ਭੂਪਿੰਦਰ ਦੁਲੇ ਪ੍ਰਸਿੱਧ ਗ਼ਜ਼ਲਗੋ ਡਾ. ਰਣਧੀਰ ਸਿੰਘ ਚੰਦ ਦਾ ਫ਼ਰਜ਼ੰਦ ਹੈ। ਪੰਜਾਬੀ ਅਤੇ ਸੰਗੀਤ ਦੀ ਐਮ. ਏ. ਹੈ। ਬਹੁਤ ਸਾਲਾਂ ਤੋਂ ਕਨੇਡਾ ਰਹਿ ਰਿਹਾ ਹੈ। ਕਈ ਸਾਲ ਰੇਡੀਓ ਟੀ. ਵੀ. ਹੋਸਟ ਵੀ ਰਹਿ ਚੁੱਕਾ ਹੈ। ਇਸ ਕੰਮ ਨਾਲ ਰੋਟੀ ਤਾਂ ਤੁਰਦੀ ਹੈ ਜੇ ਸਪੌਂਸਰ ਲੱਭ ਕੇ ਮਾਇਆ ਇਕੱਠੀ ਕਰਨੀ ਵੀ ਆਉਂਦੀ ਹੋਵੇ। ਉਹ ਇਕ ਵੱਖਰੇ ਟਰੇਡ ਵਿੱਚ ਆ ਕੇ ਆਪਣਾ ਘਰ ਚਲਾਉਂਦਾ ਹੈ ਪਰ ਸਾਹਿਤ ਦੀ ਪੂਰੀ ਮੱਸ ਰੱਖਦਾ ਹੈ। ਉਹ ਪੰਜਾਬੀ ਗ਼ਜ਼ਲ ਮਿੱਥ ਕੇ ਲਿਖਦਾ ਅਤੇ ਵਧੀਆ ਲਿਖਦਾ ਹੈ। ਬੰਦ ਬੰਦ ਉਸਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ। ਜਿਸਦੇ ਦੂਸਰੇ ਐਡੀਸ਼ਨ ਵਿੱਚ ਦਰਜ ਗ਼ਜ਼ਲਾਂ ਦੇ ਅਧਾਰ ਤੇ ਗੱਲ ਕੀਤੀ ਜਾ ਰਹੀ ਹੈ। ਉਹ ਗ਼ਜ਼ਲ ਕਲਾ ਦੀਆਂ ਬਰੀਕੀਆਂ ਤੋਂ ਬਾਖ਼ੂਬੀ ਵਾਕਫ਼ ਹੈ। ਇਹ ਸਮਝ ਉਸਨੂੰ ਆਪਣੇ ਪਿਤਾ ਡਾ. ਰਣਧੀਰ ਸਿੰਘ ਚੰਦ ਤੋਂ ਵਿਰਸੇ ਵਿੱਚ ਮਿਲੀ ਹੈ ਅਤੇ ਉਸਨੇ ਮਿਹਨਤ ਵੀ ਬਹੁਤ ਕੀਤੀ ਹੈ। ਉਸਦੀ ਕਾਵਿਕ ਸਿਰਜਣਾਤਮਕ ਪਹੁੰਚ ਬੜੀ ਉੱਚੀ ਹੈ। ਉਸਦੀ ਸ਼ਾਇਰੀ ਦੀ ਉੱਚੀ ਉਡਾਰੀ ਉਸਨੂੰ ਸਦਾ ਸਰੋਤਿਆਂ ਪਾਠਕਾਂ ਦੀ ਸਿਮਰਤੀ ਵਿੱਚ ਰੱਖੇਗੀ।
ਬ੍ਰਹਿਮੰਡ ਨੂੰ ਜੋ ਸਿਰਜੇ, ਪੁਸਤਕ ‘ਚ ਬੰਦ ਹੋ ਜਾ
ਤੈਨੂੰ ਹਰ ਘੜੀ ਪੜ੍ਹਾਂ ਮੈਂ, ਤੂੰ ਇਲਾਹੀ ਛੰਦ ਹੋ ਜਾ
ਇਹ ਮਹਿਲ , ਇਹ ਮੁਨਾਰੇ, ਤੇਰੇ ਪੈਰੀਂ ਡਿੱਗਣੇ ਸਾਰੇ
ਜਾਂ ਚਰਖੜੀ ‘ਤੇ ਚੜ੍ਹ ਜਾਹ, ਜਾ ਬੰਦ ਬੰਦ ਹੋ ਜਾ ਪੰਨਾ 10
ਆਪੋ ਆਪਣੀ ਪਹੁੰਚ, ਆਪੋ ਆਪਣਾ ਮੁਕਾਮ
ਮਰਨ ਪਿਛੋਂ ਵੀ ਸ਼ਾਇਰ ਤਾਂ ਜੀਵਤ ਰਹੇ ਪੰਨਾ 17
ਵੇਦ ਗ੍ਰੰਥ ਗੀਤਾ ਕੁਰਾਨ ਸਭ ਸ਼ਾਇਰੀ ਵਿੱਚ ਰਚਿਤ ਹਨ ਜਿੰਨਾਂ ਦੀ ਪੂਜਾ ਹੁੰਦੀ ਹੈ। ਇਸ ਲਈ ਕਾਵਿਕ ਅੰਦਾਜ਼ ਅਲੱਗ ਹੋਵੇ ਅਤੇ ਨਵੀਂ ਕਾਵਿ ਭਾਸ਼ਾ ਸਿਰਜ ਕੇ ਕਵੀ ਆਪਣੀ ਗੱਲ ਕਹੇ ਤਾਂ ਸਾਲਾਂ ਤੱਕ ਜੀਵਤ ਰਹਿ ਸਕਦਾ ਹੈ। ਉੱਚੀ ਕਾਵਿਕ ਉਡਾਰੀ ਗਹਿਰ ਗੰਭੀਰ ਅਧਿਐਨ ਮੰਗਦੀ ਹੈ। ਸ਼ਾਇਰੀ ਸਾਧਨਾ ਮੰਗਦੀ ਹੈ ਤਾਂ ਹੀ ਇਬਾਦਤ ਦੇ ਯੋਗ ਬਣਦੀ ਹੈ।
ਚੰਦ ਸੂਰਜ ਗਗਨ ਧਰਤ ਸਾਗਰ ਪਵਨ
ਅਜਲ ਤੋਂ ਸ਼ਾਇਰੀ ਦੀ ਇਬਾਦਤ ਰਹੇ ਪੰਨਾ 17
ਪਰ ਕੋਈ ਵੀ ਕਾਵਿ ਰਚਨਾ ਇਬਾਦਤ ਤਾਂ ਹੀ ਬਣ ਸਕਦੀ ਹੈ ਜੇ ਸ਼ਾਇਰ ਦੀ ਸੋਚ ਉੱਚੀ ਸੁੱਚੀ ਤੇ ਇਮਾਨਦਾਰੀ ਹੋਵੇ। ਚੰਚਲਤਾ ਤੇ ਲੱਚਰ ਸੋਚ ਤੋਂ ਦੂਰ ਰਹੇ। ਐਸੇ ਸਿੱਖਿਆ ਦਾਇਕ ਭਾਵ ਵੀ ਉਹ ਸੰਜੀਦਾ ਸ਼ਬਦਾਂ ਨਾਲ ਪੇਸ਼ ਨਾਲ ਕਰਦਾ ਹੈ। ਉਸਦਾ ਮੰਨਣਾ ਹੈ ਕਿ ਗ਼ਜ਼ਲਗੋ ਇਕੱਲਾ ਅਰੂਜ਼ ਦਾ ਹੀ ਪੱਕਾ ਨਾ ਹੋਵੇ ਉਸਦਾ ਸੰਵੇਦਨਾਸ਼ੀਲ ਹੋਣਾ ਵੀ ਬਹੁਤ ਜ਼ਰੂਰੀ ਹੈ। ਤੁਕਬੰਦੀ ਤਾਂ ਹਰ ਕੋਈ ਕਰੀ ਜਾ ਰਿਹਾ ਹੈ। ਐਸੇ ਸ਼ਿਅਰ ਦਿਲ ਨੂੰ ਧੂਹ ਨਹੀਂ ਪਾਉਂਦੇ । ਗ਼ਜ਼ਲ ਆਪਣੇ ਖੂਨ ਵਿੱਚ ਡਬੋ ਕਿ ਲਿਖਣੀ ਪੈਂਦੀ ਹੈ। ਮਿਰਜ਼ਾ ਗਾਲਿਬ ਦਾ ਇਕ ਸ਼ਿਅਰ ਹੈ, “ ਰਗੋਂ ਮੇਂ ਦੌੜਦੇ ਫਿਰਨੇ ਕੇ ਹਮ ਨਹੀਂ ਕਾਇਲ, ਜਬ ਆਂਖ ਸੇ ਹੀ ਨਾ ਟਪਕਾ ਵੋ ਲਹੂ ਕਿਆ ਹੈ।” ਐਸੀ ਗ਼ਜ਼ਲ ਸਦੀਆਂ ਤੱਕ ਯਾਦ ਰੱਖੀ ਜਾਂਦੀ ਹੈ।
ਚੰਚਲ ਜਿਹੇ ਚਾਵਾਂ ਤੋਂ, ਦਿਲ ਦੇ ਸਹਿਰਾਵਾਂ ਤੋਂ
ਚੰਗਾ ਹੋਵੇ ਜੇਕਰ ਬਸ ਦੂਰ ਰਹੇ ਦਾਨਿਸ਼ ਪੰਨਾ 39
ਚੀਖ ਨੂੰ ਜੁ ਬਹਿਰ ਅੰਦਰ ਬੰਨ੍ਹ ਸਕੇਂ ਤਾਂ ਬੰਨ ਫਿਰ
ਗੂੰਗਿਆਂ ਹੋਠਾਂ ਦੇ ਅੱਖਰ, ਲਿਖ ਸਕੇਂ ਤਾਂ ਲਿਖ ਕਦੀ
ਤੂੰ ਅਰੂਜ਼ੀ ਵੀ, ਰਦੀਫ਼ੀ ਵੀ, ਮਗਰ ਤੁਕਬੰਦ ਕਿਉਂ
ਦਰਦ ਜੀਵਨ ਦਾ ਰਤਾ ਭਰ, ਲਿਖ ਸਕੇਂ ਤਾਂ ਲਿਖ ਕਦੀ ਪੰਨਾ 103
ਮਸ਼ਾਲਾਂ ਵਾਂਗ ਬਲਣਾ ਦੀਵਿਆਂ ਦੀ ਲਾਟ ਥੀਂ ਲੰਘਣਾ
ਮਿਲੇਗਾ ਨੂਰ ਜੋ ਗ਼ਜ਼ਲਾਂ ‘ਚ ਭਰ-ਭਰ ਲਿਖਦਿਆਂ ਰਹਿਣਾ ਪੰਨਾ 21
ਉਸਦੀ ਕਾਵਿ ਪੁਸਤਕ ਦਾ ਨਾਮ ਹੈ “ ਬੰਦ ਬੰਦ ” । ਬੰਦ ਇਕ ਬਹੁ ਅਰਥੀ ਸ਼ਬਦ ਹੈ ਜਿਵੇਂ ਔਰਤਾਂ ਦੀਆਂ ਬਾਂਹਵਾਂ ਵਿੱਚ ਪਾਉਣ ਵਾਲਾ ਡੇਢ ਕੁ ਇੰਚ ਚੌੜਾ ਬਣਿਆ ਕੜੇ ਵਰਗਾ ਇਕ ਗਹਿਣਾ ਜਿਸਨੂੰ ਬਾਜੂਬੰਦ ਵੀ ਆਖਦੇ ਹਨ। ਬੰਦ ਦਾ ਅਰਥ ਬੰਨਿਆਂ, ਢੱਕਿਆ, ਭੀੜਿਆਂ, ਢੋਇਆ, ਮੀਟਿਆ, ਜਿਸਨੂੰ ਖੋਲਣਾ ਪਵੇ, ਰੁਕਾਵਟ ਜਿਵੇਂ ਅੱਜ ਪੰਜਾਬ ਬੰਦ ਹੈ, ਵਰਜਣਾ ਆਦਿ ਇਸ ਦੇ ਸ਼ਾਬਦਿਕ ਅਰਥ ਹੋ ਸਕਦੇ ਹਨ। ਉਸ ਨੇ ਆਪਣੇ ਸ਼ਿਅਰਾਂ ਨੂੰ ਇਸ ਤਰਾਂ ਬੰਨਿਆਂ ਹੈ ਕਿ ਉਹਨਾਂ ਨੂੰ ਖੋਲਣ ਤੇ ਬਹੁ-ਪਰਤੀ ਅਰਥ ਸਾਹਮਣੇ ਖੁੱਲਣ ਲੱਗਦੇ ਹਨ। ਉਸ ਨੇ ਆਪਣੀਆਂ ਗ਼ਜ਼ਲਾਂ ਵਿੱਚ ਇਕੋ ਹੀ ਸ਼ਬਦ ਨੂੰ ਦੋ ਵਾਰ ਲੈ ਕੇ ਕਾਫ਼ੀਆ ਬੰਨਿਆਂ ਹੈ ਜਿਵੇਂ :
ਏਸ ਦਰਿਆ ਦੀ ਇਹ ਜੋ ਹੈ ਕਲ ਕਲ
ਦਿਲ ਦੇ ਸਹਿਰਾ ਨੂੰ ਲੰਘਦੀ ਹੈ ਛਲ ਛਲ ਪੰਨਾ 29
ਮੈਨੂੰ ਮਿਲੀ ਹੈ ਨਿਅਮਤ, ਏਨੀ ਹੁਸੀਨ ਕੁਦਰਤ
ਚਾਹਾਂ ਦੀਦਾਰ ਕਰਨਾ, ਮੈਂ ਮੰਗ ਮੰਗ ਤੇਰਾ ਪੰਨਾ 41
ਕੁਦਰਤ ਸਦੀਆਂ ਸ਼ਾਇਰਾਂ ਨੂੰ ਆਪਣੇ ਮਨਮੋਹਕ ਰੂਪ, ਰੰਗ ਅਤੇ ਸੁਹੱਪਣ ਨਾਲ ਆਪਣੇ ਨਾਲ ਜੋੜਦੀ ਰਹੀ ਹੈ। ਗੁਰਬਾਣੀ ਵਿੱਚ ਵੀ ਕੁਦਰਤ ਦਾ ਭਰਪੂਰ ਵਰਨਣ ਹੈ। ਵਿਲੀਅਮ ਵਰਡਜ਼ਵਰਥ ਅਤੇ ਭਾਈ ਵੀਰ ਸਿੰਘ ਤੋਂ ਲੈ ਕੇ ਅੱਜ ਤੱਕ ਹਰ ਕਵੀ ਨੇ ਕੁਦਰਤ ਬਾਰੇ ਕਿਸੇ ਨਾ ਕਿਸੇ ਰੂਪ ਵਿੱਚ ਕਾਵਿਕ ਰਚਨਾ ਕੀਤੀ ਹੈ। ਭੂਪਿੰਦਰ ਨੇ ਵੀ ਇਸ ਵਿਸ਼ੇ ਤੇ ਆਪਣੀ ਕਲਮ ਅਜ਼ਮਾਈ ਕੀਤੀ ਹੈ:
ਇਹ ਕਿਸ ਨੇ ਆਗਂਣ ‘ਚ ਪੈਰ ਧਰਿਆ, ਚੁਫੇਰ ਚਾਨਣ ਦੇ ਨਾਲ ਭਰਿਆ,
ਗ਼ਜ਼ਲ ਫ਼ਿਜ਼ਾ ਬਰੂਹੀਂ ਤਰੇਲ ਚੋਵੇ, ਬਹਾਰ ਕਰਦੀ ਸ਼ਗਨ ਹੈ ਤਾਂ ਹੀ ਪੰਨਾ 18
ਰਿਸ਼ਤੇ ਨਾਤੇ ਸਾਡੇ ਸਮਾਜ ਅਤੇ ਪਰਿਵਾਰ ਵਿੱਚ ਵਿਚਰਨ ਲਈ ਮਹੱਤਵਪੂਰਨ ਹਿੱਸਾ ਹਨ। ਕਿਸੇ ਵੀ ਸ਼ਾਇਰ ਦੇ ਜੀਵਨ ਦਾ ਸਮਤੋਲ ਰਿਸ਼ਤਿਆਂ ਦੀ ਮੌਜੂਦਗੀ ਨਾਲ ਬਣਦਾ ਹੈ। ਜੇ ਕਿਸੇ ਵੀ ਸਨਬੰਧ ਖਾਸ ਤੌਰ ਤੇ ਪਿਆਰ ਵਾਲੇ ਰਿਸ਼ਤੇ ਵਿੱਚ ਵਿਗਾੜ ਪੈ ਜਾਵੇ ਤਾਂ ਸ਼ਾਇਰ ਦੀ ਜ਼ਿੰਦਗੀ ਦੇ ਨਾਲ ਉਸਦੀ ਸ਼ਾਇਰੀ ਵੀ ਪ੍ਰਭਾਵਿਤ ਹੁੰਦੀ ਹੈ। ਭੁਪਿੰਦਰ ਨੇ ਮਾਂ, ਦਾਦੀ, ਪਿਤਾ, ਪੁੱਤਰ ਅਤੇ ਖਾਸ ਤੌਰ ਤੇ ਧੀਆਂ ਨਾਲ ਵੀ ਸੰਵਾਦ ਪੈਦਾ ਕੀਤਾ ਅਤੇ ਖ਼ੂਬਸੂਰਤ ਸ਼ਿਅਰ ਕਹੇ ਹਨ:
ਨਿੱਘ ਦੀ ਥਾਂ ਸੇਕ ਹੀ ਮਿਲਿਆ ਸਦਾ ਮਮਤਾ ਨੂੰ ਪਰ
ਮੰਗਦੀ ਮਾਂ ਹੈ ਦੁਆਵਾਂ ਹਰ ਘਰੇ ਦੀਵੇ ਲਈ ਪੰਨਾ 20
ਚੁੱਪ ਹੈ ਸੁਰਤਾਲ, ਗੁੰਮ ਹੈ ਰੋਸ਼ਨੀ ਦਾ ਗ਼ਜ਼ਲਗੋ
ਭਾਲਦੇ ਫਿਰਦੇ ਨੇ ਮੈਨੂੰ ਉਹ ਦਿਨੇ ਦੀਵੇ ਲਈ
ਭੂ ਹੇਰਵਾ ਉਸ ਦੀ ਸ਼ਾਇਰੀ ਵਿੱਚ ਸਾਫ਼ ਝਲਕਦਾ ਹੈ। ਹਾਲਾਂਕਿ ਕਨੇਡਾ ਰਹਿੰਦਿਆਂ ਉਸ ਨੂੰ ਤਿੰਨ ਦਹਾਕੇ ਹੋ ਗਏ ਹਨ। ਪਿੰਡ ਦੀ ਸੱਥ, ਯਾਰਾਂ ਦੀ ਢਾਣੀ, ਤ੍ਰਿੰਜਣ ਦੀ ਰੌਣਕ, ਵਿਆਹਵਾਂ ਦੇ ਚਾਅ, ਮਲ੍ਹਾਰ ਤੇ ਸ਼ਗਨ ਉਸਦੇ ਚੇਤਿਆਂ ਵਿੱਚ ਵੱਸੇ ਹੋਏ ਹਨ। ਉਹ ਸਾਲ ਦੋ ਸਾਲ ਪਿੰਡ ਗੇੜਾ ਵੀ ਮਾਰ ਆਉਂਦਾ ਹੈ। ਇਹ ਉਸਦਾ ਆਪਣੇ ਜੰਮਣ ਭੋਂਹ ਪ੍ਰਤੀ ਗਹਿਰਾ ਮੋਹ ਹੈ।
ਸੱਥ ਨਾ ਢਾਣੀ ਤ੍ਰਿੰਝਣ ਨਾ ਸ਼ਗਨ
ਕਿੰਨਾ ਸੁੰਨਾ ਹੋ ਗਿਆ ਪਰਬਾਤਪੁਰ
ਤਾਰਿਆਂ ਦੀ ਰਾਤ ਨਾ ਦਾਦੀ ਦੀ ਗੋਦ
ਬਾਤ ਵਿਚੇ ਛੱਡ ਗਈ ਗੁਰਬਚਨ ਕੁਰ ਪੰਨਾ 40
ਪੰਕਜ ਉਦਾਸ ਦਾ ਗਾਇਆ ਤੇ ਅਨੰਦ ਬਖਸ਼ੀ ਦਾ ਲਿਖਿਆ ਗੀਤ ‘ਚਿੱਠੀ ਆਈ ਹੈ’ ਨੇ ਉਸਨੂੰ ਵੱਡਾ ਗਾਇਕ ਬਣਾ ਦਿੱਤਾ ਸੀ। ਡਾ. ਸੁਰਜੀਤ ਪਾਤਰ ਦੀ ਗ਼ਜ਼ਲ” ਖ਼ਤਾਂ ਦੀ ਉਡੀਕ’ ਅਭੁੱਲ ਰਚਨਾ ਹੈ। ਖ਼ਤ ਪੱਤਰ ਲਿਖਣ ਦਾ ਇਕ ਆਪਣਾ ਦੌਰ ਹੁੰਦਾ ਸੀ। ਉਸਦੀ ਵੱਖਰੀ ਮਹਾਨਤਾ ਤੇ ਵਿਸ਼ੇਸ਼ਤਾ ਰਹੀ ਹੈ। ਜਵਾਹਰ ਲਾਲ ਨਹਿਰੂ ਜੀ ਨੇ ਵੀ ਇੰਦਰਾ ਗਾਂਧੀ ਨੂੰ ਖ਼ਤ ਲਿਖੇ ਜੋ ਬਾਅਦ ਵਿੱਚ ਇਕ ਪੁਸਤਕ ਰੂਪ ਵਿੱਚ ਮਿਲਦੇ ਹਨ,“ ਲੈਟਰਜ਼ ਫਰਾਮ ਏ ਫਾਦਰ ਟੂ ਹਿਜ ਡਾਟਰ – ਇਕ ਪਿਤਾ ਤੋਂ ਉਸਦੀ ਧੀ ਨੂੰ ਚਿੱਠੀਆਂ’। ਕਈ ਪੰਜਾਬੀ ਹਿੰਦੀ ,ਉਰਦੂ ਅਤੇ ਅੰਗਰੇਜ਼ੀ ਦੇ ਲੇਖਕਾਂ ਨੇ ਖ਼ਤ ਲਿਖਣ ਦੀ ਵਿਧੀ ਰਾਹੀਂ ਆਪਣੇ ਨਾਵਲ ਜਾਂ ਜੀਵਨ ਕਥਾਵਾਂ ਲਿਖੀਆਂ ਹਨ ਜੋ ਬਹੁਤ ਪ੍ਰਭਾਵਸ਼ਾਲੀ ਮੰਨੀਆਂ ਜਾਂਦੀਆਂ ਹਨ। ਖ਼ਤ ਲਿਖਣਾ, ਪਾਉਣਾ, ਡਾਕੀਏ ਨੂੰ ਉਡੀਕਣਾ, ਖ਼ਤ ਪੜ੍ਹਨਾ ਤੇ ਵਾਰ ਵਾਰ ਪੜ੍ਹਨਾ ਸਾਡੇ ਸਮਾਜ ਦਾ ਇਕ ਮਹੱਤਵ ਪੂਰਣ ਇਤਿਹਾਸਕ ਅੰਗ ਰਿਹਾ ਹੈ। ਇਸ ਪ੍ਰਕ੍ਰਿਆ ਵਿੱਚ ਲੋਕ ਨਾ ਸਿਰਫ ਖ਼ਤ ਪੜ੍ਹਦੇ ਸਨ ਬਲਕਿ ਲਿਖਣ ਵਾਲੇ ਦਾ ਚਿਹਰਾ ਮੁਹਰਾ ਵੀ ਆਪਣੀ ਕਲਪਨਾ ਵਿੱਚ ਨਿਹਾਰਦੇ ਸਨ :
ਤੁਹਾਡੇ ਹਰਫ ਉਹ ਚੁੰਮਣਗੀਆਂ ਹਿੱਕਾਂ ਨੂੰ ਲਾ ਲਾ ਕੇ
ਕਦੇ ਫੁਰਸਤ ਮਿਲੇ ਤਾਂ ਰੋਂਦੀਆਂ ਮਾਵਾਂ ਨੂੰ ਖ਼ਤ ਲਿਖਣਾ ਪੰਨਾ 97
ਉਹਨਾਂ ਦੇ ਪਿਤਾ ਡਾ. ਰਣਧੀਰ ਸਿੰਘ ਚੰਦ ਹੋਰਾਂ ਦੀ ਗਹਿਰੀ ਯਾਦ ਜੋ ਉਹਨਾਂ ਦੀ ਗ਼ਜ਼ਲ ਵਿੱਚ ਲਗਾਤਾਰ ਚਲਦੀ ਵੇਖੀ ਜਾ ਸਕਦੀ ਹੈ। ਇਹ ਯਾਦ ਉਸਨੂੰ ਕਮਜ਼ੋਰ ਨਹੀਂ ਹੋਣ ਦਿੰਦੀ ਬਲਕਿ ਉਸਦੀ ਕਲਾਤਮਕ ਸ਼ਕਤੀ ਨੂੰ ਹੋਰ ਤੀਖਣ ਕਰਦੀ ਹੈ। ਪਿਆਰ, ਸ਼ੋਹਰਤ, ਸ਼ਾਨ , ਸ਼ੌਕਤ, ਰੋਕੜਾ, ਯਾਰੀ , ਖੁਸ਼ੀ
ਹਰ ਸਹਾਰਾ ਜ਼ਿੰਦਗੀ ਵਿੱਚ ਮਿਲ ਗਿਆ ਸੀ, ਪਰ ਤੂੰ ਨਾ ਸੀ ਪੰਨਾ 104
ਆਪਣੇ ਘਰ ਨੂੰ ਤੁਰ ਗਿਆ ਸੂਰਜ, ਚੰਦ ਬਦਲਾਂ ਦੇ ਕੋਲ ਹੋ ਬੈਠਾ
ਵੇਖ ਲੋਰੀ ਸੁਣਾ ਰਹੀ ਮਮਤਾ, ਖ਼ਾਬ ਨੈਣਾਂ ਦੇ ਕੋਲ ਹੋ ਬੈਠਾ
ਨੂਰ ਦੇ ਨਾਲ ਭਰ ਗਿਆ ਕੋਈ, ਜੀਣ ਜੋਗਾ ਹੈ ਕਰ ਗਿਆ ਕੋਈ
ਮੈਨੂੰ ਦੀਵਟ ਤੇ ਧਰ ਗਿਆ ਕੋਈ, ਮੈਂ ਮਸ਼ਾਲਾਂ ਦੇ ਕੋਲ ਹੋ ਬੈਠਾ ਪੰਨਾ 24
ਬਚਪਨ ਬਾਅਦ ਹੀ ਫਰਜ਼ਾਂ ਨੇ ਹੈ ਅੱਧਖੜ ਕੀਤਾ ਸਾਨੂੰ
ਪਰ ਇਕ ਸੁਪਨਾ ਉਮਰਾਂ ਸਾਰੀ ਨਾਲੋਂ ਨਾਲ ਗਿਆ ਪੰਨਾ 37
ਪਵਿੱਤਰ ਪੁਸਤਕਾਂ ਦੇ ਹੱਥ ਧਰ ਧਰ
ਸਦਾ ਜੋ ਵੀ ਕਿਹਾ ਸੱਚ ਹੀ ਕਿਹਾ ਮੈਂ
ਰਿਹਾ ਦਸਤੂਰ ਐਸਾ ਜ਼ਿੰਦਗੀ ਭਰ
ਕਟਿਹਰੇ ਵਿਚ ਬਸ ਮੁਜ਼ਰਿਮ ਰਿਹਾ ਮੈਂ ਪੰਨਾ 32
ਔਰਤ ਬਾਰੇ, ਧੀਆਂ ਬਾਰੇ, ਭਰੂਣ ਹੱਤਿਆ ਬਾਰੇ ਬਹੁਤ ਕੁਝ ਲਿਖਿਆ ਗਿਆ ਤੇ ਲਿਖਿਆ ਜਾ ਰਿਹਾ ਹੈ। ਭੁਪਿੰਦਰ ਦੁਲੇ ਕੋਈ ਨਾਅਰੇਬਾਜ਼ੀ ਨਹੀਂ ਕਰਦਾ। ਬੜੀ ਸੰਵੇਦਨਾਂ ਨਾਲ ਇਸ ਵਿਸ਼ੇ ਉਪਰ ਆਪਣੇ ਦਿਲ ਦੀ ਗੱਲ ਰੱਖਦਾ ਹੈ। ਉਸ ਦਾ ਕਾਵਿ ਸ਼ੈਲੀ ਉਸਨੂੰ ਆਪਣੇ ਸਮਕਾਲੀ ਸ਼ਾਇਰਾਂ ਤੋਂ ਵੱਖਰਾ ਕਰਦੀ ਹੈ। ਸ਼ਾਇਰ ਨਹੀਂ ਕਹਿੰਦਾ ਕਿ ਜ਼ੁਮੇਵਾਰ ਔਰਤ ਹੈ ਜਾਂ ਮਰਦ ਹੈ। ਇਕ ਵਰਤਾਰਾ ਹੈ ਜੋ ਚੁਪਚਾਪ ਵਰਤ ਰਿਹਾ ਹੈ, ਜਿਸ ਲਈ ਪੂਰਾ ਸਮਾਜ ਉੱਤਰ ਦਾਈ ਬਣਨਾ ਚਾਹੀਦਾ ਹੈ। ਉਸਦਾ ਕਮਾਲ ਵੇਖੋ;
ਕੁੱਖੋਂ ਹੀ ਡੋਲੀ ਤੋਰ ਕੇ ਮਮਤਾ ਦੀ ਬੇਬਸੀ
ਪੱਥਰ ਨੇ ਆਂਦਰਾਂ ਮਗਰ ਦਿਸਦੀ ਨਦੀ ਦੇ ਵਾਂਗ ਪੰਨਾ 28
ਜਿਹਨਾਂ ਦੀ ਹੋਂਦ ਦਫ਼ਨਾਈ ਗਈ ਜੰਮਣ ਤੋਂ ਪਹਿਲਾਂ ਹੀ
ਕਦੇ ਕਲਮਾਂ ਚੋਂ ਉਪਜਣ ਫੇਰ ਕਵਿਤਾਵਾਂ ਨੂੰ ਖ਼ਤ ਲਿਖਣਾ ਪੰਨਾ 97
ਇਕ ਪਿੰਜਰੇ ਤੋਂ ਦੂਸਰੇ ਪਿੰਜਰੇ
ਨਾ ਧਿਆਣੀ ਦਾ ਕੋਈ ਜ਼ੋਰ ਹੈ ਪੰਨਾ 95
ਰਾਬਰਟ ਫਰੌਸਟ ਦਾ ਕਥਨ ਹੈ ਕਿ ਜਦੋਂ ਇਕ ਭਾਵਨਾ ਨੇ ਆਪਣਾ ਵਿਚਾਰ ਲੱਭ ਲਿਆ ਅਤੇ ਵਿਚਾਰ ਨੇ ਢੁੱਕਵਾਂ ਸ਼ਬਦ ਲੱਭ ਲਿਆ ਤਾਂ ਕਵਿਤਾ ਹੁੰਦੀ ਹੈ। ਇਹਨਾਂ ਭਾਵਨਾਵਾਂ ਨੂੰ ਵਿਚਾਰਾਂ ਵਿੱਚ ਬਦਲ ਕੇ ਸ਼ਬਦਾਂ ਦਾ ਜਾਮਾ ਪਹਿਨਾਉਣ ਵਿੱਚ ਉਹ ਬਹੁਤ ਮਾਹਰ ਹੈ। ਪ੍ਰਵਾਸ ਵਿੱਚ ਰਹਿੰਦਿਆਂ ਬੰਦਾ ਇਕੋ ਸ਼ਹਿਰ, ਇਲਾਕੇ ਜਾਂ ਦੇਸ ਵਿੱਚ ਹੀ ਕਈ ਵਾਰ ਮਕਾਨ ਬਦਲਦਾ, ਪੁਰਾਣਾ ਘਰ ਵੇਚ ਕੇ ਨਵਾਂ ਲੈਂਦਾ, ਗਵਾਂਢੀ ਬਦਲਦੇ ਤਾਂ ਰਹਿਣ ਸਹਿਣ ਅਤੇ ਵਿਚਾਰ ਵੀ ਬਦਲ ਜਾਂਦੇ ਹਨ। ਉਵੇਂ ਹੀ ਦੇਸੋਂ ਵਿਦੇਸ਼ ਜਾ ਕੇ ਬੰਦੇ ਦੇ ਵਿਚਾਰ, ਰਹਿਣ ਸਹਿਣ, ਬੋਲੀ, ਸਭਿਆਚਾਰ, ਸਹਿਚਾਰ ਵੀ ਬਦਲ ਜਾਂਦਾ ਹੈ। ਚੰਗਾ ਵੀ ਲਗਦਾ ਹੈ ਪਰ ਜੋ ਪਿਛੇ ਛੱਡ ਆਏ ਹਾਂ ਉਹ ਹੋਰ ਵੀ ਚੰਗਾ ਲੱਗਣ ਲੱਗਦਾ ਹੈ। ਇਸ ਲਈ ਪਰਵਾਸੀ ਸਦਾ ਯਾਦਾਂ ਦੀ ਪੀਂਘ ਝੂਟਦੇ ਹੀ ਰਹਿੰਦੇ ਹਨ ਭਾਵੇਂ ਕਿਤੇ ਵੀ ਹੋਣ। ਪਰਵਾਸ ਵਿਚ ਕਾਮਯਾਬ ਹੋਣ ਲਈ ਅਤੇ ਅਕਸਰ ਕੰਮਾਂ ਕਾਰਾਂ ਦੀ ਦੌੜ ਵਿੱਚ ਲੋਕ ਬਹੁਤ ਕੁਝ ਛੱਡ ਦਿੰਦੇ ਹਨ ਅਤੇ ਬਹੁਤ ਕੁਝ ਪ੍ਰਾਪਤ ਵੀ ਕਰ ਲੈਂਦੇ ਹਨ। ਆਪਣੇ ਕਈ ਸ਼ੌਕ ਪੂਰੇ ਕਰ ਲੈਂਦੇ ਹਨ ਪਰ ਕਈ ਸ਼ੌਕ ਛੁੱਟ ਜਾਂਦੇ ਹਨ। ਆਰਥਿਕ ਖੁਸ਼ਹਾਲੀ ਆ ਜਾਂਦੀ ਹੈ ਪਰ ਕਈ ਵਾਰ ਅੰਦਰਲੀਆਂ ਕੋਮਲ ਕਲਾਵਾਂ ਸੌਂ ਜਾਂਦੀਆਂ ਹਨ। ਉਹਨਾਂ ਨੂੰ ਵਧਣ, ਫੁੱਲਣ ਲਈ ਜ਼ਮੀਨ ਨਾ ਮਿਲਦੀ ਹੈ ਨਾ ਹੀ ਵਕਤ। ਸ਼ਾਇਰ ਇਸ ਅੰਤਰ ਮਨ ਦੇ ਦੁੱਖ ਨੂੰ ਇਸ ਤਰਾਂ ਪ੍ਰਗਟ ਕਰਦਾ ਹੈ:
ਛੱਡ ਆਪਣੇ ਘਰਾਂ ਨੂੰ ਤੁਰੇ ਸਾਂ ਜਦੋਂ ,
ਸੋਚਿਆ ਨਾ ਸੀ ਕਿ ਸ਼ੌਕ ਮਰ ਜਾਣਗੇ ਪੰਨਾ 36
ਕਿਸੇ ਵਿਰਲੇ ਹੀ ਸਾਂਭੇ ਹੋਣਗੇ ਇਤਿਹਾਸ ਦੇ ਵਰਕੇ
ਗਵਾਚੇ ਨੇ ਬੜੇ ਆਵਾਸ ਤੇ ਪਰਵਾਸ ਦੇ ਵਰਕੇ ਪੰਨਾ 93
ਦੇਸ ਬਦਲੀਂ, ਭੇਸ ਬਦਲੀਂ, ਰੰਗ ਬਦਲੀਂ, ਥਹੁ ਪਤਾ
ਕਿੰਝ ਬਦਲੇਂਗਾ ਨਿਸ਼ਾਨੀ ਡਾਕਖ਼ਾਨਾ ਖਾਸ ਦੀ ਪੰਨਾ 94
ਬੜਾ ਹੀ ਭਟਕਦਾ ਹੈ ਦਿਲ ਜਦ ਵੀ ਅਕਸਰ ਯਾਦ ਕਰ ਲੈਂਨਾ
ਬਸੀਮਾਂ, ਪੈਲੀਆਂ, ਰਸਤਾਗਰਾਂ, ਘਰ ਯਾਦ ਕਰ ਲੈਂਨਾ ਪੰਨਾ 96
ਮੁੱਛ ਫੁੱਟ ਉਮਰ ਦੀ ਕਹਾਣੀ ਜੋ ਕਿ ਲਗਭਗ ਸਭ ਦੀ ਹੀ ਹੁੰਦੀ ਹੈ। ਚੜਦੀ ਜਵਾਨੀ ਵਿੱਚ ਕਈ ਵਾਰ ਕਿਤਾਬਾਂ ਵਿੱਚ ਲਿਖੇ ਵਿਸ਼ਿਆਂ ਤੋਂ ਵੱਧ ਕਿਤਾਬਾਂ ਵਿੱਚ ਰੱਖੇ ਯਾਦਾਂ ਦੇ ਸੁੱਕੇ ਫੁੱਲਾਂ ਦੇ ਪੱਤੇ ਵੱਧ ਯਾਦ ਰਹਿੰਦੇ ਹਨ। ਉਸਨੇ ਉਮਰ ਇਸ ਰੰਗ ਨੂੰ ਵੀ ਸੁਹਣਾ ਚਿਤਰਿਆ ਹੈ ।
ਨਸ਼ਾ ਸੀ, ਭਾਵਨਾ ਸੀ ਖਿੱਚ ਸੀ ਜਾਂ ਬਾਲਪਨ ਐਵੇਂ
ਕਦੇ ਜੋ ਖੂਨ ਥੀਂ ਲਿਖਦੇ ਸੀ ਪੱਤਰ ਯਾਦ ਕਰ ਲੈਂਨਾ ਪੰਨਾ 96
ਬੰਦ ਪੁਸਤਕ ਵਿਚ ਤੇਰਾ ਦਰਦ ਲੈ
ਮਹਿਕਦੈ ਹਾਲੇ ਵੀ ਉਹ ਸੁੱਕਾ ਗੁਲਾਬ ਪੰਨਾ 101
ਵਧੇਰੇ ਗਿਣਤੀ ਰਾਜਨੀਤੀ ਤੋਂ ਦੂਰ ਭਜਣਾ ਚਾਹੁੰਦੀ ਹੈ। ਰਾਜਨੀਤੀ ਹਰ ਬੰਦੇ ਨੂੰ ਪ੍ਰਭਾਵਿਤ ਕਰਦੀ ਹੈ ਕੋਈ ਇਸ ਵਿੱਚ ਦਿਲਚਸਪੀ ਰੱਖੇ ਜਾਂ ਨਾ ਰੱਖੇ। ਅਕਸਰ ਲੋਕ ਵੋਟਾਂ ਦਿਨਾਂ ਵਿੱਚ ਆਪਣੇ ਇਲਾਕੇ, ਧਰਮ, ਬੋਲੀ, ਸਭਿਆਚਾਰ, ਰਿਸ਼ਤੇਦਾਰੀ ਵਿੱਚੋਂ ਕਹਿ ਕੇ ਵੋਟਾਂ ਦਾ ਕਹਿਣ ਤੁਰ ਪੈਂਦੇ ਹਨ। ਇਸ ਦਾ ਪ੍ਰਭਾਵ ਇਹਨਾਂ ਮੁਲਕਾਂ ਵਿੱਚ ਵੀ ਪੈ ਰਿਹਾ ਹੈ। ਫਿਰ ਵੀ ਇਹਨਾਂ ਮੁਲਕਾਂ ਦੀ ਰਾਜਨੀਤੀ ਥੋੜੀ ਅਲੱਗ ਹੈ। ਜੋ ਕੱਲ ਰੋਜ਼ ਟੀ ਵੀ ਤੇ ਛਾਏ ਹੋਏ ਸਨ ਅੱਜ ਉਹ ਨਾਂ ਦਾ ਨਾਮ ਵੀ ਨਹੀਂ ਹੈ। ਇਥੇ ਦੇ ਮੰਤਰੀ ਜਾਂ ਚੁਣੇ ਹੋਏ ਨੁਮਾਇੰਦੇ ਜੇ ਲੋਕ ਹਿਤੂ ਚੰਗੇ ਕੰਮ ਨਾ ਸਕਣ ਆਪ ਹੀ ਰਾਜਨੀਤੀ ਛੱਡ ਕੇ ਘਰ ਬੈਠ ਜਾਂਦੇ ਹਨ ਮੁੜ ਆਪਣੇ ਆਮ ਕੰਮਾਂ ਤੇ ਚਲੇ ਜਾਂਦੇ ਹਨ। ਪੂਰਬੀ ਪੱਛਮੀ ਸਭਿਅਤਾ ਤੇ ਰਾਜਨੀਤੀ ਦਾ ਫਰਕ ਤਾਂ ਹੈ; ਸ਼ਾਇਰ ਨੇ ਵੀ ਆਪਣੇ ਵਿਚਾਰ ਰੱਖੇ ਹਨ:
ਹਰ ਆਵਾਜ਼ ਦਬਾ ਸਕਦੈਂ ਤੂੰ ਕੰਨ ਬੋਲੇ ਕਰ ਸਕਦੈਂ
ਤਾਂ ਮੰਨਾਂ ਜੇ ਦੇਵੇਂ ਗੁੰਗੇ ਬੋਲਾਂ ਨੂੰ ਗੁਫ਼ਤਾਰੀ ਪੰਨਾ 92
ਸ਼ਿਕਾਰੀ ਦੀ ਕਲਾ ਨੂੰ ਖੂਬ ਮੈਂ ਮੰਨਦਾ ‘ਬਰਾਬਰ‘ ਜੇ
ਲਿਖੇ ਹੁੰਦੇ ਪਰਾਂ ਦੇ ਦਰਦ ਦੇ ਅਹਿਸਾਸ ਦੇ ਵਰਕੇ
ਪੁੱਛਿਆ ਮੈਂ ਦਰਦ ਨੂੰ ਕਿਉਂ ਦਰਦ ਹੈਂ
ਹੱਸਿਆ ਤੇ ਬੋਲਿਆ ਦਸਤੂਰ ਹਾਂ ਪੰਨਾ 102
ਗਿਆਨ ਕਦੇ ਪੂਰਾ ਨਹੀਂ ਹੋ ਸਕਦਾ । ਜਿਨ੍ਹਾਂ ਮਿਲ ਜਾਏ ਘੱਟ ਹੈ ਹੋਰ ਪ੍ਰਾਪਤੀ ਦੀ ਇੱਛਾ ਬਣੀ ਰਹੇ ਤਾਂ ਚੰਗਾ। ਕੋਈ ਵੀ ਬੰਦਾ ਦਾਅਵਾ ਨਹੀ ਕਰ ਸਕਦਾ ਕਿ ਉਸਨੇ ਸੰਪੂਰਨ ਗਿਆਨ ਹਾਸਲ ਕਰ ਲਿਆ। ਐਲਫਰੈਡ ਲੌਰਡ ਟੈਨੀਸਨ ਆਪਣੀ ਕਵਿਤਾ ‘ਯੁਲਿਸਿਸ’ ਵਿੱਚ ਪ੍ਰਗਟਾਉਂਦਾ ਹੈ ਕਿ ਹਰ ਨਵਾਂ ਤਜਰਬਾ, ਹਰ ਨਵੀਂ ਯਾਤਰਾ ਅਣ ਗਾਹੀ ਦੁਨੀਆਂ ਦੀ ਇਕ ਲਗਾਤਾਰ ਚਲ ਰਹੀ ਨਵੀਂ ਖੋਜ ਵਾਂਗ ਹੈ । ਲੌਰਡ ਟੈਨੀਸਨ ਉਮਰ ਭਰ ਚਲਦੇ ਰਹਿਣ ਅਤੇ ਨਵੇਂ ਤਜਰਬੇ ਗ੍ਰਹਿਣ ਕਰਨ ਦਾ ਇੱਛੁਕ ਰਿਹਾ। ਸ਼ਾਇਰ ਭੁਪਿੰਦਰ ਦੁਲੇ ਵੀ ਲਗਾਤਾਰ ਚਲਦੇ ਰਹਿਣ ਵਿੱਚ ਵਿਸ਼ਵਾਸ ਕਰਦਾ ਹੈ। ਉਹ ਆਪਣੀ ਗ਼ਜ਼ਲ ਦੀ ਬਣਤਰ ਨਵੇਂ ਤਜਰਬੇ ਕਰਦਾ ਹੈ। ਵਿਸ਼ਾ ਸਮਗਰੀ ਦੀ ਵਰਤੋਂ ਕਰਨ ਲੱਗਿਆਂ ਅਤੇ ਉਸਨੂੰ ਨਿਭਾਉਣ ਲੱਗਿਆਂ, ਉਹ ਕਾਹਲ ਨਹੀਂ ਕਰਦਾ। ਉਹ ਭਾਵਨਾਵਾਂ ਨੂੰ ਸਹੀ ਸ਼ਬਦਾਂ ਦਾ ਜਾਮਾ ਪਹਿਨਾ ਕੇ ਹੋਰ ਗਹਿਰਾਈ ਵਿੱਚ ਜਾਂਦਾ ਹੈ ਅਤੇ ਪਹਿਲਾਂ ਤੋਂ ਵੱਧ ਉਚਾਈ ਹਾਸਿਲ ਕਰਦਾ ਹੈ। ਉੱਚੀ ਲਿਖਤ ਹੀ ਸ਼ਾਇਰ ਨੂੰ ਜਿੰਦਾ ਰੱਖਦੀ ਹੈ। ਉਸਦੇ ਸ਼ਿਅਰ ਇਸ ਭਾਵ ਦੀ ਅਭਿਵਿਅਕਤੀ ਇੰਝ ਕਰਦੇ ਹਨ:
ਮੈਂ ਮੁਕਾਏ ਫ਼ਾਸਲੇ ਦਰ ਫ਼ਾਸਲੇ,
ਪਰ ਅਜੇ ਮੰਜ਼ਿਲ ਤੋਂ ਕੋਹਾਂ ਦੂਰ ਹਾਂ ਪੰਨਾ 102
ਬੜਾ ਕੁਝ ਕਹਿ ਲਿਆ ਇਹ ਸੋਚ ਕੇ ਨਾ ਚੁੱਪ ਕਰ ਜਾਣਾ
ਮੇਰੇ ਸ਼ਬਦੋ ਮੇਰੇ ਮਗਰੋਂ ਵੀ ਲਿਖ ਹੁੰਦੇ ਰਿਹਾ ਕਰਨਾ ਪੰਨਾ 100
“ਬੰਦ ਬੰਦ” ਦੀਆਂ ਗ਼ਜ਼ਲਾਂ ਪੰਜਾਬੀ ਸਭਿਆਚਾਰ ਨੂੰ ਬੜੇ ਸਲੀਕੇ ਨਾਲ ਮੁਖਾਤਬ ਹੁੰਦੀਆਂ ਹਨ ।