ਸਾਡਾ ਵਿਰਸਾ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਓਦੋਂ ਕੰਧ ਉੱਤੋਂ ਦੀ ਕੌਲੀ ਦਾਲ ਦੀ ਲੈ ਲੈਂਦੇ ਸੀ ਜੀ। 
ਆਪਣੇ ਦੁੱਖ ਸੁੱਖ ਓਦੋਂ ਸੱਭ ਨੂੰ ਕਹਿ ਲੈਂਦੇ ਸੀ ਜੀ।। 
ਹੁਣ ਤਾਂ ਅਪਣਿਆਂ ਨੇ ਅਪਣਿਆਂ ਤੋਂ ਮੂੰਹ ਭਵਾਇਆ ਹੈ। 
ਦੱਦਾਹੂਰੀਏ ਸ਼ਰਮੇ ਨੇ ਸੱਭ ਸੱਚ ਸੁਣਾਇਆ ਹੈ ।। 

1 ਵਿੜੀ ਸਿੜੀ ਨਾਲ ਕਰ ਲੈਂਦੇ ਸਾਂ ਖੇਤੀਬਾੜੀ ਨੂੰ.।
ਰਲ ਮਿਲ ਕੇ ਸਭ ਵੱਢ ਲੈਂਦੇ ਸੀ ਸੌਣੀ ਹਾੜੀ ਨੂੰ।।
ਲੈਣ ਦੇਣ ਦੇ ਪਿੱਛੇ ਕਿਸੇ ਨਾ ਰੌਲਾ ਪਾਇਆ ਹੈ - -
ਦੱਦਾਹੂਰੀਏ ਸ਼ਰਮੇ ਨੇ ਸੱਭ ਸੱਚ ਸੁਣਾਇਆ ਹੈ--

2 ਰੋਟੀ ਟੁੱਕ ਕਰ ਗੋਹਾ ਕੂੜਾ ਔਰਤਾਂ ਕਰਦੀਆਂ ਸੀ
ਬਾਹਰਲੇ ਖੂਹ ਦੇ ਉੱਤੋਂ ਜਾ ਕੇ ਪਾਣੀ ਭਰਦੀਆਂ ਸੀ।।
ਭੱਤਾ ਦੇਣ ਤੋਂ ਪਿੱਛੋਂ ਘਰ ਆ ਚਰਖਾ ਡਾਹਿਆ ਹੈ - -
ਦੱਦਾਹੂਰੀਏ ਸ਼ਰਮੇ ਨੇ ਸੱਭ ਸੱਚ ਸੁਣਾਇਆ ਹੈ - -

3 ਜਦੋਂ ਵੀ ਜਾਂਦਾ ਸ਼ਹਿਰ ਨੂੰ ਬਾਪੂ ਸਾਈਕਲ ਤੇ ਜਾਂਦਾ
ਸਾਈਕਲ ਤੇ ਹੀ ਘਰ ਦਾ ਸੌਦਾ ਪੱਤਾ ਸੀ ਲਿਆਂਦਾ।।
ਚੀਜੀ ਵਾਲਾ ਝੋਲਾ ਹੈਂਡਲ ਨਾਲ ਲਟਕਾਇਆ ਹੈ - -
ਦੱਦਾਹੂਰੀਏ ਸ਼ਰਮੇ ਨੇ ਸੱਭ ਸੱਚ ਸੁਣਾਇਆ ਹੈ - -

4 ਆਂਢ ਗਵਾਂਢ ਦਾ ਆਪਣਿਆਂ ਤੋਂ ਵੱਧ ਸਹਾਰਾ ਸੀ
ਉਦੋਂ ਇੱਕ ਪਰਿਵਾਰ ਦੇ ਵਾਂਗੂੰ ਲੱਗਦਾ ਪਿੰਡ ਹੀ ਸਾਰਾ ਸੀ।।
ਹਬੀ ਨਬੀ ਸਾਰੀ ਝੱਲ ਕੇ ਸਭ ਨੇ ਸਾਥ ਨਿਭਾਇਆ ਹੈ - -
ਦੱਦਾਹੂਰੀਏ ਸ਼ਰਮੇ ਨੇ ਸਭ ਸੱਚ ਸੁਣਾਇਆ ਹੈ - - -

5 ਕੋਈ ਲੜਨਾ ਨਹੀਂ ਸੀ ਜਾਣਦਾ ਸਮੇਂ ਬਹੁਤ ਹੀ ਚੰਗੇ ਸੀ। 
ਅੱਜਕਲ ਦੇ ਵਾਂਗੂੰ ਨਾ ਕਿਤੇ ਹੁੰਦੇ ਦੰਗੇ ਸੀ।।
ਅਜੋਕੇ ਦੌਰ ਦੇ ਵਾਂਗ ਨਾ ਮਾਇਆ ਨੂੰ ਜੱਫਾ ਪਾਇਆ ਹੈ---
ਦੱਦਾਹੂਰੀਏ ਸ਼ਰਮੇ ਨੇ ਸੱਭ ਸੱਚ ਸੁਣਾਇਆ ਹੈ - -

6 ਆਪਣਿਆਂ ਦੇ ਵਾਂਗ ਗਵਾਂਢੋਂ ਚੀਜ਼ ਕੋਈ ਫੜ ਲੈਣੀ। 
ਕੰਧੋਲੀ ਉਪਰੋਂ ਦਾਲ ਸਾਗ ਲਈ ਕੌਲੀ ਕਰ ਲੈਣੀ।।
ਕੋਈ ਨਾਂਹ ਨਹੀਂ ਸੀ ਕਰਦਾ ਕਿਸੇ ਨੇ ਨਾ ਠੁਕਰਾਇਆ ਹੈ- 
ਦੱਦਾਹੂਰੀਏ ਸ਼ਰਮੇ ਨੇ ਸੱਭ ਸੱਚ ਸੁਣਾਇਆ ਹੈ - -