ਜਦੋਂ ਵੀ ਜੱਗ ਤੇ ਆਉਂਦਾ ਬੰਦਾ, ਬੜੇ ਹੀ ਤਰਲੇ ਪਾਉਂਦਾ ਬੰਦਾ।
ਆ ਜਾਵੇ ਜਦ ਜੱਗ ਦੇ ਉੱਤੇ, ਰੱਬ ਨੂੰ ਫਿਰ ਭੁਲਾਉਂਦਾ ਬੰਦਾ!
ਬਚਪਨ ਦੇ ਵਿੱਚ ਅਕਸਰ ਲੈਂਦਾ, ਜੋ ਲੈਣਾ ਹੈ ਚਾਹੁੰਦਾ ਬੰਦਾ!
ਆ ਜਾਵੇ ਜਦ ਘੁੰਮ ਜਵਾਨੀ, ਰੰਗ ਹੈ ਫਿਰ ਵਟਾਉਂਦਾ ਬੰਦਾ!
ਸਭ ਨੂੰ ਹੈ ਫਿਰ ਟਿੱਚ ਜਾਣਦਾ, ਬਿਨ ਮੁੱਛੀਂ ਵੱਟ ਚੜਾਉਂਦਾ ਬੰਦਾ!
ਜਵਾਨੀ ਅਕਸਰ ਹੁੰਦੀ ਦੀਵਾਨੀ, ਉਂਗਲੀਂ ਫਿਰੇ ਨਚਾਉਂਦਾ ਬੰਦਾ।
ਢਲ ਨਾ ਜਾਵੇ ਕਿਤੇ ਜਵਾਨੀ, ਹੈ ਸਾਥੀ ਕੋਈ ਬਣਾਉਂਦਾ ਬੰਦਾ!
ਕੁਲ ਨੂੰ ਅੱਗੇ ਵਧਾਵਣ ਦੇ ਲਈ, ਦਿਲ ਦੇ ਵਿੱਚ ਲਲਚਾਉਂਦਾ ਬੰਦਾ!
ਜੀਵਨ ਸਾਥੀ ਚੁਣ ਕੇ ਕੋਈ, ਬਿਨ ਮਾਪਿਓਂ ਘਰੇ ਲਿਆਉਂਦਾ ਬੰਦਾ।
ਧੀ ਪੁੱਤਰ ਜਦ ਪੈਦਾ ਹੋ ਜਾਏ, ਲਾਡ ਹੈ ਖੂਬ ਲਡਾਂਉਂਦਾ ਬੰਦਾ।
ਦਾਗ ਨਾ ਲੱਗ ਜੇ ਕੁਲ ਨੂੰ ਕਿਧਰੇ, ਖੂਬ ਹੈ ਫਿਰ ਪੜਾਉਂਦਾ ਬੰਦਾ!
ਖਾਬ ਸੋਚਦਾ ਉੱਚੇ ਉੱਚੇ , ਵਧੀਆ ਘਰੀਂ ਵਿਆਉਂਦਾ ਬੰਦਾ।
ਦੋਹਤੇ ਪੋਤਰੇ ਹੱਥੀ ਖਡਾਵਾਂ, ਦਿਲ ਵਿੱਚ ਸਦਾ ਹੈ ਚਾਹੁੰਦਾ ਬੰਦਾ!
ਔਲਾਦ ਨਾ ਮੈਨੂੰ ਨਿੰਦੇ ਕਿਧਰੇ, ਕੋਠੀਆਂ ਬੰਗਲੇ ਪਾਉਂਦਾ ਬੰਦਾ!
ਇਹਨੀਂ ਚੱਕਰੀਂ ਉਲਝਿਆ ਰਹਿੰਦਾ, ਵਿਚ ਬੁਢਾਪੇ ਆਉਂਦਾ ਬੰਦਾ!
ਚੱਲ ਸੋ ਚੱਲ ਬੀਤੇ ਜ਼ਿੰਦਗੀ, ਪਰ ਨਾਮ ਨਾ ਕਦੇ ਧਿਆਉਂਦਾ ਬੰਦਾ।
ਤੁਰਨੋ ਆਰੀ ਨਿਗ੍ਹਾ ਵੀ ਘਟਗੀ, ਵੇਖੋ ਫਿਰ ਪਛਤਾਉਂਦਾ ਬੰਦਾ!
ਜਦ ਵਿੱਚ ਬੁਢਾਪੇ ਕੋਈ ਨਾ ਪੁੱਛੇ, ਫਿਰ ਉੱਚੀ ਰੌਲਾ ਪਾਉਂਦਾ ਬੰਦਾ।
ਆਖਰ ਵੇਖਿਆ ਐਸੇ ਉਮਰੇ, ਹੈ ਦੂਜਿਆਂ ਨੂੰ ਸਮਝਾਉਂਦਾ ਬੰਦਾ!
ਬਚਪਨ ਜਵਾਨੀ ਅਤੇ ਬੁਢਾਪਾ, ਕੋਈ ਕੋਈ ਹੰਡਾਉਂਦਾ ਬੰਦਾ।
ਕੋਈ ਹੀ ਨਿਤਰੇ ਮਾਈ ਦਾ ਲਾਲ ਜੋ, ਨਿਉਂ ਰੱਬ ਦੇ ਨਾਲ ਨਿਭਾਉਂਦਾ ਬੰਦਾ।
ਦੱਦਾਹੂਰੀਆ ਨਾਮ ਦੇ ਬਾਝੋਂ, ਹੈ ਜੀਵਨ ਬੇ ਅਰਥ ਗਵਾਉਂਦਾ ਬੰਦਾ!