ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ (ਖ਼ਬਰਸਾਰ)


ਕੈਲਗਰੀ: --ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਨੂੰ ਮੁੱਖ ਰੱਖ ਕੇ ਇੰਟਰਨੈਸ਼ਨਲ ਕਵੀ ਦਰਬਾਰ ਕਰਵਾਇਆ ਗਿਆ- ਜਿਸ ਵਿਚ ਦੇਸ਼ ਵਿਦੇਸ਼ ਤੋਂ ਪੁੱਜੇ ਕਵੀਆਂ ਨੇ ਆਪਣੇ ਕਾਵਿ ਮਈ ਬੋਲਾਂ ਨਾਲ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਦਿੱਤੀ।

 ਸੋਸਾਇਟੀ ਦੇ ਸੰਸਥਾਪਕ ਡਾ. ਬਲਰਾਜ ਸਿੰਘ ਜੀ ਨੇ ਕਵੀ ਦਰਬਾਰਾਂ ਦੀ ਮਹੱਤਤਾ ਦੱਸਦਿਆਂ, ਸਾਰੇ ਕਵੀਆਂ ਨੂੰ ਜੀ ਆਇਆਂ ਕਿਹਾ । ਸਮਾਗਮ ਦਾ ਆਰੰਭ ਮਨਰੀਤ ਕੌਰ ਅਤੇ ਅਨੁਰੀਤ ਕੌਰ ਦੇ ਗਾਏ ਗਏ ਸ਼ਬਦ "ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ।। ਤੂ ਨ ਬਿਸਾਰੇ ਰਾਮਈਆ।।" ਨਾਲ ਹੋਇਆ। ਸੁਖਮੰਦਰ ਸਿੰਘ ਗਿੱਲ ਕੈਲਗਰੀ ਨੇ ਸਾਜਾਂ ਨਾਲ ਆਪਣਾ ਲਿਖਿਆ ਗੀਤ "ਤਿਲਕ ਜੰਞੂ ਦੀ ਰਾਖੀ ਖਾਤਰ ਸਤਿਗੁਰਾਂ ਸੀਸ ਕਟਾਏ ਐ।" ਗਾ ਕੇ, ਸੁਰਮਈ ਮਾਹੌਲ ਨਾਲ ਕਵੀ ਦਰਬਾਰ ਦੀ ਆਰੰਭਤਾ ਕੀਤੀ। ਜਲੰਧਰ ਤੋਂ ਪਹੁੰਚੇ ਪੰਥਕ ਕਵੀ ਕੁਲਵਿੰਦਰ ਸਿੰਘ ਗਾਖਲ ਨੇ ਕਵਿਤਾ "ਹਿੰਦੂਆਂ ਦਾ ਧਰਮ ਬਚਾਵਣ ਲਈ ਸਤਿਗੁਰ ਦਿੱਲੀ ਵੱਲ ਆਏ ਸੀ।" ਬੁਲੰਦ ਆਵਾਜ਼ ਵਿੱਚ ਗਾ ਕੇ ਪੇਸ਼ ਕੀਤੀ। ਅੰਮ੍ਰਿਤਸਰ ਤੋਂ ਗੁਰਜੀਤ ਕੌਰ ਅਜਨਾਲਾ ਨੇ ਗੀਤ "ਚਾਲੇ ਨੌਵੇਂ ਗੁਰਾਂ ਦਿੱਲੀ ਵੱਲ ਪਾਏ ਸੀ, ਦੇ ਸਿੱਖਿਆ ਗੋਬਿੰਦ ਰਾਏ ਨੂੰ " ਤਰੰਨਮ ਵਿੱਚ ਪੇਸ਼ ਕੀਤਾ।ਅੰਮ੍ਰਿਤਸਰ ਤੋਂ ਹੀ ਸਤਬੀਰ ਸਿੰਘ ਸਿਫ਼ਰ ਨੇ ਕਵਿਤਾ "ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ" ਸੁਣਾ ਕੇ ਗੁਰੂ ਸਾਹਿਬ ਦੇ ਉਪਕਾਰਾਂ ਨੂੰ ਯਾਦ ਕੀਤਾ। ਮੁਕਤਸਰ ਤੋਂ ਬ੍ਰਾਹਮਣ ਪਰਿਵਾਰ ਚੋਂ ਸਾਬਤ ਸੂਰਤ ਦਸਤਾਰਧਾਰੀ ਜਸਵੀਰ ਸ਼ਰਮਾ ਦੱਦਾਹੂਰ ਨੇ "ਹਿੰਦ ਦੀ ਚਾਦਰ ਦਾਗੀ ਹੋ ਜੂ,ਜੇ ਅੱਜ ਧਰਮ ਬਚਾਇਆ ਨਾ" ਗੀਤ ਸੁਣਾ ਕੇ ਗੁਰੂ ਸਾਹਿਬ ਜੀ ਦੀ ਕੁਰਬਾਨੀ ਪ੍ਰਤੀ ਆਭਾਰ ਪ੍ਰਗਟ ਕੀਤਾ। ਸਰੀ ਤੋਂ ਪਲਵਿੰਦਰ ਸਿੰਘ ਰੰਧਾਵਾ ਨੇ ਛੰਦਮਈ ਕਵਿਤਾ "ਧੰਨ ਗੁਰੂ ਤੇਗ ਬਹਾਦਰ ਜੀ" ਤਰੰਨਮ ਵਿੱਚ ਸੁਣਾ ਕੇ ਸਭ ਤੋਂ ਪ੍ਰਸ਼ੰਸਾ ਖੱਟੀ। ਕਵੀਸ਼ਰੀ ਵਿੱਚ ਮਾਹਰ, ਖੋਜੀ ਵਿਦਵਾਨ ਜਸਵੰਤ ਸਿੰਘ ਸੇਖੋਂ ਕੈਲਗਰੀ ਨੇ ਗੁਰੂ ਤੇਗ ਬਹਾਦਰ ਜੀ ਦਾ ਸਰੀਰ ਸਾਂਭਣ ਲਈ ਹੋਈਆਂ ਗੁਪਤ ਮੀਟਿੰਗਾਂ ਅਤੇ ਉਹਨਾਂ ਤੇ ਅਮਲ ਦਾ ਇਤਿਹਾਸਕ ਪੱਖ ਕਵਿਤਾ ਰਾਹੀਂ ਸਾਹਮਣੇ ਲਿਆਂਦਾ, ਜਿਸ ਦਾ ਬਹੁਤੀ ਸੰਗਤ ਨੂੰ ਇਲਮ ਨਹੀਂ ਹੈ। ਕੈਲਗਰੀ ਤੋਂ ਹੀ ਜਸਵਿੰਦਰ ਸਿੰਘ ਰੁਪਾਲ ਨੇ ਬੈਂਤ ਛੰਦ ਵਿੱਚ ਕਵਿਤਾ "ਨੌਵਾਂ ਪਾਤਸ਼ਾਹ ਸੂਰਜ ਕੁਰਬਾਨੀਆਂ ਦਾ" ਸਟੇਜੀ ਅੰਦਾਜ਼ ਵਿੱਚ ਸੁਣਾਈ । ਆਰੰਭ ਵਿੱਚ ਮੇਜ਼ਬਾਨ ਦੀ ਸੇਵਾ ਨਿਭਾ ਰਹੇ ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਲਿਖੀ ਕਵਿਤਾ "ਤੇਗ ਬਹਾਦਰ ਸਿਮਰੀਐ" ਬੈਂਤ ਛੰਦ ਵਿੱਚ ਸੁਣਾ ਕੇ ਵਾਹਵਾ ਖੱਟੀ। ਸਿਮਰਲੀਨ ਕੌਰ, ਪਰਨੀਤ ਕੌਰ ਅਤੇ ਪਰਮਜੀਤ ਸਿੰਘ ਨੇ ਸਾਜ਼ਾਂ ਨਾਲ ਇੱਕ ਧਾਰਮਿਕ ਗੀਤ 'ਕਸ਼ਮੀਰੀ ਪੰਡਤਾਂ ਦੀ ਪੁਕਾਰ' ਪੇਸ਼ ਕਰਕੇ ਕਵੀ ਦਰਬਾਰ ਨੂੰ ਸਮਾਪਤੀ ਵੱਲ ਲਿਆਂਦਾ। ਅਖੀਰ ਤੇ ਹੋਰ ਕਵੀਆਂ ਨੂੰ ਪੇਸ਼ ਕਰਨ ਵਾਲੇ ਸਟੇਜੀ ਕਵੀ ਸੁਜਾਨ ਸਿੰਘ ਸੁਜਾਨ ਜੀ ਨੇ ਆਪਣਾ ਲਿਖਿਆ ਗੀਤ "ਗੁਜਰੀ ਨੇ ਕਿੰਨਾ ਦੁੱਖ ਸੀਨੇ ਤੇ ਸਹਾਰਿਆ! ਮੂਲ ਪਹਿਲੋਂ ਮੋੜਿਆ, ਵਿਆਜ ਪਿੱਛੋਂ ਤਾਰਿਆ!" ਭਾਵਪੂਰਤ ਲਹਿਜੇ ਵਿੱਚ ਸੁਣਾ ਕੇ ਮਾਹੌਲ ਨੂੰ ਗਮਗੀਨ ਕਰ ਦਿੱਤਾ। ਡਾ. ਸੁਰਜੀਤ ਸਿੰਘ ਭੱਟੀ ਜੀ ਨੇ ਸਾਰੇ ਕਵੀਆਂ ਨੂੰ ਆਪਣੀਆਂ ਰਚਨਾਵਾਂ 'ਸਾਂਝੀ ਵਿਰਾਸਤ' ਮੈਗਜ਼ੀਨ ਦੇ ਅਗਲੇ  ਵਿਸ਼ੇਸ਼ ਅੰਕ "ਗੁਰੂ ਤੇਗ ਬਹਾਦਰ ਜੀ ਅੰਕ" ਲਈ ਭੇਜਣ ਲਈ ਕਿਹਾ । ਅੰਤ ਤੇ ਸੰਸਥਾਪਕ ਜਗਬੀਰ ਸਿੰਘ ਜੀ ਨੇ ਸੋਸਾਇਟੀ ਵੱਲੋਂ ਸਭ ਦਾ ਧੰਨਵਾਦ ਕੀਤਾ। ਸੋਸਾਇਟੀ ਦੀ ਮਰਯਾਦਾ ਅਨੁਸਾਰ ਹੀ ਅਨੰਦ ਸਾਹਿਬ ਦੀਆਂ 5 ਪਉੜੀਆਂ, ਅਰਦਾਸ ਅਤੇ ਹੁਕਮਨਾਮੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। 

 

ਜਸਵਿੰਦਰ ਸਿੰਘ ਰੁਪਾਲ