ਸਾਹਿਤ ਅਤੇ ਸਮਾਜ- ਅੰਤਰ ਸਬੰਧ ਵਿਸ਼ੇ ’ਤੇ ਸੈਮੀਨਾਰ ਹੋਇਆ
(ਖ਼ਬਰਸਾਰ)
ਤਪਾ ਮੰਡੀ -- ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ, ਸੁਰਜੀਤ ਸਿੰਘ, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਪਿੰਸੀਪਲ ਡਾ, ਲਖਵਿੰਦਰ ਸਿੰਘ ਰੱਖੜਾ ਵੱਲੋਂ ਜੀ ਆਇਆਂ ਕਹਿਣ ਉਪਰੰਤ ਹੋਈ। ਡਾ. ਚਰਨਜੀਤ ਕੌਰ ਨੇ ਕਿਹਾ ਕਿ ਸਾਹਿਤ ਅਤੇ ਸਮਾਜ ਦਾ ਅਟੁੱਟ ਸੰਬੰਧ ਹ।ੈ ਇਹ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਸਾਹਿਤ ਜਰਵਾਣਿਆਂ ਵੱਲੋਂ ਨਿਆਸਰਿਆਂ ਨਾਲ ਕੀਤੇ ਵਿਤਕਰਿਆ ਅਤੇ ਉਨ੍ਹਾਂ ਦੀ ਕੀਤੀ ਗਈ ਲੁੱਟ ਵਿੱਚੋਂ ਜਨਮ ਲੈਂਦਾ ਹੈ ਅਤੇ ਸਮਾਜ ਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਕਿਰਤ ਕਰਨ ਵਾਲਿਆਂ ਦੇ ਆਪਣੇ ਅਤੇ ਬਿਗਾਨੇ ਕੌਣ ਹਨ। ਉਨ੍ਹਾਂ ਲੜਕੀਆਂ ਨੂੰ ਜਿਣਸੀ ਸ਼ੋਸਨ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਵੀ ਕਿਹਾ। ਪੰਜਾਬੀ ਕਵੀ ਸੀ. ਮਾਰਕੰਡਾ ਨੇ ਕਿਹਾ ਕਿ ਸਾਹਿਤ ਦੀ ਚੇਟਕ ਰੱਖਣ ਵਾਲਾ ਵਿਦਿਆਰਥੀ ਜੀਵਨ ਦੀਆਂ ਔਖੀਆਂ ਘਾਟੀਆਂ ਆਸਾਨੀ ਨਾਲ ਸਰ ਕਰ ਲੈਂਦਾ ਹੈ। ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਸਾਹਿਤ ਸਿਰਜਣਾ ਨੂੰ ਸਮਾਜ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਦੋਵਾਂ ਦਾ ਗਹਿਰਾ ਸੰਬੰਧ ਹੈ ਜੋ ਆਦਿ ਕਾਲ ਤੋਂ ਤੁਰਿਆ ਆ ਰਿਹਾ ਹੈ।
ਸਮਾਗਮ ਦੇ ਕੋ-ਕੋਆਰਡੀਨੇਟਰ ਬੂਟਾ ਸਿੰਘ ਚੌਹਾਨ ਚੌਹਾਨ ਨੇ ਅਕੈਡਮੀ ਵੱਲੋਂ ਕੀਤੇ ਜਾ ਰਹੇ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਕੈਡਮੀ ਵੱਲੋਂ ਪ੍ਰਸਿੱਧ ਲੇਖਕਾਂ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਉਨ੍ਹਾਂ ਦੇ ਰਚਨਾ ਸੰਸਾਰ ਬਾਰੇ ਸੈਮੀਨਾਰ ਕਰਵਾਏ ਜਾ ਰਹੇ ਹਨ ਅਤੇ ਵਿਦਿਆਰਥੀਆਂ ਵਿਚ ਸਾਹਿਤਕ ਰੁਚੀ ਪੈਦਾ ਕਰਨ ਲਈ ਸਾਰਥਿਕ ਉਪਰਾਲੇ ਕੀਤੇ ਜਾ ਰਹੇ ਹਨ। ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਸਾਹਿਤ ਅਤੇ ਸਮਾਜ ਦਾ ਆਪਸੀ ਰਿਸ਼ਤਾ ਮਨੁੱਖੀ ਉਦਾਸੀ ਅਤੇ ਦੁੱਖਾਂ ਨੂੰ ਦੂਰ ਕਰਨ ਲਈ ਕਾਰਗਰ ਸਿੱਧ ਹੁੰਦਾ ਹੈ। ਸਾਹਿਤਕ ਤੌਰ ’ਤੇ ਲੈਸ ਵਿਦਿਆਰਥੀ ਸਮਾਜ ਦੀਆਂ ਪੇਚੀਦਗੀਆਂ ਨੂੰ ਸੁਲਝਾਉਣ ਦੇ ਸਮਰੱਥ ਹੁੰਦੇ ਹਨ। ਸਮਾਗਮ ਵਿਚ ਬੋਲੀਕਾਰ ਰਘਬੀਰ ਸਿੰਘ ਗਿੱਲ ਕੱਟੂ ਨੇ ਧੀਆਂ ਅਤੇ ਤੀਆਂ ਦੀਆਂ ਬੋਲੀਆਂ ਪਾ ਕੇ ਵਿਦਿਆਰਥੀਆਂ ਨੂੰ ਮੰਤਰ ਮੁਗਧ ਕਰਕੇ ਸਮਾਗਮ ਦੀ ਸਿਖ਼ਰ ਕਰ ਦਿੱਤੀ। ਅੰਤ ਵਿਚ ਪ੍ਰੋ ਮਨਜੀਤ ਸਿੰਘ ਪਟਿਆਲਾ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।