ਮਾਤਾ ਗੁਜਰੀ ਜੀ ਦਾ ਨਾਂ ਸੰਸਾਰ ਭਰ ਵਿੱਚ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ ,ਜਿਹਨਾਂ ਨੇ ਆਪਣਾ ਪੂਰਾ ਪਰਿਵਾਰ ਸੱਚ ਅਤੇ ਧਰਮ ਤੋਂ ਕੁਰਬਾਨ ਕਰ ਦਿੱਤਾ । ਉਹ ਸਿਦਕ ,ਸੇਵਾ,ਸਹਿਜ ਅਤੇ ਸਹਿਣਸ਼ੀਲਤਾ ਦੀ ਮੂਰਤ ਸਨ। ਆਪ ਜੀ ਨੇ ਆਪਣੇ ਪਤੀ ਗੁਰੂ ਤੇਗ ਬਹਾਦਰ ਜੀ ਦੀ ਪੂਰੀ ਤਨ ਦੇਹੀ ਨਾਲ ਸੇਵਾ ਕੀਤੀ ਅਤੇ ਹਰ ਸਮੇਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ। 1675 ਈਸਵੀ ਵਿਚ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ, ਤਦ ਵੀ ਉਹ ਡੋਲੇ ਨਹੀਂ ਅਤੇ ਉਹ ਜਿੰਮੇਵਾਰੀ ਨਾਲ ਬਾਲ ਗੋਬਿੰਦ ਦੀ ਅਤੇ ਉਸ ਦੇ ਪਰਿਵਾਰ ਦੀ ਪਾਲਣਾ ਕਰਦੇ ਰਹੇ ਅਤੇ ਉਹਨਾਂ ਨੂੰ ਗੁਰਮਤਿ ਅਨੁਸਾਰ ਜੀਵਨ ਜਿਊਣ ਦੀ ਸਿੱਖਿਆ ਵੀ ਦਿੰਦੇ ਰਹੇ ।
ਪਿਤਾ ਦੀ ਸ਼ਹਾਦਤ ਉਪਰੰਤ ਗੋਬਿੰਦ ਰਾਇ ਗੁਰੂ ਬਣੇ ਅਤੇ ਉਹਨਾਂ ਨੇ ਸਮੇਂ ਨੂੰ ਵਿਚਾਰ ਕੇ ਖਾਲਸਾ ਪੰਥ ਸਾਜਿਆ, ਸਿੰਘ ਸਜਾਇਆ। ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਅਤੇ ਨਿਰਭੈ ਯੋਧੇ ਬਣਾਇਆ। ਪਹਾੜੀ ਰਾਜਿਆਂ ਨੇ ਵੱਖ ਵੱਖ ਸਮੇਂ ਕਈ ਵਾਰੀਂ ਗੁਰੂ ਜੀ ਤੇ ਹਮਲੇ ਕੀਤੇ ਪਰ ਹਮੇਸ਼ਾ ਹਾਰਦੇ ਰਹੇ । ਉਹਨਾਂ ਨੇ ਦਿੱਲੀ ਦੇ ਮੁਗਲ ਸ਼ਾਸ਼ਕ ਔਰੰਗਜੇਬ ਕੋਲ ਸ਼ਿਕਾਇਤਾਂ ਲਗਾ ਕੇ ਉਸਦੀ ਵੀ ਮੱਦਦ ਲੈ ਲਈ ਅਤੇ ਸਭ ਨੇ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਕਿਲ੍ਹੇ ਨੂੰ ਘੇਰਾ ਪਾ ਲਿਆ, ਜਿੱਥੇ ਗੁਰੂ ਸਾਹਿਬ ,ਉਹਨਾਂ ਦਾ ਪਰਿਵਾਰ ਅਤੇ ਕੁਝ ਸਿੰਘ ਰਹਿ ਰਹੇ ਸਨ। ਅੱਠ ਮਹੀਨੇ ਇਹ ਘੇਰਾਬੰਦੀ ਰਹੀ , ਜੰਗ ਵੀ ਹੁੰਦਾ ਰਿਹਾ, ਦੁਸ਼ਮਣ ਨੇ ਬਾਹਰੋਂ ਰਸਦ ਆਦਿ ਅੰਦਰ ਜਾਣੋ ਰੋਕ ਦਿੱਤੀ। ਫੇਰ ਮੁਗਲਾਂ ਨੇ ਕੁਰਾਨ ਦੀ ਅਤੇ ਪਹਾੜੀ ਰਾਜਿਆਂ ਨੇ ਆਟੇ ਦੀ ਗਊ ਲਿਆ ਕੇ ਉਸਦੀਆਂ ਝੂਠੀਆਂ ਕਸਮਾਂ ਖਾ ਕੇ ਕਿਹਾ ਕਿ ਜੇ ਗੁਰੂ ਜੀ ਕਿਲਾ ਖਾਲੀ ਕਰ ਜਾਣ, ਉਹ ਕੁਝ ਨਹੀਂ ਕਹਿਣਗੇ। ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਕਿਲਾ ਖਾਲੀ ਕਰ ਦਿੱਤਾ। ਪਰ ਦੁਸ਼ਮਣ ਨੇ ਫੇਰ ਵਾਅਦਾ ਤੋੜ ਕੇ ਪਿਛੇ ਤੋਂ ਹਮਲਾ ਕਰ ਦਿੱਤਾ। ਇਹ ਘਟਨਾ 6 ਪੋਹ ਦੀ ਹੈ । ਗੁਰੂ ਗੋਬਿੰਦ ਸਿੰਘ ਜੀ ਦੀਆਂ ਤਿੰਨ ਪਤਨੀਆਂ ਸਨ, ਮਾਤਾ ਜੀਤੋ ਜੀਂ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀਂ। ਗੁਰੂ ਜੀ ਦੇ ਚਾਰ ਪੁੱਤਰ ਸਨ ਜਿਹਨਾਂ ਨੂੰ ਸਤਿਕਾਰ ਨਾਲ ਚਾਰ ਸਾਹਿਬਜ਼ਾਦੇ ਆਖਿਆ ਜਾਂਦਾ ਹੈ। ਇਹਨਾਂ ਵਿਚੋਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਮਾਤਾ, ਮਾਤਾ ਜੀਤੋ ਜੀਂ ਸਨ, ਜਦਕਿ ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਤਿੰਨੋਂ ਮਾਤਾ ਸੁੰਦਰੀ ਜੀ ਦੀ ਕੁੱਖੋਂ ਜਨਮੇ ਸਨ। ਮਾਤਾ ਜੀਤੋ ਜੀ ਇਸ ਸਮੇਂ ਤੱਕ ਸਵਰਗਵਾਸ ਹੋ ਚੁੱਕੇ ਸਨ। ਸਰਸਾ ਨਦੀ ਤੱਕ ਲੜਦੇ ਲੜਦੇ ਪੁੱਜੇ ਕਿ ਇੱਥੇ ਆ ਕੇ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵਿੱਛੜ ਗਿਆ। ਇੱਕ ਹਿੱਸਾ ਗੁਰੂ ਜੀ ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘਾਂ ਦਾ ਸੀ,ਜੋ ਚਮਕੌਰ ਸਾਹਿਬ ਵੱਲ ਨਿਕਲ ਗਏ। ਜਿੱਥੇ ਬਾਅਦ ਵਿੱਚ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੰਗ ਦੇ ਮੈਦਾਨ ਵਿੱਚ ਜੂਝਦੇ ਹੋਏ ਸ਼ਹੀਦੀ ਪਾ ਗਏ। ਦੂਜੇ ਹਿੱਸੇ ਵਿੱਚ ਗੁਰੂ ਜੀ ਦੀਆਂ ਪਤਨੀਆਂ ਮਾਤਾ ਸੁੰਦਰ ਕੌਰ ਜੀਂ ਅਤੇ ਮਾਤਾ ਸਾਹਿਬ ਕੌਰ ਜੀ ਸਮੇਤ ਕੁਝ ਸਿੰਘਾਂ ਦੇ ਦਿੱਲੀ ਵੱਲ ਨੂੰ ਨਿਕਲ ਗਏ। ਅਤੇ ਤੀਸਰੇ ਹਿੱਸੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਸਨ, ਜਿਹਨਾਂ ਦੀ ਗਾਥਾ ਆਪਾਂ ਅੱਜ ਵਿਸਥਾਰ ਵਿੱਚ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ।
ਸਰਸਾ ਦੇ ਤੇਜ਼ ਪਾਣੀਆਂ ਨੂੰ ਪਾਰ ਕਰਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਨੂੰ ਚੱਲ ਪਏ। ਪੋਹ ਦਾ ਮਹੀਨਾ, ਹੱਡ ਚੀਰਵੀਂ ਠੰਢ, ਪਿੱਛੋਂ ਦੁਸ਼ਮਣ ਦਾ ਖਤਰਾ, ਮਾਤਾ ਜੀ 81 ਸਾਲ ਦੇ ਸਨ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਲੱਗਭੱਗ 9 ਸਾਲ ਅਤੇ ਸਾਹਿਬਜ਼ਾਦਾ ਫਤਹਿ ਸਿੰਘ 7 ਸਾਲ ਦੇ ਸਨ। ਅੱਗੋਂ ਨ੍ਹੇਰੀ ਰਾਤ ਆ ਰਹੀ ਸੀ। ਪਿੰਡ ਚੱਕ ਢੇਰਾਂ ਦੇ ਕੁੰਮਾ ਮਾਸ਼ਕੀ ਨੇ ਇਨਸਾਨੀਅਤ ਦੇ ਨਾਤੇ ਮਾਤਾ ਜੀ ਨੂੰ ਬੱਚਿਆਂ ਸਮੇਤ ਆਪਣੀ ਕਾਨਿਆਂ ਦੀ ਛੰਨ ਵਿੱਚ ਇੱਕ ਰਾਤ ਲਈ ਰੱਖਿਆ ਅਤੇ ਸੇਵਾ ਕੀਤੀ। ਅਗਲੀ ਸਵੇਰ ਜਦੋ ਉਥੋਂ ਤੁਰੇ ਤਾਂ ਉਹਨਾਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ ਜਿਹੜਾ ਪਹਿਲਾਂ ਅਨੰਦਪੁਰ ਸਾਹਿਬ ਵਿੱਚ ਉਹਨਾਂ ਦਾ ਰਸੋਈਆ ਰਹਿ ਚੁੱਕਾ ਸੀ। ਗੰਗੂ ਨੇ ਬੇਨਤੀ ਕੀਤੀ ਤੇ ਮਾਤਾ ਜੀ ਅਤੇ ਬੱਚਿਆਂ ਨੂੰ ਪਿੰਡ ਸਹੇੜੀ ਜਿਲਾ ਰੋਪੜ , ਆਪਣੇ ਘਰ ਲੈ ਆਇਆ ।
ਉਧਰ ਦੁਸ਼ਮਣ ਗੁਰੂ ਸਾਹਿਬ ਨੂੰ ਲੱਭ ਰਿਹਾ ਸੀ ਅਤੇ ਉਸਨੇ ਮੁਨਾਦੀ ਕਰਵਾ ਦਿੱਤੀ ਸੀ ਕਿ ਗੁਰੂ ਜੀ ਜਾਂ ਉਹਨਾਂ ਦੇ ਪਰਿਵਾਰ ਨੂੰ ਪਨਾਹ ਦੇਣ ਵਾਲੇ ਨੂੰ ਸਖਤ ਸਜ਼ਾ ਦਿੱਤੀ ਜਾਏਗੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਏਗਾ। ਮਾਤਾ ਗੁਜਰੀ ਕੋਲ ਕੁਝ ਮੋਹਰਾਂ ਸਨ, ਇਤਿਹਾਸ ਵਿਚ ਜਿਕਰ ਹੈ ਕਿ ਗੰਗੂ ਨੇ ਉਹ ਮੋਹਰਾਂ ਦੀ ਥੇਲੀ ਚੁਰਾ ਲਈ ਅਤੇ ਮਾਤਾ ਜੀ ਦੇ ਪੁੱਛੇ ਜਾਣ ਤੇ ਸਾਫ਼ ਮੁੱਕਰ ਗਿਆ ਅਤੇ ਕਾਫੀ ਨਾਰਾਜ਼ ਵੀ ਹੋਇਆ। ਆਪਣੀ ਸ਼ਰਮਿੰਦਗੀ ਨੂੰ ਢੱਕਣ ਲਈ, ਮੁਗਲਾਂ ਤੋਂ ਆਪਣੀ ਜਾਨ ਬਚਾਉਣ ਲਈ ਅਤੇ ਹਾਕਮਾਂ ਤੋਂ ਹੋਰ ਇਨਾਮ ਪ੍ਰਾਪਤ ਕਰਨ ਦੇ ਲਾਲਚ ਵਿੱਚ ਗੰਗੂ ਨੇ ਮਾਤਾ ਜੀ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਮੋਰਿੰਡੇ ਥਾਣੇ ਤੋਂ ਆਏ ਸਿਪਾਹੀ ਉਹਨਾਂ ਨੂੰ ਫੜ ਕੇ ਲੈ ਗਏ। ਇੱਕ ਰਾਤ ਉੱਥੇ ਕੋਤਵਾਲੀ ਵਿੱਚ ਕੈਦ ਰੱਖਿਆ ਜਿੱਥੇ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਸੁਸ਼ੋਭਿਤ ਹੈ। ਅਤੇ ਦੂਸਰੇ ਦਿਨ ਸਰਹਿੰਦ ਲਿਆ ਕੇ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ।
ਸਰਹਿੰਦ ਉਸ ਸਮੇਂ ਸੂਬਾ ਸੀ। ਜਿਸ ਦਾ ਸੂਬੇਦਾਰ ਵਜ਼ੀਰ ਖਾਨ ਸੀ। ਬੱਚਿਆਂ ਨੂੰ ਸੂਬੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਉਹਨਾਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਗਏ ਅਤੇ ਉਹਨਾਂ ਨੂੰ ਆਪਣਾ ਸਿੱਖੀ ਧਰਮ ਛੱਡ ਕੇ ਮੁਸਲਮਾਨ ਬਣ ਜਾਣ ਲਈ ਆਖਿਆ ਗਿਆ। ਮਾਤਾ ਗੁਜਰੀ ਜੀ ਤੋਂ ਧਰਮ ਦੀ ਸਿੱਖਿਆ ਲੈ ਚੁੱਕੇ ਇਹਨਾਂ ਬੱਚਿਆਂ ਨੂੰ ਨਾ ਡਰਨ ਅਤੇ ਨਾ ਡਰਾਉਣ ਦੀ ਗੁੜ੍ਹਤੀ ਮਿਲੀ ਹੋਈ ਸੀ। ਇਸਲਈ ਉਹ ਬਿਲਕੁਲ ਨਹੀਂ ਡੋਲੇ ਅਤੇ ਪੁੱਛੇ ਗਏ ਹਰ ਪ੍ਰਸ਼ਨ ਦਾ ਨਿਡਰਤਾ ਨਾਲ ਜਵਾਬ ਦਿੰਦੇ ਰਹੇ। ਲਗਾਤਾਰ ਤਿੰਨ ਦਿਨ ਉਹਨਾਂ ਦੀ ਪੇਸ਼ੀ ਹੋਈ। ਇਹਨਾਂ ਦਿਨਾਂ ਵਿੱਚ ਮੋਤੀ ਰਾਮ ਮਹਿਰਾ ਲੁਕ ਛਿਪ ਕੇ ਬੱਚਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਕਰਦਾ ਰਿਹਾ। ਕਿਉਂਕਿ ਉਹਨਾਂ ਨੂੰ ਠੰਢੇ ਬੁਰਜ ਵਿਚ ਕਿਸੇ ਤਰਾਂ ਦੀ ਕੋਈ ਸਹੂਲਤ ਨਹੀਂ ਸੀ ਦਿੱਤੀ ਜਾਂਦੀ। ਇਸ ਦੌਰਾਨ ਉਹਨਾਂ ਨੂੰ ਡਰਾਇਆ ਧਮਕਾਇਆ ਵੀ ਗਿਆ। ਦੂਸਰੇ ਦਿਨ ਛੋਟੀ ਜਿਹੀ ਮੋਰੀ ਵਿਚੋਂ ਲੰਘਣ ਲਈ ਕਿਹਾ ਗਿਆ, ਖਿਆਲ ਸੀ ਕਿ ਜਦੋਂ ਉਹ ਸਿਰ ਝੁਕਾ ਕੇ ਲੰਘਣਗੇ, ਸਾਰੇ ਇਹ ਸ਼ੋਰ ਪਾ ਦੇਣਗੇ ਕਿ ਉਹ ਝੁਕ ਗਏ ਹਨ। ਪਰ ਤੇਜ ਦਿਮਾਗ ਬੱਚਿਆਂ ਨੂੰ ਜਿਵੇਂ ਸਕੀਮ ਦੀ ਸਮਝ ਆ ਗਈ ਹੋਵੇ, ਉਹਨਾਂ ਨੇ ਪੈਰ ਪਹਿਲਾਂ ਅੰਦਰ ਕੀਤੇ, ਪਿੱਛੋਂ ਸਿਰ ਅਤੇ ਜਾਂਦੇ ਹੀ ਬੋਲੇ ਸੋ ਨਿਹਾਲ ਦਾ ਜੈਕਾਰਾ ਗਜਾ ਦਿੱਤਾ। ਸੂਬਾ ਸਰਹਿੰਦ ਬਹੁਤ ਘਬਰਾ ਗਿਆ ਅਤੇ ਇੰਨੇ ਛੋਟੇ ਬੱਚਿਆਂ ਦੇ ਵੱਡੇ ਹੌਂਸਲੇ ਦੇਖ ਕੇ ਉਸਨੂੰ ਗੁੱਸਾ ਵੀ ਬਹੁਤ ਆਇਆ। ਉਹਨਾਂ ਤੇ ਕਈ ਕਿਸਮ ਦੇ ਤਸ਼ੱਦਦ ਵੀ ਕੀਤੇ ਗਏ ਪਰ ਉਹ ਦ੍ਰਿੜ੍ਹ ਰਹੇ।
ਅਖੀਰ ਤੇ ਸੂਬੇ ਨੇ ਕਾਜੀ ਨੂੰ ਇਸ਼ਾਰਾ ਕੀਤਾ ਅਤੇ ਕਾਜੀ ਨੇ ਬੱਚਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣੇ ਜਾਣ ਦਾ ਫਤਵਾ ਜਾਰੀ ਕਰ ਦਿੱਤਾ। ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂ ਮੁਹੰਮਦ ਨੇ ਸੂਬਾ ਸਰਹਿੰਦ ਅਤੇ ਕਾਜੀ ਨੂੰ ਕਿਹਾ ਵੀ ਕਿ ਇੰਨੇ ਛੋਟੇ ਬੱਚਿਆਂ ਤੇ ਜ਼ੁਲਮ ਕਰਨਾ ਇਸਲਾਮ ਅਨੁਸਾਰ ਠੀਕ ਨਹੀਂ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਲੜ ਸਕਦੇ ਹਨ ਪਰ ਇਹਨਾਂ ਛੋਟੇ ਬੱਚਿਆਂ ਨੇ ਉਹਨਾਂ ਦਾ ਕੀ ਵਿਗਾੜਿਆ ਏ। ਇਸ ਨਵਾਬ ਦਾ ਸਿੱਖ ਕੌਮ ਅੱਜ ਵੀ ਸਤਿਕਾਰ ਕਰਦੀ ਹੈ ਅਤੇ ਮਲੇਰਕੋਟਲਾ ਵਿੱਚ ਉਸਦੇ ਨਾਮ ਤੇ ਗੁਰਦੁਆਰਾ "ਹਾਅ ਦਾ ਨਾਅਰਾ ਸਾਹਿਬ " ਬਣਿਆ ਹੋਇਆ ਹੈ। ਕੋਲੋਂ ਹੀ ਸੁੱਚਾ ਨੰਦ ਨੇ ਕਿਹਾ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ ,ਇਸ ਲਈ ਕੋਈ ਲਿਹਾਜ਼ ਨਾ ਕੀਤੀ ਜਾਵੇ। ਸਿੱਖ ਇਸ ਸੁੱਚਾ ਨੰਦ ਨੂੰ ਝੂਠਾ ਨੰਦ ਆਖ ਕੇ ਅੱਜ ਵੀ ਲਾਹਨਤ ਪਾਉਂਦੇ ਹਨ। ਜਿਕਰ ਆਉਂਦਾ ਹੈ ਕਿ ਸਾਹਿਬਜਾਦਿਆਂ ਨੂੰ ਜਦੋਂ ਪੁੱਛਿਆ ਗਿਆ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ, ਸਾਹਿਬਜਾਦਿਆਂ ਨੇ ਜਵਾਬ ਦਿੱਤਾ ਕਿ ਅਸੀਂ ਸਿੰਘਾਂ ਨੂੰ ਇੱਕਠੇ ਕਰਾਂਗੇ ਅਤੇ ਤੁਹਾਡੇ ਨਾਲ ਜੰਗ ਛੇੜਾਂਗੇ। ਵਜ਼ੀਰ ਖਾਂ ਨੂੰ ਹੋਰ ਵਧੇਰੇ ਰੋਹ ਆ ਗਿਆ ਅਤੇ ਉਹ ਕਿਸੇ ਲਿਹਾਜ ਦੀ ਗੱਲ ਨਹੀਂ ਮੰਨਿਆ। ਸਾਹਿਬਜ਼ਾਦੇ ਹੁਣ ਵੀ ਉਸੇ ਜੋਸ਼ ਨਾਲ ਗੱਲਬਾਤ ਕਰ ਰਹੇ ਸਨ । 12 ਪੋਹ ਸੰਮਤ 1761 (26 ਦਸੰਬਰ 1704 ਈਸਵੀ ) ਨੂੰ ਬਾਬਾ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਸਾਰੀ ਜਨਤਾ ਦੀਆਂ ਅੱਖਾਂ ਵਿਚੋਂ ਨੀਰ ਵਹਿ ਰਿਹਾ ਸੀ, ਪਰ ਜਾਲਮ ਤੇ ਕੋਈ ਅਸਰ ਨਹੀ ਸੀ। ਅਖੀਰ ਤੇ ਜੱਲਾਦ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਸਾਹਿਬਜ਼ਾਦਿਆਂ ਨੇ ਆਪਣੀ ਸ਼ਹਾਦਤ ਨਾਲ ਸਿੱਖ ਕੌਮ ਦੀਆਂ ਨੀਹਾਂ ਵਿਚ ਆਪਣੀ ਰੱਤ ਪਾ ਕੁਐ ਇਸਨੂੰ ਹੋਰ ਮਜ਼ਬੂਤੀ ਬਖਸ਼ੀ। ਉਹਨਾਂ ਦੀ ਇਹ ਸ਼ਹਾਦਤ ਬਾਅਦ ਵਿੱਚ ਵੱਡੀ ਪ੍ਰੇਰਨਾ ਬਣੀ ਜਿਸ ਕਾਰਨ ਸਿੱਖ ਕੌਮ ਵਿੱਚ ਜ਼ੁਲਮ ਵਿਰੁੱਧ ਡਟ ਕੇ ਲੜਨ ਨਾਲ ਸ਼ਹੀਦੀਆਂ ਦੀ ਇੱਕ ਲੰਮੀ ਕਤਾਰ ਲੱਗ ਗਈ। ਜਿਸ ਥਾਂ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ, ਉੱਥੇ ਹੁਣ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਮੌਜੂਦ ਹੈ।ਅਤੇ ਸੰਗਤਾਂ ਅੱਜ ਵੀ ਉਸ ਕੰਧ ਨੂੰ ਸੀਸ ਨਿਵਾਉਂਦਿਆ ਰੋਂਦੀਆਂ ਦੇਖੀਆਂ ਹਨ। ਉਸਦੇ ਨਾਲ ਹੀ ਗੁਰਦੁਆਰਾ ਠੰਢਾ ਬੁਰਜ ਸ਼ੁਸ਼ੋਭਿਤ ਹੈ ਜਿੱਥੇ ਮਾਤਾ ਜੀ ਨੂੰ ਅਤੇ ਬੱਚਿਆਂ ਨੂੰ ਰੱਖਿਆ ਗਿਆ ਸੀ।
ਮਾਤਾ ਗੁਜਰੀ ਜੀ ਬਾਰੇ ਆਖਿਆ ਜਾਂਦਾ ਹੈ ਕਿ ਉਹ ਬੱਚਿਆਂ ਦਾ ਵਿਛੋੜਾ ਨਾ ਸਹਿ ਸਕੇ ਅਤੇ ਉਹਨਾਂ ਨੇ , ਇੱਕ ਧਾਰਨਾ ਅਨੁਸਾਰ ਠੰਢੇ ਬੁਰਜ ਤੋਂ ਛਾਲ ਮਾਰ ਕੇ ,ਆਪਣੇ ਪ੍ਰਾਣ ਤਿਆਗ ਦਿੱਤੇ। ਪਰ ਗੁਰਮਤਿ ਦੀ ਕਸਵੱਟੀ ਤੇ ਪਰਖਿਆਂ ਇਹ ਗੱਲ ਠੀਕ ਨਹੀਂ ਜਾਪਦੀ। ਜਿਹੜੀ ਮਾਤਾ ਗੁਜਰੀ ਆਪਣੇ ਪਤੀ ਦੀ ਸ਼ਹਾਦਤ ਤੋਂ ਰਤਾ ਨਹੀਂ ਥਿੜਕੀ। ਜਿਸ ਨੇ ਗੁਰਬਾਣੀ ਅਤੇ ਇਤਿਹਾਸ ਸੁਣਾ ਕੇ ਆਪਣੇ ਪੋਤਿਆਂ ਨੂੰ ਸੱਚ ਤੇ ਦ੍ਰਿੜ੍ਹ ਰਹਿਣ ਦੀ ਅਤੇ ਕਦੇ ਵੀ ਨਾ ਝੁਕਣ ਦੀ ਸਿੱਖਿਆ ਦਿੱਤੀ ਹੋਵੇ, ਛੋਟੀਆਂ ਜਿੰਦਾਂ ਵਿੱਚ ਬਹਾਦਰੀ ਦੇ ਬੀਜ ਬੀਜੇ ਹੋਣ, ਉਹ ਖੁਦ ਇਹਨਾਂ ਪੋਤਿਆਂ ਦਾ ਵਿਛੋੜਾ ਨਾ ਸਹਿ ਸਕੀ ਹੋਵੇ ?? ਗੁਰਬਾਣੀ ਕਦੇ ਵੀ ਆਪ ਮਰਨ ਦੀ ਆਗਿਆ ਨਹੀਂ ਦਿੰਦੀ। ਕੀ ਮਾਤਾ ਗੁਜਰੀ ਜੀ ਗੁਰਬਾਣੀ ਦੇ ਹੁਕਮਾਂ ਦੇ ਵਿਰੁੱਧ ਜਾ ਸਕਦੇ ਸਨ ??? ਹਰਗਿਜ ਨਹੀਂ। ਅਸਲੀਅਤ ਇਹ ਸੀ ਕਿ ਜ਼ਾਲਮਾਂ ਨੇ ਖੁਦ ਹੀ ਸਜਾ ਦੇਣ ਦੇ ਰੂਪ ਵਿੱਚ ਬ੍ਰਿਧ ਮਾਤਾ ਨੂੰ ਠੰਢੇ ਬੁਰਜ ਤੋਂ ਧੱਕਾ ਦੇ ਕੇ ਆਪ ਸੁੱਟਿਆ ਸੀ ਅਤੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸਨ।
ਮਾਤਾ ਗੁਜਰੀ ਜੀ ਦੀ ਭਾਵਨਾ ਨੂੰ ਪ੍ਰਸਿੱਧ ਲੇਖਕ ਚਰਨ ਸਿੰਘ ਸਫਰੀ ਨੇ ਸਾਕਾ ਸਰਹਿੰਦ ਵਿੱਚ ਬਹੁਤ ਖੂਬਸੂਰਤ ਬਿਆਨ ਕੀਤਾ ਹੈ । ਜਦੋ ਗਾਰਾ ਲੈਣ ਬਹਾਨੇ ਜਲਾਦ ਮਾਤਾ ਗੁਜਰੀ ਜੀ ਨੂੰ ਬੱਚਿਆਂ ਨੂੰ ਆਖਰੀ ਵਾਰ ਪਿਆਰ ਕਰਨ ਲਈ ਆਖਦਾ ਹੈ, ਤਾਂ ਮਾਤਾ ਜੀ ਕੀ ਜਵਾਬ ਦਿੰਦੇ ਹਨ --
"ਮਾਤਾ ਗੁਜਰੀ ਜੀ ਅੱਗੋਂ ਜਵਾਬ ਦਿੱਤਾ, ਮੇਰਾ ਨਾਂ ਗੁਜ਼ਰੀ ਮੇਰੀ ਅੱਲ੍ਹ ਗੁਜ਼ਰੀ ।
ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ, ਘੜੀ ਘੜੀ ਗੁਜ਼ਰੀ ਪਲ ਪਲ ਗੁਜ਼ਰੀ।
ਪਹਿਲਾਂ ਪਤੀ ਦਿੱਤੀ ਫੇਰ ਮੈਂ ਪੋਤੇ ਦਿੱਤੇ, ਆਹ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ।
ਗੁਜ਼ਰੀ ਲੋਕ ਮੈਨੂੰ ਤਾਹੀਓਂ ਆਖਦੇ ਨੇ, ਜਿਹੜੀ ਆਈ ਸਿਰ ਤੇ ਉਹ ਮੈਂ ਝੱਲ ਗੁਜ਼ਰੀ।
ਮਾਤਾ ਜੀ ਅਤੇ ਬੱਚਿਆਂ ਦੀ ਸ਼ਹੀਦੀ ਨਾਲ ਹਰ ਹਿਰਦਾ ਵਲੂੰਧਰਿਆ ਗਿਆ। ਦੀਵਾਨ ਟੋਡਰ ਮੱਲ ਨੇ ਸੂਬਾ ਸਰਹਿੰਦ ਤੋੰ ਮ੍ਰਿਤਕ ਸਰੀਰਾਂ ਦੇ ਸੰਸਕਾਰ ਕਰਵਾਉਣ ਦੀ ਆਗਿਆ ਮੰਗੀ, ਤਾਂ ਹੁਕਮ ਹੋਇਆ ਕਿ ਜਿੰਨੀ ਜਗ੍ਹਾ ਲੈਣੀ ਹੈ, ਉਤਨੀ ਜਗ੍ਹਾ ਵਿੱਚ ਸੋਨੇ ਦੀਆਂ ਮੋਹਰਾਂ ਵਿਛਾ ਕੇ ਸਰਕਾਰ ਨੂੰ ਦਿੱਤੀਆਂ ਜਾਣ। ਟੋਡਰਮੱਲ ਨੇ ਇਸੇ ਤਰਾਂ ਕੀਤਾ ਅਤੇ ਖੜ੍ਹੀਆਂ ਮੋਹਰਾਂ ਨਾਲ ਭਰ ਕੇ ਉਹ ਥਾਂ ਖਰੀਦੀ, ਅਤੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ। ਜਿੱਥੇ ਅੱਜਕੱਲ੍ਹ ਗੁਰਦੁਆਰਾ ਜੋਤੀ ਸਰੂਪ ਸ਼ੁਸ਼ੋਭਿਤ ਹੈ। ਹਰ ਸਾਲ ਸਾਹਿਬਜ਼ਾਦਿਆਂ ਦੇ ਸੰਸਕਾਰ ਕੀਤੇ ਜਾਣ ਵਾਲੇ ਦਿਨ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਆਰੰਭ ਹੁੰਦਾ ਹੈ ਅਤੇ ਗੁਰਦੁਆਰਾ ਜੋਤੀ ਸਰੂਪ ਪੁੱਜ ਕੇ ਸਮਾਪਤ ਹੁੰਦਾ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ।
ਨਿੱਕੀਆਂ ਜਿੰਦਾਂ ਦਾ ਇਹ ਵੱਡਾ ਸਾਕਾ ਅੱਜ ਵੀ ਸਾਡੇ ਲਈ ਪ੍ਰੇਰਨਾ ਸਰੋਤ ਹੈ ਜਿਹੜਾ ਸਾਨੂੰ ਸੰਦੇਸ਼ ਦਿੰਦਾ ਹੈ ਕਿ ਅਸੀਂ ਸੱਚ ਅਤੇ ਹੱਕ ਤੇ ਲਗਾਤਾਰ ਪਹਿਰਾ ਦੇਣਾ ਹੈ। ਧਰਮ ਕੋਈ ਵੀ ਮਾੜਾ ਨਹੀਂ ਹੈ ,ਪਰ ਹਰ ਮਨੁੱਖ ਨੂੰ ਆਪਣੀ ਅਜਾਦੀ ਨਾਲ ਕਿਸੇ ਵੀ ਧਰਮ ਨੂੰ ਅਪਣਾ ਕੇ ਜਿਊਣ ਦਾ ਅਧਿਕਾਰ ਹੈ। ਯਾਦ ਰਹੇ ਕਿ ਜਿਸ ਜਨੇਊ ਦਾ ਗੁਰੂ ਨਾਨਕ ਦੇਵ ਜੀ ਨੇ ਖੰਡਨ ਕੀਤਾ ਸੀ , ਉਸੇ ਜਨੇਊ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦਿੱਤੀ ਸੀ। ਮਕਸਦ ਬੜਾ ਸਪਸ਼ਟ ਸੀ ਕਿ ਦੂਜੇ ਤੇ ਕੋਈ ਵੀ ਵਿਸ਼ਵਾਸ ਧੱਕੇ ਨਾਲ ਠੋਸਿਆ ਨਾ ਜਾਵੇ। ਇਹੀ ਆਧੁਨਿਕ ਯੁੱਗ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਸਮੂਹ ਸੰਸਾਰ ਕਰਦਾ ਹੈ। ਭਾਰਤ ਸਰਕਾਰ ਨੇ ਵੀ ਇਸ ਸ਼ਹੀਦੀ ਦਿਵਸ ਨੂੰ ਬਾਲ ਵੀਰ ਦਿਵਸ ਆਖ ਕੇ ਮਾਣ ਦਿੱਤਾ ਹੈ।