ਬਾਬਾ ਗੁਰੂ ਨਾਨਕ ਦੇਵ ਜੀ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਰੋ ਹੱਥੀਂ ਕਿਰਤ ਸਿਖਾਇਆ ਬਾਬੇ ਨਾਨਕ ਜੀ।
ਸੱਭ ਨੂੰ ਸਿੱਧੇ ਰਸਤੇ ਪਾਇਆ ਬਾਬੇ ਨਾਨਕ ਜੀ।।
ਦਸਾਂ  ਨਹੁੰਆਂ ਦੀ  ਕਿਰਤ ਕਮਾਈ ਕਰਕੇ ਖਾਓ,
ਇਹ ਸਭਨਾਂ ਨੂੰ ਸਮਝਾਇਆ ਬਾਬੇ ਨਾਨਕ ਜੀ।
ਨਹੀਂ ਪ੍ਰਤੱਖ ਨੂੰ ਲੋੜ ਪੈਂਦੀ ਕਦੇ ਪ੍ਰਮਾਣ ਦੀ ਕੋਈ,
ਕੰਮ ਕਰਕੇ ਆਪ ਵਿਖਾਇਆ ਬਾਬੇ ਨਾਨਕ ਜੀ।
ਵੰਡ ਕੇ  ਛਕਣਾ ਅਤੇ ਰਲਮਿਲ ਰਹਿਣਾ ਸਭਨਾਂ ਨੇ, 
ਸਭਨੂੰ ਰਸਤੇ ਇਸ ਚਲਾਇਆ ਬਾਬੇ ਨਾਨਕ ਜੀ।
ਉਦਾਸੀਆਂ ਕਰ ਚਹੁੰ ਕੂਟੀਂ ਘੁੰਮੇ ਦੁਨੀਆਂ ਸਾਰੀ ਸੀ, 
ਸੱਭ ਨੂੰ ਹਿੱਕ ਦੇ ਨਾਲ ਲਗਾਇਆ ਬਾਬੇ ਨਾਨਕ ਜੀ।
ਨਹੀਂ ਵਹਿਮਾਂ ਅਤੇ ਭਰਮਾਂ ਦੇ ਵਿੱਚ ਕੁੱਝ ਰੱਖਿਆ ਹੈ, 
ਮੱਕੇ ਦੇ ਵਿੱਚ ਜਾਅ  ਫ਼ੁਰਮਾਇਆ ਬਾਬੇ ਨਾਨਕ ਜੀ।
ਲੋਕੋ ਕਣ ਕਣ ਦੇ ਵਿੱਚ ਵਾਸ ਹੈ ਸੱਚੇ ਸਤਿਗੁਰੂ ਦਾ, 
ਸੱਭ  ਨੂੰ ਹੀ ਇਹ ਕਹਿ ਸੁਣਾਇਆ ਬਾਬੇ ਨਾਨਕ ਜੀ।
ਹੱਕ ਦੀ ਕਿਰਤ ਚੋਂ ਕੱਢਕੇ ਕੁੱਝ ਕੁ ਹਿੱਸਾ ਦਾਨ ਕਰੋ, 
ਭੁੱਖਿਆਂ ਤਾਈਂ  ਲੰਗਰ ਛਕਾਇਆ ਬਾਬੇ ਨਾਨਕ ਜੀ।
ਸੰਗਤ ਪੰਗਤ ਵਿੱਚ ਆਓ ਲੰਗਰ ਛਕੀਏ ਬਹਿਕੇ ਜੀ, 
ਇਹੇ ਨਿਵੇਕਲਾ ਰਾਹ ਅਪਣਾਇਆ ਬਾਬੇ ਨਾਨਕ ਜੀ।
ਕਦੇ  ਘਾਟ ਨਾ  ਓਹਦੇ ਘਰ  ਵਿੱਚ  ਆਉਣੀ ਐਂ, 
ਸੱਚਾ  ਨਾਮ ਜਪਾਇਆ ਸੱਭ ਨੂੰ ਬਾਬੇ  ਨਾਨਕ ਜੀ।
ਚਰਨੀਂ ਸੀਸ ਨਿਵਾਇਆ ਦੱਦਾਹੂਰੀਏ ਨਿਉਂਕੇ ਜੀ, 
ਓਹਨੇ ਸਵਾਸ ੨ ਵਿੱਚ ਧਿਆਇਆ ਬਾਬਾ ਨਾਨਕ ਜੀ।