ਪਿਤਾ ਜੀ ਸਕੂਲ ਮੈਨੂੰ ਜਦੋਂ ਛੱਡ ਆਉਂਦੇ ਸੀ।
ਚੂਰੀ ਵਾਲਾ ਟਿਫ਼ਨ ਵੀ ਹੱਥ ’ਚ ਫੜਾਉਂਦੇ ਸੀ।
ਨਿੱਕਾ ਹੁੰਦਾ ਬੜੀਆਂ ਸ਼ਰਾਰਤਾਂ ਸੀ ਕਰਦਾ ।
ਛੱਡ ਕੇ ਸਕੂਲ ਮੁੜ ਘਿੜ ਘਰੇ ਵੜਦਾ।
ਉਦੋਂ ਫਿਰ ਡਾਂਟ ਕੇ ਚਪੇੜ ਇੱਕ ਲਾਉਂਦੇ ਸੀ,
ਪਿਤਾ ਜੀ.....।
ਛੱਪੜਾਂ ਦੇ ਕੰਢੇ ਬੈਠ ਫੱਟੀਆਂ ਸੀ ਪੋਚਦੇ।
ਸੁੰਦਰ ਲਿਖਾਈ ਫਿਰ ਲਿਖਣ ਲਈ ਸੋਚਦੇ।
ਫੱਟੀਆਂ ’ਤੇ ਲਿਖ ਕੇ ਪਹਾੜੇ ਅਸੀਂ ਗਾਉਂਦੇ ਸੀ,
ਪਿਤਾ ਜੀ.....।
ਪੱਥਰ ਦੀ ਕਿਸੇ ਕੋਲ, ਲੋਹੇ ਦੀ ਸਲੇਟ ਸੀ।
ਤੱਪੜਾਂ ਦੀ ਥਾਂ ਹੁੰਦੀ ਬੋਰੀ ਸਾਡੇ ਹੇਠ ਸੀ।
ਬੋਰੀਆਂ ਵੀ ਚੁੱਕ ਅਸੀਂ ਘਰਾਂ ਤੋਂ ਲਿਆਉਂਦੇ ਸੀ,
ਪਿਤਾ ਜੀ.....।
ਕੱਛਿਆਂ-ਪਜਾਮਿਆਂ ’ਚ ਪਹੁੰਚਦੇ ਸਕੂਲ ਸੀ।
ਲੱਤਾਂ ਉੱਤੇ ਜੰਮੀ ਰਹਿੰਦੀ ਸਾਡੇ ਮਿੱਟੀ ਧੂਲ ਸੀ।
ਐਤਵਾਰ ਵਾਲੇ ਦਿਨ ਮਲ-ਮਲ ਨਹਾਉਂਦੇ ਸੀ,
ਪਿਤਾ ਜੀ....।
ਬੋਹੜ ਦੀਆਂ ਦਾੜ੍ਹੀਆਂ ਨੂੰ ਫੜ੍ਹ ਉੱਤੇ ਚੜ੍ਹਦੇ।
ਅੱਧੀ ਛੁੱਟੀ ਵੇਲੇ ਅਸੀਂ ਮਨ ਆਈਆਂ ਕਰਦੇ।
ਮਾਸਟਰ ਜੀ ਫੜ੍ਹ ਸਾਨੂੰ ਮੁਰਗਾ ਬਣਾਉਂਦੇ ਸੀ,
ਪਿਤਾ ਜੀ.....।
ਲੜਦੇ ਸਲੇਟਾਂ ਅਤੇ ਫੱਟੀਆਂ ਦੇ ਨਾਲ ਸੀ।
ਉੱਚੀ-ਉੱਚੀ ਬੋਲ ਅਸੀਂ ਕੱਢ ਦਿੰਦੇ ਗਾਲ੍ਹ ਸੀ।
ਨੱਕ ਅਤੇ ਮੂੰਹ ਅਸੀਂ ਭੰਨਦੇ-ਭਨਾਉਂਦੇ ਸੀ,
ਪਿਤਾ ਜੀ.....।
ਉਹ ਤਾਂ ਜ਼ਮਾਨਾ ਯਾਰੋ ਬਹੁਤ ਪਿੱਛੇ ਹੋ ਗਿਆ।
ਹੁਣ ਤਾਂ ਸਕੂਲਾਂ ਵਾਲਾ ਰੂਪ ਹੋਰ ਹੋ ਗਿਆ।
ਅਸੀਂ ਤਾਂ ਬਹੋਨੇ ਪਿੰਡ ਪੜ੍ਹਦੇ ਪੜ੍ਹਾਉਂਦੇ ਸੀ।
ਪਿਤਾ ਜੀ.....।