ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਹੋਈ (ਖ਼ਬਰਸਾਰ)


ਕੈਲਗਰੀ  -- ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨੇਸਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਹੋਈ।ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਜੀ ਨੇ ਹਾਲ ਵਿੱਚ ਹਾਜ਼ਰ ਮੈਬਰਾਂ ਨੂੰ ਜੀ ਆਇਆਂ ਆਖਿਆ ਅਤੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਪਰੰਤ ਸਭਾ ਦੇ ਕੋਆਰਡੀਨੇਟਰ ਸ੍ਰੀਮਤੀ ਗੁਰਚਰਨ ਕੌਰ ਥਿੰਦ ਜੀ ਨੇ ਪੂਰੇ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ। 07 ਅਕਤੂਬਰ ਨੂੰ ਚੈਸਟਮੈਅਰ ਪਿਕਨਿਕ ਮਨਾਉਣ ਗਈਆਂ ਭੈਣਾਂ ਨੇ ਮਨਿੰਦਰ ਕੌਰ ਚਾਨੇ ਅਤੇ ਤਮੰਨਾ ਜੀ ਦੀ ਅਗਵਾਈ ਵਿੱਚ ਵਰਕਸ਼ਾਪ ਲਾਕੇ ਦੀਵੇ ਤਿਆਰ ਕੀਤੇ ਜੋ ਅੱਜ ਸਟੇਜ ਤੇ ਸੁਸ਼ੋਭਿਤ ਕੀਤੇ ਗਏ। ਫੂਡ ਕਮੇਟੀ ਵਾਲੀਆਂ ਭੈਣਾਂ ਨੇ ਥਾਲ ਵਿਚ ਦੀਵੇ ਸਜਾ ਕੇ ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ਸ਼ਬਦ ਗਾਇਆ।


ABC Non Profit organisation ਵਲੋਂ ਅਮਨਪ੍ਰੀਤ ਕੌਰ ਨੇ ਬੈਂਕ ਸੇਵਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਵੀਰਪਾਲ ਕੌਰ ਨੇ YYC Home Care Services ਬਾਰੇ ਜਾਣੂ ਕਰਾਇਆ। ਬਚਿੱਤਰ ਸਿੰਘ ਜੀ ਨੇ NRI,s ਦੇ ਮਸਲੇ ਹੱਲ ਕਰਵਾਉਣ ਲਈ ਅਪਣਾ ਨੁਮਾਇੰਦਾ ਚੁਣਨ ਲਈ ਵੋਟਾਂ ਬਾਰੇ ਜਾਣਕਾਰੀ ਦਿੱਤੀ। ਜਗਦੇਵ ਸਿੰਘ ਸਿੱਧੂ ਜੀ ਨੇ ਕਨੇਡਾ ਦੇ ਮੂਲ ਨਿਵਾਸੀਆਂ ਦੀ ਕੀਤੀ ਗਈ ਅਤੇ ਕੀਤੀ ਜਾ ਰਹੀ ਨਸਲਕੁਸ਼ੀ ਬਾਰੇ ਦੱਸਿਆ ਅਤੇ ਪੰਜਾਬੀਆਂ ਨੂੰ ਇਸ ਤੋਂ ਸਬਕ ਸਿੱਖਣ ਲਈ ਪ੍ਰੇਰਿਆ।MLA ਇਰਫਾਨ ਸ਼ਬੀਰ ਅਤੇ ਗੁਰਿੰਦਰ ਸਿੰਘ ਬਰਾੜ ਨੇ ਵੀ ਹਾਜ਼ਰੀ ਲਗਵਾਈ।
ਗੁਰਦੀਸ਼ ਕੌਰ ਗਰੇਵਾਲ ਨੇ ਸੀਨੀਅਰਜ਼ ਬਾਰੇ ਕਵਿਤਾ ਸੁਣਾਈ। ਇਸ ਤੋਂ ਬਾਅਦ ਕੁਲਦੀਪ ਕੌਰ ਘਟੌੜਾ, ਸੁਰਜੀਤ ਧੁੰਨਾ ਅਤੇ ਮੁਖਤਿਆਰ ਕੌਰ ਜੀ ਨੇ ਵਣਜਾਰਨ,ਮਾਲਣ ਅਤੇ ਗੱਡੀਆਂ ਵਾਲੀ ਬਣ ਕੇ ਅਲੋਪ ਹੋ ਚੁੱਕੇ ਸਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ। ਰਣਜੀਤ ਕੌਰ ਲੰਮੇ ਨੇ ਗੀਤ ਗਾਇਆ।ਸਭਾ ਦੇ South Wing ਵਾਲੀਆਂ ਭੈਣਾਂ ਤਮੰਨਾ, ਪ੍ਰੋਮਿਲਾ, ਸੁਰਜੀਤ ਢਿਲੋਂ ਅਤੇ ਸਾਥਣਾਂ ਨੇ ਮੌਡਰਨ ਟੱਪੇ ਗਾਏ ਅਤੇ ਕਮੇਡੀ ਸਕਿੱਟ ਪੇਸ਼ ਕਰ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਸਰਬਜੀਤ ਉਪੱਲ ਦੇ ਡਾਂਸ ਨੇ ਸਾਰਿਆਂ ਨੂੰ ਝੂੰਮਣ ਲਾ ਦਿੱਤਾ। ਗੁਰਨਾਮ ਕੌਰ ਅਤੇ ਗੁਰਜੀਤ ਕੌਰ ਬਵੇਜਾ ਨੇ ਖੁੱਲ੍ਹ ਰਹੇ ਬਿਰਧ ਆਸ਼ਰਮਾਂ ਵਿੱਚ ਬਜ਼ੁਰਗਾਂ ਦੀ ਹਾਲਤ ਬਾਰੇ ਸਕਿੱਟ ਪੇਸ਼ ਕਰਕੇ ਸਾਰਿਆਂ ਨੂੰ ਭਾਵਕ ਕਰ ਦਿੱਤਾ। ਅਖੀਰ ਵਿੱਚ ਜੁਗਿੰਦਰ ਪੁਰਬਾ, ਸੁਰਿੰਦਰ ਸੰਧੂ, ਜਸਮਿੰਦਰ ਬਰਾੜ, ਅਮਰਜੀਤ ਗਰੇਵਾਲ, ਬਲਵੀਰ ਗਰੇਵਾਲ, ਅਮਰਜੀਤ ਵਿਰਦੀ, ਬਲਬੀਰ ਹਜ਼ੂਰੀਆਂ, ਸੁਰਜੀਤ ਢਿਲੋਂ, ਜਸਵੀਰ ਮਾਨ, ਅਵਤਾਰ ਕੌਰ ਅਤੇ ਛਿੰਦਰ ਦਿਓਲ ਭੈਣਾਂ ਨੇ ਗਿੱਧੇ ਦੀਆਂ ਧਮਾਲਾਂ ਪਾ ਕੇ ਸਾਰਿਆਂ ਨੂੰ ਨੱਚਣ ਲਾ ਦਿੱਤਾ। ਸਭਾ ਦੇ ਕੋਆਰਡੀਨੇਟਰ ਸ੍ਰੀਮਤੀ ਗੁਰਚਰਨ ਕੌਰ ਥਿੰਦ ਜੀ ਨੇ ਸਾਰੇ ਪ੍ਰੋਗਰਾਮ ਨੂੰ ਬਹੁਤ ਹੀ ਸੂਝ ਬੂਝ ਨਾਲ ਨੇਪਰੇ ਚਾੜ੍ਹਿਆ।