ਤਿਆਗ ਅਤੇ ਕੁਰਬਾਨੀ ਦਾ ਮੁਜੱਸਮਾ : ਕਾਮਰੇਡ ਜੀਵਨ ਸਿੰਘ ਦੁੱਖੀ (ਲੇਖ )

ਹਰਦੀਪ ਕੌਰ ਨਾਜ਼   

Email: harknaaz@gmail.com
Address:
ਫਗਵਾੜਾ Punjab India
ਹਰਦੀਪ ਕੌਰ ਨਾਜ਼ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕ੍ਰਾਂਤੀਕਾਰੀ ਵਿਚਾਰਾਂ ਨੂੰ ਪ੍ਰਣਾਏ ਹੋਏ, ਅਣਗੌਲੇ, ਅਣਥੱਕ ਦੇਸ਼-ਭਗਤ ਜੀਵਨ ਸਿੰਘ ਦੁਖੀ (ਵਿਰਦੀ) ਨੇ ਆਪਣੇ ਜੀਵਨ ਕਾਲ ਵਿੱਚ ਦੇਸ ਦੀ ਅਜ਼ਾਦੀ ਲਈ ਬੇਅੰਤ ਕਾਰਜ ਕੀਤੇ ਸਨ। ਤਿਆਗ ਅਤੇ ਕੁਰਬਾਨੀ ਦਾ ਮੁਜੱਸਮਾ ਜੀਵਨ ਸਿੰਘ ਦੁਖੀ ਨੇ ਦੇਸ ਦੀ ਅਜ਼ਾਦੀ ਅਤੇ ਕਿਰਸਾਣਾਂ, ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਆਪਣੀ ਆਵਾਜ਼ ਬੁਲੰਦ ਕਰੀ ਰੱਖੀ। ਭਾਵੇਂ ਕਿ ਜ਼ਿੰਦਗੀ ਦਾ ਬਹੁਤਾ ਸਮਾਂ ਰੂਪੋਸ਼ੀ ਵਿੱਚ ਗੁਜ਼ਾਰਿਆ, ਪਰ ਬਾਵਜੂਦ ਇਸ ਦੇ ਹਰ ਸਾਹ ਹਰ ਪਲ ਦੇਸ ਹਿੱਤ ਨੂੰ ਸਮਰਪਤ ਕੀਤਾ। ਸਮੁੱਚਾ ਜੀਵਨ ਦੇਸ ਹਿੱਤ ਲਗਾਉਣ ਵਾਲੀ ਇਸ ਸ਼ਖ਼ਸੀਅਤ ਦਾ ਜਨਮ ਸੰਨ 1913 ਵਿੱਚ ਨਕਦੋਰ ਤਹਿਸੀਲ ਦੇ ਪਿੰਡ ਸ਼ੰਕਰ ਵਿੱਚ ਹੋਇਆ ਸੀ। ਅਕਾਲੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇਸ ਅਜ਼ਾਦੀ ਦਾ ਰਾਹ ਚੁਣਿਆ ਅਤੇ ਫਿਰ ਸਾਰਾ ਜੀਵਨ ਖੱਬੇ-ਪੱਖੀ ਲਹਿਰ ਨੂੰ ਸਮਰਪਤ ਕਰ ਦਿੱਤਾ।
ਆਪ ਜਿੱਥੇ ਕਿਤੇ ਵੀ ਜਾਂਦੇ ਜਾਗਰੂਕਤਾ ਫੈਲਾਉਂਦੇ ਹੋਏ ਲੋਕਾਂ ਅੰਦਰ ਦੇਸ-ਭਗਤੀ ਦਾ ਜਜ਼ਬਾ ਪੈਦਾ ਕਰਦੇ। ਪ੍ਰਸਿੱਧ ਕ੍ਰਾਂਤੀਕਾਰੀ, ਲੇਖਕ ਅਤੇ ਸਰਗਰਮ ਆਗੂ ਚੈਨ ਸਿੰਘ ਚੈਨ ਦੇਸ ਹਿੱਤ ਸੇਵਾ ਦੇਣ ਲਈ ਪ੍ਰੇਰਣ ਵਾਲੇ ਵੀ ਜੀਵਨ ਸਿੰਘ ਦੁਖੀ ਜੀ ਹੀ ਸਨ, ਇਸ ਗੱਲ ਦਾ ਜ਼ਿਕਰ ਚੈਨ ਸਿੰਘ ਚੈਨ ਹੁਰਾਂ ਨੇ ਆਪਣੀ ਸਵੈ-ਜੀਵਨੀ ਪੁਸਤਕ ‘ਮੇਰਾ ਸਿਆਸੀ ਜੀਵਨ’ ਵਿੱਚ ਵੀ ਕੀਤਾ ਹੈ। ਆਪ ਨੇ ਹੋਰ ਵੀ ਬਹੁਤ ਸਾਰੇ ਨੌਜਵਾਨਾ ਨੂੰ ਪ੍ਰੇਰ ਕੇ ਕਿਰਤੀ ਕਮਿਊਨਿਸਟ ਲਹਿਰ ਵਿੱਚ ਸ਼ਾਮਲ ਕਰਵਾਇਆ। ਜਿਨ੍ਹਾਂ ਵਿੱਚੋਂ ਅੱਗੇ ਜਾ ਕੇ ਬਹੁਤ ਸਾਰੇ ਉਘੇ ਆਗੂ ਜਾਂ ਨੇਤਾ ਬਣੇ।
ਕਿਤੇ ਵੱਜੋਂ ਆਪ ਇੱਕ ਤਰਖਾਣ ਸਨ। ਆਪਣੇ ਕੌਮੀ ਕਾਰਜਾਂ ਨੂੰ ਸਿਰੇ ਚੜ੍ਹਾਉਣ ਲਈ ਆਪ ਜੀ ਨੇ ਜੇਲ੍ਹ ਦੇ ਬਾਹਰ ਤਰਖਾਣਾ ਕੰਮ ਦੁਕਾਨ ਕੀਤੀ। ਦੁਕਾਨ ਉਹ ਮਹੱਤਵਪੂਰਨ ਸਾਧਨ ਸੀ, ਜਿਸ ਦੁਆਰਾ ਖ਼ੁਫ਼ੀਆ ਸੁਨੇਹੇ ਅਤੇ ਰਿਪੋਰਟਾਂ ਇੱਕ ਦੂਸਰੇ ਤੱਕ ਪਹੁੰਚਾਏ ਜਾਂਦੇ ਸਨ। ਇਹਨਾਂ ਦਾ ਜ਼ਿਕਰ ਬਾਬਾ ਭਗਤ ਸਿੰਘ ਬਿਲਗਾ ਅਤੇ ਚੈਨ ਸਿੰਘ ਚੈਨ ਨੇ ਵੀ ਆਪਣੀਆਂ ਲਿਖਤਾਂ ਵਿੱਚ ਕੀਤਾ ਹੈ। ਜੀਵਨ ਸਿੰਘ ਦੁੱਖੀ ਦੀ ਇਹ ਤਰਖਾਣ ਦੀ ਦੁਕਾਨ ਅਸਲ ਵਿੱਚ ਇੱਕ ਕ੍ਰਾਂਤੀਕਾਰੀ ਫੈਕਟਰੀ ਸੀ। ਇਸ ਜੇਲ੍ਹ ਵਿੱਚ ਤੇਜਾ ਸਿੰਘ ਸੁਤੰਤਰ, ਇਕਬਾਲ ਅਤੇ ਭਗਤ ਸਿੰਘ ਬਿਲਗਾ ਵਰਗੇ ਹੋਰ ਕਈ ਕ੍ਰਾਂਤੀਕਾਰੀ ਅਤੇ ਦੇਸ ਭਗਤ ਆਗੂ ਬੰਦ ਸਨ।
ਜੀਵਨ ਸਿੰਘ ਦੁਖੀ ਦਾ ਵਿਆਹ 20 ਵਰ੍ਹਿਆਂ ਦੀ ਉਮਰ ਵਿੱਚ ਫਿਲੌਰ ਤਹਿਸੀਲ ਦੇ ਪਿੰਡ ਰੁੜਕਾ ਕਲਾਂ ਦੀ ਬੀਬੀ ਪਰਮੇਸ਼ਵਰੀ ਦੇਵੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਵੀ ਜੀਵਨ ਸਿੰਘ ਦੁਖੀ ਆਪਣੀ ਪਾਰਟੀ ਦੇ ਕੰਮ-ਕਾਜਾਂ ਵਿੱਚ ਸਮਰਪਤ ਭਾਵਨਾ ਨਾਲ ਰੁਝੇ ਰਹਿੰਦੇ। ਜੀਵਨ ਸਾਥਣ ਬੀਬੀ ਪਰਮੇਸ਼ਵਰੀ ਦੇਵੀ ਵੀ ਬੜੇ ਖੁੱਲ੍ਹੇ ਵਿਚਾਰਾਂ ਵਾਲੀ ਅਤੇ ਦਲੇਰ ਔਰਤ ਸੀ। ਜ਼ਿੰਦਗੀ ਦੀਆਂ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਬੀਬੀ ਜੀ ਨੇ ਆਪਣੇ ਪਤੀ ਦਾ ਪੂਰਾ ਸਾਥ ਦਿੱਤਾ ਅਤੇ ਇਕੱਲਿਆਂ ਨੇ ਹੀ ਆਪਣੇ ਬੱਚਿਆਂ ਦਾ ਪਾਲਣ-ਪੋਸਣ ਕੀਤਾ। 
ਜੀਵਨ ਸਿੰਘ ਦੁਖੀ ਇੱਕ ਵਧੀਆ ਲੇਖਕ ਵੀ ਸਨ। ਉਹਨਾਂ ਦੇ ਲਿਖੇ ਹੋਏ ਲੇਖ ਅਤੇ ਕਵਿਤਾਵਾਂ ਅਕਸਰ ਕਿਰਤੀ ਅਖ਼ਬਾਰ ਵਿੱਚ ਛੱਪਦੇ ਹੁੰਦੇ ਸਨ। ਕੋਟਕਪੂਰੇ ਵਿਖੇ ਜੀਵਨ ਸਿੰਘ ਨੇ ਆਪਣੇ ਸਾਥੀ ਤਰਲੋਚਨ ਸਿੰਘ ਰਿਆਸਤੀ ਨਾਲ ਮਿਲ ਕੇ ਨਵਯੁੱਗ ਨਾਮ ਹੇਠ ਇੱਕ ਅਖ਼ਬਾਰ ਵੀ ਸ਼ੁਰੂ ਕੀਤੀ ਸੀ। 5 ਜੁਲਾਈ 1943 ਨੂੰ ਆਪ ਜੀ ਦੇ ਘਰ ਵੱਡੇ ਸਪੁੱਤਰ ਨੇ ਜਨਮ ਲਿਆ ਅਤੇ ਚਾਰ ਸਾਲ ਬਾਅਦ ਛੋਟੇ ਪੁੱਤਰ ਨੇ ਜਨਮ ਲਿਆ। ਸੰਨ 1957 ਵਿੱਚ ਜਦੋਂ ਵੱਡੇ ਸਪੁੱਤਰ ਬਲਵਿੰਦਰ ਸਿੰਘ ਦਸਵੀਂ ਜਮਾਤ ਵਿੱਚ ਪੜ੍ਹਦੇ ਸਨ ਤਾਂ ਆਪ ਪਰਵਾਰ ਨੂੰ ਮਿਲਣ ਹਿੱਤ ਘਰ ਆਏ ਸਨ। ਉਦੋਂ ਤਕਰੀਬਨ ਦੋ ਸਾਲ ਆਪ ਘਰ ਹੀ ਰਹੇ। ਆਪਣੇ ਬੇਟੇ ਨੂੰ ਨਵਾਂ ਸਾਈਕਲ ਵੀ ਲੈ ਕੇ ਦਿੱਤਾ। ਫਿਰ ਦੋ ਸਾਲ ਬਾਅਦ ਜੀਵਨ ਸਿੰਘ ਬਠਿੰਡੇ ਚਲੇ ਗਏ।
ਬਠਿੰਡੇ ਉਹ ਤ੍ਰਿਲੋਚਨ ਸਿੰਘ ਰਿਆਸਤੀ (ਐੱਮ.ਐੱਲ.ਏ) ਦੇ ਕੋਲ ਰਹਿਣ ਲੱਗੇ। ਉਥੇ ਵੀ ਆਪ ਨੇ ਕਮਾਰੇਡ ਲਹਿਰ ਦੀ ਅਗਵਾਈ ਕਰਦੀ ਇੱਕ ਅਖ਼ਬਾਰ ਅਰੰਭ ਕੀਤੀ, ਜਿਸ ਰਾਹੀਂ ਹੀ ਪਰਵਾਰ ਨੂੰ ਪਤਾ ਲੱਗਿਆ ਸੀ ਕਿ ਆਪ ਬਠਿੰਡੇ ਰਹਿ ਰਹੇ ਹਨ। 
ਸੰਨ 1966 ਵਿੱਚ ਜਦ ਵੱਡੇ ਪੁੱਤਰ ਦਾ ਵਿਆਹ ਸੀ ਤਦ ਵੀ ਆਪ ਸਮਾਜ ਭਲਾਈ ਹਿੱਤ ਦੇਸ਼ ਨੂੰ ਸਮਰਤ ਹੋ ਕੇ ਕਾਰਜਸ਼ੀਲ ਸਨ ਅਤੇ ਵਿਆਹ ’ਤੇ ਨਾ ਪਹੁੰਚੇ ਪਰ ਵਿਆਹ ਦਾ ਸੱਦਾ ਦੇਣ ਗਏ ਪੁੱਤਰ ਨੂੰ ਤਿੰਨ ਸੌ ਰੁਪਏ ਸ਼ਗਨ ਵਜੋਂ ਦਿੰਦਿਆ ਕਿਹਾ ਸੀ, ਕਿ ਮੇਰਾ ਅਸ਼ੀਰਾਦ ਹਮੇਸ਼ਾਂ ਤੇਰੇ ਨਾਲ ਰਹੇਗਾ।’ ਆਪ ਪਰਵਾਰ ਤੋਂ ਹਮੇਸ਼ਾਂ ਦੂਰ ਹੀ ਰਹੇ ਸਨ। ਆਪ ਕਹਿੰਦੇ ਸਨ ਕਿ, ‘ਜੇਕਰ ਮੈਂ ਆਪਣੇ ਪਰਵਾਰ ਨੂੰ ਕੋਈ ਸੁੱਖ ਨਹੀਂ ਦੇ ਸਕਿਆ ਤਾਂ ਦੁੱਖ ਦੇਣ ਦਾ ਹੱਕ ਵੀ ਮੈਨੂੰ ਕੋਈ ਨਹੀਂ ਹੈ।’
ਇਸ ਵਰ੍ਹੇ ਹੀ ਆਪਣੇ ਮਿੱਤਰ ਮਥੁਰਾ ਦਾਸ ਨਾਲ ਮਿਲ ਕੇ ਆਪ ਨੇ ਗੁਰਾਇਆ ਵਿਖੇ ਸਿਲਾਈ ਮਸ਼ੀਨਾਂ ਦੇ ਪੁਰਜੇ ਬਣਾੳੇੁਣ ਦਾ ਕੰਮ ਅਰੰਭ ਕੀਤਾ। ਪਰ ਕੁਝ ਸਮੇਂ ਬਾਅਦ ਹੀ ਕਾਰੋਬਾਰ ਵਿੱਚ ਮੱਤਭੇਦ ਆ ਜਾਣ ਕਾਰਨ ਆਪ ਮੁੜ ਬਠਿੰਡੇ ਚਲੇ ਗਏ ਅਤੇ ਤ੍ਰਿਲੋਚਨ ਸਿੰਘ ਰਿਆਸਤੀ ਨਾਲ ਰਲ ਕੇ ਕਾਰਜਾਂ ਵਿੱਚ ਜੁਟ ਗਏ। ਇਸ ਦੌਰਾਨ ਹੀ ਜਦ ਰਿਆਸਤੀ ਜੀ ਦੀ ਮੌਤ ਹੋ ਗਈ ਤਾਂ ਜੀਵਨ ਸਿੰਘ ਜੀ ਆਪਣੇ ਕਿਸੇ ਮਿੱਤਰ ਕੋਲ ਚਲੇ ਗਏ।
ਇਕ ਉਹ ਵੇਲਾ ਵੀ ਸੀ ਜਦ ਸੁਭਾਸ਼ ਚੰਦਰ ਬੋਸ ਦੇ ਭਾਰਤ ਵਿੱਚੋਂ ਬਾਹਰ ਜਾਣ ਕਾਰਨ ਖ਼ਤਰਾ ਬਣ ਗਿਆ ਸੀ ਤਾਂ ਆਪ ਜੀ ਨੇ ਵੀ ਮਜਬੂਰੀ ਵੱਸ ਆਪਣੇ ਕੇਸ ਕਟਵਾ ਦਿੱਤੇ। ਮੁਸਲਮਾਨੀ ਲਿਬਾਸ ਧਾਰਨ ਕਰਕੇ, ਆਪਣਾ ਨਾਮ ਵੀ ਬਦਲ ਕੇ ‘ਅਨਾਇਤ ਖ਼ਾਨ’ ਰੱਖ ਲਿਆ। ਆਪਣੀਆਂ ਕ੍ਰਾਂਤੀਕਾਰੀ ਸਰਗਰਮੀਆਂ ਨੂੰ ਨਿਰਵਿਘਨ ਰੱਖਣ ਲਈ ਆਪ ਜੀ ਨੇ ਕਈ ਤਰ੍ਹਾਂ ਦੇ ਕੰਮ/ਕਿੱਤੇ ਅਪਣਾਏ। ਆਪ ਮੰਜੇ, ਪੀੜ੍ਹੀਆਂ ਅਤੇ ਹੋਰ ਲੱਕੜ ਦਾ ਸਮਾਨ ਬਣਾ ਕੇ ਫੇਰੀ ਵਾਲੇ ਵਜੋਂ ਕੰਮ ਕਰਨ ਲੱਗ ਪਏ ਤਾਂ ਕਿ ਕ੍ਰਾਂਤੀਕਾਰੀਆਂ ਜਾਂ ਦੇਸ ਭਗਤਾਂ ਦੀਆਂ ਚਿੱਠੀਆਂ, ਹੋਰ ਜ਼ਰੂਰੀ ਦਸਤਾਵੇਜ਼ ਜਾਂ ਸੁਨੇਹਿਆਂ ਦਾ ਅਦਾਨ-ਪ੍ਰਦਾਨ ਕੀਤਾ ਜਾ ਸਕੇ। ਇਹ ਫੇਰੀ ਲਈ ਆਪ ਲਾਹੌਰ ਤੋਂ ਰਾਵਲਪਿੰਡੀ ਤੱਕ ਸਫ਼ਰ ਕਰਦੇ ਰਹੇ ਸਨ।
ਇਸ ਤਰ੍ਹਾਂ ਜੀਵਨ ਸਿੰਘ ਫੇਰੀ ਦੌਰਾਨ ਸਮਾਨ ਵੇਚਦੇ-ਵੇਚਦੇ ਜੇਲ੍ਹ ਅਧਿਕਾਰੀਆਂ ਦੇ ਕੁਆਟਰ ਤੱਕ ਚਲਿਆ ਜਾਇਆ ਕਰਦੇ ਸਨ ਅਤੇ ਕੁਝ ਦੇਸ ਭਗਤ ਜੇਲ੍ਹ ਮੁਲਾਜ਼ਮ ਜੋ ਗੁਪਤ ਰੂਪ ਵਿੱਚ ਕ੍ਰਾਂਤੀਕਾਰੀਆਂ ਲਈ ਕੰਮ ਕਰਦੇ ਸਨ, ਉਹਨਾਂ ਰਾਹੀਂ ਸਰਗਰਮੀਆਂ ਬਾਬਤ ਜਾਂ ਹੋਰ ਸੁਖ-ਸੁਨੇਹਿਆਂ ਦਾ ਅਦਾਨ-ਪ੍ਰਦਾਨ ਕਰ ਲੈਂਦੇ ਸਨ।
ਇਸ ਤਰ੍ਹਾਂ ਜੀਵਨ ਸਿੰਘ ਦੁਖੀ ਕ੍ਰਾਂਤੀਕਾਰੀਆਂ ਸਰਗਰਮੀਆਂ ਲਈ ਹਮੇਸ਼ਾਂ ਤੱਤਪਰ ਰਹਿੰਦੇ। ਇਸੇ ਦੌਰਾਨ ਸੰਨ 1942 ਫਰਵਰੀ ਮਹੀਨੇ ਦੀ 26 ਤਰੀਕ ਨੂੰ ਆਪ ਜੀ ਦੀ ਗ੍ਰਿਫ਼ਤਾਰੀ ਵੀ ਹੋਈ ਅਤੇ ਜੇਲ੍ਹ ਵਿੱਚ ਆਪ ਜੀ ਨੇ ਅਨੇਕਾ ਤਸੀਹੇ ਝੱਲੇ। ਪੁਲਿਸ ਨੇ ਹਰ ਹਰਬਾ ਵਰਤ ਕੇ ਆਪ ਜੀ ਕੋਲੋ ਕ੍ਰਾਂਤੀਕਾਰੀਆਂ ਬਾਬਤ ਸੂਹਾਂ ਲੈਣ ਦੀ ਕੋਸ਼ਿਸ਼ ਕੀਤੀ, ਪਰ ਅਸਫ਼ਲ ਰਹੀ। ਬੇਅੰਤ ਤਸ਼ਦੱਦ ਆਪਣੇ ਪਿੰਡੇ ’ਤੇ ਸਹਿ ਲਿਆ, ਪਰ ਮੂੰਹੋਂ ਇੱਕ ਲਫ਼ਜ਼ ਨਾ ਕੱਢਿਆ। ਆਪ ਲਾਹੌਰ ਸੈਂਟਰਲ ਜੇਲ੍ਹ, ਮੁਲਤਾਨ ਜੇਲ੍ਹ, ਰਾਵਲਪਿੰਡੀ ਅਤੇ ਹੋਰ ਜੇਲ੍ਹਾਂ ਵਿੱਚ ਬੰਦ ਰਹੇ ਅਤੇ ਕੁਝ ਸਮਾਂ ਆਪ ਨੂੰ ਰੋਪੜ ਜੇਲ੍ਹ ਵਿੱਚ ਵੀ ਕੈਦ ਕੀਤਾ ਗਿਆ ਸੀ।
ਆਪ ਨੇ ਬਤੌਰ ਲੇਖਕ/ਸਾਹਿਤਕਾਰ ਵੀ ਕਾਫੀ ਰਚਨਾ ਕੀਤੀ, ਪਰ ਅਫ਼ਸੋਸ ਕਿ ਉਹ ਪਰਵਾਰ ਤੱਕ ਨਾ ਪਹੁੰਚ ਸਕੀ, ਫਿਰ ਵੀ ਕੁਝ ਇੱਕ ਕਵਿਤਾਵਾਂ ਦੇ ਬੰਦ ਜ਼ਰੂਰ ਕੁਝ ਸੋਮਿਆਂ ਰਾਹੀਂ ਪ੍ਰਾਪਤ ਹੋਏ ਹਨ। ਇਹ ਵੀ ਸੁਣਨ ਵਿੱਚ ਆਇਆ ਕਿ ਉਹਨਾਂ ਆਪਣੀ ਅਰਥੀ ਵੀ ਲਿਖੀ ਸੀ। ਉਹਨਾਂ ਨੂੰ ਲਿਖਣ-ਪੜ੍ਹਨ ਦਾ ਬਹੁਤ ਸ਼ੌਂਕ ਸੀ। ਉਹ ਆਪਣੀ ਰੋਜ਼ਾਨਾ ਡਾਇਰੀ ਵੀ ਲਿਖਦੇ ਹੁੰਦੇ ਸਨ ਅਤੇ ਆਪਣੀਆਂ ਰਚਨਾਵਾਂ ਵੀ ਇੱਕ ਥਾਂਏਂ ਸਾਂਭਦੇ ਰਹੇ ਸਨ। ਕਿਰਤੀ ਅਖ਼ਬਾਰ ਤੋਂ ਸਿਵਾਏ ਹੋਰ ਵੀ ਕਈ ਅਖ਼ਬਾਰਾਂ ਵਿੱਚ ਆਪ ਜੀ ਦੀਆਂ ਲਿਖਤਾਂ ਜੀਵਨ ਸਿੰਘ ਦੁੱਖੀ ਅਤੇ ਕਈ ਵਾਰ ਬਦਲੇ ਨਾਂ ਹੇਠ ਵੀ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਸਨ। ਕਿਉਂਜੁ ਆਪ ਦੀਆਂ ਲਿਖਤਾਂ ਬਹੁਤ ਸਪੱਸ਼ਟ ਅਤੇ ਬੇਬਾਕ ਹੁੰਦੀਆਂ ਸਨ ਅਤੇ ਸਮੇਂ ਦੀਆਂ ਹਕੂਮਤਾਂ ਨੂੰ ਚੁਣੌਤੀ ਦੇਣ ਵਾਲੀਆਂ ਹੁੰਦੀਆਂ ਸਨ। ਇੱਕ ਸਿਕੰਦਰ ਹਯਾਤ ਖ਼ਾਂ ਦੀ ਸਰਕਾਰ ਵੇਲੇ ਆਪ ਜੀ ਨੇ, ਸਰਕਾਰੀ ਪ੍ਰਬੰਧ ਨੂੰ ਲਾਹਨਤ ਪਾਉਂਦਿਆਂ ਇੱਕ ਕਵਿਤਾ ਲਿਖੀ ਸੀ, ਜਿਸ ਦੇ ਬੋਲ ਅੱਗੇ ਲਿਖੇ ਹਨ:
ਕਿਰਤੀ ਜ਼ਬਤ ਕਰਤੀ, ਬਿਨਾਂ ਦੇਖਿਆ ਹੀ,
ਉਹ ਅਖ਼ਬਾਰ ਹੀ ਏ, ਕੋਈ ਬੰਬ ਤਾਂ ਨਹੀਂ।
ਦੇਸ਼-ਭਗਤਾਂ ਨੂੰ, ਜੇਲ੍ਹ ਪਹੁੰਚਾਉਣ ਬਾਝੋਂ, ਹਾਂ!
ਨਿਕੰਮੀਏ ਸਰਕਾਰੇ ਤੈਨੂੰ ਕੋਈ ਕੰਮ ਤਾਂ ਨਹੀਂ।
ਬਿਨਾਂ ਅੱਗੋਂ, ਰਹੇਂ ਐਵੇਂ ਲੋਹੀ ਲਾਖੀ,
ਵੱਡੀ ਅੰਮਾਂ ਸਰਕਾਰ ਦਾ ਗ਼ਮ ਤਾਂ ਨਹੀਂ।
ਲਹੂ ਪੀਣੀਏ ਦੇਖ ਕਿਰਸਾਣ ਵੱਲੇ,
ਰਿਹਾ ਬਾਕੀ ਹੁਣ ਜਿਸਮ ਤੇ ਚੰਮ ਤਾ ਨਹੀਂ।
ਇਸ ਤੋਂ ਇਲਾਵਾ ਲੋਕਾਂ ਦੀ ਕੰਗਾਲੀ, ਕਿਰਸਾਨਾਂ ਦੀ ਦੁਰਦਸ਼ਾ ਬਾਰੇ ਵੀ ਬਹੁਤ ਬੇਬਾਕੀ ਨਾਲ ਕਵਿਤਾ ਰੂਪ ਵਿੱਚ ਆਪ ਜੀ ਦੀਆਂ ਲਿਖਤਾਂ ਬਾ-ਕਮਾਲ ਸਨ, ਜਿਵੇਂ:
ਦੁਨੀਆਂ ਦਾ ਬਾਦਸ਼ਾਹ ਹੋ ਗਿਆ ਕੰਗਾਲ ਏਨਾ।
ਦਿਸਦਾ ਏ ਇੱਕ-ਇੱਕ ਦਾਣੇ ਦਾ ਮੁਥਾਜ ਤੂੰ।
ਬੜੇ ਬੜੇ ਮਹਿਲ, ਫਰਨੀਚਰ ਤਿਆਰ ਕਰੇਂ,
ਹੱਥੀਂ ਹੀ ਬਣਾਏ ਰੇਲ-ਗੱਡੀਆਂ ਜਹਾਜ਼ ਤੂੰ।
ਕੰਮ ਕਰੇਂ ਦਿਨੇ-ਰਾਤੀਂ, ਹਾਲ ਤੇਰਾ ਉਹੀ ਰਹਿੰਦਾ
ਕੱਪੜਾ ਨਾ ਪਾਇਆ, ਰੱਜ ਖਾਧਾ ਨਾ ਅਨਾਜ ਤੂੰ।
ਝੁੱਗੇ ਵਿੱਚ ਆਪਣੇ ਤੂੰ, ਕੁਝ ਨਹੀਂਓਂ ਰਹਿਣ ਦਿੱਤਾ,
ਦੂਜੇ ਨੂੰ ਬਣਾਇਆ, ਕੀਤਾ ਉਲਟਾ ਰਵਾਜ ਤੂੰ।
ਦੂਜੇ ਤਾਂਈਂ ਖ਼ੂਬ ਨਿਆਮਤਾਂ ਖਵਾਉਣ ਲੱਗੇਂ,
ਆਪ ਰੁੱਖੀ ਰੋਟੀ ਨਾਲ, ਖਾਂਵਦਾ ਪਿਆਜ ਤੂੰ।
ਜੀਵਨ ਸਿੰਘ ਦੁਖੀ ਨੇ ਸਮੁੱਚਾ ਜੀਵਨ ਦੇਸ ਭਗਤੀ ਨੂੰ ਸਮਰਪਤ ਰਹਿ ਕੇ ਜੀਵਿਆ। ਆਖ਼ਰ ਸੰਨ 1974 ਨੂੰ ਆਪ ਇਸ ਫ਼ਾਨੀ ਸੰਸਾਰ ਤੋਂ ਵਿਦਾ ਹੋ ਗਏ। ਪਰ ਉਹਨਾਂ ਦੀ ਸੋਚ, ਸੰਘਰਸ਼ ਨੂੰ ਅਸੀਂ ਅੱਜ ਵੀ ਯਾਦ ਕਰਦੇ ਹੋਏ ਸਿਜਦਾ ਕਰਦੇ ਹਾਂ।