ਤਰਸ (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੌਂਕ 'ਚ ਪੁੱਜੀ ਬੱਸ ਦੇ ਚੱਕੇ ਅਜੇ ਪੂਰੀ ਤਰਾਂ ਰੁਕੇ ਵੀ ਨਹੀਂ ਸਨ, ਕਿ ਅੱਖ ਦੇ ਫੋਰ ਨਾਲ ਬੱਸ ਔਰਤਾਂ ਨਾਲ ਨੱਕੋ-ਨੱਕ ਭਰ ਗਈ, ਵਿਚਕਾਰ ਫਸੇ ਮੁੜਕੋ-ਮੁੜਕੀਂ ਹੋਏ ਕੰਡਕਟਰ ਦੀ ਸੀਟੀ ਬੜੀ ਮੁਸ਼ਕਿਲ ਉਸਦੇ ਬੁੱਲ੍ਹਾਂ ਤੱਕ ਅੱਪੜੀ, ਪਰ ਲੰਮੀ ਸੀਟੀ ਮਾਰਨ ਦੇ ਬਾਵਜੂਦ ਵੀ ਜਦ ਡਰਾਇਵਰ ਨੇ ਬੱਸ ਨੂੰ ਰਤਾ ਕੁ ਰਫਤਾਰ ਦੇ ਕੇ ਮੁੜ ਰੋਕ ਲਿਆ, ਤਾਂ ਪਿੱਛੇ ਰਹਿ ਗਈਆਂ ਕੁੱਝ ਔਰਤਾਂ ਬੜੀ ਤੇਜ਼ੀ ਨਾਲ ਇੱਕ-ਦੂਜੀ ਨੂੰ ਪਿੱਛੇ ਛੱਡਦੀਆਂ ਬੱਸ ਵੱਲ ਉਲਰ ਪਈਆਂ ਜਿੰਨ੍ਹਾਂ ਨੂੰ ਵੇਖ ਕੰਡਕਟਰ ਕਲਪਿਆ, "ਓ ਪਤੰਦਰਾ, ਹੁਣ ਤੋਰ ਵੀ ਲੈ ਏਹਨੂੰ, ਦੱਸ ਕਿਹੜੇ ਜਨਮ ਦਾ ਬਦਲਾ ਲੈ ਰਿਹੈ ?" "ਮੈਂ ਤਾਂ ਤੇਰਾ ਫਾਇਦਾ ਹੀ ਕਰ ਰਿਹਾ ਸੀ, ਓਹ ਵੇਖ ਸਾਹਮਣੇ ਇੱਕ ਸਵਾਰੀ ਮੇਰਾ ਮਤਲਬ ਬੰਦਾ ਸਵਾਰੀ ਭੱਜੀ ਆ ਰਹੀ ਹੈ, ਇਸਨੂੰ ਵੀ ਚੜ੍ਹਾ ਲੈਦੇ ਹਾਂ ਤੇਰੀ ਬੋਹਣੀ ਹੀ ਹੋ ਜਾਊ, ਤੜਕੇ ਦਾ ਖਾਲੀ ਝੋਲਾ ਖੜਕਾਉਂਦਾ ਫਿਰਦੈ, ਸੱਚੀਂ ਬੜਾ ਤਰਸ ਆ ਰਿਹੈ ਯਾਰ ਤੇਰੇ 'ਤੇ।" ਡਰਾਇਵਰ ਦੇ ਹਮਦਰਦੀ ਭਰੇ ਬੋਲਾਂ ਅੱਗੇ ਕੰਡਕਟਰ ਤਾਂ ਕੁੱਝ ਨਾ ਬੋਲਿਆ, ਪਰ ਸਾਰੀਆਂ ਔਰਤਾਂ ਕਹਿਰੀ ਨਜ਼ਰ ਨਾਲ ਡਰਾਇਵਰ ਨੂੰ ਵੇਖਣ ਲੱਗੀਆਂ।