ਮੈਂ ਤੇ ਮੇਰਾ ਬੇਲੀ
ਉਹ ਪੇਂਡੂ ਸੀ ਮੈਂ ਹੁਣ ਵੀ
ਪਿੱਠੂ, ਬੰਟੇ, ਛੂਹਣ-ਛਲੀਕਾ,
ਬਾਂਦਰ-ਕੀਲਾ ਗੁੱਲੀ-ਡੰਡਾ
ਸਕੂਲ ਤੋਂ ਵਾਹਣੋਂ-ਵਾਹਣੀਂ ਦੌੜ-ਦੌੜ
ਪਾਲੇ ਬਾਬੇ ਦੇ ਕਮਾਦ ਥਾਈਂ
ਮੁੜਦੇ ਹੋਇਆਂ ਗੰਨਿਆਂ ਦੀਆਂ ਡਾਂਗਾਂ
ਧੂੜ-ਧੁੱਪ-ਧੱਕੇ ਦੇ ਮੇਲੇ ਵਾਲੇ
ਚੰਡੋਲ ਦੇ ਚਰਖੇ 'ਤੇ ਲਲਕਾਰੇ
ਮੈਂ ਭੁੱਲਿਆ ਨਹੀਂ
ਉਸ ਨੂੰ ਵੀ ਪਤਾ ਨਹੀਂ
ਕੀ-ਕੀ ਯਾਦ ਹੋਣਾ
ਜੇ ਮੇਰਾ ਬੇਲੀ ਸੂਰਜ ਵਾਂਗ
ਚੜ੍ਹਦੀ ਉਮਰੇ ਪੱਛਮ ਵੱਲ ਨਾ ਲਹਿੰਦਾ
ਹਰ ਰੋਜ਼ ਖ਼ਬਰੇ ਕੁਝ ਦਿਨਾਂ ਮਗਰੋਂ
ਆਉਂਦੇ-ਜਾਂਦੇ ਮਿਲ-ਮੁਲ ਲੈਂਦੇ
ਉਹ ਤਾਂ ਜਹਾਜ਼ਾਂ ਦੇ ਚੰਡੋਲ ਝੂਟਦਾ
ਹੱਸਦਾ ਤੇ ਨਾਲੇ ਉਦਾਸ
ਮੈਂ ਪੇਂਡੂ ਤੋਂ ਦੂਰ ਹੋਇਆ
ਮੈਂ ਉਸ ਨੂੰ ਯਾਦ ਕਰ ਲੈਂਦਾ ਹਾਂ
ਉਸ ਨੂੰ ਵੀ ਮੇਰਾ ਪਿੰਡ ਵਿੱਸਰਿਆ ਨਹੀਂ
ਜੇ ਉਸ ਨੇ ਸਭ ਵਿਸਾਰਿਆ ਹੁੰਦਾ
ਵਰ੍ਹੇ-ਛੇ ਮਾਹੀਂ ਮੈਨੂੰ ਟੈਲੀਫੂਨ ਨਾ ਕਰਦਾ
ਤੀਜੇ-ਚੌਥੇ ਵਰ੍ਹੇ ਸਾਡੇ ਪਿੰਡ
ਪੈਰ ਕਿਉਂ ਧਰਦਾ
ਜਿਸ ਪਿੰਡ ਵਿੱਚ ਵਸਦਾ ਸੀ
ਉਹ ਪਿੰਡ ਉਹਦੇ ਦਿਲ ਵਿੱਚ ਵਸਦਾ ਹੋਣਾ
ਸੋਹਰੇ ਗਈ ਮੁਟਿਆਰ ਦੇ ਦਿਲ ਵਿੱਚ
ਜਿਵੇਂ ਬਾਬਲ ਦਾ ਵਿਹੜਾ ਵਸਦਾ
ਕੱਲ੍ਹ ਰਾਤੀਂ ਮੇਰੇ ਉਸ ਬੇਲੀ ਦੀ
ਮੋਬਾਈਲ 'ਤੇ ਆਵਾਜ਼ ਆਈ
ਸਮਾਂ, ਬੋਲ ਤੇ ਤੀਰ ਪਿਛਾਂਹ ਨਾ ਮੁੜਦੇ
ਸਾਡੀਆਂ ਗੱਲਾਂ ਮੁੜ ਆਈਆਂ
ਗੱਲਾਂ-ਗੱਲਾਂ ਵਿੱਚ ਲੰਘ ਰਹੇ ਸਮੇਂ ਦਾ
ਪਤਾ ਨਾ ਲੱਗਿਆ
ਤੁਰ ਵੰਝੇ ਉਸ ਸੁਨਹਿਰੀ ਸਮੇਂ ਵਾਂਗ
ਚੁੱਪ ਹੋਵਣ ਵੇਲੇ ਉਸ ਆਖਿਆ
'ਗੁੱਡ ਡੇਅ'
ਮੇਰੇ ਬੋਲ ਆਖਣ
'ਗੁੱਡ ਨਾਈਟ'
ਇਹਨਾਂ ਉੱਡਦੇ ਚੰਡੋਲਾਂ ਨੇ
ਸਮਿਆਂ ਵਿੱਚ ਵੀ ਦੂਰੀ ਪਾ ਦਿੱਤੀ