ਨਚਣੁ ਕੁਦਣੁ ਮਨ ਕਾ ਚਾਉ (ਲੇਖ )

ਮਨਜੀਤ ਸਿੰਘ ਬੱਧਣ   

Email: manjitsinghbadhan@gmail.com
Cell: +91 94176 35053
Address:
ਲੁਧਿਆਣਾ India
ਮਨਜੀਤ ਸਿੰਘ ਬੱਧਣ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਚਣੁ ਕੁਦਣੁ ਮਨ ਕਾ ਚਾਉ।।

ਨਾਨਕ ਜਿਨ ਮਨਿ ਭਉ ਤਿਨਾ ਮਨਿ ਭਾਉ।।


ਖੇਡਣਾ ਇੱਕ ਕੁਦਰਤੀ ਪ੍ਰਕਿਰਿਆ ਹੈ। ਸਾਨੂੰ ਕੁੱਤੇ, ਕਤੂਰੇ ਜਾਂ ਕਈ ਵਾਰ ਬਲੂੰਘੜੇ ਆਪਸ ਵਿੱਚ ਖੇਡਦੇ, ਇੱਕ ਦੂਸਰੇ ਮਗਰ ਭੱਜਦੇ ਅਕਸਰ ਵਿਖਾਈ ਦੇ ਜਾਂਦੇ ਹਨ। ਇਕ ਛੋਟਾ ਬੱਚਾ ਆਪਣੇ ਬਿਸਤਰੇ ਜਾਂ ਪੰਘੂੜੇ 'ਤੇ ਪਿਆ ਹੱਥ-ਪੈਰ ਮਾਰਦਾ ਹੈ, ਕੋਲ ਪਏ ਖਿਡੌਣਿਆਂ ਨੂੰ ਫੜ ਕੇ ਜਾਂ ਮੂੰਹ ਵਿੱਚ ਪਾਉਣ ਦਾ ਯਤਨ ਕਰਦੇ ਹੋਏ ਖੁਸ਼ ਹੁੰਦਾ ਹੈ। ਕਈ ਵਾਰ ਆਪਣੇ ਪੈਰ ਦੇ ਅੰਗੂਠੇ ਨੂੰ ਵੀ ਮੂੰਹ ਵਿੱਚ ਪਾਉਣ ਲੱਗ ਜਾਂਦਾ ਹੈ। ਇਸ ਅਵਸਥਾ ਵਿੱਚ ਉਹ ਅਭੋਲ ਪੂਰੀ ਤਰਾਂ ਖੇਡ ਵਿੱਚ ਹੁੰਦਾ ਹੈ। ਬਾਲ ਅਵਸਥਾ ਵਿੱਚ ਸਾਰੇ ਛੋਟੇ-ਛੋਟੇ ਖਿਡੌਣਿਆਂ ਖੇਡਣਾ ਪਸੰਦ ਕਰਨ ਲੱਗ ਪੈਂਦੇ ਹਨ। ਆਪਸ ਵਿੱਚ ਕਿਸੇ ਵੀ ਜਿੱਤ ਹਾਰ ਤੋਂ ਰਹਿਤ ਖੇਡਾਂ ਖੇਡਦੇ ਹਨ। ਇਹਨਾਂ ਖੇਡਾਂ ਦਾ ਉਦੇਸ਼ ਕੇਵਲ ਮਨੋਰੰਜਨ ਹੁੰਦਾ ਹੈ। ਰੋਟੀ-ਪਾਣੀ ਦਾ ਫਿਕਰ ਮਾਂ ਜਾਂ ਦਾਦੀ-ਮਾਂ ਨੂੰ ਹੀ ਹੁੰਦਾ ਹੈ। ਇਹ ਖੇਡਾਂ ਵਧੇਰੇ ਕਰ ਕੇ ਘਰਾਂ ਦੇ ਵਿਹੜਿਆਂ ਜਾਂ ਗਲੀ-ਮੁਹੱਲਿਆਂ ਵਿੱਚ ਖੇਡ ਲਈਆਂ ਜਾਂਦੀਆਂ ਹਨ।

ਜਦੋਂ ਬੱਚਾ ਥੋੜ੍ਹਾ ਵੱਡਾ ਹੁੰਦਾ ਹੈ ਤਾਂ ਆਪਣੇ ਨਾਲੋਂ ਕੁਝ ਵੱਡੀ ਉਮਰ ਦੇ ਬੱਚਿਆਂ ਨਾਲ ਸੁਚੇਤ ਪੱਧਰ 'ਤੇ ਉਹਨਾਂ ਨਾਲ ਖੇਡਦਾ ਹੋਇਆ ਨਵੀਆਂ ਖੇਡਾਂ ਖੇਡਣੀਆਂ ਤੇ ਸਿੱਖਣੀਆਂ ਸ਼ੁਰੂ ਕਰ ਦਿੰਦਾ ਹੈ। ਇਸ ਅਵਸਥਾ ਵਿੱਚ ਹੁਣ ਉਹ ਬੱਚਾ ਇੱਕ ਵਿਦਿਆਰਥੀ ਤੇ ਇੱਕ ਖਿਡਾਰੀ ਹੁੰਦਾ ਹੈ। ਪੜ੍ਹਾਈ ਅਤੇ ਖੇਡ ਵਿੱਚ ਤਾਲ-ਮੇਲ ਰੱਖਣਾ ਸਿੱਖਦਾ ਹੈ ਪਰ ਜ਼ਿਆਦਾ ਝੁਕਾਅ ਖੇਡਣ ਵੱਲ ਹੀ ਹੁੰਦਾ ਹੈ। ਸਕੂਲ ਤੋਂ ਛੁੱਟੀ ਦੇ ਬਾਅਦ ਘਰ ਜਾਣ ਦੀ ਕਾਹਲੀ ਤੇ ਸਾਥੀਆਂ ਨਾਲ ਖੇਡਣ ਦਾ ਚਾਅ ਵਧੇਰੇ ਹੁੰਦਾ ਹੈ। ਖੇਡਾਂ ਵਿਦਿਆਰਥੀਆਂ ਦਾ ਮਨੋਰੰਜਨ ਪਹਿਲ ਦੇ ਆਧਾਰ 'ਤੇ ਕਰਦੀਆਂ ਹਨ। ਇਸ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਕਈ ਹੋਰ ਸ਼ਰੀਰਕ ਤੇ ਮਾਨਸਿਕ ਗੁਣਾਂ ਦਾ ਸੰਚਾਰ ਵੀ ਸਹਿਜੇ-ਸਹਿਜੇ ਕਰਦੀਆਂ ਰਹਿੰਦੀਆਂ ਹਨ। ਖੇਡਾਂ ਵੱਖ ਵੱਖ ਵੰਨਗੀਆਂ ਦੀਆਂ ਹੁੰਦੀਆਂ ਹਨ; ਇਕਹਰੀਆਂ ਖੇਡਾਂ ਜਿਸ ਵਿੱਚ ਹਰੇਕ ਖਿਡਾਰੀ ਇਕੱਲਾ ਹੀ ਆਪਣੇ ਵਿਰੋਧੀ ਖਿਡਾਰੀਆਂ ਨਾਲ ਮੁਕਾਬਲਾ ਕਰਦਾ ਹੈ ਜਿਵੇਂ ਦੌੜ, ਪਹਿਲਵਾਨੀ, ਛਾਲਾਂ, ਜਿਮਨਾਸਟਿਕ ਆਦਿ। ਟੀਮ ਵਾਲੀਆਂ ਖੇਡਾਂ ਜਿਸ ਵਿੱਚ ਖਿਡਾਰੀਆਂ ਦੀਆਂ ਦੋ ਟੋਲੀਆਂ ਆਪਸ ਵਿੱਚ ਖੇਡਦੀਆਂ ਹਨ ਜਿਵੇਂ ਖੋ-ਖੋ, ਕ੍ਰਿਕਟ, ਫ਼ੁਟਬਾਲ, ਵਾਲੀਬਾਲ ਆਦਿ। ਤੀਸਰੀ ਵੰਨਗੀ ਉਹ ਹੈ ਜਿਸ ਇਕੱਲਾ ਇਕੱਲਾ ਖਿਡਾਰੀ ਆਪਣੀ ਬਾਰੀ ਅਨੁਸਾਰ ਦੂਸਰਿਆਂ ਦੇ ਨਾਲ ਖੇਡਦਾ ਹੈ ਜਿਵੇਂ ਬੰਦਰ ਕੀਲਾ, ਛੂਹਣ ਛਲੀਕਾ, ਅੰਨਾ ਝੋਟਾ, ਬੰਟੇ ਆਦਿ। ਪੁਰਾਤਨ ਸਮੇਂ ਵਿੱਚ ਸਾਡੀਆਂ ਲੋਕ-ਖੇਡਾਂ ਪੰਜਾਬੀ ਸੱਭਿਆਚਾਰ ਦਾ ਵਿਸ਼ੇਸ਼ ਅੰਗ ਸਨ। 

ਸਾਰਿਆਂ ਨਾਲੋਂ ਪਹਿਲਾ ਗੁਣ ਤੰਦਰੁਸਤੀ ਹੈ। ਖੇਡਾਂ ਨਾਲ ਸਰੀਰਕ ਮਜ਼ਬੂਤੀ ਪ੍ਰਾਪਤ ਹੁੰਦੀ ਹੈ। ਕਮਜ਼ੋਰ ਸ਼ਰੀਰ ਤਾਕਤ ਫੜਦਾ ਹੈ ਤੇ ਜੇ ਕਿਸੇ ਬਿਮਾਰੀ ਜਾਂ ਹੋਰ ਕਾਰਨਵਸ਼ ਸ਼ਰੀਰ ਭਾਰਾ ਹੈ ਤਾਂ ਖੇਡਾਂ ਉਸ ਨੂੰ ਸੰਤੁਲਿਤ ਕਰਦੀਆਂ ਹਨ ਜਾਂ ਉਹ ਵਿਦਿਆਰਥੀ ਉਸ ਖੇਡ ਵੱਲ੍ਹ ਜਾ ਸਕਦਾ ਹੈ ਜਿਸ ਵਿੱਚ ਸ਼ਰੀਰਕ ਬਲ ਦੀ ਜ਼ਿਆਦਾ ਲੋੜ ਹੁੰਦੀ ਹੈ ਜਿਵੇਂ ਪਹਿਲਵਾਨੀ, ਭਾਰ ਚੁੱਕਣਾ, ਗੋਲਾ ਸੁੱਟਣਾ ਆਦਿ। ਕਿਸੇ ਸਮੇਂ ਔਰਤ ਨੂੰ ਘਰ ਦੀ ਚਾਰ ਦੀਵਾਰੀ ਵਿੱਚ ਹੀ ਸੀਮਤ ਰੱਖਿਆ ਜਾਂਦਾ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵਵਾਦੀ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਸੀ


ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥


ਸਮੇਂ ਦੇ ਗੇੜ ਨਾਲ ਹੁਣ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਹੱਕ ਮਿਲ ਚੁੱਕੇ ਹਨ। ਘਰ ਦੀ ਚਾਰ ਦੀਵਾਰੀ ਤੋਂ ਨਿੱਕਲ ਕੇ ਭਾਰਤੀ ਕੁੜੀਆਂ ਅਤੇ ਇਸਤਰੀਆਂ ਦੇਸ਼ ਅਤੇ ਵਿਦੇਸ਼ ਦੇ ਖੇਡ ਮੈਦਾਨਾਂ ਵਿੱਚ ਜਿੱਤ ਦੇ ਪਰਚਮ ਲਹਿਰਾ ਰਹੀਆਂ ਹਨ। ਕੁਝ ਦਿਨ ਪਹਿਲਾਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਵਿਸ਼ਵ ਚੈਂਪੀਅਨ ਬਣੀ ਹੈ, ਨੂੰ  ਮੁਬਾਰਕਾਂ ਹਨ। ਖਿਡਾਰਨਾਂ ਦੇ ਮਾਪੇ, ਪਰਿਵਾਰਕ ਮੈਂਬਰ ਅਤੇ ਕੋਚ ਵਧਾਈ ਦੇ ਪਾਤਰ ਹਨ। ਇਸ ਤੋਂ ਪਹਿਲਾਂ ਹੋਰ ਵੀ ਕਈ ਖਿਡਾਰਨਾਂ ਵੱਖ-ਵੱਖ ਮਹਿਲਾ ਖੇਡ ਮੁਕਾਬਲਿਆਂ ਵਿੱਚ ਵਧੀਆ ਨਾਮ ਕਮਾ ਚੁੱਕੀਆਂ ਹਨ ਜਿਵੇਂ ਪੀ.ਟੀ. ਊਸ਼ਾ, ਸਾਈਨਾ ਨੇਹਵਾਲ, ਸਾਨੀਆ ਮਿਰਜ਼ਾ, ਵਿਨੇਸ਼ ਫੋਗਾਟ, ਪੀ.ਵੀ. ਸੰਧੂ, ਹਰਮਨ ਪ੍ਰੀਤ ਕੌਰ, ਹਿਮਾ ਦਾਸ, ਰਾਣੀ ਰਾਮਪਾਲ ਮੈਰੀ ਕੋਮ ਅਤੇ ਹੋਰ ਵੀ ਕਈ ਖਿਡਾਰਨਾਂ ਹਨ।

ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਅਤੇ ਮਿਲਵਰਤਨ ਦੀ ਭਾਵਨਾ ਦਾ ਵਧੀਆ ਸੰਚਾਰ ਕਰਦੀਆਂ ਹਨ। ਅਨੁਸ਼ਾਸਿਤ ਖਿਡਾਰੀ ਆਪਣੇ ਉਸਤਾਦ ਦੀ ਸਿੱਖਿਆ ਅਤੇ ਮੈਦਾਨ ਵਿੱਚ ਆਪਣੀ ਟੀਮ ਦੇ ਬਾਕੀ ਖਿਡਾਰੀਆਂ ਨਾਲ ਤਾਲ-ਮੇਲ ਬਣਾ ਕੇ ਜਿੱਤ ਵੱਲ ਵੱਧਦੇ ਹਨ। ਜ਼ਿੰਦਗੀ ਤੇ ਖੇਡਾਂ ਵਿੱਚ ਹਰ ਸਮੇਂ ਸਫਲਤਾ ਹੀ ਨਹੀਂ ਮਿਲਦੀ ਹੈ। ਹਾਰ ਸਵੀਕਾਰ ਕਰਦੇ ਹੋਏ ਦੁਬਾਰਾ ਜੂਝਣ ਦਾ ਜਜ਼ਬਾ ਇੱਕ ਖਿਡਾਰੀ ਵਿੱਚ ਵਧੇਰੇ ਹੁੰਦਾ ਹੈ। ਜਿੱਤ ਅਤੇ ਹਾਰ ਖੇਡ ਦੇ ਹਿੱਸੇ ਹਨ। ਕਿਸੇ ਵੀ ਹਾਰ ਅਤੇ ਜਿੱਤ ਨੂੰ ਦਿਮਾਗ ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਹੈ। ਕੋਈ ਵੀ ਜਿੱਤ-ਹਾਰ ਖੇਡ ਦੇ ਅਭਿਆਸ ਅਤੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਭਾਰਤ ਇੱਕ ਵਿਭਿੰਨਤਾਵਾਂ ਭਰਪੂਰ ਮੁਲਕ ਹੈ। ਜਦੋਂ ਕਿਸੇ ਖਿਡਾਰੀ ਦੀ ਚੋਣ ਕਿਸੇ ਟੀਮ ਵਿੱਚ ਹੋ ਜਾਂਦੀ ਹੈ ਤਾਂ ਜੀਵਨ ਦੇ ਕਿਸੇ ਵਿਸ਼ੇਸ਼ ਪੱਖ ਦੇ ਆਧਾਰ 'ਤੇ ਪੱਖ-ਪਾਤ ਨਹੀਂ ਹੁੰਦਾ ਹੈ। ਜੇਤੂ ਖਿਡਾਰੀ ਆਪਣੇ ਪ੍ਰਾਂਤ ਤੇ ਦੇਸ਼ ਦਾ ਗੌਰਵ ਹੁੰਦਾ ਹੈ। ਇਸ ਵਾਰ ਦੀਆਂ ਉਲੰਪਿਕ ਖੇਡਾਂ ਵਿੱਚ ਆਪਣੇ ਮੁਲਕ ਦੇ ਖਿਡਾਰੀਆਂ ਦਾ ਵਧੀਆ ਪ੍ਰਦਰਸ਼ਨ ਰਿਹਾ ਹੈ। ਮਿਹਨਤ, ਅਨੁਸ਼ਾਸਨ, ਸਹੀ ਸਿੱਖਿਆ ਨਾਲ ਹੋਰ ਮੁਕਾਬਲਿਆਂ ਵਿੱਚ ਇਨਾਮ ਜਿੱਤ ਸਕਦੇ ਹਨ। ਸਰਕਾਰੀ ਨੌਕਰੀਆਂ ਵਿੱਚ ਖਿਡਾਰੀਆਂ ਲਈ ਕੁਝ ਸੀਟਾਂ ਵੀ ਰਾਖਵੀਆਂ ਹੁੰਦੀਆਂ ਹਨ।

ਪਿਛਲੇ ਕੁਝ ਸਾਲਾਂ ਤੋਂ ਜ਼ਿਆਦਾਤਰ ਵਿਦਿਆਰਥੀਆਂ ਦਾ ਰੁਝਾਨ ਖੇਡਾਂ ਤੋਂ ਘੱਟ ਕੇ ਮੋਬਾਈਲ ਫ਼ੋਨਾਂ ਦੀ ਵਰਤੋਂ ਵੱਲ ਵੱਧ ਗਿਆ ਹੈ। ਇਹ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਮੋਬਾਈਲ ਫ਼ੋਨਾਂ ਦੀ ਜ਼ਿਆਦਾ ਵਰਤੋਂ ਵਿਦਿਆਰਥੀਆਂ ਦੀ ਸਿਹਤ, ਅੱਖਾਂ, ਸੁਭਾਅ ਅਤੇ ਸਮਾਜਿਕ ਜੀਵਨ 'ਤੇ ਵਿਪਰੀਤ ਪ੍ਰਭਾਵ ਪਾ ਰਹੀ ਹੈ। ਜੇ ਕਰ ਮੋਬਾਈਲ ਫ਼ੋਨਾਂ ਦੀ ਵਰਤੋਂ ਸੀਮਤ ਹੋ ਜਾਵੇ ਤਾਂ ਵਧੀਆ ਰਹੇਗਾ। ਉੱਧਰ ਖੇਡ ਦੇ ਮੈਦਾਨ ਦੇ ਚੰਗੇ ਖਿਡਾਰੀ ਵਿੱਦਿਅਕ ਖੇਤਰ ਵਿੱਚ ਵੀ ਵਧੀਆ ਨਿੱਕਲ ਸਕਦੇ ਹਨ। ਸਲਾਨਾ ਨਤੀਜੇ ਵਿੱਚ ਵਧੀਆ ਕਾਰਗੁਜ਼ਾਰੀ ਵਾਲ਼ੇ ਖਿਡਾਰੀਆਂ ਨੂੰ ਵਿਸ਼ੇਸ਼ (ਗ੍ਰੇਸ) ਅੰਕ ਦਿੱਤੇ ਜਾਂਦੇ ਹਨ ਅਤੇ ਕਈ ਖਿਡਾਰੀ ਸਲਾਨਾ ਪ੍ਰੀਖਿਆ ਦੀ ਮੈਰਿਟ ਵਿੱਚ ਵੀ ਆਉਂਦੇ ਹਨ। ਖਿਡਾਰੀਆਂ ਲਈ ਇੱਕ ਸੁਝਾਅ ਹੈ ਕਿ ਖਿਡਾਰੀ ਆਪਣੀ ਖੇਡ ਦੀ ਆੜ ਵਿੱਚ ਪੜ੍ਹਾਈ ਤੋਂ ਬਚਣ ਦੀ ਕੋਸ਼ਿਸ਼ ਨਾ ਕਰਨ। ਇਹ ਭੁਲੇਖਾ ਵੀ ਕੱਢ ਦੇਣਾ ਚਾਹੀਦਾ ਹੈ ਕਿ ਉਹਨਾਂ ਦੀ ਸਿਰਫ ਖੇਡ ਹੀ ਉਹਨਾਂ ਨੂੰ ਪਾਸ ਕਰਵਾ ਦੇਵੇਗੀ। ਚੰਗੇ ਭਵਿੱਖ ਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਵਿਦਿਆਰਥੀਆਂ ਨੂੰ ਖੇਡ ਅਤੇ ਵਿਹਾਰਕ ਵਿੱਦਿਆ ਵਿੱਚ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ।