ਜ਼ਾਲਿਮਾਂ ਦੇ ਜੁਲਮਾਂ ਤੋਂ ਡਾਹਢੇ ਘਬਰਾਏ ਹਾਂ।
ਬਣ ਕੇ ਸਵਾਲੀ ਦਾਤਾ ਦਰ ਤੇਰੇ ਆਏ ਹਾਂ।
ਹਾਕਮ ਨੇ ਮਤਾ ਹੁਣ ਨਵਾਂ ਇਹ ਪਕਾਇਆ ਏ।
‘ਸਵਾ ਮਣ ਜੰਝੂ ਲਾਹੁਣੇ’ ਹੁਕਮ ਸੁਣਾਇਆ ਏ।
ਗਲ਼ ਵਿੱਚ ਪੱਲਾ, ਹੰਝੂ ਨੈਣਾਂ ‘ਚ ਲੁਕਾਏ ਹਾਂ
ਬਣ…
ਡਰਨਾ ਡਰਾਉਣਾ ਦਾਤਾ ਤੇਰੇ ਹਿੱਸੇ ਆਇਆ ਨਹੀਂ।
ਸੱਚੋ ਸੱਚ ਕਹਿਣੋਂ ਇੱਕ ਤੂੰਹੀਉਂ ਘਬਰਾਇਆ ਨਹੀਂ।
ਮਿਲੇ ਨਾਹੀਂ ਢੋਈ, ਬੜੇ ਦੇਵਤੇ ਧਿਆਏ ਹਾਂ
ਬਣ…
ਨਾਨਕ ਦਾ ਦਰ ਕਦੇ ਖਾਲੀ ਨਹੀਉਂ ਮੋੜਦਾ।
ਬਣ ਕੇ ਨਿਮਾਣਾ ਆਏ ਜਿਹੜਾ ਹੱਥ ਜੋੜਦਾ।
ਅਸੀਂ ਫਰਿਆਦੀ ਫਰਿਆਦ ਲਿਆਏ ਹਾਂ
ਬਣ…
ਸੁਣ ਕੇ ਪੁਕਾਰ ਗੁਰੂ ਸੋਚਾਂ ਵਿੱਚ ਪੈ ਗਏ।
ਪੁੱਤਰ ਦੇ ਬੋਲ ਪਰ ਸੀਨੇ ਵਿੱਚ ਲਹਿ ਗਏ।
‘ਆਖੋ ਜਾ ਕੇ ਚੇਲੇ ਨੌਵੇਂ ਗੁਰਾਂ ਦੇ ਕਹਾਏ ਹਾਂ’
ਬਣ…
‘ਦੀਸ਼’ ਇਤਿਹਾਸ ਵਿੱਚ ਪਹਿਲਾ ਇਕਰਾਰ ਸੀ।
ਦੂਜਿਆਂ ਦੇ ਲਈ ਕਿਸੇ ਸੀਸ ਦੇਣਾ ਵਾਰ ਸੀ।
ਸਮਰੱਥ ਗੁਰੂ ਅੱਗੇ ਰੋਏ ਕੁਰਲਾਏ ਹਾਂ
ਬਣ…