ਇਕਵਾਕ ਸਿੰਘ ਪੱਟੀ ਨੂੰ ‘ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਪੁਰਸਕਾਰ’
(ਖ਼ਬਰਸਾਰ)
ਅੰਮ੍ਰਿਤਸਰ -- ਸਿੱਖ ਸਾਹਿਤ ਅਤੇ ਪੰਜਾਬੀ ਸਾਹਿਤ ਵਿੱਚ ਸੇਵਾਵਾਂ ਨਿਭਾਉਣ ਵਾਲੀ ਬਹੁ-ਪੱਖੀ ਅਦਬੀ ਸ਼ਖ਼ਸੀਅਤ ਇਕਵਾਕ ਸਿੰਘ ਪੱਟੀ ਨੂੰ ‘ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਦੇ ਸਾਲਾਨ ਕੇਂਦਰੀ ਗੁਰਮਤਿ ਸਮਾਗਮ ਦੌਰਾਨ ਗੁ. ਜਾਮਣੀ ਸਾਹਿਬ, ਪਿੰਡ ਬਜ਼ੀਦਪੁਰ, ਫਿਰੋਜ਼ਪੁਰ ਵਿਖੇ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਕਵਾਕ ਸਿੰਘ ਪੱਟੀ ਪਿਛਲੇ ਦੋ ਦਹਾਕਿਆਂ ਦੇ ਵੱਧ ਸਮੇਂ ਤੋਂ ਕਲਮ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਝੋਲੀ ਵਿੱਚ ਉੱਜਲਾ ਸਾਹਿਤ ਪਾ ਰਹੇ ਹਨ। ਦੇਸ-ਪ੍ਰਦੇਸ ਵਿੱਚ ਛੱਪਣ ਵਾਲੀਆਂ ਪੰਜਾਬੀ ਅਖ਼ਬਾਰਾਂ ਵਿੱਚ ਆਪ ਜੀ ਦੀਆਂ ਰਚਨਾਵਾਂ ਅਕਸਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਅਤੇ ਹੁਣ ਤੱਕ ਇੱਕ ਦਰਜਨ ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਪ ਨੇ ਸਾਲ 2001 ਤੋਂ 2004 ਤੱਕ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਤੋਂ ਡਿਪਲੋਮਾ ਕਰਕੇ ਅੱਗੋਂ ਐੱਮ.ਪੰਜਾਬੀ ਅਤੇ ਤਬਲਾ ਵਾਦਨ ਵਿੱਚ ਉੱਚ ਸਿਖਿਆ ਹਾਸਲ ਕੀਤੀ। ਜਿਨ੍ਹਾਂ ਵਿੱਚ ਨਾਵਲ, ਵਾਰਤਕ, ਕਹਾਣੀ, ਸ਼ਾਇਰੀ, ਛੋਟੀ ਕਹਾਣੀ ਅਤੇ ਸੰਗੀਤ ਦੇ ਵਿਸ਼ੇ ਨਾਲ ਜੁੜੀਆਂ ਕਿਤਾਬਾਂ ਹਨ। ਇਸ ਮੌਕੇ ਸ੍ਰ. ਪੱਟੀ ਨੇ ਕਿਹਾ ਇਸ ਪੁਰਸਕਾਰ ਲਈ ਮੈਂ ਅਕਾਲ ਪੁਰਖ ਦਾ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਅਤੇ ਸਿੱਖ ਮਿਸ਼ਨਰੀ ਕਾਲਜ ਦੀ ਸੁਪਰੀਮ ਕੌਂਸਲ ਦਾ ਵੀ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਇਹ ਮਾਣ ਦੇਣ ਲਈ ਦਾਸ ਨੂੰ ਨਿਵਾਜਿਆ ਹੈ। ਉਹਨਾਂ ਕਿਹਾ ਕਿ ਮੈਂ ਆਪਣਾ ਇਹ ਸਨਮਾਨ ਆਪਣੇ ਉਸਤਾਦ ਗੁਰੂ ‘ਪ੍ਰਿੰਸੀਪ ਸੁਰਿੰਦਰ ਸਿੰਘ ਜੀ’ ਨੂੰ ਸਮਰਪਤ ਕਰਦਾ ਹਾਂ। ਇਸ ਮੌਕੇ ਚੇਅਰਮੈਨ ਸ੍ਰ ਹਰਜੀਤ ਸਿੰਘ, ਸ. ਜਸਵੰਤ ਸਿੰਘ, ਗੁਰਜੀਤ ਸਿੰਘ ਅਜ਼ਾਦ, ਪ੍ਰਿੰ. ਚਰਨਜੀਤ ਸਿੰਘ, ਇੰਦਰਜੀਤ ਸਿੰਘ ਜੱਬੋਵਾਲੀਆ, ਪਵਿੱਤਰਜੀਤ ਸਿੰਘ, ਸ੍ਰ. ਭੁਪਿੰਦਰ ਸਿੰਘ, ਸਤਿੰਦਰ ਕੌਰ, ਜਸਵੀਰ ਕੌਰ, ਭੁਪਿੰਦਰ ਕੌਰ, ਹਰਜਿੰਦਰ ਕੌਰ, ਕੋਮਲਪ੍ਰੀਤ ਕੌਰ ਆਦਿ ਹਾਜ਼ਰ ਸਨ।