ਦੇਖੀਂ ਵੇ ਚੰਨਾਂ ਕਿਤੇ ਬੇਪਰਵਾਹ ਨਾ ਹੋਜੀਂ,
ਬੇਪਰਵਾਹ ਤੋਂ ਵੀ ਕਿਤੇ ਬੇਵਫ਼ਾ ਨਾ ਹੋਜੀਂ,
ਕੋਈ ਹੱਲ ਨਹੀਂ ਇੱਥੇ ਪੈ ਗਏ ਸ਼ੱਕ ਦਾ,
ਬਚ ਕੇ ਰਿਹਾ ਕਰ ਜਮਾਨਾ ਤੈਨੂੰ ਤੱਕਦਾ।
ਤੇਰੀ ਵਫ਼ਾਦਾਰੀ ਸਿਰ ਦਾ ਤਾਜ ਮੇਰਾ ਏ,
ਸਮਝਾਂ ਮੈਂ ਦੁਨੀਆਂ ਤੇ ਰਾਜ ਮੇਰਾ ਏ,
ਤੂੰ ਤਾਂ ਝੱਲਿਆ ਕੋਕਾ ਮੇਰੇ ਸੋਹਣੇ ਨੱਕ ਦਾ,
ਬਚ ਕੇ ਰਿਹਾ ਕਰ ਜਮਾਨਾ ਤੈਨੂੰ ਤੱਕਦਾ।
ਅੱਖ ਤੇਰੀ ਵਿੱਚ ਵੇਖੀਂ ਕਿਧਰੇ ਮੈਲ ਨਾ ਭਰਜੇ,
ਕਿਰਦਾਰ ਤੇਰੇ ਨੂੰ ਕੋਈ ਮੋਰੀ ਨਾ ਕਰਜੇ,
ਚਿੱਟੇ ਲੀੜਿਆਂ ਨੂੰ ਦਾਗ ਛੇਤੀ ਹੈ ਲੱਗਦਾ,
ਬਚ ਕੇ ਰਿਹਾ ਕਰ ਜਮਾਨਾ ਤੈਨੂੰ ਤੱਕਦਾ।
ਮਾੜੀ ਮੋਟੀ ਗਲਤੀ ਦੀ ਤਾਂ ਮਾਫੀ ਏ,
ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਏ,
ਨਜ਼ਰਾਂ ਤੋਂ ਡਿੱਗੇ ਨੂੰ ਕੋਈ ਨਾ ਚੱਕਦਾ,
ਬਚ ਕੇ ਰਿਹਾ ਕਰ ਜਮਾਨਾ ਤੈਨੂੰ ਤੱਕਦਾ।
ਤਮਾਸ਼ਾ ਨਾ ਬਣੀ ਏਨਾ ਸਤਿਕਾਰ ਖੱਟ ਕੇ,
ਵੱਸਦੇ ਨਾ ਛੇਤੀ "ਮੋਨੂੰ" ਇੱਥੇ ਭੁੱਲੇ ਭਟਕੇ,
ਮਾੜੀ ਗੱਲ ਤਾਂ ਹਰ ਕੋਈ ਇੱਥੇ ਯਾਦ ਰੱਖਦਾ,
ਬਚ ਕੇ ਰਿਹਾ ਕਰ ਜਮਾਨਾ ਤੈਨੂੰ ਤੱਕਦਾ।