ਬਾਬਾ ਨਾਨਕ (ਕਵਿਤਾ)

ਸੀ. ਮਾਰਕੰਡਾ   

Email: markandatapa@gmail.com
Cell: +91 94172 72161
Address:
Tapa Mandi Sangroor India
ਸੀ. ਮਾਰਕੰਡਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਾਬਾ ਨਾਨਕ!
ਤੇਰੇ ਅੱਜ ਪੁਰਬ ਦੇ ਉਤੇ
ਅੱਜ ਦੀ ਕਵਿਤਾ
ਨਾਂਅ ਤੇਰੇ ਨੂੰ ਭੇਟ ਕਰ ਰਿਹਾਂ
ਇਕ ਸ਼ਾਇਰ ਦੀਆਂ
ਇਕ ਸ਼ਾਇਰ ਨੂੰ
ਇਹ ਕੁਝ ਸਤਰਾਂ ਹੈਣ ਮੁਖ਼ਤਬ।

ਬਾਬਾ ਨਾਨਕ!
ਤੂੰ ਸ਼ਾਇਰ ਸੈਂ ਕਲਯੁਗ ਦਾ ਹੀ
ਮੈਂ ਵੀ ਤਾਂ ਕਲਾਯੁਗੀ ਜੀਵ ਹਾਂ
ਜੀਵ ਨਹੀਂ ਸੱਚ ਕਵਿਤਾ ਕਰਨਾ
ਤੇ ਵਾਕਿਫ਼ ਕਵਿਤਾ ਤੇਰੀ ਤੋਂ
ਪਰ ਬਾਬਾ ਮੈਂ ਤੇਰੇ ਰਾਹ ਨੂੰ ਸਹੀ ਕਿੰਝ ਆਖਾਂ
ਪਰ ਫਿਰ ਵੀ ਮੈਂ ਅੱਜ ਦੀ ਕਵਿਤਾ
ਨਾਂਅ ਤੇਰੇ ਨੂੰ ਅਰਪਨ ਕਰਨਾ।

ਬਾਬਾ ਜੀ ਅੱਜ ਫੋਰ ਅਮਾਵਸ
ਸੱਚ ਚੰਦਰਮਾਂ ਲੁਪਤ ਹੋ ਗਿਆ
ਤੇ ਨਾਂਅ ਤੇਰਾ ਭਾਗੋ ਦੇ ਕੋਲ
ਹੋ ਗਿਆ ਗਿਰਵੀ
ਏਸ ਲਈ ਮੈਂ ਤੇਰੇ ਰਾਹ ਨੂੰ  ਸਹੀ ਕਿੰਝ ਆਖਾਂ
ਪਰ ਫਿਰ ਵੀ ਮੈਂ ਅੱਜ ਦੀ ਕਵਿਤਾ
ਨਾਂਅ ਤੇਰੇ ਨੂੰ ਅਰਪਨ ਕਰਨਾ।

ਬਾਬਾ ਜੀ! ਇਕ ਭਾਗੋਂ ਨੇ
ਜਿਸ ਦਾ ਜ਼ਰ-ਖ਼ਰੀਦ ਤੂੰ ਜਾਪੇਂ
ਆਪਣੀ ਬਣੀ ਮਿੱਲ ਦੇ ਉੱਤੇ
ਨਾਂਅ ਤੇਰਾ ਖ਼ੁਦਵਾ ਰੱਖਿਆ ਹੈ
ਤੇ ਲਾਲੋ ਦੇ ਲਹੂ ਸੰਗ
ਰੰਗਵਾ ਰੱਖਿਆ ਹੈ।
ਜਕਦ ਲਾਲੋਂ ਨੇ ਕੰਮ ਆਪਣੇ ਦਾ
ਮੰਗਿਆ ਇਵਜ਼ਾਨਾ
ਤਾਂ ਭਾਗੋ ਦੀਆਂ ਭਵਾਂ ਤੁਣਗੀਆਂ।
ਤੇਰੇ ਇਸ ਚਿਤਰ ਕੇ ਥੱਲੇ
ਹੋਏ ਇਕੱਤਰ ਆਖਣ ਲਾਲੋ:
‘‘ ਹੱਕ ਪਰਾਇਆ ਨਾਨਕਾ
ਉਸ ਸੂਅਰ ਉਸ ਗਾਇ ।’’
ਦਸ ਹੁਣ ਬਾਬਾ ਅੱਜ ਦਾ
ਲਾਲੋਂ ਕਿੱਧਰ ਜਾਇ।
ਝੱਅ  ਬਾਬਰ ਫਿਰ
ਮਲਿਕ ਭਾਗੋ ਫਿਰ ਕੂੜ ਦੀਆਂ ਫੌਜਾਂ ਸੰਗ
 ਆਣ ਖਲੋਇਆ।

ਮੈਂ ਵੀ ਜਾਣਾ, ਤੂੰ ਵੀ ਜਾਣੇਂ
ਫਿਰ ਲਾਲੋ ਦਾ ਹਸ਼ਰ ਕੀ ਹੋਇਆ।

ਬਾਬਾ ਨਾਨਕ!
ਰਈਅਤ ਅੱਜ ਕੁਰਲਾ ਉੱਠੀ ਹੈ
ਏਤੀ ਮਾਰ ਵਗੀ ਸਕਤੇ ਦੀ
ਕਿ ਜੀਣਾ ਹੈ ਦੁੱਭਰ ਹੋਇਆ
ਮੈਂ ਸ਼ਾਇਦ ਜਦ
‘‘ਮਾਸਪੁਰੀ’’ ਵਿਚ ਬੈਠਾ ਹੋਇਆ
ਰਚਾਂ ‘‘ਖ਼ੂਨ ਦਾ ਸੋਹਿਲਾ’’
ਤਾਂ ਡਰ ‘‘ਸ਼ੀਹ’’ ਦਾ ਖਾਵੇ
ਪਰ ਮੈਨੂੰ ਧਰਵਾਸ ਨਾ ਆਵੇ
ਇਹ ਕੀਕਣ ਕਿ:
‘‘ਆਪੇ ਕਰੇ ਕਰਾਏ ਕਰਤਾ’’
ਸੋਚ ਮੇਰੀ ਭੁਚਲਾਵੇ
ਜਦ ਬਾਬਾ ਹਾਂ ਰੋਟੀਓਂ ਆਤਰ
ਦਸ ਭਲਾ ਫਿਰ ਸਬਰ ਕਰਾਂ ਕਿੰਜ?

ਬਾਬਾ ਨਾਨਕ! ਅੱਜ ਦਾ ‘‘ਸੱਜਣ’’
ਜਿਸ ਦਾ ਮਿਹਦਾ ਆਫਰੀਨ ਹੈ
ਸੀਮੈਂਟ, ਇੱਟਾਂ, ਪੱਥਰ, ਲੋਹਾ
ਇਕੋ ਸਾਹੇ ਹਜ਼ਮ ਕਰ ਲਏ
ਤੇ ਬੱਗੇ ਕਪੜੇ ਵਿਚ ਛੁਪਿਆ
ਇਕ ਕੁਸੱਜਣ ਜਾਪੇ ‘‘ ਸੱਜਣ’’।

ਬਾਬਾ ਨਾਨਕ!
ਇਥੋਂ ਦਾ ਹਰ ਸ਼ਹਿਰ 
ਏਮਨਾਬਾਦ ਬਣ ਗਿਆ
ਹਰ ਜੰਗਲ ਅਬਦਾਲ ਹਸਨ ਦਾ
‘‘ਮਰਦਾਨਾ’’ ਤਾਂ ਪਾਣੀ ਬਾਝੋਂ ਵਿਲਕ ਰਿਹਾ ਹੈ
‘‘ਕੰਧਾਰੀ’’ ਤੋਂ ਤਿੱਪ ਨਾ ਸਰਦੀ
ਕੀ ਏਦਾਂ ‘‘ਓਸੇ’’ ਦੀ ਮਰਜ਼ੀ?

ਬਾਬਾ ਨਾਨਕ!
ਮੈਂ ਨਿਤ ਸੁਣਦਾ
ਕਾਗੋਂ ਹੰਸ ਬਣਾ ਸਕਦਾ ਸੈਂ
ਬਾਲ ਕੁਕੜੀਆਂ ਤੋਂ ਅੰਬ ਬਣਦੇ
ਕੌੜੇ ਰੀਠੇ ਹੁੰਦੇ ਮਿੱਠੇ
ਫ਼ੰਡਰ ਮੱਝਾਂ ਭਰ ਦੇਣ ਗੜਵੇ
ਰੋਕ ਪਹਾੜੀਂ ਲਾ ਸਕਦਾ ਸੈਂ
ਹੱਥੀਂ ਸਰ੍ਹੋਂ ਜਮਾਂ ਸਕਦਾ ਸੈਂ
ਕਈ ਆਖਣ ਤੂੰ ਕਰਾਂਤੀਕਾਰੀ
ਕਰਾਂਤੀ ਕੀ? ਤੇ ਕਰਾਮਾਤ ਕੀ?
ਖ਼ੈਰ ਕਿਸੇ ਨੂੰ ਇਤਰਾਜ਼ ਕੀ?

ਬਾਬਾ ਨਾਨਕ!
ਜਦ ਮੈਂ ਤੇਰੀ ਕਵਿਤਾ ਪੜ੍ਹਨਾ
ਭਰਮਾ, ਵਹਿਮਾਂ, ਅੰਧ ਵਿਸ਼ਵਾਸਾਂ
ਦੀ ਜਿਲ੍ਹਣ ’ਚੋਂ ਮੁਕਤ ਹੋ ਜਾਨਾ
ਪਰ ਬਾਬਾ ਜਦ ਤੇਰੇ ਬਾਰੇ
ਤੇਰੇ ਤਾਜ਼ਰ ਪਾਸੋਂ 
ਤੇਰੀ ‘ਸ਼ੋਭਾ’ ਸੁਣਨਾ
ਤਾਂ ਵਹਿਮਾਂ ਸੰਗ ਕਿਉਂ ਭਰ ਜਾਨਾਂ?

ਬਾਬਾ ਨਾਨਕ!
ਕਲਮ ਮੇਰੀ ਦੀ ਜੀਭਾ ਉਤੇ
ਗੀਤ ਕਦੀ ਜਦ ਤੇਰਾ ਆਵੇ
ਤਾਂ ਭਾਗੋਂ ਦਾ ਮਨ ਘਬਰਾਵੇ
ਝੱਟ ਮੇਰੇ ਨਾਂਅ ਸੰਗ
ਕਾਫ਼ਰ ਜੁੜ ਜਾਵੇ
ਕੀ ਤੈਨੂੰ ਵੀ ਤਰਸ ਨਾ ਆਵੇ ?

ਬਾਬਾ ਨਾਨਕ?
ਤੇਰੇ ਅੱਜ ਪੁਰਬ ਦੇ ਉੱਤੇ
ਅੱਜ ਦੀ ਕਵਿਤਾ ਭੇਟ ਕਰ ਰਿਹਾਂ
ਇਕ ਸ਼ਾਇਰ ਦੀਆਂ
ਇਕ ਸ਼ਾਇਰ ਨੂੰ
ਇਹ ਕੁਝ ਸਤਰਾਂ ਹੈਨ ਮੁਖ਼ਾਤਬ।