ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਗੁਰਪੁਰਬ ਨੂੰ ਸਮਰਪਿਤ ਰਹੀ
(ਖ਼ਬਰਸਾਰ)
ਕੈਲਗਰੀ: -- ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨੇਸਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਹੋਈ। ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਸਾਰੀਆਂ ਭੈਣਾਂ ਨੂੰ ਜੀ ਆਇਆਂ ਆਖਿਆ। ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਜੀ ਨੇ ਸਭਾ ਦੀ ਮੈਂਬਰ ਇਕਬਾਲ ਕੌਰ ਜੀ ਦੇ ਜਵਾਈ ਦੀ ਬੇਵਕਤੀ ਮੌਤ ਤੇ ਸ਼ੋਕ ਮਤਾ ਪੇਸ਼ ਕੀਤਾ। ਇਸ ਤੋਂ ਬਾਅਦ ਗੁਰਨਾਮ ਕੌਰ ਨੇ ਇਸ ਮਹੀਨੇ ਦੇ ਪ੍ਰਮੁੱਖ ਦਿਹਾੜਿਆਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ, ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਬਾਬਾ ਦੀਪ ਸਿੰਘ ਦੀ ਲਾਸਾਨੀ ਸ਼ਹਾਦਤ, ਨਵੰਬਰ 84 ਵਿੱਚ ਦੇਸ਼ ਭਰ ਵਿੱਚ ਸਿੱਖਾਂ ਦੇ ਹੋਏ ਘਾਣ ਬਾਰੇ ਅਤੇ ਰਿਮੈਂਬਰਸ ਡੇ ਬਾਰੇ ਸੰਖੇਪ ਵਿਚਾਰ ਸਾਂਝੇ ਕੀਤੇ। ਬਲਵਿੰਦਰ ਕੌਰ ਬਰਾੜ ਨੇ ਕੈਨੇਡਾ ਦੀ ਆਰਮੀ ਵਲੋਂ ਲੜੇ ਸਿੱਖ ਸ਼ਹੀਦ ਬੁੱਕਮ ਸਿੰਘ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ- ਕਿ ਉਸ ਦੀ ਸਮਾਧ ਕਿਚਨਰ ਨੇੜੇ ਹੈ ਅਤੇ ਕੈਨੇਡਾ ਪੋਸਟ ਵਲੋਂ ਉਸ ਦੀ ਯਾਦ ਵਿੱਚ ਟਿੱਕਟ ਵੀ ਜਾਰੀ ਕੀਤੀ ਗਈ ਹੈ।

ਨਵੀਆਂ ਹਾਜ਼ਰ ਹੋਈਆਂ ਭੈਣਾਂ- ਬਲਵਿੰਦਰ ਕੌਰ, ਮੀਨਾ ਲਾਲੀ, ਹਰਜੀਤ ਕੌਰ ਸੰਧੂ ਅਤੇ ਮਨਦੀਪ ਕੌਰ ਸੰਘਾ ਨਾਲ ਜਾਣ ਪਛਾਣ ਕਰਵਾਈ ਗਈ।
ਯੋਗਾ ਟੀਚਰ ਰਸ਼ਪਾਲ ਕੌਰ ਨੇ ਆਤਮਿਕ ਅਤੇ ਸਰੀਰਕ ਤੰਦਰੁਸਤੀ ਲਈ ਯੋਗਾ ਨੂੰ ਜ਼ਰੂਰੀ ਦੱਸਦਿਆਂ, ਕਸਰਤਾਂ ਵੀ ਕਰਵਾਈਆਂ ਅਤੇ ਭੈਣਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਇਸ ਤੋਂ ਬਾਅਦ ਡਾਕਟਰ ਸਿੰਮੀ ਸੰਧਾਵਾਲੀਆ ਨੇ ਹੱਡੀਆਂ ਨਾਲ ਸਬੰਧਤ ਬਿਮਾਰੀਆਂ, ਵਿਸ਼ੇਸ਼ ਤੌਰ ਤੇ ਹੱਡੀਆਂ ਕਮਜ਼ੋਰ ਹੋਣ ਦੇ ਕਾਰਨ, ਨਿਸ਼ਾਨੀਆਂ, ਪਰਹੇਜ਼ ਅਤੇ ਇਲਾਜ ਬਾਰੇ ਜਾਣਕਾਰੀ ਦੇਣ ਉਪਰੰਤ, ਮੈਂਬਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਤਸੱਲੀਬਖਸ਼ ਜਵਾਬ ਵੀ ਦਿੱਤੇ। ਡਾਕਟਰ ਸਿੰਮੀ ਨੇ ਸਭਾ ਲਈ ਇਕ ਮਾਈਕ ਦਾਨ ਕਰਨ ਦਾ ਐਲਾਨ ਵੀ ਕੀਤਾ।
ਮੁਖਤਿਆਰ ਕੌਰ ਅਤੇ ਸੁਰਿੰਦਰ ਕੌਰ ਵਿਰਦੀ ਨੇ ਨਵੰਬਰ 84 ਦੇ ਹੱਡੀਂ ਹੰਢਾਏ ਦਰਦ ਨੂੰ ਬਿਆਨ ਕੀਤਾ ਕਿ ਕਿਵੇਂ ਦਿੱਲੀ ਅਤੇ ਕਾਹਨਪੁਰ ਵਿਖੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ। ਗਲਾਂ ਵਿੱਚ ਟਾਇਰ ਪਾਕੇ ਅੱਗ ਲਾ ਕੇ ਜਿਉਂਦਿਆਂ ਨੂੰ ਸਾੜਿਆ। ਉਸ ਸਮੇਂ ਦਿੱਲੀ ਦਾ ਅਸਮਾਨ ਧੂੰਏਂ ਨਾਲ ਕਾਲਾ ਹੋ ਗਿਆ ਸੀ। ਕਿਰਨ ਕਲਸੀ ਨੇ ਕਨੇਡਾ ਦੇ ਮੂਲ ਨਿਵਾਸੀਆਂ ਨੂੰ ਯਾਦ ਕਰਨ ਤੋਂ ਇਲਾਵਾ, ਚੁਰਾਸੀ ਸਮੇਂ ਹਿੰਦੂ, ਸਿੱਖ ਅਤੇ ਮੁਸਲਮਾਨ ਭਾਈਚਾਰੇ ਦੀ ਏਕਤਾ ਦੀ ਗੱਲ ਵੀ ਕੀਤੀ। ਰਜਿੰਦਰ ਕੌਰ ਚੋਹਕਾ ਨੇ, 16 ਨਵੰਬਰ ਵਾਲੇ ਦਿਨ ਕਰਤਾਰ ਸਿੰਘ ਸਰਾਭਾ ਅਤੇ ਗਦਰੀ ਸੰਗ੍ਰਾਮ ਨਾਲ ਜੁੜੀ ਬੀਬੀ ਗੁਲਾਬ ਕੌਰ ਦੀ ਕੁਰਬਾਨੀ ਬਾਰੇ ਜਾਣਕਾਰੀ ਦਿੱਤੀ ਅਤੇ ਬਾਬਾ ਨਜ਼ਮੀ ਦੀਆਂ ਕੁਝ ਸਤਰਾਂ ਵੀ ਸਾਂਝੀਆਂ ਕੀਤੀਆਂ।
ਭੈਣ ਗੁਰਤੇਜ ਕੌਰ ਸਿੱਧੂ ਜੀ ਨੇ ਲੰਮੇ ਸਮੇਂ ਦੀ ਬਿਮਾਰੀ ਤੋਂ ਬਾਦ ਹਾਜ਼ਰੀ ਭਰੀ ਅਤੇ ਭੈਣਾਂ ਦਾ ਧੰਨਵਾਦ ਕੀਤਾ। ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਕਵਿਤਾ 'ਛੇੜ ਮਰਦਾਨਿਆਂ ਰਬਾਬ' ਤਰੰਨਮ ਵਿੱਚ ਸੁਣਾ ਕੇ ਬਾਬੇ ਨਾਨਕ ਨੂੰ ਯਾਦ ਕੀਤਾ। ਸੁਰਿੰਦਰ ਕੌਰ ਸੰਧੂ, ਗੁਰਜੀਤ ਕੌਰ ਬੈਦਵਾਨ ਅਤੇ ਸਤਵਿੰਦਰ ਫਰਵਾਹਾ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਸਮਰਪਿਤ ਕਵਿਤਾਵਾਂ ਸੁਣਾਈਆਂ। ਜਸਮਿੰਦਰ ਕੌਰ ਬਰਾੜ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਸ਼ਹੀਦ ਹੋਣ ਵਾਲੇ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਬਾਰੇ ਕਵਿਤਾ ਸੁਣਾਈ। ਬਲਵੀਰ ਕੌਰ ਗਰੇਵਾਲ ਨੇ 'ਅਸੀਂ ਕਿਉਂ ਪ੍ਰਦੇਸੀ ਹੋਏ', ਗੀਤ ਸੁਣਾ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਸਰਬਜੀਤ ਉਪੱਲ ਨੇ 'ਤੇਰਾ ਸ਼ੁਕਰੀਆ' ਹਿੰਦੀ ਕਵਿਤਾ ਸੁਣਾ ਕੇ ਸਾਂਝ ਪਾਈ। ਮਨਦੀਪ ਕੌਰ ਸੰਘਾ, ਅਮਰਜੀਤ ਗਰੇਵਾਲ ਅਤੇ ਗੁਰਨਾਮ ਕੌਰ ਨੇ ਲੰਮੀਂ ਹੇਕ ਦੇ ਗੀਤ ਸੁਣਾਏ। ਅਖੀਰ ਵਿੱਚ ਬੀਬੀਆਂ ਨੇ ਬੋਲੀਆਂ ਨਾਲ ਗਿੱਧਾ ਪਾ ਕੇ, ਮਹੌਲ ਖੁਸ਼ਗਵਾਰ ਬਣਾ ਦਿੱਤਾ। ਅੰਤ ਵਿੱਚ ਬਲਵਿੰਦਰ ਕੌਰ ਬਰਾੜ ਨੇ ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਦੀ ਮੀਟਿੰਗ ਦਾ ਸਮਾਂ ਦੁਪਹਿਰ ਇੱਕ ਵਜੇ ਤੋਂ ਸ਼ਾਮ 4 ਵਜੇ ਤੱਕ ਹੋਣ ਦੀ ਸੂਚਨਾ ਵੀ ਸਾਂਝੀ ਕੀਤੀ। ਸੋ ਇਸ ਤਰ੍ਹਾਂ ਇਹ ਮੀਟਿੰਗ ਯਾਦਗਾਰੀ ਹੋ ਨਿੱਬੜੀ।
ਗੁਰਨਾਮ ਕੌਰ (ਸਕੱਤਰ)