ਧੁੰਦ ਪਾਪਾਂ ਦੀ ਜਾਂ ਹੱਦਾਂ ਬੰਨੇ ਟੱਪ ਗੀ, ਲੈਂਦਾ ਕੋਈ ਨਹੀਂ ਕਿਸੇ ਦੀ ਦੂਜਾ ਸਾਰ।
ਕਾਮੇ ਕਿਰਤੀ ਦੀ ਹੁੰਦੀ ਲੁੱਟ ਵੇਖ ਕੇ, ਰੋਦੀਂ ਦੁੱਖੀ ਹੋਈ ਲੋਕਾਈ ਭੁੱਬਾਂ ਮਾਰ।
ਅੱਖਾਂ ਸਾਹਵੇਂ ਕੋਹਰਾਮ ਵੇਖ ਮੱਚਦਾ, ਇਹ ਸਕੀ ਨਹੀਂ ਮੇਧਨੀ ਸਹਾਰ।
ਧਰਤੀ ਕੋਲ ਜਾ ਕੇ ਖੁਦ ਭਗਵਾਨ ਦੇ, ਦੋਵੇਂ ਹੱਥ ਜੋੜ ਕੀਤੀ ਇਉਂ ਪੁਕਾਰ।
ਉੱਥੇ ਬੰਦੇ ਨੂੰ ਹੈ ਬੰਦਾ ਖਾਈ ਜਾਂਵਦਾ, ਛੋਟੇ ਵੱਡੇ ਦਾ ਨਹੀਂ ਰਿਹਾ ਸਤਿਕਾਰ।
ਮੇਰੀ ਤੋਬਾ ਮੈਂ ਨ੍ਹੀ ਹੋਰ ਝੱਲ ਸੱਕਦੀ, ਬੇਗੁਨਾਹਾਂ ਨਾਲ ਹੁੰਦਾ ਇਹ ਵਿਹਾਰ।
ਜਾਂ ਕਰੋ ਕੋਈ ਇਹਦਾ ਹੱਲ ਪਾਤਸ਼ਾਹ, ਜਾਂ ਮੇਰਾ ਹੀ ਕਰ ਦਿਉ ਸੰਘਾਰ।
ਗੱਲ ਸੁਣ ਕੇ ਧਰਮਰਾਜ ਧਰਤ ਦੀ, ਕਹਿੰਦੇ ਮਨ ਵਿਚ ਕਰ ਇਹ ਵਿਚਾਰ।
ਤੇਰੀ ਖਾਤਰ ਮੈਂ ਛੇਤੀ ਭੇਜ ਰਿਹਾ ਹਾਂ, ਜਿਹੜਾ ਤੇਰਾ ਆ ਵੰਡਾਊ ਬੀਬਾ ਭਾਰ।
ਬਾਂਹ ਫੜੂ ਉਹ ਗਰੀਬ ਮਜਲੂਮ ਦੀ, ਬੇੜੇ ਪਾਪੀਆਂ ਦੇ ਦੇਵੇ ਗਾ ਜੋ ਤਾਰ।
ਰਾਏ ਭੋਏ ਦੀ ਹੈ ਵਿਚ ਤਲਵੰਡੀ ਦੇ, ਮਹਿਤੇ ਕਾਲੂ ਜੀ ਦਾ ਵਸੇ ਪ੍ਰਵਾਰ।
ਜੀਹਨੇ ਮੱਦਦ ਹੈ ਤੇਰੀ ਕਰਨੀ ਆਣ ਕੇ, ਘਰ ਉਨ੍ਹਾਂ ਦੇ ਲਵੇਗਾ ਅਵਤਾਰ।
ਵਹਿਮਾਂ ਭਰਮਾਂ ਚੋੰ ਦੁਨੀਆਂ ਨੂੰ ਕੱਢ ਕੇ, ਉਹ ਸੱਚ ਦਾ ਕਰੂਗਾ ਪ੍ਰਚਾਰ ।
ਉਹਦੇ ਸੱਚ ਅੱਗੇ ਸਿੱਧੂ ਵੇਖ ਲਈਂ, ਪਾ ਕੇ ਨੀਵੀਆਂ ਖੜੂਗੀ ਸਰਕਾਰ।
ਉਹਨੇ ਡਰਨਾ ਨਾਂ ਡਰਾਉਣਾ ਹੈ, ਦੁਖੀਏ ਨੂੰ ਛਾਤੀ ਲਾਊਣਾ ਹੈ,
ਉਹਨੇ ਰੱਬ ਨਾਮ ਜਪਾਉਣਾ, ਹੈ ਕਹਿ ਦਿਉ ਵਾਹਿਗੁਰੂ।