ਡਾਕਟਰ ਆਤਮ ਹਮਰਾਹੀ ਨੂੰ ਐਨੇ ਰੁਝੇਵੇਂ ਹੁੰਦੇ ਦਿਮਾਗ਼ੀ ਤੌਰ 'ਤੇ ਉਹ ਕਦੇ ਵੀ ਵਿਹਲਾ ਨਹੀਂ ਸੀ ਹੁੰਦਾ --- ਪੰਜਾਬ/ ਹਿੰਦੁਸਤਾਨ ਤਾਂ ਕੀ,ਦੇਸ਼ਾਂ - ਵਿਦੇਸ਼ਾਂ ਵਿੱਚ ਬੈਠੇ ਉਸ ਦੇ ਸਾਹਿਤ -ਪ੍ਰੇਮੀ ਉਸ ਨੂੰ ਰੱਬ ਵਾਂਗੂੰ ਯਾਦ ਕਰਦੇ ; ਵਿਦੇਸ਼ਾਂ 'ਚ ਰਹਿੰਦੇ ਉਸ ਦੇ ਦੋਸਤ, ਉਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਹਰੇ ਲਾਈ ਰੱਖਦੇ। ਇੱਕ ਸਾਡੀ ਦੋਹਾਂ ( ਮੇਰੀ ਤੇ ਹਮਰਾਹੀ ਸਾਹਿਬ) ਦੀ ਦੁਵੱਲੀ/ ਸਾਂਝੀ ਯਾਦ ਮੇਰੇ ਜ਼ਿਹਨ ਵਿੱਚ ਆ ਰਹੀ ਹੈ। ---- ਸੁਖਦੇਵ ਸਿੰਘ 'ਦੀਪ' ਜੋ ਮੇਰਾ ਕਰਮਸਰ ਕਾਲਜ- ਰਾੜਾ ਸਾਹਿਬ ਵਿਖੇ ਸੈਸ਼ਨ 1984-85 ਦਾ ਹੋਣਹਾਰ ਵਿਦਿਆਰਥੀ ਸੀ। ਉਸ ਦੇ ਭੂਆ ਜੀ ਇੰਗਲੈਂਡ ਵਿਖੇ ਰਹਿੰਦੇ ਸਨ। 'ਦੀਪ' ਦੀ ਉਮਰ ਭਾਵੇਂ ਉਸ ਸਮੇਂ ਛੋਟੀ ਸੀ - ਚੰਗੀ ਸੂਝਬੂਝ ਵਾਲਾ ਹੋਣ ਕਰਕੇ, ਉਹ ਮੇਰੇ ਨਾਲ ਘਰੇਲੂ ਗੱਲਾਂ ਵੀ ਕਰ ਲੈਂਦਾ ਸੀ। ਉਸਨੇ ਆਪਣੀ ਪੜ੍ਹਾਈ ਦੇ ਪਹਿਲੇ ਸਾਲ ਦੌਰਾਨ ਹੀ ਮੈਨੂੰ ਦੱਸ ਦਿੱਤਾ ਸੀ," ਸਰ ! ਮੈਂ ਪੜ੍ਹਾਈ ਤਾਂ ਜਾਰੀ ਰੱਖਣੀ ਚਾਹੁੰਦਾ ਹਾਂ --- ਹੋ ਸਕਦਾ ਹੈ ਮੇਰਾ ਬਾਹਰ ਜਾਣ ਦਾ ਪ੍ਰੋਗਰਾਮ ਬਣ ਜਾਵੇ।" ਖ਼ੈਰ, ਉਹ ਸਮਾਂ ਬਣਨ 'ਤੇ ਇੰਗਲੈਂਡ ਚਲਾ ਗਿਆ। --- ਵਿਦੇਸ਼ ਜਾ ਕੇ,ਉਹ ਪਹਿਲਾਂ- ਪਹਿਲ ਬਤੌਰ ਸ਼ਾਇਰ ਵੀ ਵਿਚਰਦਾ ਰਿਹਾ, ਮੈਨੂੰ ਉਸ ਨੇ ਆਪਣੀਆਂ ਕੁਝ ਕਾਵਿ - ਰਚਨਾਵਾਂ ਵੀ ਭੇਜੀਆਂ, ਵਿਦਵਤਾ ਪੱਖੋਂ ਉਹ ਛੇ ਭਾਸ਼ਾਵਾਂ ਦਾ ਜਾਣੂੰ ਹੈ। --- ਮੈਨੂੰ ਇਹ ਧੁਰ ਅੰਦਰੋਂ ਮਹਿਸੂਸ ਵੀ ਹੋ ਰਿਹਾ ਕਿ ਪਤਾ ਨਹੀਂ ਕਿਉਂ ? ਕਈ ਸਾਲ ਹੋ ਗਏ, ਹੁਣ ਉਸ ਨਾਲ ਮੇਰਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸੰਪਰਕ ਨਹੀਂ ਹੋ ਸਕਿਆ। --- ਉਹ ਜਿੱਥੇ ਵੀ ਹੋਵੇ ਪਰਮਾਤਮਾ ਉਸਨੂੰ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।ਮੈਨੂੰ ਯਾਦ ਹੈ, ਮੈਂ ਤੇ ਡਾਕਟਰ ਹਮਰਾਹੀ ਉਸ ਦੀ ਭੈਣ ਦੇ ਵਿਆਹ 'ਤੇ ਉਸ ਦੇ ਪਿੰਡ ਭਾਗੋਮਾਜਰਾ ਵੀ ਗਏ ਸੀ। ਉਸ ਦੇ ਵੱਡੇ ਭ੍ਰਾਤਾ ਨੇ ਆਪਣੀ ਭੈਣ ਦੇ ਅਨੰਦਕਾਰਜ ਹੋਣ ਸਮੇਂ ਇੱਕ ਗੀਤ ਵੀ ਗਾਇਆ ਸੀ, ਉਸ ਦੇ ਬੋਲ ਕੁਝ ਇਉਂ ਸਨ " ਮੈਨੂੰ ਲਿੱਪਣੇ ਨਾ ਪੈਣ ਬਨੇਰੇ ਐਸੇ ਘਰ ਦੇਈਂ ਬਾਬਲਾ"। ਗੀਤ ਦੇ ਉਹ ਵੈਰਾਗਮਈ ਬੋਲ ਹੁਣ ਵੀ ਕਈ ਵਾਰ ਮੇਰੇ ਜ਼ਿਹਨ ਵਿੱਚ ਆਉਂਦੇ ਨੇ। ਮੈਨੂੰ ਇਹ ਵੀ ਨਹੀਂ ਭੁੱਲਿਆ --- ਜਦੋਂ ਮੈਂ ਘਰ ਆ ਕੇ ਆਪਣੀ ਪਤਨੀ ਬਲਜਿੰਦਰ ਕੌਰ ਨੂੰ ਕਿਹਾ ਸੀ," ਸਮਾਂ ਆਵੇਗਾ ,ਅਸੀਂ ਵੀ ਆਪਣੀ ਬੇਟੀ ਜਲਪ੍ਰੀਤ ਕੌਰ ਨੂੰ ਸਹੁਰੇ ਘਰ ਲਈ ਵਿਦਾ ਕਰਾਂਗੇ ? " ਪਤਨੀ ਨੇ ਗੰਭੀਰਤਾ ਪੂਰਵਕ ਇਹੋ ਕਿਹਾ ਸੀ," ਪ੍ਰੋਫੈ਼ਸਰ ਸਾਹਿਬ ! ਇਹ ਤਾਂ ਦੁਨੀਆਂ ਦਾ ਦਸਤੂਰ ਹੈ। ਧੀਆਂ- ਧਿਆਣੀਆਂ ਨੇ ਆਪਣੇ ਸਹੁਰੇ ਘਰ ਜਾਣਾ ਹੀ ਹੁੰਦਾ। ਵਿਆਹ 'ਤੇ ਕਾਹਦਾ ਗਏ , ਤੁਸੀਂ ਅੱਜ ਐਨੇ ਭਾਵੁਕ ਹੋ ਗਏ ? " ਡਾਕਟਰ ਹਮਰਾਹੀ ਆਨੰਦ ਕਾਰਜ ਹੋਣ ਤੋਂ ਬਾਅਦ 'ਦੀਪ' ਦੀ ਭੈਣ ਦੇ ਵਿਆਹ 'ਤੇ, ਸੰਗਤਾਂ ਦੇ ਰੁਬਰੂ ਵੀ ਹੋਏ। ਉਹਨਾਂ ਆਨੰਦ ਕਾਰਜ ਦੀ ਰਸਮ ਬਾਰੇ ਘੱਟ ਪਰੰਤੂ 'ਦੀਪ' ਵਲੋਂ ਵਿਦੇਸ਼ਾਂ ਵਿੱਚ ਅਰੰਭੇ ਉਸ ਦੇ ਕਾਰੋਬਾਰ ਬਾਰੇ ਹਾਜ਼ਰ ਸੰਗਤਾਂ ਨੂੰ ਵਿਸਤ੍ਰਿਤ ਜਾਣਕਾਰੀ ਦਿੱਤੀ। ਡਾਕਟਰ ਸਾਹਿਬ ਦੇ ਭਾਵਪੂਰਤ ਲਫ਼ਜ਼ਾਂ ਨੂੰ ਸੁਣ ਕੇ ਸੰਗਤਾਂ ਵਲੋਂ ਬੜੀ ਖ਼ੁਸ਼ੀ ਜ਼ਾਹਿਰ ਕੀਤੀ ਜਾ ਰਹੀ ਸੀ।ਪਿੰਡ ਵਾਸੀਆਂ ਲਈ ਇਹ ਬੜਾ ਪ੍ਰੇਰਨਾਦਾਇਕ ਮੌਕਾ ਸੀ ਕਿ ਸਾਡੇ ਆਪਣੇ ਹੀ ਨਗਰ ਦੇ, ਇੱਕ ਗੁਰਦੁਆਰੇ ਦੇ ਗ੍ਰੰਥੀ ਦਾ ਪੜ੍ਹਿਆ ਲਿਖਿਆ ਬੇਟਾ, ਵਿਦੇਸ਼ਾਂ ਵਿੱਚ ਜਾ ਕੇ ,ਸਾਡੇ ਪਿੰਡ ਦਾ ਨਾਂ ਇਉਂ ਰੌਸ਼ਨ ਕਰ ਰਿਹਾ ਹੈ। ਵਿਦੇਸ਼ੀ ਸਰਕਾਰਾਂ ਦੇ ਕੌਮਾਂਤਰੀ ਪੱਧਰ ਦੇ ਬਦਲਦੇ ਕਾਨੂੰਨਾਂ/ ਨਿਯਮਾਂ ਅਨੁਸਾਰ ਹੁਣ ਭਾਵੇਂ ਪ੍ਰਵਾਸੀ ਹੋਣ ਦਾ ਸੰਕਲਪ ਬਹੁਤ ਬਦਲ ਗਿਆ ਹੈ; ਸਿੱਟੇ ਵਜੋਂ ਨੌਜਵਾਨ ਪੀੜ੍ਹੀ ਵਲੋਂ ਰਲਵੇਂ- ਮਿਲਵੇਂ ਪ੍ਰਤਿਕਰਮ ਆ ਰਹੇ ਹਨ ਪਰੰਤੂ ਅੱਜ ਤੋਂ ਲੱਗਭੱਗ ਢਾਈ ਦਹਾਕੇ ਪਹਿਲਾਂ ਹਾਲਾਤ ਹੋਰ ਸਨ। ਰੋਜ਼ੀ- ਰੋਟੀ ਅਥਵਾ ਆਪਣੀ ਪੇਟ ਪੂਜਾ ਲਈ ਵਿਦੇਸ਼ਾਂ ਵਿੱਚ ਜਾਣਾ, ਸ਼ੁਭ ਕਾਰਜ ਵੀ ਮੰਨਿਆ ਜਾਂਦਾ ਸੀ ਅਤੇ ਅਮੀਰੀ ਦੀ ਬੜੀ ਵੱਡੀ ਨਿਸ਼ਾਨੀ ਵੀ। ਪਿੰਡਾਂ ਦੇ ਲੋਕਾਂ ਦੀ ਅੱਲ/ਪਛਾਣ ਹੀ ਇਹ ਬਣ ਜਾਂਦੀ ਸੀ ਕਿ ਸਾਨੂੰ ਦੱਸੋ ਕਿ ਤੁਸੀਂ ਅਮਰੀਕਾ ਵਾਲਿਆਂ ਦੀ ਗੱਲ ਕਰ ਰਹੇ ਹੋ ਜਾਂ ਕੈਨੇਡੀਅਨ ਪਰਿਵਾਰ ਦੀ ? ਅੱਜ ਕੱਲ੍ਹ ਤਾਂ ਇਹ ਆਮ ਹੀ ਹੋ ਗਿਆ,ਪੜ੍ਹੇ ਲਿਖੇ ਪਰਿਵਾਰਾਂ ਦਾ ਕੋਈ ਨਾ ਕੋਈ ਪਰਿਵਾਰ ਦਾ ਨੌਜਵਾਨ ਮੁੰਡਾ ਜਾਂ ਕੁੜੀ ਵਿਦੇਸ਼ਾਂ ਵਿੱਚ ਘੁੰਮ ਰਿਹਾ ਹੈ। ਰੱਬ ਜਾਣੇ,ਉਨ੍ਹਾਂ ਵਿਦਿਆਰਥੀਆਂ / ਸਿਖਿਆਰਥੀਆਂ ਦਾ ਗੁਜ਼ਰ- ਬਸਰ ਕਿਵੇਂ ਹੋ ਰਿਹਾ,ਇਹ ਤਾਂ ਓਹੀ ਜਾਨਣ।----
------ ਉਹ ( ਹਮਰਾਹੀ ) ਜਦੋਂ ਇੰਗਲੈਂਡ ਉਸ ('ਦੀਪ') ਕੋਲ ਜਾਂਦੇ ਤਾਂ ਮੈਨੂੰ ਵੀ ਬੜਾ ਅੱਛਾ ਲੱਗਦਾ। ਉਹ ਆਪਣੀ ਇੰਗਲੈਂਡ ਦੀ ਹਰ ਫ਼ੇਰੀ ਬਾਰੇ ਮੈਨੂੰ ਦੀਪ ਦੀ ਜਾਣਕਾਰੀ/ ਸੁੱਖ- ਸਾਂਦ ਸਾਂਝੀ ਵੀ ਕਰਦੇ। 'ਦੀਪ' ਮੇਰਾ ਮੁਹੱਬਤੀ ਵਿਦਿਆਰਥੀ ਹੋਣ ਕਰਕੇ ਉਹ ਮੈਨੂੰ ਨਵੇਂ ਸਾਲ 'ਤੇ ਵਧਾਈ/ ਸ਼ੁੱਭਕਾਮਨਾਵਾਂ ਅਤੇ ਕਈ ਸਾਲ ਮੇਰੇ ਬੱਚਿਆਂ ਨੂੰ ਤੋਹਫੇ਼ ਵੀ ਭੇਜਦਾ ਰਿਹਾ। ਉਸ ਵਲੋਂ ਭੇਜੀ ਸਟੱਡੀ ਲਾਈਟ ਅਤੇ ਬੇਟੀ ਦੀ ਫ਼ਿਰਾਕ ਬੜੀ ਦੇਰ ਤੱਕ ਸਾਡੇ ਘਰ - ਪਰਿਵਾਰ ਦਾ ਸ਼ਿੰਗਾਰ ਬਣੀ ਰਹੀ, ਮੈਨੂੰ ਪਤਾ --- ਚਿੱਟੇ ਰੰਗ ਦੀ ਉਹ ਧਾਰੀਆਂ ਵਾਲੀ ਫ਼ਿਰਾਕ ਬੇਟੀ ਤੋਂ ਸਿਵਾਏ ਬੇਟੀ ਦੀ ਉਮਰ ਦੀਆਂ,ਹੋਰ ਵੀ ਦੋ ਤਿੰਨ ਕੁੜੀਆਂ ਨੂੰ ਪਹਿਨਣ ਦਾ ਮੌਕਾ ਮਿਲਿਆ --- ਪਰ ਕਈ ਸਾਲਾਂ ਬਾਅਦ ਵੀ, ਦੇਖਣ ਨੂੰ ਤਾਂ ਉਹ ਨਵੀਂ ਦੀ ਨਵੀਂ ਲੱਗਦੀ ਸੀ।ਇਉਂ ਕਿਹਾ ਜਾ ਸਕਦਾ,ਉਸਤਾਦੀ- ਸ਼ਾਗਿਰਦੀ ਦੀ ਅਜਿਹੀ ਦੁਵੱਲੀ ਪ੍ਰਕਿਰਿਆ ਦਾ ਮਸਲਾ/ ਸੰਯੋਗ ਵਿਰਲਿਆਂ ਦੇ ਹਿੱਸੇ ਹੀ ਆਉਂਦਾ ਹੈ, ਉਹ ਲੋਕ ਖ਼ੁਸ਼ਕਿਸਮਤ ਹੁੰਦੇ ਹਨ ਜੋ ਸਦੀਵੀ ਤੌਰ 'ਤੇ ਵਿਚਾਰਾਂ ਦੇ ਆਦਾਨ - ਪ੍ਰਦਾਨ/ ਉਸਾਰੂ ਸੰਵਾਦ ਰਚਾਉਣ ਦੇ ਸਾਰਥਿਕ ਮਾਹੌਲ ਦਾ ਆਨੰਦ ਮਾਣਦੇ ਹਨ।---
------ ਵਿਚਾਰਨਯੋਗ / ਗੌਲਣਯੋਗ ਗੱਲ ਤਾਂ ਇਹ ਹੈ ਜੇਹੀ ਨੀਤ ਤੇਹੀ ਮੁਰਾਦ ਅਨੁਸਾਰ ਉਸ ਦੀ ਰੁਝੇਵਿਆਂ ਭਰੀ ਜ਼ਿੰਦਗੀ ਨੇ ਉਸ ਦਾ ਕਦੇ ਹੱਕ ਨਹੀਂ ਰੱਖਿਆ, ਇਮਾਨਦਾਰੀ ਤੇ ਸੰਘਰਸ਼ਸ਼ੀਲ ਅਕੀਦੇ ਵਜੋਂ, ਮੋੜਵੇਂ ਰੂਪ ਵਿੱਚ ਉਹ ਹਮੇਸ਼ਾਂ ਫ਼ਲੀਭੂਤ ਹੀ ਹੋਇਆ। ਇਸੇ ਕਾਰਨ ਅਜਿਹੇ ਰੁਝੇਵੇਂ ਆਪਣੇ ਚੰਗੇ ਅਮਲ ਵਜੋਂ ਉਹਨਾਂ ਨੂੰ ਮਾਨਸਿਕ ਤੌਰ 'ਤੇ ਵੀ ਅਤੇ ਆਰਥਿਕ ਦ੍ਰਿਸ਼ਟੀ ਤੋਂ ਵੀ ਹਮੇਸ਼ਾਂ ਹੱਲਾਸ਼ੇਰੀ ਦਿੰਦੇ।ਸੱਚ ਤਾਂ ਇਹ ਹੈ, ਜਦੋਂ ਉਹਨਾਂ ਦੀ ਪਤਨੀ ਤਰਲੋਚਨ ਕੌਰ ਦੀ ਅਚਾਨਕ- ਬੇਮੌਕਾ ਅਤੇ ਮੂਲੋਂ ਹੀ ਅਣਕਿਆਸੀ ਮੌਤ ਹੋਈ ਤਾਂ ਉਹਨਾਂ ਆਪਣੇ ਸਪੱਸ਼ਟੀਕਰਨ ਵਜੋਂ ਇਹ ਵੀ ਕਿਹਾ ਕਿ ਇਨ੍ਹੀਂ ਦਿਨੀਂ ਮੇਰਾ ਬੰਗਲਾ ਦੇਸ਼ ਜਾਣ ਦਾ ਲੱਖਾਂ ਰੁਪਏ ਦਾ ਵਿਸ਼ੇਸ਼ ਪ੍ਰਾਜੈਕਟ ਸੀ, ਅਫ਼ਸੋਸ ਕਰਨ ਆਏ ਆਪਣੇ ਹਮਦਰਦ ਦੋਸਤਾਂ ਦੀ ਭਰੀ ਹਾਜ਼ਰੀ ਵਿੱਚ,ਉਹਨਾਂ ਬੇਝਿਜਕ ਹੋ ਕੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ। ਖ਼ੈਰ , ਇਹ ਪਰਮਾਤਮਾ ਦਾ ਹੁਕਮ ਸੀ ਜੋ ਕੁਦਰਤੀ ਪ੍ਰਕਿਰਿਆ ਤਹਿਤ, ਕਦੇ ਵੀ ਟਾਲਿਆ ਨਹੀਂ ਸੀ ਜਾ ਸਕਦਾ ; ਜਦੋਂ ਕਿ ਉਸ ਦੇ ਪਰਿਪੱਕ ਬਿਬੇਕ ਤੇ ਬੇਬਾਕੀ ਬਿਰਤੀ ਦੇ ਵੱਡਮੁੱਲੇ ਵਿਚਾਰਾਂ/ ਸੰਸਕਾਰਾਂ ਨੇ ਉਸਨੂੰ ਕਦੇ ਵੀ ਆਂਚ ਨਹੀਂ ਆਉਣ ਦਿੱਤੀ ; ਉਹ ਹਮੇਸ਼ਾਂ ਅਡੋਲ ਰਿਹਾ,ਉਸ ਦੇ ਆਤਮ - ਚਿੰਤਨ ਤੇ ਆਤਮ- ਵਿਸ਼ਵਾਸੀ ਭਾਵਨਾ ਨੇ ਉਸ ਨੂੰ ਹਮੇਸ਼ਾਂ ਮਾਨਸਿਕ ਬਲ ਬਖ਼ਸ਼ਿਆ।----
---- ਡਾਕਟਰ ਸਾਹਿਬ ਦੀ ਪਤਨੀ ਤਰਲੋਚਨ ਕੌਰ ਨਿੱਜੀ ਤੌਰ 'ਤੇ ਮੇਰਾ ਬਹੁਤ ਸਤਿਕਾਰ ਕਰਦੇ ਸਨ। ਇੱਕ ਤਾਂ ਇਹ ਸੀ ਕਿ ਮੈਂ ਡਾਕਟਰ ਸਾਹਿਬ ਦਾ ਵਿਦਿਆਰਥੀ ਸੀ,ਉਸ ਦਾ ਦੂਜਾ ਵੱਡਾ ਤੇ ਵਿਸ਼ੇਸ਼ ਕਾਰਨ ਇਹ ਵੀ ਸੀ ਕਿ ਉਸ ਸਮੇਂ ਮੇਰੇ ਸਹੁਰਾ ਸਾਹਿਬ ਮਾਸਟਰ ਗਿਆਨੀ ਕਰਨੈਲ ਸਿੰਘ ਸਰਕਾਰੀ ਮਿਲਰਗੰਜ ਸਕੂਲ, ਲੁਧਿਆਣਾ ਵਿਖੇ,ਉਹਨਾਂ ਦੇ ਅਤਿ ਨਜ਼ਦੀਕੀ ਸਹਿਕਰਮੀ/ ਸਹਿਯੋਗੀ ਸਨ। ਵਿਸ਼ੇ ਦੀ ਸਾਂਝ ਹੋਣ ਕਰਕੇ ਜਦੋਂ ਵੀ ਕਿਸੇ ਵਕਤ ਉਨ੍ਹਾਂ ਨੂੰ ਇਕੱਠਿਆਂ ਬੈਠਣ ਦਾ ਮੌਕਾ ਮਿਲਦਾ,ਉਨ੍ਹਾਂ ਦੋਹਾਂ ਨੂੰ ਆਪਸੀ ਗੱਲਬਾਤ ਰਾਹੀਂ ਆਪਣੀਆਂ ਘਰੇਲੂ ਸਮੱਸਿਆਵਾਂ/ ਰੁਝੇਵਿਆਂ ਨੂੰ ਸਾਂਝਿਆਂ ਕਰਨ ਨਾਲ ਬੜਾ ਸਕੂਨ ਮਿਲਦਾ। ਤਰਲੋਚਨ ਕੌਰ ਨੂੰ ਪਤਾ ਸੀ ਕਿ ਗਿਆਨੀ ਜੀ ਦੇ ਇੱਕ ਮੁਟਿਆਰ ਬੇਟੀ ਬਲਜਿੰਦਰ ਕੌਰ ਹੈ ਜੋ ਐਮ. ਏ, ਬੀ. ਐੱਡ ਦੀ ਵਿੱਦਿਅਕ ਯੋਗਤਾ ਰੱਖਦੀ ਹੈ। ---- ਸ਼ੁਰੂਆਤੀ ਦੌਰ ਵਿੱਚ, ਸਮਝੋ ਸਾਡੇ ਵਿਆਹ ਤੋਂ ਵੀ ਪਹਿਲਾਂ, ਅਜੇ ਮੰਗਣੇਂ ਦੀ ਗੱਲਬਾਤ ਹੀ ਸ਼ੁਰੂ ਹੋਈ ਸੀ, ਅਜੇ ਕੋਈ ਅੰਤਿਮ ਫ਼ੈਸਲਾ ਨਹੀਂ ਸੀ ਹੋਇਆ।-- ਮੇਰੇ ਸਹੁਰਾ ਸਾਹਿਬ ਦੱਸ ਰਹੇ ਸੀ," ਅਚਾਨਕ ਮੈਨੂੰ ਇੱਕ ਦਿਨ ਤਰਲੋਚਨ ਕੌਰ ਨੇ ਥੋੜ੍ਹਾ ਸੰਕੇਤ ਕੀਤਾ ਸੀ, ਉਸ ਦਾ ਕਹਿਣ ਦਾ ਭਾਵ ਸੀ ਕਿ ਸਾਡੇ ਕੋਲ ਵੀ ਇੱਕ ਪ੍ਰੋਫੈ਼ਸਰ ਮੁੰਡਾ ਹੈ, ਸਾਨੂੰ ਉਸ ਵਾਸਤੇ ਚੰਗੀ ਪੜ੍ਹੀ- ਲਿਖੀ ਕੁੜੀ ਦੀ ਲੋੜ ਹੈ।" ---- ਮੈਂ ਇਹ ਵੀ ਦੱਸ ਦੇਵਾਂ,ਉਹ ਮੁੰਡਾ ਕੋਈ ਹੋਰ ਨਹੀਂ ਸੀ, ਉਹ ਮੇਰੇ ਗੁਆਂਢੀ ਪਿੰਡ ਤੋਂ ਮੇਰਾ ਹੀ ਹਮਜਮਾਤੀ ਜਸਵੰਤ ਸਿੰਘ ਸੀ ਜੋ ਬਤੌਰ ਪ੍ਰਿੰਸੀਪਲ ਸੇਵਾ- ਮੁਕਤ ਹੋਇਆ। ਬਾਅਦ ਵਿੱਚ ਜਦੋਂ ਤਰਲੋਚਨ ਕੌਰ ਨੂੰ ਪਤਾ ਚੱਲਿਆ ਕਿ ਗਹੌਰ ਪਿੰਡ ਤੋਂ ਕ੍ਰਿਸ਼ਨ ਸਿੰਘ ਹੀ ਗਿਆਨੀ ਜੀ ਦੇ ਪਰਿਵਾਰ ਦਾ ਜਵਾਈ ਬਣਨ ਵਾਲਾ ਹੈ ਤਾਂ ਉਸ ਦਾ ਅੱਗੋਂ ਜਵਾਬ ਸੀ," ਬਹੁਤ ਖ਼ੁਸ਼ੀ ਦੀ ਗੱਲ ਹੈ ਉਹ ਵੀ ਤਾਂ ਸਾਡਾ ਹੀ ਮੁੰਡਾ - ਨਿਹਾਇਤ ਸ਼ਰੀਫ਼ ਹੈ - ਕ੍ਰਿਸ਼ਨ ਸਿੰਘ , ਉਹ ਤਾਂ ਸਾਡੇ ਘਰ ਵੀ ਇੱਕ ਰਾਤ ਰਿਹਾ ਸੀ --- " । ਮੈਨੂੰ ਇਹ ਸੁਣ ਕੇ ਬੜਾ ਵਧੀਆ ਲੱਗਿਆ ਸੀ---।ਗੱਲ ਤਾਂ ਸਾਡੇ ਲੋਕ- ਵਿਸ਼ਵਾਸ ਅਨੁਸਾਰ ਸੰਜੋਗਾਂ ਦੇ ਭਿੜਨ ਦੀ ਸੀ ਜਾਂ ਇਉਂ ਕਹਿ ਲਵੋ ਗੁਰਬਾਣੀ ਸਿਧਾਂਤ ਮੁਤਾਬਿਕ "ਪੂਰਬ ਜਨਮ ਕੇ ਮਿਲਹਿ ਸੰਜੋਗੀ " ਹੋਣ ਦੇ ਸੱਚ ਦੀ ਸੀ। --- ਇਹ ਪਰਿਵਾਰਕ ਸਾਂਝਾਂ ਦਾ ਹੀ ਨਤੀਜਾ ਹੈ ਕਿ ਇਨ੍ਹਾਂ ਸਤਰਾਂ ਰਾਹੀਂ ਮੈਂ ਆਪ ਨਾਲ, ਸਰੋਕਾਰਾਂ ਤੋਂ ਸਰੋਕਾਰਾਂ ਤੱਕ ਦੀ ਸਾਹਿਤਕ ਯਾਤਰਾ ਤੈਅ ਕਰ ਰਿਹਾ ਹਾਂ। ਇਹ ਸਰੋਕਾਰਾਂ ਦੀ ਅੰਦਰੂਨੀ ਆਵਾਜ਼ ਹੀ ਹੁੰਦੀ ਹੈ ਜੋ ਰਿਸ਼ਤਿਆਂ ਦੀ ਦੁਵੱਲੀ ਪ੍ਰਕਿਰਿਆ ਵਜੋਂ,ਸਾਡੇ ਪਰਿਵਾਰਕ/ ਸਮਾਜਿਕ ਸੰਬੰਧਾਂ ਅਤੇ ਮਨੁੱਖੀ ਸੱਭਿਆਚਾਰ ਨੂੰ ਸਹਿਜਭਾਵੀ ਹੋਣ ਦਾ ਸਹੀ ਰਸਤਾ ਅਖ਼ਤਿਆਰ ਕਰਵਾਉਂਦੀ ਹੈ। ਪ੍ਰਸਪਰ ਸੰਬੰਧਾਂ ਦਾ ਇਹ ਕਾਫ਼ਲਾ ਫਿਰ ਪੀੜ੍ਹੀ- ਦਰ- ਪੀੜ੍ਹੀ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਬਸ਼ਰਤੇ ਕਿ ਉਹ ਕਿਸੇ ਵੀ ਤਰ੍ਹਾਂ ਆਪਣੇ ਸਵਾਰਥੀ ਹਿੱਤਾਂ ਤੋਂ ਪ੍ਰੇਰਿਤ ਨਾ ਹੋਵੇ। ---- ਮਨਦੀਪ ਕੌਰ ਭੰਮਰਾ ਤੇ ਬਲਦੀਪ ਸਿੰਘ ਹੁਣ ਵੀ ਮੌਕਾ ਬਣਨ 'ਤੇ ਵਿਚਾਰ- ਵਟਾਂਦਰਾ ਕਰ ਲੈਂਦੇ ਹਨ; ਇਹ ਮੇਰੀ ਖੁ਼ਸ਼ਨਸੀਬੀ ਹੈ ਕਿ ਉਨ੍ਹਾਂ ਦੋਹਾਂ ਜੀਆਂ( ਡਾਕਟਰ ਹਮਰਾਹੀ ਤੇ ਤਰਲੋਚਨ ਕੌਰ) ਦੇ ਇਸ ਭੌਤਿਕ ਜਗਤ ਤੋਂ ਵਿਦਾ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਬੇਟਾ- ਬੇਟੀ ਨਾਲ ਕਦੇ- ਕੁਦਾਈਂ ਗੱਲਬਾਤ ਕਰਨ ਦਾ ਮੌਕਾ ਮਿਲ ਜਾਂਦਾ ਹੈ। ---- ਉਨ੍ਹਾਂ ਸਰੋਕਾਰਾਂ ਦੀ ਨਿਰੰਤਰਤਾ ਦਾ ਹੀ ਨਤੀਜਾ ਸੀ, ਮੈਂਨੂੰ ਇਹ ਵੀ ਚੰਗਾ ਲੱਗਿਆ ਸੀ ਕਿ ਮੇਰੇ ਵਿਆਹ ਦੀ ਰਸਮ ਸਮੇਂ ਡਾਕਟਰ ਸਾਧੂ ਸਿੰਘ ( ਪੀ. ਏ.ਯੂ), ਪੰਜਾਬੀ ਦੇ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ- ਗੁਰਭਜਨ ਗਿੱਲ ਅਤੇ ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ ਦੇ ਸਟਾਫ਼ ਤੋਂ ਇਲਾਵਾ ਹੋਰ ਵੀ ਵੱਖ਼- ਵੱਖ਼ ਸੰਸਥਾਵਾਂ/ ਸਭਾਵਾਂ ਦੇ ਵਿਸ਼ੇਸ਼ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਸੀ।
----- ਡਾਕਟਰ ਹਮਰਾਹੀ ਸਾਹਿਤਕਾਰੀ ਦੇ ਢੋਲ-ਢਮੱਕੇ ਵਾਲੀ ਜਾਂ ਪੇਤਲੇ ਪ੍ਰਭਾਵ ਵਾਲੀ ਸ਼ਬਦਾਂ ਦੀ ਜਾਦੂਗਰੀ ਤੋਂ ਹਮੇਸ਼ਾਂ ਗ਼ੁਰੇਜ਼ ਕਰਦਾ ਸੀ। ਫ਼ਖ਼ਰ ਵਾਲੀ ਗੱਲ ਤਾਂ ਇਹ ਹੈ ਕਿ ਉਸ ਨੇ ਸੈਂਕੜੇ ਨਹੀਂ ਹਜ਼ਾਰਾਂ ਸਾਹਿਤਕ ਵਿਸ਼ਿਆਂ ਉਪਰ ਆਪਣੀ ਕਲਮ ਅਜ਼ਮਾਈ ਕੀਤੀ ਹੋਵੇਗੀ ; ਸੈਂਕੜੇ ਸਾਹਿਤਕਾਰਾਂ/ ਸਮਾਜ ਦੇ ਨੁਮਾਇੰਦਿਆਂ/ ਉਦਯੋਗਪਤੀਆਂ /ਮੰਨੀਆਂ - ਪ੍ਰਮੰਨੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤਾਂ ਵੀ ਕੀਤੀਆਂ ਹੋਣਗੀਆਂ ਪਰੰਤੂ ਉਸ ਦੀ ਲੇਖਣੀ, ਪਾਠਕਾਂ ਦੇ ਸਨਮੁੱਖ ਕਿਸੇ ਵੀ ਤਰ੍ਹਾਂ ਦੁਹਰਾਓ/ ਉਕਤਾਓ ਦਾ ਅਹਿਸਾਸ ਨਹੀਂ ਹੋਣ ਦਿੰਦੀ। ਨਿਵੇਕਲੇ ਸੱਭਿਆਚਾਰਕ ਪਰਿਪੇਖ ਮੁਤਾਬਿਕ ਉਹ ਨਿਵੇਕਲਾ ਕਾਵਿਕ ਵਾਤਾਵਰਣ ਸਿਰਜਣ ਦੀ ਸਮਰੱਥਾ ਰੱਖਦਾ ਸੀ। ਇਉਂ ਉਸ ਦੀ ਮੌਲਿਕਤਾ ਆਪਣੇ ਸਮੁੱਚ ਵਜੋਂ ਕਦੇ ਓਪਰਾ ਪ੍ਰਭਾਵ ਨਹੀਂ ਸੀ ਸਿਰਜਦੀ,ਸਿੱਧੀ- ਸਪਾਟ ਆਪਣੇ ਨਿਸ਼ਚਿਤ/ ਅੰਤਿਮ- ਬਿੰਦੂ ਤੱਕ ਆਪਣੀ ਰਸਾਈ ਕਰਦੀ ਸੀ। ਸਾਹਿਤ ਨੂੰ ਪਰਿਭਾਸ਼ਤ ਕਰਦੇ ਉਸ ਦੇ ਇਹ ਅਮਲੀ ਨੁਸਖ਼ੇ ਉਸ ਨੂੰ ਸਹੀ ਮਾਅਨਿਆਂ ਵਿੱਚ ਸਾਹਿਤਕ ਲੇਖਕ ਹੋਣ ਦਾ ਰੁਤਬਾ ਪ੍ਰਦਾਨ ਕਰਦੇ ਹਨ।----
----- ਮੈਨੂੰ ਇਹ ਵੀ ਪਤਾ,ਪ੍ਰੋ. ਮਹਿੰਦਰ ਸਿੰਘ ਚੀਮਾ ਸਰਕਾਰੀ ਕਾਲਜ, ਲੁਧਿਆਣਾ ਵਿਖੇ ਅਧਿਆਪਨ ਦੇ ਖ਼ੇਤਰ ਵਿੱਚ ਬੜੀ ਹਰਮਨਪਿਆਰੀ ਸ਼ਖ਼ਸੀਅਤ ਸੀ, ਉਹਨਾਂ ਦੀ ਯਾਦਸ਼ਕਤੀ ਐਨੀ ਕਮਾਲ ਸੀ ਉਹ ਆਪਣੇ ਦਿੱਤੇ ਜਾਣ ਵਾਲੇ ਭਾਸ਼ਨਾਂ ਦੀ ਸਿਧਾਂਤਕ ਪ੍ਰਮਾਣਿਕਤਾ ਲਈ ਹਵਾਲੇ ਦੇਣ ਸਮੇਂ, ਕਈ ਵਾਰ ਕਾਮੇ ਸ਼ੁਰੂ ਕਰਨ ਅਤੇ ਕਾਮੇ ਬੰਦ ਕਰਨ ਦਾ ਵੀ ਸੰਕੇਤ ਕਰਦੇ ਪਰੰਤੂ ਪਤਾ ਨਹੀਂ,ਉਹਨਾਂ ਦਾ ਲਿਖਣ ਦਾ ਰੁਝਾਨ ਕਿਉਂ ਨਹੀਂ ਬਣ ਸਕਿਆ। ਉਹ ਅਕਸਰ ਕਿਹਾ ਕਰਦੇ ਸਨ," ਚੰਗਾ ਲਿਖਿਆ ਨਹੀਂ ਜਾਂਦਾ ਅਤੇ ਮਾੜਾ ਅਸੀਂ ਲਿਖ ਨਹੀਂ ਸਕਦੇ।" ਇਸ ਤਰ੍ਹਾਂ ਜਦੋਂ ਚੰਗੇ ਤੇ ਮਾੜੇ ਦਾ ਇਹ ਖ਼ਲਾਅ ਖ਼ਤਮ ਹੋ ਗਿਆ ਤਾਂ ਸਮਝੋ ਕਿਸੇ ਵੀ ਵਿਅਕਤੀ - ਵਿਸ਼ੇਸ਼ ਲਈ ਸਾਹਿਤਕਾਰੀ ਦਾ ਆਗ਼ਾਜ਼ ਹੋ ਗਿਆ। ਡਾਕਟਰ ਹਮਰਾਹੀ ਮੁੱਢਲੇ ਦੌਰ ਦੇ ਇਨ੍ਹਾਂ ਪੜਾਵਾਂ ਤੋਂ ਕਿਤੇ ਅੱਗੇ ਲੰਘ ਗਿਆ ਸੀ।ਉਸ ਦੀ ਗ੍ਰਿਫ਼ਤ ਵਿੱਚ ਆਇਆ ਪ੍ਰਯੋਜਨ ਆਪਣਾ ਰਾਹ ਆਪੇ ਲੱਭ ਲੈਂਦਾ ਸੀ; ਉਹਨੂੰ ਕਦੇ ਵੀ ਸ਼ਬਦਾਂ ਦੀ ਘਾਟ ਮਹਿਸੂਸ ਨਾ ਹੁੰਦੀ। -----
----- ਉਹਨਾਂ ਦੀ ਇਸੇ ਸ਼ਬਦ- ਸ਼ਕਤੀ ਦਾ ਹੀ ਕਮਾਲ ਸੀ ਕਿ ਸਮੇਂ- ਸਮੇਂ ਅਨੁਸਾਰ ਦੇਸ਼/ ਵਿਦੇਸ਼ ਵਿੱਚ ਸਥਾਪਤ ਸਾਹਿਤ ਸਭਾਵਾਂ/ ਸੰਸਥਾਵਾਂ ਨੇ ਉਹਨਾਂ ਨੂੰ ਹਮੇਸ਼ਾਂ ਮਾਣ- ਸਨਮਾਨ ਦਿੱਤਾ। ਸਾਹਿਤਕਾਰੀ ਦੇ ਅਜਿਹੇ ਅਵਾਰਡ/ ਮਾਣ- ਸਨਮਾਨ ਮਨੁੱਖੀ ਭਾਵਨਾਵਾਂ/ ਜ਼ਿੰਦਗੀ ਦੇ ਵਿਭਿੰਨ ਥੀਮਿਕ ਪਾਸਾਰਾਂ/ ਸ਼ੈਲੀ/ ਸ਼ਬਦਾਵਲੀ ਦੇ ਨਵੀਨ ਪ੍ਰਗਟਾਵੇ 'ਤੇ ਆਧਾਰਿਤ ਭਾਵੇਂ ਜ਼ਰੂਰ ਹੁੰਦੇ ਹਨ ਪਰੰਤੂ ਵਿਗਿਆਨਕ ਸਿਧਾਂਤਾਂ ਦੀ ਤਰ੍ਹਾਂ ਇਨ੍ਹਾਂ ਸਨਮਾਨਾਂ ਦਾ ਕੋਈ ਬੱਝਵਾਂ ਚੌਖਟਾ ਨਿਰਧਾਰਿਤ ਕਰਨਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੁੰਦਾ। ਇਸੇ ਲਈ ਕਈ ਵਾਰ ਇਸ ਸੰਵੇਦਨਸ਼ੀਲ ਮਸਲੇ ਨੂੰ ਹੱਲ ਕਰਨ ਲਈ ਵੱਖ- ਵੱਖ ਕਮੇਟੀਆਂ ਦਾ ਗਠਨ ਵੀ ਕੀਤਾ ਜਾਂਦਾ ਹੈ ਅਤੇ ਲੋੜੀਂਦੇ ਰੂਪ ਵਿੱਚ ਸੰਬੰਧਿਤ ਵਿਸ਼ੇਸ਼ਗਾਂ / ਮਾਹਿਰਾਂ ਦੀ ਰਾਇ ਵੀ ਲਈ ਜਾਂਦੀ ਹੈ। ਮੈਨੂੰ ਲੱਗਦਾ ਕਿ ਪਾਠਕਾਂ / ਸ੍ਰੋਤਿਆਂ/ ਦਰਸ਼ਕਾਂ ਨੂੰ ਵੀ ਸਹੀ ਚੋਣ ਕਰਨ ਦੇ ਸਰਵੋਤਮ ਨਿਰਣਾਇਕ ਮੰਨਿਆ ਜਾ ਸਕਦਾ ਹੈ ; ਇਹੋ ਕਾਰਨ ਹੈ ਕਿ ਉਨ੍ਹਾਂ ਦੀ ਲੋਕ- ਪੱਖੀ ਬਿਰਤੀ, ਉਨ੍ਹਾਂ ਸੰਸਥਾਵਾਂ/ ਅਦਾਰਿਆਂ ਵਲੋਂ ਉਨ੍ਹਾਂ ਸਨਮਾਨਾਂ ਦੇ ਜਨਤਕ ਹੋਣ ਤੋਂ ਪਹਿਲਾਂ ਹੀ, ਉਨ੍ਹਾਂ ਦੀ ਨਿਸ਼ਾਨਦੇਹੀ ਕਰਨ ਦੀ ਆਧਾਰਸ਼ਿਲਾ ਬਣ ਜਾਂਦੀ ਹੈ। ਇਸ ਦਾ ਸਪੱਸ਼ਟ ਮਤਲਬ ਇਹ ਹੈ ਕਿ ਸਾਹਿਤਕਾਰੀ ਦਾ ਇਹ ਮਸਲਾ ਭਾਵੇਂ ਆਪਣੇ ਅੰਦਰੂਨੀ ਅੰਦਾਜ਼ ਵਜੋਂ ਕਿਸੇ ਵਿਧੀ- ਵਿਧਾਨ ਦਾ ਮੁਥਾਜ ਨਹੀਂ ਹੁੰਦਾ ਪਰੰਤੂ ਜਿਥੋਂ ਤੱਕ ਤਕਨੀਕੀ ਮਾਪਦੰਡਾਂ/ ਪ੍ਰਤਿਮਾਨਾਂ ਦਾ ਤੁਅੱਲਕ ਹੈ ਉਸ ਸੰਬੰਧੀ ਸੰਸਥਾਵਾਂ/ ਅਦਾਰਿਆਂ ਦੀ ਜਵਾਬਦੇਹੀ ਨੂੰ ਵੀ ਬੇਧਿਆਨਾ ਨਹੀਂ ਕੀਤਾ ਜਾ ਸਕਦਾ। ਵਿਸ਼ੇਸ਼ ਕਰਕੇ ਸਰਕਾਰੀ / ਅਰਧ- ਸਰਕਾਰੀ ਸੰਸਥਾਵਾਂ ਤਾਂ ਅਜਿਹੀ ਗ੍ਰਿਫ਼ਤ ਵਿੱਚ ਅਕਸਰ ਆ ਹੀ ਜਾਂਦੀਆਂ ਹਨ- ਉਹ ਭਾਵੇਂ ਆਪਣੇ ਵਲੋਂ ਪਾਰਦਰਸ਼ਤਾ ਲਿਆਉਣ ਦਾ ਸੌ ਵਾਰ ਦਾਅਵਾ ਕਿਉਂ ਨਾ ਕਰਨ; ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲੱਗ ਹੀ ਜਾਂਦੇ ਹਨ। ਇਹ ਵੀ ਦੇਖਣ ਵਿੱਚ ਆਇਆ ਕਿ ਇਸ ਮੰਤਵ ਲਈ ਉਹ ਲੋਕ, ਆਪਣੇ ਹੱਕਾਂ/ ਅਧਿਕਾਰਾਂ ਦੇ ਦਾਅਵੇ ਵਜੋਂ ਅਦਾਲਤਾਂ ਦਾ ਸਹਾਰਾ ਵੀ ਲੈਣ ਤੋਂ ਗ਼ੁਰੇਜ਼ ਨਹੀਂ ਕਰਦੇ। ਜਿਥੋਂ ਤੱਕ ਪ੍ਰਾਈਵੇਟ ਅਦਾਰਿਆਂ ਦਾ ਸੰਬੰਧ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਦਾ ਏਕਾਧਿਕਾਰ ਹੁੰਦਾ ਹੈ ਦੂਸਰਾ ਕਿਸੇ ਵੀ ਤਰ੍ਹਾਂ ਦੀ ਬਾਹਰੀ ਦਖ਼ਲਅੰਦਾਜ਼ੀ , ਉਨ੍ਹਾਂ ਲਈ ਕੋਈ ਵਿਸ਼ੇਸ਼ ਅਰਥ ਨਹੀਂ ਰੱਖਦੀ। ----
(ਚੱਲਦਾ)