ਪੰਜਾਬੀ ਸਾਹਿਤਕਾਰੀ ਦੀ ਚਮਤਕਾਰੀ ਪ੍ਰਤਿਭਾ -ਆਖ਼ਰੀ ਕਿਸ਼ਤ (ਲੇਖ )

ਕ੍ਰਿਸ਼ਨ ਸਿੰਘ (ਪ੍ਰੋ)   

Email: krishansingh264c@gmail.com
Cell: 94639 89639
Address: 264-ਸੀ, ਰਾਜਗੁਰੂ ਨਗਰ
ਲੁਧਿਆਣਾ India 141012
ਕ੍ਰਿਸ਼ਨ ਸਿੰਘ (ਪ੍ਰੋ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


 ਡਾਕਟਰ ਹਮਰਾਹੀ ਦੀ ਕਰਤਾਰੀ- ਪ੍ਰਤਿਭਾ ਕਿਸੇ ਬਣੇ- ਬਣਾਏ ਪ੍ਰੰਪਰਾਗਤ ਚੌਖਟੇ ਨੂੰ ਆਪਣੀ ਕਲਮ ਦਾ ਕੇਂਦਰ- ਬਿੰਦੂ ਨਹੀਂ ਸੀ ਮਿਥਦੀ ; ਉਹ ਹਮੇਸ਼ਾਂ ਨਵੀਂ ਸੋਚ/ ਨਵੇਂ ਖ਼ਿਆਲਾਂ/ਜ਼ਿੰਦਗੀ ਦੇ ਨਵੀਨ ਪੜਾਵਾਂ ਨੂੰ ਸਮਕਾਲੀਨ ਇਤਿਹਾਸਕ ਪਰਿਪੇਖ ਵਿੱਚ ਮੂਰਤੀਮਾਨ ਕਰਨ ਦਾ ਇੱਛਾਵਾਨ ਹੁੰਦਾ ਸੀ। ਇਤਿਹਾਸ ਤੇ ਸਾਹਿਤ ਦਾ ਅਜਿਹਾ ਸੁਮੇਲ ਉਸ ਦੀਆਂ ਦੋ ਲਿਖਤਾਂ ਵਿਸ਼ੇਸ਼ ਕਰਕੇ ' ਲੁਧਿਆਣਾ ਬੋਲਦਾ ਹੈ ' ਅਤੇ 'ਸ਼ਾਹ ਨਾਮਾ ਪੰਜਾਬ ' ਇਨ੍ਹਾਂ ਵੱਡਮੁੱਲੇ ਗ੍ਰੰਥਾਂ ਵਿੱਚ ਬੜੇ ਹੀ ਭਾਵਪੂਰਤ ਢੰਗ ਨਾਲ ਹੋਇਆ ਹੈ। ਇਨ੍ਹਾਂ ਦੋਹਾਂ  ਹਵਾਲਾਨੁਮਾ ਗ੍ਰੰਥਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਆਪਣੇ ਵਿਸ਼ਾਗਤ ਪਰਿਪੇਖ ਵਜੋਂ ਪੰਜਾਬੀ/ਭਾਰਤੀ ਸੰਸਕ੍ਰਿਤੀ ਦੀ ਮੂੰਹ ਬੋਲਦੀ ਤਸਵੀਰ ਹਨ। ਇਸ ਦਾ ਭਾਵ ਇਹ ਵੀ ਕਤੱਈ ਨਹੀਂ ਕਿ ਉਸ ਦੀਆਂ ਬਾਕੀ ਪੁਸਤਕਾਂ ਵਿੱਚੋਂ, ਇਤਿਹਾਸ ਜਾਂ ਇਤਿਹਾਸਕ ਘਟਨਾਵਾਂ ਦੀ ਅਣਹੋਂਦ ਹੈ ਜਾਂ ਉਹ ਘਟਨਾਵਾਂ ਆਪਣੇ ਸਮਕਾਲ ਦੀਆਂ ਕਿਰਿਆਵਾਂ/ ਪ੍ਰਤਿਕਿਰਿਆਵਾਂ ਵਜੋਂ ਮਨਫ਼ੀ ਹਨ। ਉਸ ਦੀ ਬਾਵਨੀ ਕਾਵਿ- ਵਿਧਾ 'ਤੇ ਧਿਆਨ ਕੇਂਦ੍ਰਿਤ ਕੀਤਿਆਂ ਪਤਾ ਚਲਦਾ ਹੈ ਕਿ ਉਹ ਲਿਖਤਾਂ ਆਪਣੇ ਮੂਲ ਉਦੇਸ਼ ਵਜੋਂ ਕੇਵਲ ਸਾਹਿਤਕਾਰੀ ਦਾ ਪੁਨਰ- ਵਿਸ਼ਲੇਸ਼ਣ ਜਾਂ ਪੁਨਰ- ਸੁਰਜੀਤੀ ਜਾਂ ਮਨੁੱਖੀ ਭਾਵਨਾਵਾਂ ਦਾ ਹੀ ਪ੍ਰਗਟਾਵਾ ਨਹੀਂ ਸਗੋਂ ਇਤਿਹਾਸਕ ਤੱਥਾਂ/ ਪ੍ਰਮਾਣਾਂ ਦੀ ਤਰਜ਼ਮਾਨੀ ਵੀ ਕਰਦੀਆਂ ਹਨ। ਉਨ੍ਹਾਂ ਦੀ ਪੇਸ਼ਕਾਰੀ ਦਾ ਜ਼ਰੀਆ ਵੀ ਇਤਿਹਾਸਕ ਗ੍ਰੰਥਾਂ ਵਾਲਾ ਨਹੀਂ, ਕਾਵਿ- ਅਨੁਭਵ, ਕਾਵਿ- ਕਲਪਨਾ, ਇਤਿਹਾਸਕ/ ਮਿਥਿਹਾਸਕ ਹਵਾਲਿਆਂ, ਬਿੰਬਾਂ, ਪ੍ਰਤੀਕਾਂ, ਅਲੰਕਾਰਾਂ ਦੇ ਲੋੜੀਂਦੇ ਪ੍ਰਯੋਗ ਨਾਲ ਦ੍ਰਿਸ਼ਟੀਗੋਚਰ ਹੋਇਆ ਹੈ।----
                ---- ਡਾਕਟਰ ਆਤਮ ਹਮਰਾਹੀ ਦੀਆਂ ਮੌਲਿਕ ਲਿਖਤਾਂ ਦਾ ਨਿੱਠ ਕੇ ਅਧਿਐਨ ਕਰਨ ਤੋਂ ਬਾਅਦ ਪ੍ਰਤੀਤ ਹੁੰਦਾ ਹੈ ਕਿ ਉਹਨਾਂ ਦੀ ਸਿਰਜਣਸ਼ੀਲਤਾ ਕਿਸੇ ਵੀ ਤਰ੍ਹਾਂ ਦੇ ਤਥਾ- ਕਥਿਤ ਸਵਾਲੀਆ ਨਿਸ਼ਾਨ ਤੋਂ ਬੇਲਾਗ ਹੈ, ਇਸ ਲਈ ਜਿਨ੍ਹਾਂ ਵੀ ਸੰਸਥਾਵਾਂ ਵਲੋਂ ਉਹਨਾਂ ਨੂੰ ਮਾਣ- ਸਨਮਾਨ ਪ੍ਰਦਾਨ ਕੀਤੇ ਗਏ ਹਨ, ਉਨ੍ਹਾਂ ਦੀ ਸਾਰਥਿਕਤਾ ਦਾ ਅਸਲ ਪ੍ਰਮਾਣ ਉਨ੍ਹਾਂ ਦੇ ਮਾਣਮੱਤੇ ਪਾਠਕ ਹਨ।ਬੜੇ ਫ਼ਖ਼ਰ ਵਾਲੀ ਗੱਲ ਹੈ ਕਿ ਡਾਕਟਰ ਹਮਰਾਹੀ ਨੂੰ ਉਹਨਾਂ ਦੇ ਸਾਹਿਤਕ- ਕੱਦ ਅਨੁਸਾਰ ਪੰਜਾਬ ਸਰਕਾਰ ਵੱਲੋਂ ' ਸਟੇਟ ਐਵਾਰਡ 'ਉੱਤਮ ਸਕੂਲ ਅਧਿਆਪਕ ( 1976) , ਸਾਹਿਤ ਟਰੱਸਟ ਢੁੱਡੀਕੇ ਵਲੋਂ ਬਾਵਨੀ ਉੱਤੇ ਬਾਵਾ ਬਲਵੰਤ ਪੁਰਸਕਾਰ(1992), ਬਾਬਾ ਬੋਹੜ ਪੁਰਸਕਾਰ ( 1994), ਸ਼ਿਰੋਮਣੀ ਪੰਜਾਬੀ ਸਾਹਿਤਕਾਰ, ਭਾਸ਼ਾ ਵਿਭਾਗ- ਪੰਜਾਬ (1997) , ਪੰਜਾਬੀ ਸਾਹਿਤ ਅਕਾਡਮੀ- ਲੁਧਿਆਣਾ ਵਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ,ਪੰਜਾਬ ਯੂਨੀਵਰਸਿਟੀ- ਚੰਡੀਗੜ੍ਹ ਵਲੋਂ ਫੈ਼ਲੋਸ਼ਿਪ (1998-2000) ਆਦਿ ਮਾਣ - ਸਨਮਾਨ ਹਾਸਲ ਹੋਏ।
              ਦੁਨਿਆਵੀ ਵਰਤਾਰੇ ਦੇ ਅੰਤਰਗਤ -- ਇਹ ਹੈ ਤਾਂ ਦੁੱਖਦਾਈ ਗੱਲ,ਇਸ ਨੂੰ ਡਾਕਟਰ ਆਤਮ ਹਮਰਾਹੀ ਹੁਰਾਂ ਦੀ ਬਦਨਸੀਬੀ ਕਹਿ ਲਵੋ ਜਾਂ ਖੁ਼ਸ਼ਨਸੀਬੀ ਆਪਣੀ ਹਿਯਾਤੀ ਦੇ ਪਿਛਲੇ ਲੱਗਭੱਗ ਅੱਠ ਸਾਲ, ਆਪਣੀ ਸ਼ੂਗਰ ਦੀ ਨਾਮੁਰਾਦ ਬਿਮਾਰੀ ਦੇ ਸ਼ਿਕਾਰ ਹੋਣ ਅਤੇ ਆਪਣੀਆਂ ਦੋਨੋਂ ਲੱਤਾਂ ਤੋਂ ਆਹਰੇ ਹੋਣ ਦੇ ਬਾਵਜ਼ੂਦ ਵੀ, ਉਸ ਨੇ ਆਪਣੇ ਜੀਵਨ- ਮਿਸ਼ਨ ਭਾਵ ਆਪਣੇ  ਲਿਖਣ ਪੜ੍ਹਨ ਵਾਲੇ ਅੱਖ਼ਰੀ ਗਿਆਨ ਨੂੰ ਹਮੇਸ਼ਾਂ ਆਪਣੇ ਅੰਗ ਸੰਗ ਰੱਖਿਆ। ਮੈਨੂੰ ਇਉਂ ਲੱਗਦਾ ਜਾਂ ਮੇਰਾ ਮੰਨਣਾ ਇਹ ਹੈ,ਜਿਵੇਂ ਇਹ ਸਾਰਾ ਕੁਝ- ਭਾਵ ਉਸ ਦਾ ਰੋਗ ਗ੍ਰਸਤ ਹੋਣਾ,ਜੇ ਧਰਮਗਤ ਕਦਰਾਂ- ਕੀਮਤਾਂ ਅਨੁਸਾਰ ' ਕਰਮਰੋਗ ' ਕਿਹਾ ਜਾ ਸਕਦਾ ਹੈ ਤਾਂ ਇਹ ਵੀ ਅਤਿਕਥਨੀ ਨਹੀਂ ਜੋ ਕੁਝ ਉਸਨੇ ਉਨ੍ਹਾਂ ਨਾਜ਼ੁਕ ਹਾਲਾਤਾਂ ਵਿੱਚ ਬਤੌਰ ਕਲਮਕਾਰ ਦੇ ' ਕਰਮਯੋਗੀ' ਬਣ ਕੇ ਕੀਤਾ,ਉਸ ਦੀ ਅਜਿਹੀ ਘਾਲਣਾ /ਤਪੱਸਿਆ/ ਕਰਮਸਾਧਨਾ ਵਜੋਂ ਪ੍ਰਵਾਨਗੀ ਦੇ ਕੇ ਉਸ ਨੂੰ ਵੀ ਲਾਜ਼ਮੀ ਮਾਣਤਾ ਦੇਣੀ ਬਣਦੀ ਹੈ ;  ਜਾਂ ਸੌਖੇ ਸ਼ਬਦਾਂ ਵਿੱਚ ਇਉਂ ਕਹਿ ਲਵੋ,ਆਪਣੇ ਮੂਲ ਵਜੋਂ ਜਿਵੇਂ ਉਸਦੇ ਜੀਵਨ- ਵਰਤਾਰੇ ਦੇ ਇਹ ਦੋਨੋਂ ਨਕਾਰਾਤਮਿਕ/ ਸਾਕਾਰਾਤਮਿਕ ਕੁਦਰਤੀ- ਸ੍ਰੋਤ , ਉਸ ਦੇ ਤਥਾ- ਕਥਿਤ ਪੂਰਬਲੇ ਲੇਖਾਂ/ ਕਿਸਮਤ ਦਾ ਅਟੁੱਟ ਅੰਗ ਹੋਣ। ਇਕ ਤਰ੍ਹਾਂ ਨਾਲ ਉਹ ਆਪਣੇ ਆਖ਼ਰੀ ਸਾਹਾਂ ਤੱਕ ਆਪਣੇ ਜੀਵਨ ਦਾ ਲੁਤਫ਼ ਲੈਂਦਾ ਰਿਹਾ, ਕੁਝ ਵੀ ਹੋਵੇ,ਇੱਕ ਅਮਲ ਵਜੋਂ ਉਸ ਨੇ ਆਪਣੇ ' ਅੱਟਣਾ ਦੀ ਗਾਥਾ 'ਕਵਿਤਾ ਦੇ ਅਮਲ ਨੂੰ ਹਮੇਸ਼ਾਂ ਆਪਣੀ ਜ਼ਿੰਦਗੀ ਦਾ ਗਹਿਣਾ ਸਮਝਿਆ ; ਸਾਹਿਤਕਾਰੀ ਵਜੋਂ ਉਸ ਦੀ ਕਰਨੀ ਤੇ ਕਥਨੀ ਸਾਮਾਨਾਂਤ੍ਰ ਧਰਾਤਲ 'ਤੇ ਵਿਚਰੀ। ਮੇਰੀ ਜਾਚੇ, ਉਸ ਦੀ ਜ਼ਿੰਦਗੀ ਦਾ ਇਹ ਅੰਤਿਮ ਦੌਰ ਸੁੱਖ ਵਿੱਚ ਸ਼ੁਕਰਾਨਾ ਤੇ ਦੁੱਖ ਵਿੱਚ ਭਾਣਾ, ਇਨ੍ਹਾਂ ਦੋਹਾਂ ਪ੍ਰਕਿਰਿਆਵਾਂ ਦਾ ਸਰਬਸਾਂਝਾ ਸੁਮੇਲ ਸੀ। --- ਪਤਾ ਨਹੀਂ ਕਿਉਂ ? ਉਸ ਵਕਤ " ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ।।" ਗੁਰੂ ਨਾਨਕ ਸਾਹਿਬ ਦੇ ਇਹ ਬਾਣੀ- ਬੋਲ ਵੀ ਮੇਰੀ ਚੇਤਨਾ ਤੇ ਚਿੰਤਨ ਦਾ ਹਿੱਸਾ ਬਣ ਰਹੇ ਸਨ।----
          ----  ਭਾਵੇਂ ਕੁਝ ਵੀ ਸੀ, ਉਹਨਾਂ ਦੀ ਗੰਭੀਰ ਸਰੀਰਕ ਸਮੱਸਿਆ ਦਾ ਜਦੋਂ ਮੈਨੂੰ ਪਤਾ ਚੱਲਿਆ ਤਾਂ ਉਹਨਾਂ ਦੇ ਜਿਉਂਦੇ ਜੀ ਮੈਂ ਮਿਲਣ ਗਿਆ ਤਾਂ ਉਹਨਾਂ ਦੀ ਤਰਸਯੋਗ ਹਾਲਤ ਦੇਖ ਕੇ ਮੇਰਾ ਦਿਲ ਕੰਬ ਉੱਠਿਆ ; ਕੁਦਰਤੀ ਸੀ ਮੈਂ ਥੋੜ੍ਹਾ ਭਾਵੁਕ ਵੀ ਹੋਇਆ। ਐਨ ਉਸੇ ਵਕਤ ਬਾਬਾ ਸ਼ੇਖ ਫ਼ਰੀਦ ਜੀ ਦੇ ਇਹ ਬਾਣੀ -ਬੋਲ ਅਤੇ ਗੁਰਬਾਣੀ ਦੀਆਂ ਇਹ ਤੁਕਾਂ ਮੇਰੀ ਸਿਮ੍ਰਤੀ ਦਾ ਅੰਗ ਬਣੀਆਂ :
    ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮਿ੍।।
    ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ।। ( ਅੰਗ 1378)
       " ਹੇ ਫਰੀਦ! ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ( ਜਵਾਨੀ ਵੇਲੇ) ਮੈਂ ਥਲ ਤੇ ਪਹਾੜ ਗਾਹ ਆਉਂਦਾ ਰਿਹਾ।ਪਰ ਅੱਜ ( ਬੁੱਢੇਪੇ ਵਿੱਚ) ਮੈਨੂੰ ਫਰੀਦ ਨੂੰ ( ਇਹ ਰਤਾ ਪਰੇ ਪਿਆ ਲੋਟਾ ਸੈ ਕੋਹਾਂ 'ਤੇ ਹੋ ਗਿਆ ਹੈ ( ਸੋ ਬੰਦਗੀ ਦਾ ਵੇਲਾ ਵੀ ਜੁਆਨੀ ਹੀ ਹੈ ਜਦੋਂ ਸਰੀਰ ਕੰਮ ਦੇ ਸਕਦਾ ਹੈ) "
---- ਵੈਦਾ ਸੰਦਾ ਸੰਗ ਇਕਠਾ ਹੋਇਆ।।
       ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ।।
       ਜੋ ਜੋ ਓਨਾ ਕਰਮ ਸੁਕਰਮ ਹੋਇ ਪਸਰਿਆ।।
       ਹਰਿ ਹਾਂ ਦੂਖ ਰੋਗ ਸਭਿ ਤਨ ਤੇ ਖਿਸਰਿਆ ।।
                    ‌                      ( ਅੰਗ 1361)
          " ( ਸਾਧ ਸੰਗਤ ਵਿੱਚ ਆਤਮਕ ਮੌਤ ਤੋਂ ਬਚਾਣ ਵਾਲੇ) ਹਕੀਮਾਂ ( ਸੰਤ ਜਨਾਂ) ਦੀ ਸੰਗਤ ਇਕੱਠੀ ਹੁੰਦੀ ਹੈ। ( ਉਹਨਾਂ ਦੀ ਵਰਤੀ ਹੋਈ ਤੇ ਦੱਸੀ ਹੋਈ ਹਰਿ- ਨਾਮ ਸਿਮਰਨ ਦੀ) ਦਵਾਈ( ਸਾਧ ਸੰਗਤ ਵਿੱਚ) ਆਪਣਾ ਪੂਰਾ ਅਸਰ ਕਰਦੀ ਹੈ ( ਕਿਉਂਕਿ ਉਸ ਇਕੱਠ ਵਿੱਚ ਪਰਮਾਤਮਾ ਆਪ ਹਾਜ਼ਰ ਰਹਿੰਦਾ ਹੈ) ( ਆਤਮਕ ਰੋਗਾਂ ਦੇ ਉਹ ਵੈਦ ਸੰਤਜਨ) ਜਿਹੜੇ ਜਿਹੜੇ ਨਿੱਤ ਦੇ ਕਰਮ ਕਰਦੇ ਹਨ ( ਉਹ ਸਾਧ ਸੰਗਤ ਵਿੱਚ ਆਏ ਆਮ ਲੋਕਾਂ ਦੇ ਸਾਹਮਣੇ) ਵਧੀਆ ਪੂਰਨੇ ਬਣ ਕੇ ਪ੍ਰਗਟ ਹੁੰਦੇ ਹਨ, ( ਇਸੇ ਵਾਸਤੇ ਸਾਧ ਸੰਗਤ ਵਿੱਚ ਆਏ ਵਡਭਾਗੀਆਂ ਦੇ) ਸਰੀਰ ਤੋਂ ਸਾਰੇ ਦੁੱਖ ਸਾਰੇ ਰੋਗ ਸਾਰੇ ਪਾਪ ਦੂਰ ਹੋ ਜਾਂਦੇ ਹਨ। "             
                     ਇਉਂ ਲੱਗਭੱਗ 69 ਵਰ੍ਹਿਆਂ ਦੀ ਉਮਰ ਭੋਗ ਕੇ ਮਿਤੀ 28 ਜੁਲਾਈ- 2005 ਨੂੰ, ਉਹ " ਆਪਣੈ ਕਰਮੀ ਵਹੈ ਕਲਾਮ " ਦੇ ਲੇਖਾਂ/ ਤਕਦੀਰਾਂ ਨਾਲ ਸੰਘਰਸ਼ ਕਰਦਿਆਂ ਇਸ ਭੌਤਿਕ ਜਗਤ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਿਆ; ਐਨ ਉਸ ਵੇਲੇ ਜਦੋਂ ਉਹ ਆਪਣੇ ਆਖ਼ਰੀ ਸਾਹਾਂ 'ਤੇ ਸੀ ਅਤੇ ਉਸ ਦੀ ਲਾਡਲੀ ਧੀ ਮਨਦੀਪ ਨੇ ਉਸ ਨੂੰ ਆਪਣੇ ਹੱਥਾਂ ਵਿੱਚ ਫੜਿਆ ਹੋਇਆ ਸੀ। ਮਨਦੀਪ ਅੱਜ ਵੀ - ਜਦੋਂ ਵੀ ਆਪਣੇ ਬਾਪ ਨਾਲ ਗੁਜ਼ਾਰੇ ਉਨ੍ਹਾਂ ਆਖ਼ਰੀ ਪਲਾਂ ਨੂੰ ਯਾਦ ਕਰਦੀ ਹੈ ਤਾਂ ਉਸ ਦੇ ਅੱਥਰੂ ਰੋਕਿਆਂ ਵੀ ਨਹੀਂ ਰੁਕਦੇ ; ਉਸ ਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ ਦੁਨੀਆਂ ਦੀ ਸਭ ਤੋਂ ਪਿਆਰੀ ਸ਼ੈਅ ਉਸ ਤੋਂ ਖੁੱਸ ਗਈ ਹੋਵੇ। ਉਸ ਲਈ ਬਾਪ ਦੇ ਵਿਛੋੜੇ ਦਾ ਇਹ ਦੁੱਖ ਭਾਵੇਂ ਅਸਹਿ ਤੇ ਅਕਹਿ ਸੀ ਪਰੰਤੂ ਉਸ ਦੇ ਸਾਹਿਤਕ- ਯੋਗਦਾਨ ਤੋਂ ਇਲਾਵਾ ਉਸ ਦੀ ਪਰਿਵਾਰਕ ਘਾਲਣਾ ਨੂੰ ਯਾਦ ਕਰਕੇ ਉਹ ਅੱਜ ਵੀ ਬੜਾ ਫ਼ਖ਼ਰ ਮਹਿਸੂਸ ਕਰਦੀ ਹੈ। ----- ਕੁਦਰਤੀ ਸੀ ਕਿ ਉਸ ਦੇ ਜਾਣ ਤੋਂ ਬਾਅਦ,ਪਰਵਾਰਿਕ ਤੌਰ 'ਤੇ ਇਹ ਬੜਾ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਸੀ ਕਿ ਉਸ ਦੀ ਸ਼ਬਦ- ਸੱਭਿਆਚਾਰ ਦੀ ਵੱਡਮੁੱਲੀ ਵਿਰਾਸਤ ਨੂੰ ਕੌਣ ਸੰਭਾਲੇਗਾ? ਸਮਾਂ ਪੈਣ 'ਤੇ ਇਹ ਵੱਡੀ ਤੇ ਮਾਣਮੱਤੀ ਜ਼ਿੰਮੇਵਾਰੀ ਗੁਰੂ ਰਹਿਮਤ ਸਦਕਾ, ਉਸ ਦੀ ਵੱਡੀ ਧੀ ਮਨਦੀਪ ਕੌਰ ਭੰਮਰਾ ਦੇ ਹਿੱਸੇ ਆਈ, ਮੈਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਉਸ ਦੇ ਸਤਿਕਾਰਤ ਪਿਤਾ ਡਾਕਟਰ ਆਤਮ ਹਮਰਾਹੀ ਦੀ ਕਾਵਿ - ਰੂਹ ਨੇ ਉਸ ਦੀ ਕਲਮਕਾਰੀ ਦੇ ਅਤੁੱਟ ਖ਼ਜ਼ਾਨੇ ਵਿੱਚ ਪ੍ਰਵੇਸ਼ ਕਰ ਲਿਆ ਹੋਵੇ। ਉਸਨੇ ਖ਼ੁਦ ਵੀ ਜਦੋਂ ਡਾਕਟਰ ਸਾਹਿਬ ਦਾ ਕਾਵਿ- ਚਿੱਤ੍ਰ , ਆਪਣੇ " ਨਿਆਜ਼ਬੋ " ਕਾਵਿ- ਸੰਗ੍ਰਹਿ ਵਿੱਚ ਲਿਖਿਆ ਤਾਂ ਆਪਣੇ ਪਿਤਾ ਦੇ ਪਦ- ਚਿੰਨ੍ਹਾਂ 'ਤੇ ਚੱਲਣ ਦੀ ਇਹ ਨਿਸ਼ਾਨਦੇਹੀ, ਪੰਜਾਬੀ ਪਾਠਕਾਂ ਦੇ ਸਨਮੁੱਖ ਹੋ ਹੀ ਗਈ ਸੀ। -----
           -----  ਇਉਂ ਵੀ ਪ੍ਰਤੱਖ ਹੈ ਕਿ ਜੇਕਰ ਡਾਕਟਰ ਸਾਹਿਬ ਦੀ ਇੱਕ ਕਾਵਿ- ਪੁਸਤਕ ਦਾ ਨਾਂਅ " ਨਿਆਜ਼" ਸੀ ਤਾਂ ਮਨਦੀਪ ਭੰਮਰਾ ਨੇ ਪ੍ਰੰਪਰਾਗਤ ਪਿਰਤ ਨੂੰ ਅੱਗੇ ਤੋਰਦਿਆਂ ਆਪਣੀ ਕਾਵਿ - ਪੁਸਤਕ ਦਾ ਨਾਂਅ" ਨਿਆਜ਼ਬੋ" ਰੱਖਿਆ। ਇਹ ਮਹਿਜ਼ ਸਬੱਬ ਨਹੀਂ ਸਗੋਂ ਸਾਖਿਆਤ ਰੂਪ ਵਿੱਚ ਪਿਤਾ ਦੀ ਕਾਵਿ - ਗੁੜ੍ਹਤੀ ਦਾ ਪ੍ਰਤਿਕਰਮ ਹੀ ਕਿਹਾ ਜਾ ਸਕਦਾ ਹੈ, ਸਮਝੋ ਧੀ ਵਲੋਂ ਆਪਣੇ ਪਿਤਾ ਤੋਂ ਵੀ ਅੱਗੇ ਪੁਲਾਂਘ ਪੁੱਟਣ ਦਾ ਇੱਕ ਸੰਜੀਦਾ ਯਤਨ। ਜਦੋਂ ਕਿ ਸ਼ਬਦ -ਸੱਭਿਆਚਾਰ ਦੀ ਅਜਿਹੀ ਵਚਨਬੱਧਤਾ ਵਾਲੀ ਵਿਰਾਸਤ ਨੂੰ ਸੰਭਾਲਣਾ , ਕਿਸੇ ਵਿਗਿਆਨਕ ਖੋਜ ਵਾਂਗ ਜਾਂ ਕਿਸੇ ਗਣਿਤ ਦੇ ਫ਼ਾਰਮੂਲੇ ਵਰਗਾ ਕੋਈ ਦੁਨਿਆਵੀ ਕਾਰਜ ਨਹੀਂ ਜਾਂ ਕੋਈ ਮੁੱਲ ਵਿਕਣ ਵਾਲੀ ਪਦਾਰਥਵਾਦੀ/ ਬਾਜ਼ਾਰੀ ਸ਼ੈਅ ਨਹੀਂ ; ਆਪਣੇ ਮੂਲ ਵਜੋਂ ਇਹ ਕੋਮਲ ਕਲਾਵਾਂ ਵਾਲੀ ਮੌਲਿਕਤਾ/ ਸਿਰਜਣਸ਼ੀਲਤਾ ਦੀ ਕੁਦਰਤੀ ਪ੍ਰਕਿਰਿਆ ਹੈ; ਜਿਸ ਦੀਆਂ ਕਾਵਿ - ਆਵੇਸ਼ੀ ਜਾਂ ਸਵੈ- ਸਿਰਜਿਤ ਜੁਗਤਾਂ ਆਪਣੇ ਨਿਵੇਕਲੇ ਪਛਾਣ- ਚਿੰਨ੍ਹਾਂ ਦੀ ਸਥਾਪਿਤੀ/ ਨਿਰੰਤਰਤਾ ਖ਼ੁਦ ਕਰਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਸਿੱਖਣ - ਪ੍ਰਕਿਰਿਆ ਦੀ ਗਤੀਸ਼ੀਲਤਾ ਦੀ ਵੀ ਇੱਕ ਵਿਸ਼ੇਸ਼ ਸੀਮਾ- ਰੇਖਾ ਹੁੰਦੀ ਹੈ ਪਰੰਤੂ ਉਨ੍ਹਾਂ ਦੇ ਵੇਗਮਈ ਵਹਾਅ/ਲੈਅ ਦੀਆਂ  ਅੰਦਰੂਨੀ ਰਮਜ਼ਾਂ/ ਤਰੰਗਾਂ ਦੀ ਲਗਾਤਾਰਤਾ ਨੂੰ ਸ਼ਬਦਾਂ ਦੇ ਮਾਧਿਅਮ ਨਾਲ ਵਿਧੀਵੱਤ ਰੂਪ ਵਿੱਚ ਨਿਭਾਉਣਾ, ਇਹ ਕੋਈ ਸੌਖੀ ਖੇਡ ਵੀ ਨਹੀਂ। ----
              ----  ਕਿਸੇ ਵੇਲੇ ਬਲਵੰਤ ਗਾਰਗੀ ਹੁਰਾਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵਿਚਕਾਰਲੀ ਧੀ ਉਰਮਿਲਾ ਨੂੰ ਇਹ ਕਿਹਾ ਸੀ ਕਿ ਤੂੰ ਆਪਣੇ ਪਿਤਾ ਦੇ ਪਦ- ਚਿੰਨ੍ਹਾਂ 'ਤੇ ਨਹੀਂ ਚੱਲਣਾ -- ਧੀ ਨੂੰ ਪਹਿਲੀ ਸੱਟੇ ਭਾਵੇਂ ਇਹ ਬੁਰਾ ਵੀ ਲੱਗਿਆ ਸੀ ਪਰੰਤੂ ਆਪਣੀ ਹਾਜ਼ਰ- ਜਵਾਬੀ ਵਜੋਂ ਬਲਵੰਤ ਗਾਰਗੀ ਨੂੰ ਇਹ ਸਪੱਸ਼ਟੀਕਰਨ ਦੇਣਾ ਪਿਆ ਸੀ ਕਿ ਉਰਮਿਲਾ! ਮੇਰਾ ਕਹਿਣ ਦਾ ਭਾਵ ਤਾਂ ਇਹ ਸੀ -- ਤੁਸੀਂ ਆਪਣੇ ਪਿਤਾ ਤੋਂ ਵੀ ਅੱਗੇ ਕਦਮ ਪੁੱਟਣਾ ! ---- ਮੈਨੂੰ ਆਸ ਹੀ ਨਹੀਂ ਪੂਰੀ ਉਮੀਦ ਹੈ, ਮਨਦੀਪ ਭੰਮਰਾ ਆਪਣੇ ਪਿਤਾ ਦੀਆਂ ਮੌਲਿਕ ਰਚਨਾਵਾਂ ਅਤੇ ਉਨ੍ਹਾਂ ਵਿੱਚ ਵਿਖ਼ਰੀ ਪਈ ਕਿਣਕਾ- ਕਿਣਕਾ ਵਿਰਾਸਤ ਨੂੰ ਸੰਭਾਲਣ ਲਈ ਆਪਣੇ ਵਲੋਂ ਪੂਰਾ ਤਾਣ ਲਾਵੇਗੀ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ/ ਨਸਲਾਂ ਉਨ੍ਹਾਂ ਸ਼ਬਦ- ਰੂਪੀ ਮਣਕਿਆਂ/ ਹੀਰਿਆਂ ਨੂੰ ਆਪਣੇ ਜ਼ਿਹਨ ਦਾ ਸਦੀਵੀ ਹਿੱਸਾ ਬਣਾ ਸਕਣ। ਮੇਰੀ ਜਾਚੇ ਡਾਕਟਰ ਸਾਹਿਬ ਵਲੋਂ ਕੀਤੇ ਅਕਾਦਮਿਕ ਕਾਰਜ ਦਾ ਇਹ ਅਗਲੇਰਾ ਪਰੰਤੂ ਬੜਾ ਮਹੱਤਵਪੂਰਨ ਪੜਾਅ ਹੋਵੇਗਾ। ਨਿਸੰਦੇਹ ਇਹ ਕੰਮ ਭਾਵੇਂ ਐਡਾ ਸੌਖਾ਼ ਨਹੀਂ,ਡਾਢਾ ਔਖ਼ਾ ਹੈ- ਇੱਕ ਪੂਰੀ ਸੰਸਥਾ ਦੇ ਕਰਨਗੋਚਰਾ ਹੈ ਪਰੰਤੂ ਮੇਰਾ ਇਹ ਵਿਸ਼ਵਾਸ ਹੈ ਕਿ ਪੰਜਾਬੀ ਮਾਂ- ਬੋਲੀ ਦੇ ਚੰਗੇਰੇ ਭਵਿੱਖ ਲਈ, ਇਸ ਤੋਂ ਵੱਡੀ ਸਮਰਪਣ ਭਾਵਨਾ ਸ਼ਾਇਦ ਕੋਈ ਹੋਰ ਨਹੀਂ ਹੋ ਸਕਦੀ। ਚੰਗਾ ਤਾਂ ਇਹ ਹੋਵੇਗਾ ਜੇਕਰ ਸਾਡੀਆਂ ਸਰਕਾਰਾਂ ਆਪਣੀ ਸਰਪ੍ਰਸਤੀ ਹੇਠ ਵੱਖ- ਵੱਖ ਸਾਹਿਤਕ ਸੰਸਥਾਵਾਂ ਦੀਆਂ ਡਿਊਟੀਆਂ ਲਗਾ ਕੇ/ ਉਨ੍ਹਾਂ ਦੀ ਯੋਗ ਰਹਿਨੁਮਾਈ ਕਰਕੇ/ ਉਨ੍ਹਾਂ ਨਾਲ ਸੰਵਾਦ ਰਚਾ ਕੇ,ਇਹ ਸਾਰਾ ਕੁਝ ਸਾਂਝੇ ਤੌਰ 'ਤੇ ਕਰਵਾਉਣ ਪਰੰਤੂ ਜਿਥੋਂ ਤੱਕ ਪਰਿਵਾਰਕ ਰਿਸ਼ਤਿਆਂ ਦੀ ਪਾਕੀਜ਼ਗੀ ਦੇ ਆਧਾਰ 'ਤੇ ਅਪਣੱਤ ਦਾ ਅਹਿਸਾਸ ਕਰਕੇ, ਇਨ੍ਹਾਂ ਯੋਜਨਾਵਾਂ ਨੂੰ ਨੇਪਰੇ ਚਾੜ੍ਹਨ ਦਾ ਸਵਾਲ ਹੈ,ਉਸ ਦਾ ਕੋਈ ਮੁਕਾਬਲਾ ਨਹੀਂ। ਕੋਈ ਸ਼ੱਕ ਨਹੀਂ ਕਿ ਭਾਵਨਾਵਾਂ ਦੀ ਤਰਜ਼ਮਾਨੀ , ਭਾਵਨਾਵਾਂ ਸੰਗ ਲਬਰੇਜ਼ ਹੋ ਕੇ ਹੀ ਆਪਣੀਆਂ ਉੱਚ- ਬੁਲੰਦੀਆਂ ਨੂੰ ਛੋਹ ਸਕਦੀ ਹੈ। ਇਹ ਤਦ ਹੀ ਸੰਭਵ ਹੈ ਜਦੋਂ ਸਾਹਿਤਕਾਰੀ ਦੇ ਇਨ੍ਹਾਂ ਮਾਪਦੰਡਾਂ ਦੇ ਅਮਲ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ, ਵਚਨਬੱਧਤਾ ਦਾ ਅਹਿਸਾਸ ਹੋਵੇਗਾ। ---- ਸਾਹਿਤਕ ਸੰਸਥਾਵਾਂ/ ਸਭਾਵਾਂ / ਸਰਕਾਰਾਂ ਕੀ ਕਰਦੀਆਂ ਹਨ,ਇਹ ਤਾਂ ਮੌਕਾ ਹੀ ਦੱਸੇਗਾ,ਮਨਦੀਪ ਨੇ ਇੱਕ ਮੁਲਾਕਾਤ ਦੌਰਾਨ ਮੈਨੂੰ ਇਹ ਜ਼ਰੂਰ ਦੱਸਿਆ ਕਿ ਮੈਂ ਆਪਣੇ ਪਾਪਾ ਦੀਆਂ ਅਠਾਰਾਂ ਪੁਸਤਕਾਂ ਨੂੰ ਵੱਖ਼ਰੇ ਤੌਰ 'ਤੇ ਇੱਕ ਲੋਹੇ ਦੇ ਟਰੰਕ ਵਿੱਚ ਕੀਮਤੀ ਗਹਿਣਿਆਂ ਦੀ ਤਰ੍ਹਾਂ ਸੰਭਾਲਿਆ ਹੋਇਆ ਹੈ। ਮੈਂ ਉਸ ਦੇ ਇਹ ਸ਼ਬਦ ਸੁਣ ਕੇ ਬੜਾ ਆਸਵੰਦ ਹੋਇਆ ਕਿ ਡਾਕਟਰ ਸਾਹਿਬ ਦੀਆਂ ਉਹ ਮੌਲਿਕ ਪੁਸਤਕਾਂ ਸੂਝਵਾਨ ਪਾਠਕਾਂ/ ਵਿਦਵਾਨਾਂ ਦੇ ਦਾਇਰੇ ਵਿੱਚ ਪ੍ਰਵੇਸ਼ ਕਰਕੇ ਆਪਣੀ ਸਿਰਜਣਸ਼ੀਲ ਆਭਾ ਨੂੰ ਜ਼ਰੂਰ ਪੁਨਰ- ਸੁਰਜੀਤ ਕਰਨਗੀਆਂ।