‘ਵਡੇ ਭਾਗ ਗੁਰਸਿਖਾ ਕੇ’ ਲੋਕ ਅਰਪਣ (ਖ਼ਬਰਸਾਰ)


ਸ੍ਰੀ ਅਨੰਦਪੁਰ ਸਾਹਿਬ  --  ਸਿੱਖ ਪੰਥ ਦੀ ਮਹਾਨ ਨਿਸ਼ਕਾਮ ਸ਼ਖ਼ਸੀਅਤ ਅਤੇ ਵਿਦਵਾਨ ਗੁਰਪੁਰਵਾਸੀ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਵੱਲੋਂ ਸਮੇਂ-ਸਮੇਂ ਪੰਥ ਪ੍ਰਚਾਰ ਹਿੱਤ ਕੀਤੇ ਗਏ ਲੈਕਚਰ ਅਤੇ ਲਿਖੇ ਗਏ ਗੁਰਮਤਿ ਲੇਖਾਂ ਦੀ, ਸਿੱਖ ਵਿਦਵਾਨ ਇਕਵਾਕ ਸਿੰਘ ਪੱਟੀ ਵੱਲੋਂ ਸੰਪਾਦਿਤ ਕੀਤੀ ਗਈ ਕਿਤਾਬ ‘ਵਡੇ ਭਾਗ ਗੁਰਸਿਖਾ ਕੇ’ ਸਿੱਖ ਮਿਸ਼ਨਰੀ ਕਾਲਜ ਵਿਖੇ ਇੱਕ ਸੰਖੇਪ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਚਰਨਜੀਤ ਸਿੰਘ ਨੇ ਕਿਹਾ ਕਿ, ‘ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਆਪਣਾ ਸਾਰਾ ਜੀਵਨ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਤ ਸ਼ਖ਼ਸੀਅਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੇ ਗੁਰਮਤਿ ਵਿਖਿਆਨਾਂ ਅਤੇ ਲੇਖਾਂ ਨੂੰ ਸੰਪਾਦਿਤ ਕਰਕੇ ਸਿੱਖ ਸਾਹਿਤ ਦੀ ਝੋਲੀ ਪਾਉਣਾ ਇਕ ਬਹੁਤ ਮਿਹਨਤ ਵਾਲਾ ਵੱਡਾ ਕੰਮ ਸੀ, ਜੋ ਕਾਲਜ ਦੇ ਵਿਦਿਆਰਥੀ ਰਹੇ ਸ੍ਰ. ਇਕਵਾਕ ਸਿੰਘ ਪੱਟੀ ਨੇ ਬਾਖ਼ੂਬੀ ਕਰ ਦਿਖਾਇਆ ਹੈ ਅਤੇ ਆਪਣੇ ਗੁਰੂ/ਉਸਤਾਦ ਪ੍ਰਤੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਹੈ। ਇਸ ਕਿਤਾਬ ਤੋਂ ਪਾਠਕ, ਵਿਦਿਆਰਥੀ, ਜਗਿਆਸੂ ਅਤੇ ਸਿੱਖ ਸੰਗਤਾਂ ਵੱਧ ਤੋਂ ਵੱਧ ਲਾਹਾ ਲੈ ਸਕਦੀਆਂ ਹਨ।’ ਸ੍ਰ. ਇਕਵਾਕ ਸਿੰਘ ਪੱਟੀ ਨੇ ਇਸ ਕਿਤਾਬ ਬਾਰੇ ਦੱਸਦਿਆ ਕਿਹਾ ਕਿ, ਇਹ ਕਿਤਾਬ ਮਾਝਾ ਵਰਲਡਾਵਈਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿੱਚ ਪ੍ਰਿੰਸੀਪਲ ਸਾਹਿਬ ਜੀ ਦੇ ਚੋਣਵੇਂ ਲੈਕਚਰ ਪਹਿਲਾਂ ਸੁਣ ਕੇ, ਫਿਰ ਲਿਖੇ ਗਏ ਅਤੇ ਬਾਅਦ ਵਿੱਚ ਸੁਧਾਈ ਉਪਰੰਤ ਪ੍ਰਕਾਸ਼ਿਤ ਕੀਤੇ ਗਏ। ਇਸ ਦੇ ਨਾਲ ਪ੍ਰਿੰਸੀਪਲ ਸਾਹਿਬ ਵੱਲੋਂ ਲਿਖਤ ਵੱਖ-ਵੱਖ ਗੁਰਮਤਿ ਲੇਖਾਂ ਨੂੰ ਇਕੱਤਰ ਕਰ ਕੇ ਇਸ ਕਿਤਾਬ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਉਹਨਾਂ ਵੱਲੋਂ ਲਿਖਤ ਧਾਰਮਿਕ ਵਸੀਅਤ ਵੀ ਇਸ ਕਿਤਾਬ ਦੇ ਆਖ਼ਿਰ ਵਿੱਚ ਦਿੱਤੀ ਗਈ ਹੈ।ਇਸ ਕਿਤਾਬ ਨੂੰ ਤਿਆਰ ਕਰਨ ਵਿੱਚ ਕੁੱਲ ਤਿੰਨ ਸਾਲ ਦਾ ਸਮਾਂ ਲੱਗਿਆ।’ ਸਿੱਖ ਮਿਸ਼ਨਰੀ ਕਾਲਜ ਦੇ ਮੈਂਬਰ ਸ੍ਰ. ਰਾਜਾ ਸਿੰਘ, ਸ੍ਰ. ਜਗਮੋਹਨ ਸਿੰਘ ਹੁਰਾਂ ਅਤੇ ਹੋਰ ਕਾਲਜ ਪ੍ਰਬੰਧਕੀ ਕਮੇਟੀ ਵੱਲੋਂ ਇਸ ਮੌਕੇ ਸ੍ਰ. ਇਕਵਾਕ ਸਿੰਘ ਪੱਟੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।


ਇਸ ਮੌਕੇ ਪ੍ਰਿੰਸੀਪਲ ਸਾਹਿਬ ਜੀ ਦੀ ਜੀਵਨ ਸਾਥਣ ਸ੍ਰੀ ਮਤੀ ਭੁਪਿੰਦਰ ਕੌਰ, ਸ੍ਰ. ਚਰਨਪ੍ਰੀਤ ਸਿੰਘ, ਇੰਦਰਪ੍ਰੀਤ ਕੌਰ, ਪਵਿੱਤਰਜੀਤ ਸਿੰਘ, ਮੁਕਤਜੀਤ ਸਿੰਘ, ਜ਼ੋਰਾਵਰ ਸਿੰਘ, ਸੁਪਰਡੈਂਟ ਅਕਬਾਲ ਸਿੰਘ, ਸ੍ਰ. ਅਪਾਰ ਸਿੰਘ ਅਤੇ ਹੋਰ ਸਤਿਕਾਰਤ ਸ਼ਖ਼ਸੀਅਤਾਂ ਦੇ ਨਾਲ ਸਮੂਹ ਵਿਦਿਆਰਥੀਆਂ ਹਾਜ਼ਰ ਸਨ।