ਲੁਧਿਆਣਾ :-- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਸੰਗੀਤ ਨਾਟਕ ਅਕਾਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ ‘ਪੁਸਤਕ ਮੇਲਾ ਅਤੇ ਸਾਹਿਤ ਉਤਸਵ-2025’ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸਰਦਾਰਾ ਸਿੰਘ ਜੌਹਲ ਨੇ ਇਸ ਮੇਲੇ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਡਾ. ਸਰਦਾਰਾ ਸਿੰਘ ਜੌਹਲ ਨੇ ਦਲਵੀਰ ਸਿੰਘ ਲੁਧਿਆਣਵੀ ਦਾ ਨਾਵਲ ‘ਜੁਝਾਰੂ’ ਲੋਕ ਅਰਪਣ ਕਰਦਿਆਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਹਰ ਕਿਤਾਬ ਵਿਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਜੁਝਾਰੂ ਨਾਵਲ ਵਿਚਲਾ ਹਰੇਕ ਪਾਤਰ ਜ਼ਿੰਦਗੀ ਨੂੰ ਚੰਗੇਰਾ ਤੇ ਸੇਧਿਤ ਬਣਾਉਣ ਪ੍ਰਤੀ ਸੰਘਰਸ਼ਸ਼ੀਲ ਹੈ, ਇਹੋ ਜਿਹੇ ਨਾਵਲ ਹੀ ਲਾਇਬਰੇਰੀਆਂ ਦਾ ਸ਼ਿੰਗਾਰ ਬਣਦੇ ਹਨ।
ਇਸ ਮੌਕੇ ‘ਤੇ ਪ੍ਰਧਾਨਗੀ ਮੰਡਲ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਪ੍ਰੋ. ਰਵਿੰਦਰ ਭੱਠਲ, ਡਾ. ਸੁਖਦੇਵ ਸਿੰਘ ਸਿਰਸਾ, ਸੁਵਰਨ ਸਿੰਘ ਵਿਰਕ, ਹਰਦੇਵ ਵਿਰਕ ਐਡੰਿਮੰਟਨ, ਡਾ. ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਜੰਗ ਬਹਾਦਰ ਗੋਇਲ ਅਤੇ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਿਲ ਸਨ।
ਸ੍ਰੀ ਜੰਗ ਬਹਾਦਰ ਗੋਇਲ (ਸਾਬਕਾ ਆਈ ਏ ਐਸ) ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਸੀ ਕਿ ਕਿਤਾਬ ਖੋਲ੍ਹਦਿਆਂ ਹੀ ਪਾਠਕ ਹੋਰ ਸੰਸਾਰ ਵਿਚ ਪਹੁੰਚ ਜਾਂਦਾ ਹੈ। ਜੁਝਾਰੂ ਨਾਵਲ ਕਰਮਸ਼ੀਲ ਬੱਚਿਆਂ ਦੀ ਗਾਥਾ ਹੈ।ਇਸ ਵਿਚ ਯਤੀਮ, ਅਪਾਹਿਜ ਅਤੇ ਗਰੀਬ ਬੱਚੇ ਸਖ਼ਤ ਮਿਹਨਤ ਕਰਦੇ ਹੋਏ ਉੱਚੀਆਂ ਮੰਜ਼ਿਲਾਂ ਪਾਉਂਦੇ ਹਨ, ਸਮਾਜਿਕ ਕੁਰੀਤੀਆਂ ਦੀ ਥੇਹ ‘ਤੇ ਗਿਆਨ ਦਾ ਦੀਵਾ ਬਾਲਦੇ ਹਨ, ਜੋ ਨਿੱਗਰ ਸਮਾਜ ਦੀ ਸਿਰਜਣਾ ਵੱਲ ਅਗਾਂਹਵਧੂ ਕਦਮ ਹੈ।
ਪੰਜਾਬੀ ਸਾਹਿਤ ਅਕਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਜੁਝਾਰੂ ਨਾਵਲ ‘ਤੇ ਵਿਚਾਰ ਰੱਖਦਿਆਂ ਕਿਹਾ ਕਿ ਇਹ ਨਾਵਲ ਨਵੀਂ ਪੀੜ੍ਹੀ ਦੇ ਰਾਹਾਂ ਵਿਚ ਸੁਚੇਤਤਾ ਦੇ ਬੀਜ ਬੀਜਦਾ ਹੋਇਆ ਜੀਵਨ-ਪੱਧਰ ਨੂੰ ਉਚਿਆਉਂਦਾ ਹੈ, ਨਾਵਲਕਾਰ ਵਧਾਈ ਦਾ ਪਾਤਰ ਹੈ।
ਡਾ. ਗੁਲਜ਼ਾਰ ਸਿੰਘ ਪਧੇਰ ਨੇ ਜਾਝਾਰੂ ਨਾਵਲ ‘ਤੇ ਵਿਚਾਰ ਰੱਖਦਿਆਂ ਕਿਹਾ ਕਿ ਗਿਆਨਮਈ ਤੇ ਸਮਾਜ ਸੁਧਾਰਕ ਆਸ਼ੇ ਵਾਲਾ ਇਹ ਨਾਵਲ ਪਾਠਕਾਂ ਨੂੰ ਮਾਨਵਵਾਦੀ ਹੋਣ ਦੀ ਪ੍ਰੇਰਣਾ ਦਿੰਦਾ ਹੈ।
ਤ੍ਰੈਲੋਚਨ ਲੋਚੀ ਨੇ ਕਿਹਾ ਕਿ ਕਿਤਾਬਾਂ ਹੀ ਮਨੁੱਖ ਦੀਆਂ ਅਸਲੀ ਦੋਸਤ ਹਨ। ਜੁਝਾਰੂ ਨਾਵਲ ਤਾਜ਼ੇ ਖਿੜੇ ਗੁਲਾਬ ਵਾਂਗਰ ਹੈ, ਜਿਸ ਨੂੰ ਪਾਠਕ ਵਾਰ-ਵਾਰ ਪੜ੍ਹਨਗੇ, ਮੇਰੀ ਇਹੋ ਹੀ ਆਰਜੂ ਹੈ।
ਡਾ. ਸੁਖਦੇਵ ਸਿੰਘ ਸਿਰਸਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਸੀ ਕਿ ਜੁਝਾਰੂ ਨਾਵਲ ਵਿਚ ਗਿੰਨੀ ਦੇ ਪਰਿਵਾਰ ਵੱਲੋਂ ਰੂਲਦੁ ਜਿਹੇ ਯਤੀਮ ਬੱਚੇ ਨੂੰ ਵਿੱਦਿਆਂ ਦਾ ਦਾਨ ਦੇਣਾ ਤੇ ਆਪਣੇ ਬੱਚਿਆਂ ਵਾਂਗਰ ਪਾਲਣਾ, ‘ਮਾਨਸ ਕੀ ਜਾਤ ਸਭਹਿ ਏਕ ਹੀ ਪਹਿਚਾਨਬੋ’ ’ਤੇ ਖਰਾ ਉਤਰਦਾ ਹੈ।
ਦਲਵੀਰ ਸਿੰਘ ਲੁਧਿਆਣਵੀ ਨੇ ਦਿਲ ਦੀਆਂ ਗਹਿਰਾਈਆਂ ਤੋਂ ਸਭ ਦਾ ਧੰਨਵਾਦ ਕਰਦਿਆਂ ਹੋਇਆ ਜੁਝਾਰੂ ਨਾਵਲ ‘ਤੇ ਆਪਣੇ ਵਿਚਾਰ ਵੀ ਰੱਖੇ।
ਇਸ ਮੌਕੇ ‘ਤੇ ਪੰਜਾਬੀ ਦੇ ਪ੍ਰਕਾਸ਼ਕ, ਪੁਸਤਕ ਵਿਕਰੇਤਾ ਤੋਂ ਇਲਾਵਾ ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਕੈਲੇ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਜਨਮੇਜਾ ਸਿੰਘ ਜੌਹਲ, ਅਮਰੀਕ ਤਲਵੰਡੀ, ਇੰਦਰਜੀਤਪਾਲ ਕੌਰ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ, ਜਸਪ੍ਰੀਤ ਕੌਰ, ਮਨਦੀਪ ਕੌਰ, ਨੀਲਮ ਗੋਇਲ, ਗੁਰਮੇਜ ਭੱਟੀ, ਮਲਕੀਅਤ ਸਿੰਘ ਔਲਖ, ਰਵੀ ਰਵਿੰਦਰ, ਮੀਤ ਅਨਮੋਲ, ਡਾ, ਗੁਰਪ੍ਰੀਤ ਰਤਨ, ਮੀਨਾ ਖੁਰਾਨਾ, ਬਲਜਿੰਦਰ ਕੌਰ, ਮਨਪ੍ਰੀਤ ਕੌਰ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਨਵਤੇਜ ਗੜਦੀਵਾਲ, ਕੇਵਲ ਕਲੋਟੀ, ਗੁਰਸੇਵਕ ਸਿੰਘ ਢਿੱਲੋਂ, ਕੇ. ਸਾਧੂ ਸਿੰਘ, ਅਮਰਜੀਤ ਸ਼ੇਰਪੁਰੀ, ਅਮਰਿੰਦਰ ਸੋਹਲ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਿਰ ਸਨ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕੀਤਾ।
ਡਾ. ਗੁਲਜ਼ਾਰ ਸਿੰਘ ਪੰਧੇਰ