ਬਾਬਾ ਜਵਾਲਾ ਸਿਓਂ (ਲੇਖ )

ਇਕਬਾਲ ਬਰਾੜ   

Email: iqubalbrar@gmail.com
Address:
India
ਇਕਬਾਲ ਬਰਾੜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੀਵਾਲੀ ਵਾਲੇ ਦਿਨ ਅੱਜ ਬਾਬਾ ਜਵਾਲਾ ਸਿਓਂ ਸਰਦਾਰ ਜਵਾਲਾ ਸਿੰਘ ਬਣਿਆ ਹੋਇਆ ਸੀ। ਨਵੇਂ ਪੰਜ ਕਾਪੜੀ ਵਾਲੇ ਕੁੜਤੇ ਚਾਦਰੇ ਤੇ ਪੈਰੀ ਖੋਸੇ ਤੇ ਸਿਰ ਉੁੱਪਰ ਬੰਨੀ ਲੜ ਛੱਡਵੀਂ ਮਾਵੇ ਵਾਲੀ ਪੱਗ ਨਾਲ ਅੱਸੀ ਵਰ੍ਹਿਆਂ ਦੇ ਬਾਬੇ ਜਵਾਲਾ ਸਿੰਘ ਦਾ ਚਿਹਰਾ ਦਗ ਦਗ ਕਰ ਰਿਹਾ ਸੀ।ਆਥਣੇ ਜਿਹੇ ਬਰਾਂਡੇ ਵਿੱਚ ਮੰਜੇ ਤੇ ਬੈਠੇ ਜਵਾਲਾ ਸਿਓਂ ਨੇ ਅੰਦਰ ਕਮਰੇ ਚ ਬੈਠੇ ਆਪਣੇ ਪੋਤਰੇ ਨੂੰ ਹਾਕ ਮਾਰਦੇ ਕਿਹਾ।
"ਦੱਮਣਾਂ ਓਏ,ਜਾ ਆਵਦੀ ਬੀਬੀ ਤੋਂ ਦੀਵੇ ਲਿਆ ਆਜਾ ਬਾਹਰ ਟੋਭੇ ਤੇ ਖੂਹ 'ਤੇ ਦੀਵੇ ਧਰ ਕੇ ਆਈਏ,"।
ਜਵਾਲਾ ਸਿੰਘ ਦਾ ਪੋਤਰਾ ਦਮਨਪ੍ਰੀਤ ਹਾਲੇ ਯੂਨੀਵਰਸਿਟੀ ਵਿੱਚ ਪੜਾਈ ਕਰ ਰਿਹਾ ਸੀ ਤੇ ਦਿਵਾਲੀ ਕਰਕੇ ਦੋ ਦਿਨ ਪਹਿਲਾਂ ਹੀ ਪਿੰਡ ਆਇਆ ਸੀ।ਆਪਣੇ ਬਾਪੂ ਦੀ ਗੱਲ ਸੁਣ ਕੇ ਦਮਨ ਨੇ ਅਣਸੁਣੀ ਕਰ ਦਿੱਤੀ ਤੇ ਕੋਈ ਜੁਆਬ ਨਾ ਦਿੱਤਾ।
ਜੁਆਬ ਨਾ ਆਇਆ ਜਾਣ ਅੰਦਰ ਆ ਕੇ ਜਵਾਲਾ ਸਿੰਘ ਫਿਰ ਬੋਲਿਆ,"ਆਜਾ ਪੁੱਤ ਨਾਲੇ ਪਿੰਡ ਦਾ ਗੇੜਾ ਲੱਗ ਜਾਊ ਨਾਲੇ ਆ ਸੱਤ ਦੀਵੇ ਚੱਕ ਤੇ ਛੱਪੜ,ਖੂਹ ਤੇ ਬਾਬੇ ਦੀ ਸਮਾਧ ਤੇ ਗੁਰੂ ਘਰ ਰੱਖ ਕੇ ਆਈਏ।"

"ਕੀ ਯਰ ਦਾਦੂ, ਤੁਹਾਨੂੰ ਕਿੰਨੀ ਵਾਰ ਕਿਹਾ ਪਹਿਲੀ ਗੱਲ ਤਾਂ ਮੇਰਾ ਨਾਮ ਕੋਈ ਦੱਮਣ ਨਹੀ ਬਲਕਿ ਦਮਨਪ੍ਰੀਤ ਸਿੰਘ ਬਰਾੜ ਆ, ਦੂਜੀ ਗੱਲ ਦੁਨੀਆਂ ਕਿੱਥੇ ਤੋਂ ਕਿੱਥੇ ਪਹੁੰਚ ਗਈ ਤੁਸੀਂ ਹਾਲੇ ਵੀ ਆਹ ਬਾਬਿਆ ਦੀਆਂ ਮਟੀਆਂ ਤੇ ਲੱਸੀਆਂ ਪਾਈ ਜਾਨੇ ਓ, ਦੁਨੀਆਂ ਦੂਜੇ ਗ੍ਰਹਿਾਂ ਤੇ ਜੀਵਨ ਲੱਭ ਰਹੀ ਆ ਤੇ ਤੁਸੀਂ ਹਾਲੇ ਵੀ ਆਹ ਛੱਪੜਾਂ ਟੋਬਿਆਂ ਨੂੰ ਹੀ ਪੂਜੀ ਜਾਨੇ ਓ... ," ਦਮਨਪ੍ਰੀਤ ਨੇ ਆਪਣੇ ਆਈਫੋਨ ਨੂੰ ਚਾਰਜ ਤੇ ਲਾਉਦੇ ਨੇ ਕਿਹਾ।
,"ਪੁੱਤ ਆਹ ਸਭ ਕੋਈ ਵਹਿਮ ਭਰਮ ਨਹੀ ਸ਼ੇਰਾ। ਇਹ ਰਹੁ ਰੀਤਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੀ ਨੇ।ਇਹਨਾਂ ਨਾਲ ਹੀ ਸਾਡੇ ਤਿਓਹਾਰਾਂ ਚ ਰਸ ਭਰਿਆ ਜਾਂਦਾ। ਹੁਣ ਦੇ ਯੁੱਗ ਨੇ ਇਹ ਤਿਉਹਾਰ ਮਹਿੰਗੇ ਕਰਕੇ ਖੁਸ਼ਕ ਕਰ ਦਿੱਤੇ ਆ ਪਰ ਸਾਡੇ ਲਈ ਇਹ ਸਭ ਹੀ ਬਹੁਤ ਕੁਝ ਨੇ।
ਮੈਨੂੰ ਮੇਰਾ ਬਾਪੂ ਦੀਵੇ ਰੱਖਣ ਟੋਭੇ ਤੇ ਖੂਹ ਤੇ ਨਾਲ ਲੈ ਕੇ ਜਾਂਦਾ ਸੀ।ਨਾਲੇ ਬਾਪੂ ਨੇ ਗੱਲਾਂ ਕਰਦੇ ਜਾਣਾ ਦੱਸਦੇ ਜਾਣਾ ਨਾਲੇ ਅਸੀਂ ਦੀਵੇ ਧਰ ਆਉਣੇ।ਬਾਪੂ ਦੀਆਂ ਗੱਲਾਂ ਅੱਜ ਵੀ ਯਾਦ ਆਉਂਦੀਆਂ।"ਬਾਬਾ ਇੱਕ ਮਿੱਟ ਲਈ ਚੁੱਪ ਹੋਇਆ ਤੇ ਫਿਰ ਬੋਲਿਆ,
"ਹੁਣ ਸੋਨੂੰ ਮੂੰਹ ਮੰਗਿਆ ਖਾਣ ਪਹਿਨਣ ਨੂੰ ਮਿਲ ਜਾਂਦਾ ਪਰ ਸਾਡੇ ਵੇਲਿਆ ਚ ਆਹ ਚੌਦੇ ਮੱਸਿਆਂ ਦੀ ਰੋਟੀ ਵੇਲੇ ਬਣਨ ਵਾਲੀ ਖੀਰ ਦੀ ਖੁਸ਼ੀ ਤੇ ਬਾਪੂ ਦੇ ਬਹਾਨੇ ਸਾਨੂੰ ਮਿਲਣ ਵਾਲੇ ਲੀੜਿਆਂ ਦਾ ਚਾਅ ਹੀ ਵੱਖਰਾ ਹੁੰਦਾ ਸੀ ਪੁੱਤ।ਜੇ ਕਿੱਧਰੇ ਖੂਹ ਲੱਗਣਾ ਤਾਂ ਬਾਬੇ ਦੀ ਕੜਾਹੀ ਕਰਨੀ ਤੇ ਬਹਾਨੇ ਨਾਲ ਸਾਨੂੰ ਵੀ ਕੁਝ ਮਿੱਠਾ ਖਾਣ ਨੂੰ ਮਿਲ ਜਾਣਾ,
ਤੈਨੂੰ ਕੀ ਲੱਗਦਾ ਪੁੱਤ ਆਹ ਖੂਹ ਟੋਬੇ ਅਸੀਂ ਊਈਂ ਪੂਜੀ ਜਾਨੇ ਆ। ਸਾਡੇ ਵੇਲਿਆਂ 'ਚ ਪਾਣੀ ਦਾ ਮਿਲ ਜਾਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀ ਸੀ ।ਇਹਨਾਂ ਖੂਹਾਂ ਟੋਬਿਆਂ ਨੇ ਸਾਡੀ ਜ਼ਿੰਦਗੀ ਸਿੰਜੀ ਏ ਪੁੱਤ। ਸਾਡੀ ਧਰਤੀ ਨੂੰ ਰੰਗ ਭਾਗ ਲਾਏ ਆ। ਸਾਡੇ ਤਾਂ ਭਾਈ ਇਹ ਹੀ ਅਸਲ ਦੇਵੀ ਦੇਵਤਾ ਨੇ।"
"
"ਬਾਕੀ ਰਹੀ ਗੱਲ ਪੁੱਤ ਆਹ ਮੜੀਆਂ ਪੂਜਣ ਦੀ ਤਾਂ ਇਹ ਖੇਤਾਂ ਚ ਬਣੀਆਂ ਮੜੀਆਂ ਕਿਸੇ ਗੈਰ ਦੀਆਂ ਨਹੀ ਬਲਕਿ ਆਪਣੇ ਵਡੇਰਿਆਂ ਦੀਆਂ ਹੀ ਨੇ ਪੁੱਤ। ਗੱਲ ਕੁਝ ਵੀ ਨਹੀ ਬਿਸ ਐਨੇ ਨਾਲ ਉਹਨਾਂ ਨਾਲ ਸਾਂਝ ਬਣੀ ਹੋਈ ਆ। ਮਰ ਕੇ ਕੌਣ ਮੁੜਦਾ ਹੁੰਦਾ ਪਰ ਜਦੋਂ ਵੀ ਲੱਸੀ ਪਾਉਣ ਜਾਈਦਾ ਇਓਂ ਲੱਗਦਾ ਜਿਵੇਂ ਉਹਨਾਂ ਨਾਲ ਮਿਲ ਆਏ ਹੋਇਏ ਤੇ ਗੱਲ ਕਰ ਆਏ ਹੋਈਏ।
ਬਾਕੀ ਅਸੀਂ ਤਾਂ ਪੁੱਤ ਆਪਣੇ ਪਿਓ ਦਾਦਿਆਂ ਨੂੰ ਮਰਿਆਂ ਨੂੰ ਵੀ ਪੂਜਦੇ ਫਿਰਦੇ ਆ ਤੇ ਇੱਕ ਹੁਣ ਆਲੀ ਪੀੜੀ ਆ ਜਿਹੜੀ ਆਪਣੇ ਮਾਂ ਬਾਪ ਨੂੰ ਬਿਰਧ ਆਸ਼ਰਮਾਂ ਦੇ ਰਾਹ ਵਿਖਾਉਂਦੀ ਫਿਰਦੀ ਆ।ਬਾਕੀ ਸ਼ੇਰਾ ਜਿੰਨਾ ਚਿਰ ਹੱਥ ਪੈਰ ਚੱਲਦੇ ਆ ਪੂਜਾਂਗੇ ਤੁਸੀਂ ਭਾਈ ਬੇਸ਼ੱਕ ਸਾਡੀ ਢੂਈ ਵੀ ਨਾ ਮਾਰਿਓ।
"ਇਹ ਬੋਲ ਕੇ ਬਾਬਾ ਜਵਾਲਾ ਸਿੰਘ ਥੋੜਾ ਭਾਵੁਕ ਹੋ ਗਿਆ ਤੇ ਉਸਦੇ ਪੋਤੇ ਨੇ ਉਸਨੂੰ ਘੁੱਟ ਕੇ ਜੱਫੀ ਪਾ ਲਈ ਤੇ ਆਪਣਾ ਗਲਤੀ ਦਾ ਅਹਿਸਾਸ ਕਰਦਾ ਹੋਇਆ ਬੋਲਿਆ,"ਚੱਲੋ ਦਾਦੂ ਆਪਾਂ ਚੱਲਦੇ ਆ, ਤੁਸੀਂ ਵੀ ਮੈਨੂੰ ਆਪਣੇ ਬਾਪੂ ਵਾਂਗ ਸਾਰਾ ਕੁਝ ਸਮਝਾਉਦੇ ਜਾਇਓ" ਇਹ ਕਹਿ ਦੋਨੋ ਦਾਦਾ ਪੋਤਾ ਥਾਲ ਵਿੱਚ ਦੀਵੇ ਤੇ ਬੱਤੀਆਂ ਰੱਖ ਇੱਕ ਭਾਂਡੇ ਵਿੱਚ ਤੇਲ ਪਾ ਪਿੰਡ ਦੀ ਫਿਰਨੀ ਵੱਲ ਹੋ ਤੁਰੇ