ਠੰਢੇ ਪੋਹ ਦੇ ਦਿਨ ਲੰਬੀਆਂ ਰਾਤਾਂ, ਛਾਈ ਹੋਈ ਹੈ ਚੁਫੇਰੇ ਸੁੰਨ-ਮਸਾਣ।
ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ, ਹੌਲ਼ੀ-ਹੌਲ਼ੀ ਤੁਰਦੇ-ਤੁਰਦੇ ਜਾਣ।
ਪਿਤਾ ਦਸਮੇਸ਼ ਦੇ ਹੈਨ ਇਹ ਦੁਲਾਰੇ, ਮਾਤਾ ਦੀਆਂ ਅੱਖਾਂ ਦੇ ਨੇ ਜੋ ਤਾਰੇ।
ਸੋਹਣੇ ਦੁਮਾਲਿਆਂ ਨੇ ਸ਼ਿੰਗਾਰੇ, ਸਿੱਖੀ ਦੇ ਇਹ ਨਿੱਕੇ-ਨਿੱਕੇ ਦੋ ਵਣਜਾਰੇ।
ਖੜ੍ਹ-ਖੜ੍ਹ ਕੇ ਲੋਕ ਆਖਣਗੇ ਸਾਰੇ, ਛੋਟੇ-ਛੋਟੇ ਬਾਲ ਜੋ ਸਿਦਕੋਂ ਨਾ ਹਾਰੇ।
ਵਾਟ ਮੁਕਾਉਂਦੇ ਗੱਲਾਂ ਕਰਦੇ ਜਾਣ, ਹੌਲ਼ੀ-ਹੌਲ਼ੀ ਤੁਰਦੇ-ਤੁਰਦੇ ਜਾਣ।
ਗੰਗੂ ਨੇ ਬੁਣਿਆ ਐਸਾ ਜਾਲ, ਕੀਤੇ ਵਜ਼ੀਰੇ ਹਵਾਲੇ ਨੀਚਤਾ ਦੇ ਨਾਲ।
ਤੱਕੋ ਤੁਰ ਰਹੇ ਨੇ ਸ਼ੇਰਾਂ ਵਾਲੀ ਚਾਲ, ਛੇ ਤੇ ਅੱਠਾਂ ਸਾਲਾਂ ਦੇ ਇਹ ਬਾਲ।
ਆਖ ਕੇ 'ਜੋ ਬੋਲੇ ਸੋ ਨਿਹਾਲ', ਵੇਖੋ ਗੂੰਜਾ ਰਹੇ ਨੇ 'ਸਤਿ ਸ੍ਰੀ ਆਕਾਲ'।
ਡਰ ਦਾ ਕੋਈ ਨਾਮ ਨਾ ਨਿਸ਼ਾਨ, ਹੌਲ਼ੀ-ਹੌਲ਼ੀ ਤੁਰਦੇ-ਤੁਰਦੇ ਜਾਣ।
ਲੋਕ ਲੁਕ-ਲੁਕ ਸੀ ਰੌਏ, ਸੁਣਿਆ ਜਦ ਠੰਢੇ ਬੁਰਜ ਵਿੱਚ ਕੈਦ ਉਹ ਹੋਏ।
ਦਾਦੀ ਮਾਂ ਨੇ ਬੁੱਕਲ ਵਿੱਚ ਲਕੋਏ, ਵੱਡੇ ਵੀਰਿਆਂ ਦੀ ਯਾਦ ਵਿੱਚ ਸਮੋਏ।
ਹੌਲ਼ੀ-ਹੌਲ਼ੀ ਅੱਖਾਂ ਨੇ ਬੂਹੇ ਢੋਏ, ਸੁਨੇਹ ਜਦ ਆਇਆ ਝੱਟ ਉੱਠ ਖਲੋਏ।
ਸਿਪਾਹੀਆਂ ਨਾਲ ਜਾਂਦੇ ਸੀਨਾ ਤਾਣ, ਤੇਜ਼-ਤੇਜ਼ ਤੁਰਦੇ-ਤੁਰਦੇ ਜਾਣ।
ਨਿੱਕਾ ਜਿਹਾ ਬਾਰ ਗਹੁ ਨਾਲ ਤੱਕਦੇ, ਬੁੱਝ ਕੇ ਚਲਾਕੀ ਦੋਵੇਂ ਵੀਰ ਹੱਸਦੇ।
ਪਹਿਲਾਂ ਪੈਰ ਨਾਲ ਪੱਲਾ ਪਰਾਂ ਧੱਕਦੇ, ਕਚਹਿਰੀ ਨੂੰ ਜੁੱਤੀ ਹੇਠਾਂ ਰੱਖਦੇ।
ਲੋਭ, ਝੂਠ ਤੇ ਡਰ ਦੀ ਹਰ ਗੱਲ ਕੱਟਦੇ, ਸੱਚੀ ਗੱਲ ਬੋਲਣੋਂ ਨਾ ਝੱਕਦੇ।
ਸੁੱਚਾ ਨੰਦ ਆਖੇ ਇਹ ਨੇ ਭੁਜੰਗ ਕਰੋ ਪਛਾਣ, ਤੁਰਦੇ-ਤੁਰਦੇ ਜਾਣ।
ਜ਼ਾਬਰਾਂ ਮੂਹਰੇ ਵੇਖੋ ਅੜ ਗਏ ਨੇ, ਨੀਹਾਂ ਵਿੱਚ ਦੋਵੇਂ ਵੀਰੇ ਖੜ੍ਹ ਗਏ ਨੇ।
ਸਿੱਖੀ ਦੀ ਕੁਠਾਲੀ ਵਿੱਚ ਕੜ੍ਹ ਗਏ ਨੇ, ਵੀਰਿਆਂ ਦਾ ਰਾਹ ਫੜ ਗਏ ਨੇ।
ਸ਼ਹੀਦੀ ਦੀ ਪੌੜੀ ਇਹ ਚੜ੍ਹ ਗਏ ਨੇ, ਵਜ਼ੀਰੇ ਦੇ ਮੱਥੇ ਹੋਣੀ ਜੜ ਗਏ ਨੇ।
ਬੰਦਾ ਬਹਾਦਰ ਨੇ ਵਗਾਏ ਅਗੱਮੀ ਬਾਣ, ਬਿੰਨ੍ਹਦੇ-ਬਿੰਨ੍ਹਦੇ ਜਾਣ।
ਸਾਹਿਬਜ਼ਾਦੇ ਅੱਜ ਵੀ ਬੁਲਾ ਰਹੇ ਨੇ, ਸਿੱਖੀ ਦੀ ਸਿੱਖਿਆ ਪੜ੍ਹਾ ਰਹੇ ਨੇ।
ਹਰ ਵਰ੍ਹੇ ਜੋੜ ਮੇਲਾ ਭਰਵਾ ਰਹੇ ਨੇ, ਬੱਚਿਆਂ ਵਿੱਚ ਆਪਾ ਤਕਾ ਰਹੇ ਨੇ।
ਸੌਂਦੀ ਜਾ ਰਹੀ ਜ਼ਮੀਰ ਜਗਾ ਰਹੇ ਨੇ, ਸਾਹਿਬਜ਼ਾਦੇ ਸਾਨੂੰ ਬੁਲਾ ਰਹੇ ਨੇ।
ਹੈ ਸ਼ਹੀਦਾਂ ਉੱਤੇ ਮਾਣ, ਕਾਫਲੇ ਸਰਹਿੰਦ ਵੱਲ ਜੁੜਦੇ-ਜੁੜਦੇ ਜਾਣ।
ਠੰਢੇ ਪੋਹ ਦੇ ਦਿਨ ਲੰਬੀਆਂ ਰਾਤਾਂ, ਛਾਈ ਹੋਈ ਹੈ ਚੁਫੇਰੇ ਸੁੰਨ-ਮਸਾਣ।
ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ, ਹੌਲ਼ੀ-ਹੌਲ਼ੀ ਤੁਰਦੇ-ਤੁਰਦੇ ਜਾਣ।