਣਦੀ ਜਾ ਰਹੀ ਹੈ। ਇਹ ਭੀੜ ਵਡੀਆਂ ਇਛਾਵਾਂ ਰਖਦੀ ਹੈ ਅਤੇ ਵੱਡੇ ਸੁਪਨੇ ਲੈਂਦੀ ਹੈ ਪਰੰਤੂ ਹੱਥੀਂ ਕੁਝ ਵੀ ਕਰਨ ‘ਚ ਵਿਸ਼ਵਾਸ਼ ਨਹੀਂ ਰਖਦੀ। ਕੁਲਵੰਤ ਅਤੇ ਕੁਲਦੀਪ ਦੀ ਨੂੰਹ ਸੁਖਵਿੰਦਰ ਦੇ ਕਹੇ ਇਹ ਸ਼ਬਦ ਮੇਰੀ ਉਕਤ ਧਾਰਨਾ ਦੀ ਪੁਸ਼ਟੀ ਕਰਦੇ ਹਨ, “ ਘਰ ਵਾਲਾ ਤਾਂ ਬਥੇਰਾ ਸੁਹਣਾ ਮਿਲ ਗਿਆ - ਮੈਂ ਨਾਲ ਇਹ ਵੀ ਸੁਖਨਾ ਸੁਖਦੀ ਸੀ ਕਿ ਚਿਪਸਾਂ ਵਾਲਾ ਘਰ ਹੋਵੇ, ਨੌਕਰ ਕੰਮ ਨੂੰ ਹੋਣ, ਸਕੂਟਰ ਹੋਵੇ,ਮੇਰੀ ਕੋਈ ਵੀ ਖਾਹਸ਼ ਪੂਰੀ ਨੀ ਹੋਈ। “ ਬਲਗਰ ਕਿਸਮ ਦੀ ਨਵੀਂ ਪੀੜ੍ਹੀ ਬਿਨਾਂ ਕੋਈ ਕੰਮ ਕੀਤਿਆਂ ਸੁਖ ਅਰਾਮ ਚਹੁੰਦੀ ਹੈ। ਨਾਵਲਕਾਰ ਅਜਿਹੀ ਪੀੜ੍ਹੀ ਦੇ ਯਥਾਰਥ ਨੂੰ ਪਕੜਣ ਚ ਕਾਮਯਾਬ ਰਿਹਾ ਹੈ।


ਸੋ ਇਹ ਨਾਂਵਲ ਸਾਮੰਤੀ ਮੁੱਲਾਂ/ਪ੍ਰਤਿਮਾਨਾਂ ਅਤੇ ਪੂੰਜੀਵਾਦੀ ਮੁੱਲਾਂ – ਪਠਤਿਮਾਨਾਂ ਦੇ ਦਵੰਦ ਚੋਂ ਉਪਜੀ ਟੁਪ ਭੱਜ, ਤਰਾਸਦੀ ਦਾ ਰੁਪਾਂਤਰਨ ਹੈ। ਸ਼ਰੀਕਾਬਾਜੀ ਅਤੇ ਅੰਤਰ ਪਰਿਵਾਰਕ ਝਗੜਿਆਂ ਦਾ ਯਥਾਰਥ ਹੈ। ਇਹ ਨਾਵਲ ਦੋਨਾਂ ਕੀਮਤਾਂ -ਪ੍ਰਤਿਮਾਨਾਂ ‘ਚ ਔਰਤ ਦੀ ਬਦਤਰ ਦਸਾ ਅਤੇ ਸਥਿਤੀ ਦਾ ਪ੍ਰਤੀਬਿੰਬ ਹੈ।