ਚਾਰ ਦਿਨ ਦੀ ਚਾਨਣੀ (ਕਹਾਣੀ)

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


“ਪਾਪਾ ਜੀ ਇਕ ਗੱਲ ਮੰਨੋਗੇ?” ਗੁਲਸ਼ਨ ਨੇ ਇਕ ਦਿਨ ਆਪਣੇ ਪਿਤਾ ਨੂੰ ਲਾਡ ਨਾਲ ਪੁੱਛਿਆ।
“ਦੱਸ ਪੁੱਤਰ” ਪਿਓ ਨੇ ਕਿਹਾ।
“ਪਾਪਾ ਪਹਿਲਾਂ ਹਾਂ ਕਹੋ। ਮੇਰੀ ਬੇਨਤੀ ਹੈ ਪਹਿਲਾਂ ਹਾਂ ਕਹੋ ਕਿ ਮੰਨੋਗੇ।”
“ਬੇਟਾ ਇਹ ਬੇਨਤੀ ਤਾਂ ਨਾ ਹੋਈ। ਇਹ ਤਾਂ ਹੁਕਮ ਹੋਇਆ।”
“ਪਾਪਾ ਐਸੀ ਤਾਂ ਕੋਈ ਗੱਲ ਨਹੀਂ। ਫਿਰ ਵੀ ਪਹਿਲਾਂ ਤੁਸੀਂ ਦਸੋ ਕਿ ਨਾਂਹ ਤਾਂ ਨਹੀਂ ਕਰੋਗੇ?”
“ਕਾਕਾ ਜੇ ਤੇਰੀ ਗੱਲ ਮੰਨਣ ਜੋਗੀ ਹੋਈ ਤਾਂ ਜ਼ਰੂਰ ਮੰਨਾਗਾ।”
“ਪਾਪਾ ਮੇਰੀ ਸਲਾਹ ਹੈ ਕਿ ਆਪਾਂ ਕੋਈ ਬਿਜ਼ਨਸ ਸ਼ੁਰੂ ਕਰੀਏ।”
ਬਿਜ਼ਨਸ ਅਸੀਂ ਕਿਵੇਂ ਸ਼ੁਰੂ ਕਰ ਸਕਦੇ ਹਾਂ? ਨਾ ਤੈਨੂੰ ਕਿਸੇ ਗੱਲ ਦਾ ਤਜ਼ਰਬਾ ਹੈ ਨਾ ਹੀ ਮੈਨੂੰ। ਫਿਰ ਸਾਡੇ ਕੋਲ ਐਨਾ ਪੈਸਾ ਵੀ ਨਹੀਂ ਹੈ ਜਿਹੜਾ ਬਿਜ਼ਨਸ ਵਿਚ ਲਾ ਸਕੀਏ।”
“ਪਾਪਾ ਐਸੀ ਕੋਈ ਗੱਲ ਨਹੀ, ਅਸੀਂ ਰੋਹਿਤ ਨੂੰ ਨਾਲ ਰਲਾਵਾਂਗੇ। ਰੋਹਿਤ ਕਹਿੰਦਾ ਹੈ ਕਿ ਅਸੀਂ ਦਵਾਈਆਂ ਦੀ ਫੈਕਟਰੀ ਲਾਵਾਂਗੇ। ਉਸ ਨੂੰ ਇਸ ਲਾਈਨ ਦਾ ਬਹੁਤ ਤਜ਼ਰਬਾ ਹੈ। ਤੁਹਾਡੇ ਰਿਟਾਇਰਮੈਂਟ ਦੇ 7 ਲੱਖ ਬੈਂਕ ਵਿਚ ਪਏ ਹਨ ਉਹ ਲਾ ਕੇ ਕੰਮ ਸ਼ੁਰੂ ਕਰ ਲਵਾਂਗੇ। ਫਿਰ ਬੈਂਕ ਤੋਂ 25 ਕੁ ਲੱਖ ਦਾ ਲੋਨ ਲੈ ਲਵਾਂਗੇ। ਬਸ ਫਿਰ ਚੱਲ ਸੋ ਚੱਲ, ਪੈਸਾ ਹੀ ਪੈਸਾ।”
“ਮੇਰਾ ਮਨ ਨਹੀਂ ਮੰਨਦਾ। ਫਿਰ ਐਸੀ ਕਿਹੜੀ ਦਵਾਈ ਬਣਾਵਾਂਗੇ ਜਿਸ ਨਾਲ ਪੈਸਾ ਹੀ ਪੈਸਾ ਹੋ ਜਾਵੇਗਾ। ਮੈਂ  ਏਨਾ ਰਿਸਕ ਨਹੀਂ ਲੈ ਸਕਦਾ। ਜਿਹੜੀ ਇੱਜ਼ਤ ਦੀ ਰੋਟੀ ਰੱਬ ਦੇ ਰਿਹਾ ਹੈ ਸਾਨੂੰ ਉਸ ਨਾਲ ਹੀ ਸਬਰ ਕਰਨਾ ਚਾਹੀਦਾ ਹੈ।”
“ਪਾਪਾ ਜੀ ਤੁਹਾਡੇ ਵਿਚ ਇਹ ਹੀ ਤਾਂ ਕਮੀ ਹੈ ਜੋ ਤੁਸੀਂ ਰਿਸਕ ਨਹੀਂ ਲੈਂਦੇ। ਇਸੇ ਲਈ ਸਾਡੇ ਘਰ ’ਚੋਂ ਗ਼ਰੀਬੀ ਨਹੀਂ ਜਾਂਦੀ। ਤੁਸੀਂ ਮੇਰੀ ਪੂਰੀ ਸਕੀਮ ਤਾਂ ਸੁਣਦੇ ਹੀ ਨਹੀਂ।”
“ਅੱਛਾ ਦੱਸ ਤੇਰੀ ਕੀ ਸਕੀਮ ਹੈ।”
“ਅਸੀਂ ਕੈਮੀਕਲ ਪਾਉਡਰ ਲੈ ਕਿ ਤਾਕਤ ਦੀਆਂ ਗੋਲੀਆਂ ਬਣਾਵਾਂਗੇ ਫਿਰ ਉਨ੍ਹਾਂ ਤੇ ਸ਼ਿਲਾਜੀਤ ਦੇ ਲੇਬਲ ਲਾ ਕੇ ਵੇਚਾਂਗੇ। ਤੁਸੀਂ ਜਾਣਦੇ ਹੀ ਹੋ ਕਿ ਮਾਰਕੀਟ ਵਿਚ ਸ਼ਿਲਾਜੀਤ ਦੀ ਕਿੰਨੀ ਮੰਗ ਹੈ। ਇਸ ਕੰਮ ਵਿਚ ਮਸ਼ੀਨਰੀ ਦਾ ਵੀ ਕੋਈ ਜ਼ਿਆਦਾ ਖ਼ਰਚਾ ਨਹੀਂ। ਸਿਰਫ ਇਕ ਵੱਡੀ ਮਿਕਸਚਰ ਮਸ਼ੀਨ ਲੈਣੀ ਹੈ ਜੋ 50 ਕੁ ਹਜ਼ਾਰ ਰੁਪਏ ਦੀ ਆ ਜਾਵੇਗੀ। ਦੂਜੀ ਗੋਲੀਆਂ ਬਣਾਉਣ ਵਾਲੀ ਮਸ਼ੀਨ ਚਾਹੀਦੀ ਹੈ ਜੋ ਕੇਵਲ ਲੱਖ ਕੁ ਰੁਪਏ ਦੀ ਆ ਜਾਵੇਗੀ। ਬਾਕੀ ਪੈਸੇ ਨਾਲ ਕੈਮੀਕਲ ਪਾਉਡਰ ਆ ਜਾਣਗੇ। ਫਿਰ ਕੰਮ ਸ਼ੁਰੂ ਅਤੇ ਪੈਸਾ ਹੀ ਪੈਸਾ। “ਬੇਟਾ ਇਹ ਤਾਂ ਹਵਾਈ ਕਿਲੇ ਬਣਾਉਣ ਵਾਲੀ ਗੱਲ ਹੈ। ਅੱਛਾ ਦੱਸ ਰੋਹਿਤ ਕਿੰਨੇ ਪੈਸੇ ਪਾਵੇਗਾ?”
“ਪਾਪਾ ਜੇ ਉਸ ਕੋਲ ਪੈਸੇ ਹੁੰਦੇ ਤਾਂ ਉਹ ਇਕੱਲਾ ਹੀ ਨਾ ਫੈਕਟਰੀ ਲਾ ਲੈਂਦਾ? ਉਸ ਨੂੰ ਇਸ ਕੰਮ ਦਾ ਤਜ਼ਰਬਾ ਬਹੁਤ ਹੈ। ਫਿਰ ਤੁਸੀਂ ਰੋਹਿਤ ਨੂੰ ਤਾਂ ਚੰਗੀ ਤਰ੍ਹਾਂ ਜਾਣਦੇ ਹੀ ਹੋ। ਕਿੰਨ੍ਹਾਂ ਸਾਊ ਬੰਦਾ ਹੈ। ਤੁਹਾਨੂੰ ਤਾਂ ਉਹ ਆਪਣੇ ਪਿਤਾ ਦੀ ਤਰ੍ਹਾਂ ਮੰਨਦਾ ਹੈ। ਇਸੇ ਲਈ ਤੁਹਾਨੂੰ ਉਹ ਪਾਪਾ ਜੀ ਕਹਿੰਦਾ ਹੈ ਅਤੇ ਮੈਨੂੰ ਪਿਆਰ ਨਾਲ ਵੀਰਾ ਕਹਿ ਕੇ ਬੁਲਾਉਂਦਾ ਹੈ। ਹੁਣ ਤਾਂ ਲੱਗਦਾ ਹੀ ਨਹੀਂ ਕਿ ਉਹ ਕੋਈ ਓਪਰਾ ਬੰਦਾ ਹੈ।”
“ਮੇਰਾ ਤਾਂ ਮਨ ਨਹੀਂ ਮੰਨਦਾ। ਇਹ ਤਾਂ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲੀ ਗੱਲ ਹੈ।”
“ਪਾਪਾ ਜੀ ਇਕ ਤਾਂ ਤੁਸੀਂ ਵਹਿਮੀ ਬਹੁਤ ਹੋ। ਤੁਹਾਨੂੰ ਕਿਸੇ ਤੇ ਇਤਬਾਰ ਹੀ ਨਹੀਂ। ਹਰ ਕੰਮ ਵਿਚ ਤੁਹਾਡੀ ਨਾਂਹ ਹੀ ਹੁੰਦੀ ਹੈ। ਜੇ ਤੁਹਾਨੂੰ ਉਹ ਠੀਕ ਨਹੀਂ ਸੀ ਲੱਗਦਾ ਤਾਂ ਤੁਸੀਂ ਉਸ ਨੂੰ ਸਾਲ ਭਰ ਤੋਂ ਆਪਣੇ ਪਰਿਵਾਰ ਚੋਂ ਰੋਟੀਆਂ ਕਿਉਂ ਖੁਵਾਉਂਦੇ ਆ ਰਹੇ ਹੋ?। ਦੋ ਸਾਲ ਤੋਂ ਉਹ ਸਾਡੇ ਮਕਾਨ ਵਿਚ ਰਹਿ ਰਿਹਾ ਹੈ। ਕਦੀ ਉਸ ਨੇ ਕੋਈ ਮਾੜੀ ਹਰਕਤ ਕੀਤੀ?”
“ਬੇਟਾ ਠੰਢਾ ਕਰ ਕੇ ਖਾਈਦਾ ਹੈ। ਉਹ ਨਾ ਹੋਵੇ ਕਿ ਜਿੰਨ੍ਹਾਂ ਪੈਸਾ ਸਾਡੇ ਕੋਲ ਹੈ ਉਹ ਵੀ ਗਵਾ ਬੈਠੀਏ ਅਤੇ ਨੰਗ ਹੋ ਕੇ ਰੋਟੀ ਤੋਂ ਵੀ ਜਾਈਏ।?”
“ਤੁਸੀਂ ਸਮਝਦੇ ਨਹੀਂ, ਅਸੀਂ ਆਪਣਾ ਪੈਸਾ ਸਾਲ ਬਾਅਦ ਕੱਢ ਲਵਾਂਗੇ । ਸਾਰਾ ਕੰਮ ਤਾਂ ਰੋਹਿਤ ਨੇ ਹੀ ਕਰਨਾ ਹੈ। ਤੁਸੀ ਤਾਂ ਮੈਨੇਜਿੰਗ ਡਾਇਰੈਕਟਰ ਦੇ ਤੋਰ ਤੇ ਬਸ ਚੈਕਾਂ ਤੇ ਦਸਤਕ ਹੀ ਕਰਨੇ ਹਨ।”
“ਅੱਛਾ ਫਿਰ ਕਦੀ ਇਸ ਬਾਰੇ ਚੰਗੀ ਤਰ੍ਹਾਂ ਵਿਚਾਰ ਕਰਾਂਗੇ।” ਗੁਰਬਚਨ ਨੇ ਢਿਲੇ ਪੈਂਦੇ ਹੋਏ ਇਕ ਵਾਰੀ ਤਾ ਗੱਲ ਨੂੰ ਟਾਲ ਦਿੱਤਾ।”        
ਰੋਹਿਤ ਨੇ ਦੋ ਸਾਲ ਪਹਿਲਾਂ ਬੱਦੀ (ਹਿਮਚਲ ਪ੍ਰਦੇਸ਼) ਵਿਚ ਗੁਰਬਚਨ ਸਿੰਘ ਦੇ ਮਕਾਨ ਵਿਚ ਇਕ ਕਮਰਾ ਕਿਰਾਏ ਤੇ ਲਿਆ ਸੀ। ਉਹ ਦੁਾਈਆਂ ਦੀ ਇਕ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ  ਚੁਸਤ ਚਲਾਕ ਵੀ ਬਹੁਤ ਸੀ। ਗੁਰਬਚਨ ਦੀ ਪਤਨੀ ਦਾ ਦਿਹਾਂਤ ਹੋ ਚੁੱਕਾ ਸੀ ਅਤੇ ਉਸ ਦਾ ਇਕੋ ਇਕ ਪੁੱਤਰ ਗੁਲਸ਼ਨ ਸੀ ਜਿਸ ਦਾ ਉਸ ਨੇ ਪਿਛਲੇ ਸਾਲ ਹੀ ਵਿਆਹ ਕੀਤਾ ਸੀ। ਇਸ ਤਰ੍ਹਾਂ ਤਿੰਨ ਜੀਆਂ ਦਾ ਇਹ ਛੋਟਾ ਜਿਹਾ ਟੱਬਰ ਬੜੀ ਸੋਹਣੀ ਤਰ੍ਹਾਂ ਸਹਿਜ ਦੀ ਜ਼ਿੰਦਗੀ ਜੀਅ ਰਿਹਾ ਸੀ।ਘਰ ਦਾ ਗੁਜ਼ਾਰਾ ਮਕਾਨ ਦੇ ਕਿਰਾਏ ਅਤੇ ਗੁਰਬਚਨ ਦੀ ਰਿਟਾਇਮੈਂਟ ਦੇ ਪੈਸਿਆਂ ਦੇ ਨਵਿਆਜ ਨਾਲ ਸੋਹਣਾ ਚੱਲੀ ਜਾਂਦਾ ਸੀ। ਗੁਲਸ਼ਨ ਨੇ ਬੀ. ਏ. ਪਾਸ ਕੀਤੀ ਸੀ ਅਤੇ ਕੰਮ ਦੀ ਤਲਾਸ਼ ਵਿਚ ਭਟਕ ਰਿਹਾ ਸੀ। ਉਸ ਦੀ ਪਤਨੀ ਬੜੇ ਸਾਊ ਸੁਭਾਅ ਦੀ ਸੀ। 
ਇਕ ਵਾਰੀ ਰੋਹਿਤ ਨੂੰ ਟਾਈਫਾਈਡ ਬੁਖਾਰ ਆ ਗਿਆ।ਗੁਰਬਚਨ ਆਟੋ ਰਿਕਸ਼ਾ ਕਰ ਕੇ ਉਸ ਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਕਿਹਾ ਕਿ ਇਸ ਨੂੰ ਠੀਕ ਹੁੰਦਿਆਂ ਦਸ ਦਿਨ ਲੱਗ ਜਾਣਗੇ। ਇਸ ਦੋਰਾਨ ਇਸ ਨੂੰ ਹਲਕਾ ਖਾਣਾ ਭਾਵ ਦਲੀਆ ਅਤੇ ਖਿਚੜੀ ਦਿੱਤੀ ਜਾਏ। ਰੋਹਿਤ ਦਾ ਵਾਲੀ ਵਾਰਿਸ ਤਾਂ ਕੋਈ ਹੈ ਨਹੀਂ ਸੀ ਇਸ ਲਈ ਇੰਨੇ ਦਿਨ ਉਸ ਲਈ ਸਪੈਸ਼ਲ ਖਾਣਾ ਗੁਰਬਚਨ ਹੋਰਾਂ ਦੇ ਘਰੋਂ ਹੀ ਆਉਂਦਾ ਰਿਹਾ। ਠੀਕ ਹੋਣ ਤੋਂ ਬਾਅਦ ਰੋਹਿਤ ਮੋਮੋ ਠਗਣਾ ਬਣ ਕੇ ਉਨ੍ਹਾਂ ਦੇ ਪਰਿਵਾਰ ਨਾਲ ਪੂਰੀ ਤਰ੍ਹਾਂ ਰਚ ਮਿਚ ਗਿਆ ਅਤੇ ਉਸ ਦੀ ਰੋਟੀ ਵੀ ਉਨ੍ਹਾਂ ਦੇ ਘਰੋਂ ਹੀ ਚੱਲਦੀ ਰਹੀ। ਗੁਲਸ਼ਨ ਰੋਹਿਤ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿਚ ਆ ਗਿਆ ਅਤੇ ਉਸ ਨੇ ਜ਼ਿਦ ਕਰ ਕੇ ਆਪਣੇ ਪਿਤਾ ਨੂੰ ਰੋਹਿਤ ਨਾਲ ਮਿਲ ਕੇ ਕਾਰਖਾਨਾ ਲਾਉਣ ਲਈ ਮਜ਼ਬੂਰ ਕਰ ਹੀ ਦਿੱਤਾ। 
ਉਨ੍ਹਾਂ ਦਾ ਸੱਤ ਲੱਖ ਰੁਪਇਆ ਤਾਂ ਸਿਕਿਉਰਟੀ, ਸ਼ੈਡ ਦਾ ਕਿਰਾਇਆ, ਕਾਰਖ਼ਾਨੇ ਦੀ ਰਜਿਸਟਰੇਸ਼ਨ ਬਿਜਲੀ ਦੀ ਫਿਟਿੰਗ ਅਤੇ ਮਸ਼ੀਨਰੀ  ਖਰੀਦਣ ਅਤੇ ਰਿਸ਼ਵਤਾਂ ਦੇਣ ਤੇ ਹੀ ਲੱਗ ਗਿਆ। ਮਾਲ ਭਾਵ ਕੈਮੀਕਲ ਪਾਉਡਰ ਖਰੀਦਣ ਲਈ ਤਾਂ ਪੈਸਾ ਬਚਿਆ ਹੀ ਨਾ। ਇਸ ਲਈ ਕੰਮ ਸ਼ੁਰੂ ਨਾ ਹੋ ਸਕਿਆ। ਗੁਰਬਚਨ ਦੀ ਤਾਂ ਸਾਰੀ ਕਮਾਈ ਪਹਿਲਾਂ ਹੀ ਕੰਮ ਦੀ ਭੇਂਟ ਚੜ੍ਹ ਚੁੱਕੀ ਸੀ। ਉਸ ਨੂੰ ਡੋਬੂ ਪੈਣ ਲੱਗੇ।
“ਪਾਪਾ ਜੀ ਤੁਸੀਂ ਕੋਈ ਫਿਕਰ ਨਾ ਕਰੋ” ਅਸੀਂ ਬੈਂਕ ਤੋਂ 25 ਲੱਖ ਰੁਪਏ ਦਾ ਲੋਨ ਲੈ ਲੈਂਦੇ ਹਾਂ। ਫਿਰ ਸਾਡਾ ਕੰਮ ਆਸਨੀ ਨਾਲ ਤੁਰ ਪਵੇਗਾ।” ਰੋਹਿਤ ਨੇ ਗੁਬਚਨ ਨੂੰ ਹੌਸਲਾ ਦਿੰਦੇ ਹੋਏ ਕਿਹਾ।
“ਪਰ ਇਹ ਲੋਨ ਮਿਲੇਗਾ ਕਿਵੇਂ? ਬੈਂਕ ਵਾਲੇ ਵੀ ਕੋਈ ਚੀਜ਼ ਗਹਿਣੇ ਰੱਖਣ ਲਈ ਕਹਿਣਗੇ।” 
“ਹਾਂ ਇਹ ਤਾਂ ਹੈ। ਇਸ ਤਰ੍ਹਾਂ ਕਰਦੇ ਹਾਂ ਕਿ ਤੁਹਾਡਾ ਮਕਾਨ ਗਹਿਣੇ ਰੱਖ ਦਿੰਦੇ ਹਾਂ।”
ਇਹ ਸੁਣ ਕੇ ਗੁਰਬਚਨ ਫਿਰ ਚਿੰਤਾ ਵਿਚ ਆ ਗਿਆ। ਪਹਿਲਾਂ ਹੀ ਸਾਰੀ ਕਮਾਈ ਨਵੇਂ ਕੰਮ ਦੇ ਲੇਖੇ ਲੱਗ ਚੁੱਕੀ ਸੀ। ਹੁਣ ਉਸ ਦਾ ਹਾਲ ਸੱਪ ਦੇ ਮੂੰਹ ਕੋਹੜ ਕਿਰਲੀ ਵਾਂਗ ਸੀ ਜੇ ਗੱਲ ਨਾ ਮੰਨੇ ਤਾਂ ਸਾਰਾ ਪੈਸਾ ਹੀ ਡੁੱਬਦਾ ਜਾਂਦਾ ਸੀ ਜੇ ਗੱਲ ਮੰਨੇ ਤਾਂ ਸਿਰ ਤੋਂ ਛੱਤ ਵੀ ਖੁਸਦੀ ਦਿਸਦੀ ਸੀ।
“ਪਾਪਾ ਜੀ ਤੁਸੀਂ ਘਭਰਾਉ ਨਾ ਤੁਹਾਡਾ ਮਕਾਨ ਬਿਲਕੁਲ ਸੇਫ ਹੈ। ਬੈਂਕ ਦਾ ਲੋਨ ਅਸੀਂ ਹਰ ਮਹੀਨੇ ਕਿਸ਼ਤਾ ਵਿਚ ਲਾਹ ਦਿਆਂਗੇ। ਫਿਰ ਅਸੀਂ ਕੋਈ ਜੂਆ ਖੇਡਣ ਤਾਂ ਜਾ ਹੀ ਨਹੀਂ ਰਹੇ। ਕੰਮ ਲਈ ਹੀ ਲੋਨ ਲੈ ਰਹੇ ਹਾਂ ਜਿਸ ਨਾਲ ਸਾਨੂੰ ਆਮਦਨ ਹੀ ਹੋਣੀ ਹੈ। ਫਿਰ ਸਾਰੀ ਫੈਕਟਰੀ ਤਾਂ ਤੁਹਾਡੇ ਨਾਮ ਹੀ ਹੈ ਤੁਹਾਨੂੰ ਕਾਹਦਾ ਰਿਸਕ?”
  ਇਸ ਦਬਾਅ ਵਿਚ ਮਕਾਨ ਗਹਿਣੇ ਰੱਖਣਾ ਪਿਆ। ਇਸ 25 ਲੱਖ ਨਾਲ ਕੱਚਾ ਮਾਲ  ਆ ਗਿਆ। ਇਕ ਵਰਕਰ ਤੇ ਇਕ ਸੁਪਰਵਾਜ਼ਰ ਰੱਖਣਾ ਪਿਆ। ਕਾਰਖਾਨੇ ਦੀ ਪ੍ਰੋਡਕਸ਼ਨ ਸ਼ੁਰੂ ਹੋ ਗਈ। ਮਾਰਕੀਟ ਵਿਚ ਇਹ ਸ਼ਿਲਾਜੀਤ ਦੀਆਂ ਗੋਲੀਆਂ ਵਿਕਣ ਲੱਗੀਆਂ। ਤਿੰਨਾਂ ਪਿਓ ਪੁੱਤਰਾਂ ਦੇ ਚਿਹਰੇ ਤੇ ਰੋਣਕ ਪਰਤ ਆਈ। ਘਰ ਵਿਚ ਵੀ ਸ਼ਾਹੀ ਖ਼ਰਚਾ ਚੱਲਣ ਲੱਗਾ। ਗੁਰਬਚਨ ਨੂੰ ਆਪਣਾ ਪੈਸਾ ਮੁੜਨ ਦੀ ਉਮੀਦ ਹੋ ਗਈ। ਉਧਰ ਰੋਹਿਤ ਕਿਸੇ ਨਾ ਕਿਸੇ ਬਹਾਨੇ ਲਗਾਤਾਰ ਗੁਰਬਚਨ ਕੋਲੋਂ ਕੋਰੇ ਚੈਕਾਂ ਤੇ ਦਸਖਤ ਕਰਾਉਂਦਾ ਗਿਆ।
ਇਕ ਦਿਨ ਉਨ੍ਹਾਂ ਦੀ ਫੈਕਟਰੀ ਤੇ ਡਰਗ ਕੰਟਰੋਲ ਵਾਲਿਆਂ ਨੇ ਛਾਪਾ ਮਾਰਿਆਂ ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਤੁਸੀ ਮਾਲ ਮਾਰਕੀਟ ਕਰਨ ਤੋਂ ਪਹਿਲਾਂ ਉਨਾਂ ਤੋਂ ਸੈਂਪਲਾਂ ਸਾਡੇ ਕੋਲੋਂ ਪਾਸ ਕਿਉਂ ਨਹੀ ਕਰਵਾਏ। ਨਾਲ ਹੀ ਮਾਲ ਦੇ ਕੁਝ ਸੈਂਪਲ ਭਰ ਕੇ ਲੈ ਗਏ। ਦੋ ਮਹੀਨੇ ਬਾਅਦ ਰਿਪੋਰਟ ਆਈ ਕਿ ਸਾਰੇ ਸੈਂਪਲ ਫੇਲ੍ਹ ਹੋ ਗਏ ਹਨ। ਇਹ ਤਾਂ ਸਧਾਰਨ ਗੋਲੀਆਂ ਸਨ ਵਿਚ ਸ਼ਿਲਾਜੀਤ ਤਾਂ ਵਿਚ ਬਿਲਕੁਲ  ਹੀ ਨਹੀਂ ਸਨ। ਉਨ੍ਹਾਂ ਨੇ ਮਾਰਕੀਟ ਵਿਚੋਂ ਸਾਰਾ ਮਾਲ ਵਾਪਿਸ ਲੈਣ ਦਾ ਹੁਕਮ ਚਾੜ੍ਹ ਦਿੱਤਾ। ਇਧੱਰ ਸਾਰੇ ਚਿੰਤਾ ਵਿਚ ਪੈ ਗਏ।
ਡੁੱਬਦੀ ਬੇੜੀ ਵਿਚ ਕੌਣ ਸਵਾਰ ਹੁੰਦਾ ਹੈ? ਇਕ ਰਾਤ ਰੋਹਿਤ ਬਿਨਾ ਕਿਸੇ ਨੂੰ ਦੱਸੇ ਆਪਣਾ ਸਾਰਾ ਸਮਾਨ ਲੈ ਕਿ ਤਿੱਤਰ ਹੋ ਗਿਆ। ਗੁਰਬਚਨ ਇਹ ਸਦਮਾਂ ਬਰਦਾਸ਼ਤ ਨਾ ਕਰ ਸਕਿਆ। ਉਸ ਨੂੰ ਹਾਰਟ ਅਟੈਕ ਆ ਗਿਆ। ਉਸ ਨੂੰ 10 ਦਿਨ ਹਸਪਤਾਲ ਦੇ ਆਈ. ਸੀ. ਯੂ. ਵਿਚ ਰਹਿਣਾ ਪਿਆ। ਹਸਪਤਾਲ ਦਾ ਬਿੱਲ ਵੀ ਚਾਰ ਲੱਖ ਦਾ ਬਣ ਗਿਆ। ਖੋਜਬੀਨ ਕਰਨ ਤੇ ਪਤਾ ਲੱਗਾ ਕਿ ਰੋਹਿਤ ਨੂੰ ਤਾਂ ਉਸ ਦੀ ਫੈਕਟਰੀ ਵਾਲਿਆਂ ਨੇ ਹੇਰਾ ਫੇਰੀ ਦੇ ਦੋਸ਼ ਵਿਚ ਸਾਲ ਪਹਿਲਾਂ ਹੀ ਕੱਢ ਦਿੱਤਾ ਸੀ ਪਰ ਉਸ ਨੇ ਇਸ ਦੀ ਹਵਾ ਵੀ ਗੁਰਬਚਨ ਨੂੰ ਨਾ ਲੱਗਣ ਦਿੱਤੀ। ਹੁਣ ਵੀ ਉਹ ਗੁਰਬਚਨ ਕੋਲੋਂ ਧੋਖੇ ਨਾਲ ਚੈਕਾਂ ਤੇ ਦਸਤਖਤ ਕਰਵਾ ਕੇ ਪੈਸੇ ਆਪ ਹੜਪ ਜਾਂਦਾ ਸੀ।
ਮਾਲ ਸਪਲਾਈ ਕਰਨ ਵਾਲਿਆਂ ਨੇ ਆਪਣੇ ਪੈਸਿਆਂ ਲਈ ਤਕਾਜੇ ਕਰਨਾ ਸ਼ੁਰੂ ਕਰ ਦਿੱਤੇ। ਗੁਰਬਚਨ ਬੁਰੀ ਤਰ੍ਹਾਂ ਕਰਜ਼ੇ ਵਿਚ ਘਿਰ ਗਿਆ। ਕੱਚਾ ਮਾਲ ਅਤੇ ਮਸ਼ੀਨਰੀ ਬਹੁਤ ਹੀ ਘਾਟੇ ਤੇ ਵੇਚ ਕੇ ਮਸਾਂ ਸ਼ੈਡ ਦਾ ਬਾਕੀ ਦਾ ਕਿਰਾਇਆ ਅਤੇ ਵਰਕਰਾਂ ਦੀ ਤਨਖਾਹ ਹੀ ਭੁਗਤੀ। ਮਕਾਨ ਬੈਕ ਵਾਲਿਆਂ ਨੇ ਕੁਰਕ ਕਰ ਲਿਆ। ਹੁਣ ਤਿਨਾਂ ਦਾ ਟੱਬਰ ਕਿਸੇ ਦੇ ਮਕਾਨ ਵਿਚ ਇਕ ਕਮਰਾ ਕਿਰਾਏ ਤੇ ਲੈ ਕੇ ਰਹਿਣ ਲੱਗਾ। ਦੋਵੇਂ ਪਿਓ ਪੁੱਤਰ ਕਿਸੇ ਹੋਰ ਦੀ ਫੈਕਟਰੀ ਵਿਚ ਮਜ਼ਦੁਰੀ ਕਰ ਕੇ ਘਰ ਦਾ ਖਰਚਾ ਤੋਰਨ ਲੱਗੇ ਅਤੇ ਕਿਸ਼ਤਾਂ ਵਿਚ ਲਹਿਣੇਦਾਰਾਂ ਦਾ ਕਰਜ਼ਾ ਵੀ ਲਾਹੁਣ ਲੱਗੇ।
ਰੋਹਿਤ ਪਾਪਾ ਜੀ – ਪਾਪਾ ਜੀ ਕਰ ਕੇ ਸਾਲ ਭਰ ਉਨ੍ਹਾਂ ਕੋਲੋਂ ਰੋਟੀਆਂ ਵੀ ਖਾਉਂਦਾ ਰਿਹਾ ਅਤੇ ਜਾਂਦਾ ਜਾਂਦਾ ਉਨ੍ਹਾਂ ਨੂੰ ਕੰਗਾਲ ਵੀ ਕਰ ਗਿਆ। ਗੁਰਬਚਨ ਹੋਰਾਂ ਲਈ ਚਾਰ ਦਿਨ ਦੀ ਚਾਨਣੀ ਫਿਰ ਹਨੇਰੀ ਰਾਤ ਸੀ।ਉਸ ਨੂੰ ਮੁਜ਼ਫ਼ਰ ਹਾਜ਼ਮੀ ਦੀਆਂ ਲਿਖੀਆਂ ਇਹ ਲਾਈਨਾ ਯਾਦ ਆ ਰਹੀਆਂ ਸਨ-ਲਮਹੋਂ ਨੇ ਖਤਾ ਕੀ ਥੀ, ਸਦੀਓਂ ਨੇ ਸਜਾ ਪਾਈ ਹੈ।