ਮੈਨੂੰ ਸਮਾਜ ਦੇ ਪੜ੍ਹੇ-ਲਿਖੇ ਲੋਕਾਂ ਨੇ ਧੋਖਾ ਦਿੱਤਾ (ਲੇਖ )

ਮਨਜੀਤ ਤਿਆਗੀ   

Email: englishcollege@rocketmail.com
Cell: +91 98140 96108
Address:
ਮਲੇਰਕੋਟਲਾ India
ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਡਾਕਟਰ ਭੀਮ ਰਾਓ ਅੰਬੇਡਕਰ ਨੇ ਸਾਰੀ ਉਮਰ ਮਨੁੱਖਤਾ ਦੀ ਭਲਾਈ ਲਈ ਕੰਮ ਕੀਤਾ ਖਾਸ ਤੌਰ ’ਤੇ ਉਹ ਦੱਬੇ-ਕੁਚਲੇ ਲੋਕਾਂ ਨੂੰ ਸਮਾਜਿਕ ਤੇ ਆਰਥਿਕ ਬਰਾਬਰੀ ਦਿਵਾਉਣ ਲਈ ਤਤਪਰ ਰਹਿੰਦੇ ਸਨ। ਇੱਕ ਵਿਚਾਰ ਦਾ ਅਕਸਰ ਹੀ ਉਹ ਜ਼ਿਕਰ ਕਰਦੇ ਕਿ ਜਦੋਂ ਕੋਈ ਹਿੰਦੂ ਔਰਤ ਗਰਭਵਤੀ ਹੁੰਦੀ ਹੈ ਤਾਂ ਉਹ ਦੇਖਦੀ ਹੈ ਕਿ ਜੱਜ ਦੀ ਕੁਰਸੀ ਕਿੱਥੇ ਖਾਲੀ ਹੈ ਤਾਂ ਕਿ ਅੱਗੇ ਜਾ ਕੇ ਉਹ ਆਪਣੇ ਬੇਟੇ ਨੂੰ ਇਸ ’ਤੇ ਬਿਠਾਉਣ ਦਾ ਪ੍ਰਬੰਧ ਕਰ ਸਕੇ। ਇਸ ਤੋਂ ਉਲਟ ਜਦੋਂ ਕੋਈ ਗ਼ਰੀਬ ਔਰਤ ਗਰਭਵਤੀ ਹੁੰਦੀ ਸੀ ਉਹ ਦੇਖਦੀ ਸੀ ਕਿ ਕਮੇਟੀ ਵਿੱਚ ਕੋਈ ਝਾੜੂ ਵਾਲੇ ਜਮਾਦਾਰ ਦੀ ਪੋਸਟ ਖਾਲੀ ਹੈ ਕਿ ਨਹੀਂ। ਇਸ ਸਮੇਂ ਦੌਰਾਨ ਅੰਗਰੇਜ਼ ਸਰਕਾਰ ਨੇ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਅਤੇ ਹਿੰਦੂ ਯੂਨੀਵਰਸਿਟੀ ਬਨਾਰਸ ਨੂੰ ਕਈ ਲੱਖ ਰੁਪਏ ਦੀ ਗਰਾਂਟ ਮਨਜੂਰ ਕਰ ਦਿੱਤੀ। ਦੋਨੋ ਯੂਨੀਵਰਸਿਟੀਆਂ ਨੂੰ ਵਿਸ਼ੇਸ਼ ਪੈਕੇਜ ਦੇਣ ਦੀ ਖ਼ਬਰ ਜਿਵੇਂ ਹੀ ਡਾ: ਅੰਬੇਡਕਰ ਨੂੰ ਮਿਲੀ ਉਹ ਅੰਗਰੇਜ਼ ਗਵਰਨਰ ਨੂੰ ਮਿਲੇ। ਉਨ੍ਹਾਂ ਨੇ ਆਪਣੀ ਵਿਦਵਤਾ ਭਰਭੂਰ ਗੱਲਬਾਤ ਨਾਲ ਗਵਰਨਰ ਨੂੰ ਸਰਕਾਰੀ ਖ਼ਰਚੇ ’ਤੇ ਅਛੂਤ ਬੱਚਿਆਂ ਦੇ ਬੈਚ ਨੂੰ ਉੱਚ-ਸਿੱਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਭੇਜਣ ਲਈ ਹਾਂ ਕਰਵਾ ਲਈ। ਇਸ ‘ਕੋਲੋਂਬੋ ਪਲਾਨ’ ਤਹਿਤ 1944 ’ਚ 15 ਵਿਦਿਆਰਥੀਆਂ ਦਾ ਪਹਿਲਾ ਬੈਚ ਭੇਜਿਆ ਗਿਆ ਤੇ 1946 ’ਚ 16 ਵਿਦਿਆਰਥੀਆਂ ਦਾ ਦੂਜਾ ਬੈਚ ਭੇਜਿਆ ਗਿਆ। ਦੂਜੇ ਬੈਚ ਵਿੱਚ ਐਮ. ਆਰ. ਬੋਡਲੇ, ਬੀ. ਡੀ. ਖੋਵਰਾਗੜੇ, ਬੀ. ਬੀ. ਕਦਮ, ਏ. ਆਰ. ਕਾਇਲ, ਵਾਈ. ਸੀ. ਗਾਇਕਵਾੜ, ਟੀ. ਬੀ. ਆਵਾਲੇ, ਕੋਲਾਟਾ ਰਲਦੇਵ ਸਿੰਘ, ਚੌਧਰੀ ਰੇਅ, ਪੀ. ਕੇ. ਕਾਇਲ, ਐਮ. ਏ. ਕਾਂਬਲੇ,  ਡੀ. ਐਸ. ਯੇਜੂਰੀਕਰ, ਐਸ. ਬੀ. ਗਾਇੱਕਵਾੜ, ਐਨ.ਜੀ.ਓ.ਕੇ.,  ਐਮ. ਐਮ. ਵਾਨਖੇੜੇ, ਐਲ. ਆਰ. ਬਹਿਰਾ, ਸਿਧਾਰਥ ਮੁਲਾਹਰੀ ਦਿਖਲੇ, ਸ਼ਾਮਲ ਸਨ। ਦੂਜੇ ਬੈਚ ਵਿੱਚ ਭਾਵੇਂ ਬੀ. ਡੀ. ਖੋਵਰਾਗੜੇ ਆਪਣੇ ਖ਼ਰਚੇ ’ਤੇ ਪੜ੍ਹਾਈ ਕਰਨ ਗਏ ਸਨ ਪਰ ਉਹ ਲੰਮਾ ਸਮਾਂ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁੜੇ ਰਹੇ। ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਡਾ: ਅੰਬੇਡਕਰ ਨੇ ਹੀ ਸਿਫਾਰਸ਼ ਕੀਤੀ ਸੀ ਤੇ ਉਨ੍ਹਾਂ ਨੂੰ ਨਸੀਅਤ ਦਿੱਤੀ ਸੀ ਕਿ ਓਥੇ ਉਹ ਬਿਨਾਂ ਭੇਦ-ਭਾਵ ਤੋਂ ਹੋਰਨਾਂ ਜਾਤਾਂ ਦੇ ਵਿਦਿਆਰਥੀਆਂ ਵਾਂਗ ਉੱਚ ਸਿੱਖਿਆ ਪ੍ਰਾਪਤ ਕਰਨਗੇ ਤੇ ਕੋਈ ਪੈਸਾ ਵੀ ਖ਼ਰਚ ਨਹੀਂ ਕਰਨਾ ਪਵੇਗਾ। ਆਪ ਜੀ ਨੇ ਉਨ੍ਹਾਂ ਨੂੰ ਨਸੀਅਤ ਦਿੰਦੇ ਹੋਏ ਕਿਹਾ ਸੀ, “ਜਦੋਂ ਤੁਸੀਂ ਸਿੱਖਿਅਤ ਅਤੇ ਕਾਬਿਲ ਇਨਸਾਨ ਬਣ ਗਏ ਤਾਂ ਵਾਪਿਸ ਆ ਕੇ ਸਮਾਜ ਨੂੰ ਗ਼ਰੀਬੀ ਤੇ ਅਗਿਆਨਤਾ ਦੀ ਦਲਦਲ ’ਚੋਂ ਕੱਢਣ ਲਈ ਜ਼ਰੂਰ ਯਤਨ ਕਰਨਾ”। ਬਾਬਾ ਸਾਹਿਬ ਗਿਆਨ ਨੂੰ ਇੱਕ ਸ਼ਕਤੀ ਵਜੋਂ ਲੈਂਦੇ ਸਨ। ਉਹ ਕਿਹਾ ਕਰਦੇ ਸਨ ਕਿ ਅਨੁਸੂਚਿਤ ਜਾਤੀਆਂ ਦੇ ਲੋਕ ਉਨ੍ਹਾਂ ਚਿਰ ਆਪਣੀ ਸੁਤੰਤਰਤਾ ਅਤੇ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਜਿੰਨ੍ਹਾਂ ਚਿਰ ਉਹ ਗਿਆਨ ਦੇ ਖ਼ੇਤਰ ’ਚ ਡੂੰਘਾ ਨਹੀਂ ਉਤਰਦੇ। ਉਹ ਚਾਹੁੰਦੇ ਸਨ ਕਿ ਦਲਿਤ ਸਮਾਜ ਦੇ ਵਿਦਿਆਰਥੀ ਗਿਆਨ ਹਾਸਲ ਕਰਨ ਅਤੇ ਸਮਾਜ ਨੂੰ ਅਗਵਾਈ ਦੇਣ। ਪਰ ਹੋਇਆ ਇਸ ਤੋਂ ਉਲਟ ਕਿਉਂਕਿ ਬਹੁਤੇ ਦਲਿਤ  ਵਿਦਿਆਰਥੀ  ਪੜ੍ਹ ਕੇ ਵਿਦੇਸ਼ਾਂ ਵਿੱਚ ਹੀ  ਸੈਟਲ ਹੋ ਗਏੇ।ਪੜ੍ਹਾਈ ਪੂਰੀ ਕਰਨ ਉਪਰੰਤ ਦੋਨੋ ਬੈਚਾਂ ਦੇ ਵਿਦਿਆਰਥੀਆਂ ਵਿੱਚੋਂ ਸਿਰਫ਼ ਦੋ ਚਾਰ ਵਿਦਿਆਰਥੀਆਂ ਨੇ ਹੀ ਸਮਾਜ ਦੀ ਭਲਾਈ ਲਈ ਸਮਾਂ ਦਿੱਤਾ। ਜਿਨ੍ਹਾਂ ਵਿੱਚੋਂ ਸ੍ਰੀ ਐਨ.ਜੀ.ਓ.ਕੇ. ਪ੍ਰਮੁੱਖ ਸਨ। ਸ੍ਰੀ ਐਨ.ਜੀ.ਓ.ਕੇ. ਨੇ ਭਾਰਤ ਵਾਪਿਸ ਆ ਕੇ ਆਈ. ਏ. ਐਸ. ਦੀ ਨੌਕਰੀ ਪ੍ਰਾਪਤ ਕੀਤੀ ਤੇ ਆਪਣੇ ਸੇਵਾ ਕਾਲ ਦੌਰਾਨ ਹੀ ਨਹੀਂ ਸਗੋਂ ਰਿਟਾਇਰਮੈਂਟ ਤੋਂ ਬਾਅਦ ਵੀ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁੜੇ ਰਹੇ। ਜਦੋਂ ਦੋਵੇ ਬੈਚਾਂ ਦੇ ਜ਼ਿਆਦਾਤਰ ਪੜ੍ਹਾਕੂਆਂ ਨੇ ਆਮ ਲੋਕਾਂ ਲਈ ਕੁੱਝ ਵੀ ਨਾ ਕੀਤਾ ਤਾਂ  ਡਾ. ਅੰਬੇਡਕਰ ਦਾ ਸੁਪਨਾ ਚਕਨਾ-ਚੂਰ ਹੋ ਗਿਆ। ਡਾ. ਅੰਬੇਡਕਰ ਨੇ ਸੋਚਿਆ ਸੀ ਕਿ ਜੇਕਰ ਉਹ ਵਿਦੇਸ਼ਾਂ ਦੀ ਆਜ਼ਾਦ ਫ਼ਿਜ਼ਾ ਵਿੱਚ, ਜਾਤੀਵਾਦੀ ਅਤੇ  ਮਨੂੰਵਾਦੀ ਸਿਸਟਮ ਤੋਂ ਦੂਰ ਰਹਿ ਕੇ, ਪੜ੍ਹ ਕੇ ਆਪਣੇ ਸਮਾਜ ਲਈ ਇੰਨਾ ਕੁੱਝ ਕਰ ਸਕਦਾ ਹੈ ਤਾਂ ਵੀਹ-ਤੀਹ ਦਲਿਤ ਵਿਦਿਆਰਥੀ ਤਾਂ  ਬਹੁਤ ਵੱਡੇ ਪੱਧਰ ’ਤੇ ਸਮਾਜਿਕ ਪਰਿਵਰਤਨ ਕਰ ਦੇਣਗੇ। ਸਮਾਂ ਬੀਤਣ ਦੇ ਨਾਲ-ਨਾਲ ਲੋਕ ਪੜ੍ਹ-ਲਿਖ ਕੇ ਸਰਕਾਰੀ ਬਾਬੂ ਤਾਂ ਬਣਦੇ ਰਹੇ ਪਰ ਬਾਬਾ ਸਾਹਿਬ ਦੀ ਇਸ  ਉਮੀਦ ਨੂੰ ਬੂਰ ਨਾ ਪਿਆ। ਡਾਕਟਰ ਅੰਬੇਡਕਰ ਨੇ ਸਮਾਜ ਨੂੰ ਉਥਾਨ ਵੱਲ ਲਿਜਾਣ ਲਈ ‘ਪੜ੍ਹੋ, ਜੁੜੋ ਤੇ ਸੰਘਰਸ਼ ਕਰੋ’ ਨਾਮ ਦਾ ਅਰਥਭਰਪੂਰ ‘ਮੂਲ ਮੰਤਰ’  ਦਿੱਤਾ। ਪਰ ਬਾਬਾ ਸਾਹਿਬ ਵੱਲੋਂ ਦਿੱਤੇ ਪਹਿਲੇ ਆਦੇਸ਼ ‘ਸਿੱਖਿਅਤ ਬਣੋ’ ਦੇ ਅਨੁਸਾਰ ਕੁੱਝ ਲੋਕਾਂ ਨੇ ਵਿੱਦਿਆ ਪ੍ਰਾਪਤੀ ਨੂੰ ਆਪਣੀ ਨਿੱਜੀ ਸਫ਼ਲਤਾ ਦਾ ਸਾਧਨ ਬਣਾ ਕੇ ਆਪਣੇ ਪਰਿਵਾਰ ਤੱਕ ਹੀ ਸੀਮਤ ਕਰ ਲਿਆ। ਦੂਜਾ ਆਦੇਸ਼ ‘ਸੰਘਰਸ਼ ਕਰੋ’ ਨੂੰ ਸਿਰਫ ਸਿਆਸੀ ਲੀਡਰਾਂ ਦਾ ਕੰਮ ਸਮਝ ਕੇ ਉਸ ਨੂੰ ਅਣਗੌਲਿਆ ਕਰ ਦਿੱਤਾ। ਤੀਜੇ ਆਦੇਸ਼ ‘ਸੰਗਠਿਤ ਹੋਵੋ’ ਦੇ ਅਨੁਸਾਰ ਉਸ ਬਾਰੇ ਸਮਾਜ ਦਾ ਰਵੱਈਆ ਹੀ ਉਲਟ ਦਿਸ਼ਾ ਵੱਲ ਹੋ ਗਿਆ।
 ਇਹ ਸਭ ਵਰਤਾਰਾ ਦੇਖ ਕੇ  ਡਾ. ਅੰਬੇਡਕਰ ਨੇ 18 ਮਾਰਚ 1956 ’ਚ ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿਖੇ ਇੱਕ ਵਿਸ਼ਾਲ ਇੱਕੱਠ ਨੂੰ ਸੰਬੋਧਿਨ ਕਰਦੇ ਹੋਏ ਆਪਣੇ ਭਾਸ਼ਣ ’ਚ ਬਹੁਜਨ ਸਮਾਜ ਦੇ ਪੜ੍ਹੇ-ਲਿਖੇ ਲੋਕਾਂ ਤੋਂ ਤੰਗ ਆ ਕੇ ਇਹ ਕਹਿਣਾ ਪਿਆ ਸੀ ਕਿ “ਪੜ੍ਹੇ-ਲਿਖੇ ਲੋਕਾਂ ਨੇ ਮੈਨੂੰ ਧੋਖਾ ਦਿੱਤਾ ਹੈ” ਮੈਂ ਸੋਚਿਆ ਸੀ ਕਿ ਇਹ ਪੜ੍ਹ ਲਿਖ ਕੇ ਆਪਣੇ ਸਮਾਜ ਦੇ ਲਈ ਇਮਾਨਦਾਰੀ ਨਾਲ ਕੰਮ ਕਰਨਗੇ ਲੇਕਿਨ ਮੈਂ ਦੇਖ ਰਿਹਾ ਹਾਂ ਕਿ ਇਹ ਆਪਣਾ ਤੇ ਆਪਣੇ ਪਰਿਵਾਰ ਦਾ ਹੀ ਪੇਟ ਪਾਲਣ ’ਚ ਮਗਨ ਹਨ। ਮੇਰੇ ਚਾਰੇ ਪਾਸੇ ਛੋਟੇ ਤੇ ਵੱਡੇ  ਬਾਬੂਆਂ ਦੀ ਭੀੜ ਇੱਕੱਠੀ ਹੋ ਗਈ ਹੈ, ਜੋ ਕਿਸੇ ਕੰਮ ਦੀ ਨਹੀਂ ਹੈ ਅਤੇ ਹੁਣ ਮੈਂ ਇਨ੍ਹਾਂ ਪੜ੍ਹੇ-ਲਿਖੇ ਲੋਕਾਂ ਦੇ ਲਈ ਨਹੀਂ ਬਲਕਿ ਪਿੰਡਾਂ ’ਚ ਰਹਿ ਰਹੇ ਬੇ-ਸਹਾਰਾ ਲੋਕਾਂ ਦੀ ਲੜਾਈ ਹੀ ਲੜਾਂਗਾ।”  
ਵਰਤਮਾਨ ਸਮੇਂ ਦੇ ਸੰਦਰਭ ’ਚ ਵੀ ਬਾਬਾ ਸਾਹਿਬ ਦਾ ਉਪਰੋਕਤ ਸ਼ਿਕਵਾ ਪੜ੍ਹੇ-ਲਿਖੇ ਇੱਕ ਅਕ੍ਰਿਤਘਣ ਵਰਗ ’ਤੇ ਅੱਜ ਵੀ ਢੁੱਕਦਾ ਹੈ ਜਿਸ ਨੂੰ ਬਾਬਾ ਸਾਹਿਬ ਦੀ ਬਦੌਲਤ ਸਕੂਲ ਜਾਂ ਕਾਲਜ ’ਚ ਦਾਖ਼ਲਾ ਮਿਲਿਆ, ਵਜ਼ੀਫ਼ਾ ਮਿਲਿਆ ਤੇ ਡਿਗਰੀ ਮਿਲੀ। ਪੜ੍ਹਾਈ  ਪੂਰੀ ਕਰਨ ਉਪਰੰਤ ਜਦੋਂ ਇਹ ਭੁੱਖ-ਨੰਗ ਨਾਲ ਲੜਦੇ  ਹੋਏ ਦੋ ਵੇਲੇ ਦੀ ਰੋਟੀ ਲਈ ਦਿਨ ਕਟੀ ਕਰ ਰਹੇ ਸਨ ਉਸ ਸਮੇਂ ਬਾਬਾ ਸਾਹਿਬ ਦੇ ਥਾਪੜੇ ਨਾਲ ਇਨ੍ਹਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲ ਗਈਆਂ। ਸਰਕਾਰੀ ਮੁਲਾਜ਼ਮ ਬਣਦਿਆ ਹੀ ਇਨ੍ਹਾਂ ਦਾ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ। ਪਰ ਕਈ ਵਾਰ ਤਾਂ ਦੁੱਖ ਤੇ ਹੈਰਾਨੀ ਹੁੰਦੀ ਹੈ ਜਦੋਂ ਅੰਧਵਿਸਵਾਸ਼ ਵਿੱਚ ਜਕੜੇ ਕਈ ‘ਲੱਕੜਸਿਰੇ’ ਅੰਬੇਡਕਰ ਦੀ ਕੁਰਬਾਨੀ ਭੁੱਲ ਕੇ ਆਪਣੀ ਪਹਿਲੀ ਤਨਖ਼ਾਹ ਕਿਸੇ ਢੋਗੀ ਬਾਬਾ ਦੇ ਦਰਬਾਰ ਭੇਂਟ ਕਰ ਆਉਂਦੇ ਹਨ। ਚੰਗੇ ਭਵਿੱਖ ਜਾਂ ਦਾਜ ਦੇ ਲਾਲਚ ਕਾਰਨ ਇਹ ਨੌਜਵਾਨ ਲੜਕੇ-ਲੜਕੀਆਂ ਵਿਆਹ ਵੀ ਸਿਰਫ ਸਰਕਾਰੀ ਮੁਲਾਜ਼ਮ ਨਾਲ ਹੀ ਕਰਾਉਂਦੇ ਹਨ। ਫਿਰ ਤਨਖ਼ਾਹਾਂ ’ਤੇ ਲੋਨ ਲੈ ਕੇ ਪਹਿਲਾ ਕੋਠੀ ਤੇ ਫਿਰ ਕਾਰ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਖ਼ਪਤਵਾਦ ਕਲਚਰ ’ਚ ਲੁਪਤ ਹੋ ਕਿ ਇਹ ‘ਖਾਓ-ਪੀਓ ਐਸ ਕਰੋ’ ਦੇ ਸਿਧਾਂਤ ’ਤੇ ਚਲਦਿਆਂ ਆਪਣੇ ਸਮਾਜ ਤੋਂ ਦੂਰ ਹੁੰਦੇ ਜਾਂਦੇ ਹਨ। ਬਦਲੀ ਦੇ ਡਰ ਤੋਂ ਇਹ ਕਿਸੇ ਸਮਾਜਿਕ ਸੰਗਠਨ ਨਾਲ ਜੁੜਨ ਤੋਂ ਗੁਰੇਜ਼ ਕਰਦੇ ਹਨ। ਇਹ ਜਨਾਬ ਤਾਂ ਗੋਡੇ ਜਾਂ ਮੋਢੇ ਦੇ ਦਰਦ ਜਾਂ ਸਮੇਂ ਦੀ ਘਾਟ ਦਾ ਬਹਾਨਾ ਲਾ ਕੇ ਸਮਾਜ ਭਲਾਈ ਦੇ ਕਾਰਜਾ ਤੋਂ ਪਰ੍ਹੇ ਰਹਿਣਾ ਹੀ ਪਸੰਦ ਕਰਦੇ ਹਨ ਕਿਉਂਕਿ ਇਹ ਸਭ ਇਹਨਾ ਨੂੰ ਸਮੇਂ ਦੀ ਬਰਬਾਦੀ ਲੱਗਦੇ ਹਨ। ਕਈ ਅਫ਼ਸਰਾਂ ਨੂੰ ਤਾਂ ਆਪਣੇ ਅਹੁਦੇ ਦਾ ਇਨਾ ਗਰੂਰ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਮਹਾਰਾਜਾ ਬੜੋਦਾ ਹੀ ਸਮਝਦੇ ਹਨ ਤੇ ਆਪਣੇ ਸਮਾਜ ਦੇ ਲੋਕਾਂ ਨੂੰ ਤੁੱਛ ਸਮਝਦੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਕੋਈ ਗੱਲ ਨਹੀਂ ਕਰਦੇ ਪਰ ਜਦੋਂ ਕਦੇ ਇਨ੍ਹਾਂ ਨੂੰ ਦੂਜੇ ਪਾਸੇ ਤੋਂ ਕੋਈ ਦੁਰਕਾਰ, ਫਿਟਕਾਰ ਜਾਂ ਬਿਪਤਾ ਪੈਂਦੀ ਹੈ ਫਿਰ ਇਹਨਾ ਕੋਲ ਇੱਕ ਹੀ ਗੱਲ ਹੁੰਦੀ ਹੈ ਕਿ ਦਲਿਤ ਹੋਣ ਕਰਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਇਨ੍ਹਾਂ ਨੂੰ ਆਪਣੇ ਸਮਾਜ ਦੇ ਸੰਗਠਨ ਜਾਂ ਰਾਜਨਿਤਿਕ ਪਾਰਟੀ ਯਾਦ ਆਉਂਦੀ ਹੈ। ਅਸਲ ਵਿੱਚ ਇਹ ਇੱਕ ਬੋਗਸ ਜ਼ਿੰਦਗੀ ਜਿਉਂਦੇ ਹਨ। ਦੂਜੇ ਧਰਮ ਦੇ ਦੇਵੀ-ਦੇਵਤਿਆਂ ਦੀ ਪੂਜਾ ਕਰਕੇ, ਵਰਤ ਰੱਖ ਕੇ ਤੇ ਤਿਉਹਾਰ ਮਨਾ ਕੇ ਆਪਣੇ ਆਪ ਨੂੰ ਉਸ ਸਮਾਜ ਦਾ ਮੈਂਬਰ ਹੋਣ ਦਾ ਭਰਮ ਪਾਲਦੇ ਹਨ ਭਾਵੇਂ ਇਹ ਵਰਗ ਆਪਣੀ ਜਾਤੀ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਕਲੋਨੀ ਅਤੇ ਵਿਭਾਗ ਦਾ ਹਰ ਬੰਦਾ ਸੱਚਾਈ ਤੋਂ ਵਾਕਫ਼ ਹੁੰਦਾ ਹੈ। ਇਨ੍ਹਾਂ ਦੇ ਬੱਚਿਆਂ ਨੂੰ ਵੀ ਭਰਮ ਹੁੰਦਾ ਹੈ ਕਿ ਉਹ ਤਾਂ ਆਪਣੀ ਕਾਬਲੀਅਤ ਕਰਕੇ  ਚੰਗੇ ਕੋਰਸ ਕਰ ਰਹੇ ਹਨ, ਅਜਿਹੇ  ਬੱਚਿਆ ਨੂੰ ਵੱਖ-ਵੱਖ ਦਿਨਾਂ ਦੇ ਵਰਤਾਂ ਤੇ ਹੋਰ ਬਾਬਿਆਂ ਦੀ ਜਾਣਕਾਰੀ ਤਾਂ ਵਾਧੂ ਹੁੰਦੀ ਹੈ ਪਰ ਗਲਾ ਚੋਂ ਕੁੱਜੇ ਤੇ ਲੱਕ ਨਾਲੋ ਝਾੜੂ ਲਹਾ ਕੇ ਇਨਸਾਨ ਵਾਲਾ ਜੀਵਨ ਦਿਵਾਉਣ ਵਾਲੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜੀਵਨ ਬਾਰੇ ਕੁੱਝ ਨਹੀਂ ਪਤਾ ਹੁੰਦਾ। (ਤਰੱਕੀ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਜਿਸ ਸ਼ਖ਼ਸੀਅਤ ਦੀ ਬਦੌਲਤ ਤਰੱਕੀ ਹੋ ਰਹੀ ਹੈ ਉਸ ਦੇ ਸਿਧਾਂਤ ‘ਪੇ ਬੈਕ ਟੂ ਸੋਸ਼ਾਇਟੀ’ ਤੇ ਮਿਸ਼ਨ ਨੂੰ ਭੁਲਣਾ ਤਾਂ ਉਸ ਸ਼ਖ਼ਸੀਅਤ ਨਾਲ ਗੱਦਾਰੀ ਹੀ ਹੈ )। ਇਹ ਇੱਕ ਸੱਚਾਈ ਹੈ ਕਿ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਲੋਕਾਂ ਨੇ ਅੰਬੇਡਕਰਵਾਦ ਨੂੰ ਜਿਉਂਦਾ ਰੱਖਣ ’ਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ; ਰਾਖਵੇਕਰਨ ਰਾਹੀਂ ਨੌਕਰੀਆਂ ਕਰਦੇ ਜ਼ਿਆਦਾਤਰ ਸਰਕਾਰੀ ਬਾਬੂਆਂ ਨੂੰ ਤਾਂ ਆਪਣੇ ਘਰਾਂ ’ਚ ਬਣਾਏ ਪੂਜਾ ਘਰਾਂ ’ਚ ਤਰ੍ਹਾਂ- ਤਰ੍ਹਾਂ ਦੇ ਬਾਬਿਆਂ ਦੀਆਂ ਫ਼ੋਟੋਆਂ ਲਗਾਈਆਂ ਹੁੰਦੀਆਂ ਹਨ ਪਰ ਅੰਬੇਡਕਰ ਦੀ ਫ਼ੋਟੋ ਲਗਾਉਣ ’ਚ ਇਨ੍ਹਾਂ ਨੂੰ ਸ਼ਰਮ ਆਉਂਦੀ ਹੈ। ਖ਼ਪਤ ਕਲਚਰ ’ਚ ਲੁਪਤ ਇਨ੍ਹਾਂ ਦੇ ਬੱਚਿਆਂ ਨੂੰ ਡਾਕਟਰ ਅੰਬੇਡਕਰ ਬਾਰੇ ਬਹੁਤ ਘੱਟ ਜਾਣਕਾਰੀ ਹੁੰਦੀ ਹੈ। ਅਜਿਹੇ ਸਰਕਾਰੀ ਬਾਬੂ ਰਿਟਾਇਰਮੈਂਟ ਤੋਂ ਬਾਅਦ ਆਪਣੇ ਨਿੱਜੀ ਹਿੱਤਾਂ ਲਈ ਅੰਬੇਡਕਰ ਦੀ ਸੋਚ ਤੋਂ ਉਲਟ ਸੋਚ ਰੱਖਣ ਵਾਲੀ ਰਾਜਨਿਤਕ ਪਾਰਟੀ ਵਿੱਚ ਸ਼ਾਮਿਲ ਹੋ ਕੇ ਆਪਣੇ ਲੋਕਾਂ ਨੂੰ ਗੁੰਮਰਾਹ ਕਰਨ ਲੱਗ ਜਾਂਦੇ ਹਨ। ਅਜਿਹੇ ਅਫ਼ਸਰ ਨੌਕਰੀ ਦੌਰਾਨ ਵੀ ਡਾਕਟਰ ਅੰਬੇਡਕਰ ਨਾਲ ਧੋਖਾ ਕਰਦੇ ਹਨ ਤੇ ਨੌਕਰੀ ਤੋਂ ਬਾਅਦ ਵੀ ਡਾਕਟਰ ਅੰਬੇਡਕਰ ਨਾਲ ਗਦਾਰੀ ਕਰਦੇ ਹਨ।
     ਡਾਕਟਰ ਅੰਬੇਡਕਰ ਦੀ ਸੋਚ ਸੀ ਕਿ ਜਿਸ ਸਮਾਜ ਵਿੱਚ 10 ਵਕੀਲ, 20 ਡਾਕਟਰ ਅਤੇ 30 ਇੰਜੀਨੀਅਰ ਹੋਣਗੇ ਉਸ ਸਮਾਜ ਦੀ ਤਰਫ਼ ਕੋਈ ਅੱਖ ਉਠਾ ਕੇ ਨਹੀਂ ਦੇਖ ਸਕੇਗਾ। ਲੇਕਿਨ ਡਾਕਟਰ ਅੰਬੇਡਕਰ ਦੀ ਇਸ ਸੋਚ ਨੂੰ ਅਸੀਂ ਗ਼ਲਤ ਸਾਬਿਤ ਕਰ ਦਿੱਤਾ। ਅੱਜ ਕਿੰਨੇ ਹੀ ਵਕੀਲ ਸਮਾਜ ਵਿੱਚ ਹਨ, ਕਿੰਨੇ ਹੀ ਡਾਕਟਰ ਸਮਾਜ ਵਿੱਚ ਹਨ ਅਤੇ ਕਿੰਨੇ ਹੀ ਇੰਜਨੀਅਰ ਮੌਜੂਦ ਹਨ। ਇਸਦੇ ਇਲਾਵਾ ਤਹਿਸੀਲਦਾਰ, ਆਈ.ਏ.ਐਸ., ਆਈ.ਪੀ.ਐਸ., ਡੀ.ਐਸ.ਪੀ, ਐਸ.ਐਸ.ਪੀ. ਅਤੇ ਹੋਰ ਅਫ਼ਸਰ ਕੇਵਲ ਬਾਬਾ ਸਾਹਿਬ ਦੇ ਸਖ਼ਤ ਮਿਹਨਤ ਦੇ ਕਾਰਨ ਹੀ ਬਣੇ ਹਨ। ਬੇਸ਼ੱਕ ਉਹ ਇਹ ਕਹਿਣ ਕਿ ਅਸੀਂ ਆਪਣੀ ਮਿਹਨਤ ਨਾਲ ਬਣੇ ਹਾਂ ਪਰ ਇਹ ਇਨ੍ਹਾਂ ਦਾ ਇੱਕ ਭਰਮ ਹੀ ਹੈ। ਕੀ 1950 ਤੋਂ ਪਹਿਲਾਂ ਇਨ੍ਹਾਂ ਦੇ ਪੂਰਵਜ ਮਿਹਨਤ ਨਹੀਂ ਕਰਦੇ ਸਨ? ਜ਼ਰਾ ਇਨ੍ਹਾਂ ਨੂੰ ਪੁੱਛੋ ਕਿ ਇਹ ਸਮਾਜ ਕਿੱਥੇ ਖੜ੍ਹਾ ਸੀ, ਸਿਰਫ 75 ਸਾਲ ਪਹਿਲਾ। ਜਦੋਂ ਆਜ਼ਾਦ ਭਾਰਤ ਦਾ ਸੰਵਿਧਾਨ ਨਹੀਂ ਸੀ ਬਣਿਆ। ਹਜ਼ਾਰਾਂ ਸਾਲਾਂ ਤੌਂ ‘ਸ੍ਰਿਸ਼ਟੀ ਦੇ ਰਚਣਹਾਰ’ ਨੇ ਇਨ੍ਹਾਂ ਦੀ ਕਿਸਮਤ ’ਚ ਕੋਈ ਅਧਿਕਾਰ ਤਾਂ ਕੀ ਲਿਖਣਾ ਸੀ  ਸਗੋਂ  ਮੱਥੇ ’ਤੇ ਬਦਨਸੀਬ, ਬਦਕਿਸਮਤ, ਬਦਜਾਤ ਤੇ ਨੀਚ ਦੀ ਮੋਹਰ ਲਗਾ ਕੇ ਧਰਤੀ ਦੀਆਂ ਗੰਦੀਆਂ ਬਦਸੂਰਤ ਬਸਤੀਆਂ ਵਿੱਚ ਭੇਜ ਦਿੱਤਾ ਸੀ! ਪ੍ਰੰਤੂ ਡਾਕਟਰ ਅੰਬੇਡਕਰ ਨੇ ਉਹਨਾਂ ਬਸਤੀਆਂ ਦੀ ਤਕਦੀਰ ਬਦਲਣ ਲਈ ਜੋ ਸੰਘਰਸ਼ ਕੀਤਾ, ਜੋ ਕ੍ਰਾਂਤੀ ਕੀਤੀ ਉਸ ਦਾ ਨਤੀਜ਼ਾ ਤੁਸੀਂ ਆਪਣੇ ਪਹਿਰਾਵੇ, ਵਿੱਦਿਆ, ਕਾਰ ਅਤੇ ਆਪਣੀ ਕੋਠੀ ’ਚ ਪਏ ਮਹਿੰਗੇ ਫਰਨੀਚਰ ਨੂੰ ਵੇਖ ਕੇ ਅਸਾਨੀ ਨਾਲ ਲਗਾ ਸਕਦੇ ਹੋ। ਕੀ ਕੋਈ ਭਗਵਾਨ ਅੱਜ ਤੱਕ ਅਜਿਹਾ ਕਰ ਸਕਿਆ ਹੈ? ਕੀ ਇਨ੍ਹਾਂ ਦੀ ਪੂਜਾ, ਭਗਤੀ, ਅਰਾਧਨਾ, ਧਾਰਮਿਕ ਯਾਤਰਾਵਾਂ, ਧਰਮ, ਅਣਗਿਣਤ ਭਗਵਾਨ ਇਨ੍ਹਾਂ ਨੂੰ ਉਹ ਕੁੱਝ ਦੇ ਸਕੇ, ਜੋ ਇੱਕੱਲੇ ਡਾਕਟਰ ਅੰਬੇਡਕਰ ਨੇ ਸੰਵਿਧਾਨ ਬਣਾ ਕੇ ਦੇ ਦਿੱਤਾ ਹੈ।
ਜਿਵੇਂ ਕਿ ਪਹਿਲਾਂ ਹੀ ਜ਼ਿਕਰ ਕੀਤਾ ਜਾ ਚੁੱਕਿਆ ਹੈ ਕਿ ਭਾਵੇਂ ਬਾਬਾ ਸਾਹਿਬ ਦਾ ਸ਼ਿਕਵਾ ਬਹੁਜਨ ਸਮਾਜ ਦੇ ਪੜ੍ਹੇ-ਲਿਖੇ ਵਰਗ ’ਤੇ ਅੱਜ ਵੀ ਢੁੱਕਦਾ ਹੈ ਪਰ ਫਿਰ ਵੀ ਕੁੱਝ ਅਜਿਹੇ ਜਾਗਦੇ ਤੇ ਜੁਝਾਰੂ ਨੌਜਵਾਨ ਹਨ ਜਿਨ੍ਹਾਂ ਨੇ ਆਮ ਲੋਕਾਂ ਨੂੰ ਸੰਵਿਧਾਨ ਅਤੇ ਮੌਲਿਕ ਅਧਿਕਾਰਾਂ ਦਾ ਅਸਲੀ ਅਰਥ ਸਮਝਾਇਆ। ਵੋਟ ਦਾ ਅਧਿਕਾਰ, ਲੋਕਤੰਤਰ ਅਤੇ ਸਰਕਾਰਾਂ ਦੀ ਬਣਤਰ ਦੀ ਸਹੀ ਤੇ ਸਮਝ ਪੈਣ ਵਾਲੀ ਵਿਆਖਿਆ ਕੀਤੀ। ਵੋਟ ਦੀ ਅਸਲ ਕੀਮਤ, ਸ਼ਾਸਨ ਤੇ ਪ੍ਰਸ਼ਾਸਨ ਦੇ ਅਰਥ ਆਮ ਪੇਂਡੂਆਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹ ਨੌਜਵਾਨ ਇਹ ਦੱਸਣ ਲਈ ਤੱਤਪਰ ਰਹਿੰਦੇ ਹਨ ਕਿ ਸੰਵਿਧਾਨ ਰਾਹੀਂ ਮਿਲਿਆ ਰਾਖਵਾਂਕਰਨ ਗਾਂਧੀ, ਨਹਿਰੂ ਜਾਂ ਕਾਂਗਰਸ ਦੀ ਦੇਣ ਨਹੀਂ ਬਲਕਿ ਸ਼ਾਹੂ ਛਤਰਪਤੀ ਅਤੇ ਡਾ. ਅੰਬੇਡਕਰ ਦੀ ਦੇਣ ਹੈ। ਇਹ ਉਹ ਜਾਗਦੇ ਲੋਕ ਹਨ ਜੋ ਅੱਜ ਵੀ ਲੋਕਾਂ ਨੂੰ ਪਿੰਡ-ਪਿੰਡ, ਗਲੀ-ਗਲੀ, ਸ਼ਹਿਰ-ਸ਼ਹਿਰ ਘੁੰਮ ਕੇ ਸਮਝਾਉਣ ਲਈ ਯਤਨਸ਼ੀਲ ਰਹਿੰਦੇ ਹਨ।
ਡਾਕਟਰ ਭੀਮ ਰਾਓ ਅੰਬੇਡਕਰ ਦਾ ਸ਼ਿਕਵਾ ਦੂਰ ਕਰਨ ਲਈ ਪੜ੍ਹੇ-ਲਿਖੇ ਵਰਗ ਨੂੰ ਸਪੁੱਤਰ ਬਣ  ਕੇ ਬਾਬਾ ਸਾਹਿਬ ਦੇ ਕਾਫ਼ਲੇ ਨੂੰ ਅੱਗੇ ਵਧਾਉਣ ਲਈ ਬਹੁਨੁਕਾਤੀ ਪ੍ਰੋਗਰਾਮ ਉਲੀਕਣ ਦੀ ਲੋੜ੍ਹ ਹੈ।ਜਿਵੇਂ ਕਿ:
ਸਭ ਤੋਂ ਪਹਿਲਾਂ ਦਲਿਤ ਸਮਾਜ ਦੇ ਪੜ੍ਹੇ-ਲਿਖੇ ਵਰਗ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਬਾਬਾ ਸਾਹਿਬ ਦੀ ਬਦੌਲਤ ਹੀ ਉਨ੍ਹਾਂ ਨੂੰ ਪੜ੍ਹਾਈ, ਨੌਕਰੀ, ਕਾਰ ਤੇ ਕੋਠੀ ਨਸੀਬ ਹੋਈ ਹੈ ਨਾ ਕਿ ਕਿਸੇ ਬਾਬੇ ਦੀ ਮਜ਼ਾਰ ’ਤੇ ਚੋਂਕੀ ਭਰਨ ਨਾਲ, ਕਿਸੇ ਬਾਬੇ ਦੀ ਪੂਜਾ ਜਾਂ ਕਿਸੇ ਦੇਵੀ ਦੇਵਤੇ ਦਾ ਵਰਤ ਰੱਖਣ ਨਾਲ। ਖ਼ਾਸ ਤੌਰ ’ਤੇ ਸਰਕਾਰੀ ਬਾਬੂਆ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਦੇ ਸਮਾਜਿਕ ਹਾਲਤਾਂ ਤੋਂ ਜ਼ਰੂਰ ਜਾਣੂ ਕਰਾਉਣ। ਜੇ ਬਾਬਾ ਸਾਹਿਬ ਵੀ ਸਿਰਫ਼ ਆਪਣੇ ਬਾਰੇ ਹੀ ਸੋਚਦੇ ਤਾਂ ਇਹ ਲੋਕ ਅੱਜ ਵੀ ਪਿੰਡਾਂ ਤੇ ਸ਼ਹਿਰਾਂ ਤੋਂ ਬਾਹਰ ਕੁੱਲੀਆਂ ’ਚ ਬੁਨੀਆਦੀ ਸ਼ਹੂਲਤਾਂ ਤੋਂ ਸੱਖਣਾ ਜੀਵਨ ਬਤੀਤ ਕਰ ਰਹੇ ਹੁੰਦੇ। (ਅੱਖਾਂ ਬੰਦ ਕਰਕੇ ਸਿਰਫ ਮਹਿਸੂਸ ਕਰਕੇ ਦੇਖੋ ਨਾਨੀ ਯਾਦ ਆ ਜਾਵੇਗੀ!) ਅੰਬੇਡਕਰਵਾਦ ਦਲਿਤ ਵਰਗ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਇਸ ਲਈ ਜ਼ਰੂਰੀ ਹੈ ਕਿ ਡਾਕਟਰ ਅੰਬੇਡਕਰ ਦੇ ਜੀਵਨ ਬਾਰੇ ਪੜ੍ਹ ਕੇ ਤੇ ਉਨ੍ਹਾਂ ਦੇ ਵਿੱਚਾਰਾਂ ਨੂੰ ਜਾਣ ਕੇ ਇਸ ਬਾਰੇ ਹੋਰਾਂ ਨੂੰ ਦੱਸੋ। ਗਿਆਨ ਪ੍ਰਾਪਤ ਹੋਣ ਦੇ ਨਾਲ ਹੀ ਕਲਪਨਿਕ ਬਾਬਿਆਂ ਦੀਆਂ ਫੋਟੋਆਂ ਘਰੋਂ ਗਾਇਬ ਹੋ ਜਾਣਗੀਆਂ, ਰਾਹੂ, ਕੇਤੂ ਤੁਹਾਡੇ ਮੋਢਿਆਂ ਤੋਂ ਉਤਰ ਕੇ ਦੂਰ ਭੱਜ ਜਾਣਗੇ, ਤੁਹਾਡੀ ਕੁੰਡਲੀ ਦੀਆਂ ਸਾਰੀਆਂ ਗੁੰਝਲਾਂ ਸੁਲਝ ਜਾਣਗੀਆਂ ਤੇ ਸ਼ੁੱਭ-ਅਸ਼ੁਭ ਦੇ ਕੁਚੱਕਰ ’ਚੋ ਨਿੱਕਲ ਕੇ ਤੁਸੀਂ ਬਾਬਿਆਂ ਦੀਆਂ ਚੋਂਕੀਆਂ ਭਰਨਾ ਵੀ ਭੁੱਲ ਜਾਉਂਗੇ। 
ਗਿਆਨ ਨੂੰ ਹਥਿਆਰ ਬਣਾਓ ਨਾ ਕਿ ਸਿਰਫ਼ ਨੌਕਰੀ ਦਾ ਸਾਧਨ। ਦਲਿਤ ਸਾਹਿਤ ਪੜ੍ਹੋ, ਜੇਕਰ ਤੁਹਾਨੂੰ ਆਪ ਨੂੰ ਕੁੱਝ ਪਤਾ ਹੋਵੇਗਾ ਤਾਂ ਹੀ ਦੁਜਿਆਂ ਨੂੰ ਕੁੱਝ ਦੱਸੋਗੇ। ਡਾਕਟਰ ਅੰਬੇਡਕਰ ਸਿੱਖਿਆ ਨੂੰ ‘ਮੁਕਤੀ ਦਾ ਹਥਿਆਰ’ ਮੰਨਦੇ ਸਨ। ਜੋ ਵਿਅਕਤੀ ਆਪਣੇ ਘਰ ਵਿੱਚ ਚਾਨਣ ਕਰਕੇ ਦੂਜੇ ਨੂੰ ਹਨ੍ਹੇਰੇ ਵਿੱਚ ਛੱਡ ਦਿੰਦਾ ਹੈ, ਉਹ ਸੱਚਾ ਅੰਬੇਡਕਰਵਾਦੀ ਨਹੀਂ ਹੋਂ ਸਕਦਾ। ਇਸ ਲਈ ਸਮਾਜ ਦੇ ਪੜ੍ਹੇ-ਲਿਖੇ ਵਿਅਕਤੀਆਂ ਨੂੰ ‘ਗਿਆਨ ਦਾਨ ਮਹਾਂ ਦਾਨ’ ਦਾ ਸਿਧਾਂਤ ਅਪਣਾ ਕੇ ਆਮ ਲੋਕਾਂ ਵਿੱਚ ਵੀ ਵਿੱਦਿਆ ਦਾ ਪ੍ਰਸਾਰ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸਮਾਜ ਸੇਵਾ ਵਿੱਚ ਹਿੱਸਾ ਲੈਣ ਤੇ ਆਪਣੇ ਵਰਗ ਦੇ ਗ਼ਰੀਬ, ਪਿੱਛੜੇ ਜਾਂ ਵੰਚਿਤ ਲੋਕਾਂ ਦੀਆਂ ਸਮੱਸਿਆਵਾਂ ਤੇ ਮਜ਼ਬੂਰੀਆਂ ਸਮਝ ਕੇ ਉਨ੍ਹਾਂ ਦਾ ਹੱਲ ਕਰਨ। ਵਿੱਦਿਆ ਨੂੰ ਸਿਰਫ਼ ਨਿੱਜੀ ਹੀ ਨਹੀਂ ਸਗੋਂ ਹਮੇਸ਼ਾ ਜਨਹਿਤ ਵਿੱਚ ਵਰਤਿਆ ਜਾਣਾ ਚਾਹੀਦਾ ਹੈ। ਅੱਜ ਦਾ ਪੜ੍ਹਿਆ ਲਿਖਿਆ ਵਰਗ ਜੇ ਆਪਣੀਆਂ ਨਵੀਂ ਪੀੜ੍ਹੀ ਨੂੰ ਅੰਬੇਡਕਰ ਦੇ ਸੰਘਰਸ਼ ਅਤੇ ਉਨ੍ਹਾਂ ਦੇ ਮਿਸ਼ਨ ਦੀ ਜਾਣਕਾਰੀ ਦੇਵੇ, ਤਾਂ ਸਮਾਜਿਕ ਪਰਿਵਰਤਨ ਸੰਭਵ ਹੈ। 
ਪੜ੍ਹੇ ਲਿਖੇ ਵਰਗ ਨੂੰ ਚਾਹੀਦਾ ਹੈ ਕਿ ਆਪਣੇ ਸਮਾਜ ਦੇ ਲੋਕਾਂ ਨੂੰ ਸੇਧ ਦੇ ਕੇ ੳਹਨਾਂ ਦੇ ਜਾਤੀ ਸਰਟੀਫਿਕੇਟ ਬਣਾਉਣ, ਵਿਦਿਆਰਥੀਆਂ ਨੂੰ ਵਜੀਫ਼ਾ ਲਗਾਵਾਉਣ, ਲੋੜਵੰਦਾਂ ਨੂੰ ਪੈਨਸ਼ਨ ਲਗਵਾਉਣ ਅਤੇ ਹੋਰ ਸਰਕਾਰੀ ਸਹੂਲਤਾਂ ਦਾ ਲਾਭ ਦਿਵਾਉਣ ਲਈ ਸਮਾਂ ਜ਼ਰੂਰ ਕੱਢੇ।
ਕਈਆਂ ਨੂੰ ਲੱਗਦਾ ਹੈ ਕਿ ਉੱਚ–ਵਿੱਦਿਆ ਅਤੇ ਨੌਕਰੀ ਉਨ੍ਹਾਂ ਦੇ ਆਪਣੇ ਗੁਣਾ ਅਤੇ ਕਾਬਲੀਅਤ ਕਰਕੇ ਮਿਲੀ ਹੈ ਨਾਕਿ ਕਿਸੇ ਰਾਖਵਾਂਕਰਨ ਦੇ ਕਾਰਨ। ਇਨ੍ਹਾਂ ਨੂੰ ਪੁੱਛੋ ਕਿ ਜੇ ਇਨ੍ਹਾਂ ਨੂੰ ਸਕੂਲ ਵਿੱਚ ਵੜਨ ਹੀ ਨਾ ਦਿੱਤਾ ਜਾਂਦਾ ਤਾਂ ਕਿੱਧਰ ਜਾਂਦੀ ਇਹਨਾਂ ਦੀ ਕਾਬਲੀਅਤ। ਇਹ ਭੁੱਲ ਜਾਂਦੇ ਹਨ ਕਿ ਅੰਬੇਡਕਰ ਦੇ ਸਰਟੀਫ਼ਿਕੇਟ ਵਰਤ ਕੇ ਹੀ ਇਨ੍ਹਾਂ ਦੇ ਪਿਤਾ ਨੇ ਇਨ੍ਹਾਂ ਨੂੰ ਪੜ੍ਹਾਉਣ ਲਈ ਪੈਸੇ ਦਾ ਪ੍ਰਬੰਧ ਕੀਤਾ ਸੀ ਤੇ ਅੰਬੇਡਕਰ ਦੇ ਬਣਾਏ ਸੰਵਿਧਾਨ ਕਰਕੇ ਹੀ ਇਨ੍ਹਾਂ ਨੂੰ ਸਕੂਲ ਅੰਦਰ ਦਾਖਲੇ ਦਾ ਅਧਿਕਾਰ ਮਿਲਿਆ। ਅਜਿਹੇ ਬੰਦੇ ਆਪਣੇ ਇਤਹਾਸ ਦੇ ਗਿਆਨ ਦੀ ਘਾਟ ਕਾਰਨ ਜਗ੍ਹਾ-ਜਗ੍ਹਾ ਭਟਕਦੇ ਹੋਏ ਮੰਦਰਾਂ ਦੇ ਘੰਟੇ ਬਜਾਉਂਦੇ ਫਿਰਦੇ ਰਹਿੰਦੇ ਹਨ। ਇਸ ਘਟਨਾਕ੍ਰਮ ਵਿੱਚ ਸਰਧਾ ਵਿੱਚ ਡੁੱਬੀਆਂ ਔਰਤਾਂ ਮਹੱਤਵਪੂਨ ਭੂਮਿਕਾ ਨਿਭਾਉਂਦੀਆਂ ਹਨ। ਪੜ੍ਹਿਆਂ-ਲਿਖਿਆ ਇਹ ਵਰਗ ਆਪਣੇ ਸਮਾਜ ਲਈ ਬਹੁਤ ਘਾਤਕ ਸਿੱਧ ਹੁੰਦਾ ਹੈ ਕਿਉਂਕਿ ਅਨਪੜ੍ਹ ਲੋਕ ਦੇਖੋ-ਦੇਖੀ ਇਨ੍ਹਾਂ ਦੇ ਮਾਰਗ ’ਤੇ ਚੱਲਣ ਲੱਗਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਹੀ ਉਹ ਲੋਕ ਹਨ ਜਿਨ੍ਹਾਂ ਨੂੰ ਡਾਕਟਰ ਅੰਬੇਡਕਰ ਨੇ ਕਿਹਾ ਸੀ ਕਿ ਮੈਨੂੰ ਮੇਰੇ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ। ਅਜਿਹੇ ਕੁਰਾਹੇ ਪਏ ਲੋਕਾਂ ਨੂੰ ਸਹੀ ਰਾਹ ’ਤੇ ਲਿਆ ਕੇ ਅਸਲੀਅਤ ਦੇ ਦਰਸਨ ਕਰਾਉਣ ਲਈ ਜ਼ਰੂਰੀ ਹੈ ਕਿ ਕੁੱਝ ਚੰਗੀਆਂ ਕਿਤਾਬਾਂ ਪੜ੍ਹਾ ਕਿ ਸਾਹਿਤ ਨਾਲ ਜੋੜਿਆ ਜਾਵੇਂ।
 ਸਮਾਜ ਦੇ  ਉਥਾਨ ਲਈ ਡਾਕਟਰ ਅੰਬੇਡਕਰ ਦਾ ਸੁਝਾਅ ਸੀ,  “ਜੋ ਲੋਕ ਸਰਕਾਰੀ ਨੌਕਰੀ ਕਰਦੇ ਹਨ ਉਨ੍ਹਾਂ ਦਾ ਫ਼ਰਜ਼ ਹੈ ਕਿ ਆਪਣੀ ਕਮਾਈ ਦਾ 20ਵਾਂ ਭਾਗ ਆਪਣੀ ਮਰਜ਼ੀ ਨਾਲ ਦਾਨ ਕਰਦੇ ਰਹਿਣ ਤਾਂ ਹੀ ਗ਼ਰੀਬ ਸਮਾਜ ਦਾ ਵਿਕਾਸ ਹੋਵੇਗਾ। ਨਹੀਂ ਤਾਂ ਇੱਕ ਹੀ ਪਰਿਵਾਰ ਸੁੱਖੀ ਹੋਵੇਗਾ। ਜੋ ਲੜਕਾ ਪਿੰਡ ਵਿੱਚ ਪੜ੍ਹਦਾ ਹੈ ਜਾਂ ਨੌਕਰੀ ਕਰਦਾ ਹੈ, ਉਸ ਤੋਂ ਪੂਰੇ ਸਮਾਜ ਨੂੰ ਉਮੀਦ ਹੁੰਦੀ ਹੈ। ਇੱਕ ‘ਸਿੱਖਿਅਤ ਸਮਾਜ ਸੇਵਕ’ ਉਹਨਾਂ ਲਈ ਵਰਦਾਨ ਸਿੱਧ ਹੋ ਸਕਦਾ ਹੈ।”
ਨੌਜਵਾਨਾਂ ਨੂੰ ਉਚੇਰੀ ਅਤੇ ਕਿੱਤਾ-ਮੁੱਖੀ ਵਿੱਦਿਆ ਲਈ ਵਿਸ਼ੇਸ਼ ਤੌਰ ’ਤੇ ਉਤਸਾਹਿਤ ਕਰਨਾ ਚਾਹੀਦਾ ਹੈ। ਪੜ੍ਹਾਈ ਵਿੱਚ ਹੁਸ਼ਿਆਰ ਵਿਦਿਆਰਥੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਕਿੱਤੇ ਦੀ ਚੋਣ ਸਬੰਧੀ ਸਹੀ ਦਿਸ਼ਾ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਕਿ ਰੁਜ਼ਗਾਰ ’ਤੇ ਲੱਗ ਕੇ ਉਹ ਆਰਥਿਕ ਤੌਰ ’ਤੇ ਮਜ਼ਬੂਤ ਹੋ ਸਕਣ ਤੇ ਸਮਾਜ ਸੇਵਾ ਦੇ ਕਾਰਜਾਂ ’ਚ ਆਪਣਾ ਯੋਗਦਾਨ ਪਾ ਸਕਣ। ਬਾਬਾ ਸਾਹਿਬ ਦੀ ਵੀ ਇਹ ਇੱਛਾ ਸੀ ਕਿ ਦਲਿਤ ਸਮਾਜ ਦੇ ਵਿਦਿਆਰਥੀ ਗਿਆਨ ਹਾਸਲ ਕਰਨ ਅਤੇ ਸਮਾਜ ਨੂੰ ਅਗਵਾਈ ਦੇਣ।
ਹਰੇਕ ਪਿੰਡ ਵਿੱਚ ਲਾਇਬ੍ਰੇਰੀ ਖੋਲ ਕੇ ਬਹੁਜਨ ਸਮਾਜ ਨਾਲ ਸਬੰਧਿਤ ਅਤੇ ਜੀਵਨ ਨੂੰ ਸੇਧ ਦੇਣ ਵਾਲੀਆਂ ਕਿਤਾਬਾਂ ਉਪਲਬਧ ਕਰਵਾਉਣੀਆਂ ਚਾਹੀਦੀਆਂ ਹਨ। ਲਾਇਬ੍ਰੇਰੀ ਸਮਾਜ ਦੀ ਮਾਨਸਿਕ ਸਿਹਤ ਤੰਦਰੁਸਤ ਰੱਖਣ ’ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਲਾਇਬ੍ਰੇਰੀ ਅੰਧਵਿਸ਼ਵਾਸ, ਅਨਪੜ੍ਹਤਾ ਅਤੇ ਅਗਿਆਨਤਾ ਨੂੰ ਦੂਰ ਕਰਕੇ ਵੱਖ-ਵੱਖ ਧਰਮਾਂ, ਜਾਤਾਂ ਅਤੇ ਫ਼ਿਰਕਿਆਂ ਵਿੱਚ ਵੰਡੇ ਸਮਾਜ ਨੂੰ ਜੋੜਨ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ।
ਇਸ ਤੋਂ ਇਲਾਵਾ, ਸਕੂਲਾਂ, ਕਾਲਜਾਂ, ਅਤੇ ਯੂਨੀਵਰਸਿਟੀਆਂ ਵਿੱਚ ਡਾਕਟਰ ਅੰਬੇਡਕਰ ਦੀ ਸੋਚ ਤੇ ਵਿਚਾਰਧਾਰਾ ਨੂੰ ਲਿਆਉਣਾ ਲਾਜ਼ਮੀ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ।
ਸਮਾਜ ਵਿੱਚ ਫ਼ੈਲੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਕੱਟੜ ਰਵੱਈਏ ਦੇ ਧਾਰਨੀ ਨਹੀਂ ਹੋਣਾ ਚਾਹੀਦਾ। ਬਰਾਬਰਤਾ ਤੇ ਸਾਂਝੀਵਾਲਤਾ ਦੇ ਸੰਦੇਸ਼ ਦਾ ਪ੍ਰਚਾਰ ਕਰਕੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। 
ਪੜ੍ਹੇ-ਲਿਖੇ ਵਰਗ ਨੂੰ ਚਾਹੀਦਾ ਹੈ ਕਿ ਉਹ ਹਰ ਰੋਜ ਘੱਟੋ ਘੱਟ ਅੱਧਾ ਘੰਟਾ ਬਾਬਾ ਸਾਹਿਬ ਦੇ ਜੀਵਨ ’ਤੇ ਚਾਨਣਾ ਪਾਉਂਦੀਆਂ ਕਿਤਾਬਾਂ ਅਤੇ ਮੈਗਜ਼ੀਨ ਜ਼ਰੂਰ ਪੜ੍ਹਨ। ਜੇ ਉਹ ਆਪ ਕੁੱਝ ਪੜ੍ਹਨਗੇ ਤਾਂ ਹੀ ਉਹ ਅੱਗੇ ਹੋਰ ਸਾਥੀਆਂ ਨੂੰ ਦੱਸ ਸਕਣਗੇ। ਅੰਬੇਡਕਰਵਾਦੀ ਅਤੇ ਦੇਸ਼ ਭਗਤੀ ਦੀ ਸੋਚ ਰੱਖਣ ਵਾਲੇ ਸਾਥੀਆਂ ਨੂੰ ਵਿਚਾਰਾਂ ਦੇ ਆਦਾਨ ਪ੍ਰਦਾਨ ਲਈ ਹਫ਼ਤਾਵਾਰੀ ਜਾਂ ਪੰਦਰਾਂ ਦਿਨਾਂ ਬਾਅਦ ਮੀਟਿੰਗਾਂ ਬਹੁਤ ਜ਼ਰੂਰੀ ਹਨ। (ਪਰ ਇੱਕੱਠੇ ਹੋ ਕੇ ਚਾਹ ਨਾਲ ਪਕੋੜੇ ਖਾਣ ਨੂੰ ਹੀ ਸਮਾਜ ਸੇਵਾ ਨਹੀਂ ਸਮਝਣਾ ਚਾਹੀਦਾ! ਸਮਾਜ ਦੀ ਭਲਾਈ ਲਈ ਕੁੱਝ ਕਰਨਾ ਬਹੁਤ ਜ਼ਰੂਰੀ ਹੈ। ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਰ ਪੜ੍ਹੇ-ਲਿਖੇ ਗੱਲਾਂ ਤਾਂ ਬਹੁਤ ਮਾਰਦੇ ਹਨ ਪਰ ਜਦੋਂ  ਬਾਬਾ ਸਾਹਿਬ ਦੇ ਮਿਸ਼ਨ ਲਈ ਥੋੜੇ-ਮੋਟੇ ਪੈਸੇ ਖ਼ਰਚਣ ਦੀ ਗੱਲ ਆਉਂਦੀ ਹੈ ਤਾਂ ਢੀਠ ਹੋ ਜਾਂਦੇ ਹਨ ਜਾਂ ਟਾਲਾ ਵੱਟ ਜਾਂਦੇ ਹਨ।) ਡਾਕਟਰ ਅੰਬੇਡਕਰ ਦੀ ਵਿੱਚਾਰਧਾਰਾ ਦਾ ਪ੍ਰਸਾਰ ਕਰਨ ਲਈ ਸਾਨੂੰ ਸਿਰਫ਼ ਦੋ ਸਮਾਗਮ (ਡਾਕਟਰ ਅੰਬੇਡਕਰ ਦੇ ਜਨਮ ਦਿਨ ਅਤੇ  ਮਰਨ ਦਿਨ ਮੌਕੇ) ਹੀ ਨਹੀਂ  ਸਗੋਂ ਸਾਲ ਵਿੱਚ ਕਈ ਸਮਾਗਮਾਂ ਦਾ ਆਯੋਜਨ ਕਰਨਾ ਚਾਹੀਦਾ ਹੈ।
ਸਮਾਜ ਦੇ ਉਥਾਨ ਲਈ ਚੰਗੇ ਸਾਹਿਤ ਦੀ ਜ਼ਰੂਰਤ ਹੁੰਦੀ ਹੈ। ਜਿਹੜੇ ਲੇਖਕ ਸਮਾਜ ਦੀ ਆਵਾਜ਼ ਬਣ ਰਹੇ ਹਨ ਉਨ੍ਹਾਂ ਨੂੰ ਸਿਰਫ਼ ਹੱਲਾਸੇਰੀ ਹੀ ਨਹੀਂ ਦੇਣੀ ਚਾਹੀਦੀ ਸਗੋਂ ਉਨ੍ਹਾਂ ਦੀਆਂ ਕਿਤਾਬਾਂ ਖ਼ਰੀਦ ਕੇ ਪੜ੍ਹਨੀਆਂ ਚਾਹੀਦੀਆਂ ਹਨ। ਇਸ ਨੇਕ ਕੰਮ ਵਿੱਚ ਮੁਲਾਜਮ ਵਰਗ ਕਾਫ਼ੀ ਅਹਿਮ ਯੋਗਦਾਨ ਪਾ ਸਕਦਾ ਹੈ। (ਜ਼ਿਕਰਯੋਗ ਹੈ ਕਿ  ਸਾਲ 1980 ਦਾ ਦਹਾਕਾ ਮੁਲਾਜ਼ਮ ਜਾਗਰਤੀ ਦਾ ਇੱਕ ਅਜਿਹਾ ਸੁਨਹਿਰੀ ਸਮਾਂ ਸੀ ਜਿਸ ਵਿੱਚ ਅੰਬੇਡਕਰਵਾਦੀ ਸਾਹਿਤ ਜੰਮ ਕੇ ਵਰਸਿਆ, ਜਿਸਨੇ ਮਨੂੰਵਾਦੀ ਵੈਦਿਕ ਸਾਹਿਤ ਖੂੰਜੇ ਲਾ ਦਿੱਤਾ। ਜਿਸਨੂੰ ਇੱਕ ਵਾਰ ਅੰਬੇਡਕਰੀ ਸਾਹਿਤ ਦੀ ਸਮਝ ਪੈ ਜਾਂਦਾ ਉਹ ਮਨੂੰਵਾਦੀ ਤਰਜ ਦੇ ਇਤਿਹਾਸ ਅਤੇ ਸਾਹਿਤ ਨੂੰ ਪਰ੍ਹਾਂ ਵਗਾਹ ਮਾਰਦਾ। ਇਸ ਸਮੇਂ ਦੌਰਾਨ ਲੱਖਾਂ ਕਿਤਾਬਾਂ ਧੜਾਧੜ ਛਪੀਆਂ ਤੇ ਵਿਹੜਿਆਂ, ਬਸਤੀਆਂ ਵਿੱਚ ਵੱਸਦੇ ਲੋਕਾਂ ਤੱਕ ਪਹੁੰਚਾਈਆਂ ਗਈਆਂ। ਸਿੱਟੇ ਵਜੋਂ ਇਸ ਵਰਗ ਦੀ ਚੇਤਨਾ ਨੇ ਦਲਿਤ ਪੱਛੜੇ ਵਰਗ ਲਈ ਸੰਘਰਸਸ਼ੀਲ ਰਹੇ ਮਹਾਨ ਬਜ਼ੁਰਗਾਂ ਨਾਲ ਇੱਕ ਮੋਹ ਪੈਦਾ ਕੀਤਾ ਜਿਸਦੇ ਨਤੀਜੇ ਵਜੋਂ ਇੱਕ ਨਵਾਂ ਤਸਵੀਰ ਕਲਚਰ ਪੈਦਾ ਹੋਇਆ। ਕੱਚੀਆਂ ਕੰਧਾਂ ਤੇ ਝੁੱਗੀਆਂ ਅੰਦਰ ਬੁੱਧ, ਕਬੀਰ, ਰਵਿਦਾਸ, ਫੂਲੇ ਸ਼ਾਹੂ ਛਤਰਪਤੀ, ਨਾਮਦੇਵ ਤੇ ਡਾਕਟਰ ਅੰਬੇਡਕਰ ਆਦਿ ਮਹਾਂਪੁਰਸਾਂ ਦੀਆਂ ਤਸਵੀਰਾਂ ਨਜ਼ਰ ਆਉਣ ਲੱਗੀਆਂ। ਇੱਕ ਜ਼ੋਰਦਾਰ ਤਸਵੀਰ ਕਲਚਰ ਨੇ ਜਨਮ ਲਿਆ ਜਿਸਨੇ ਮਨੂੰਵਾਦੀ ਤਸਵੀਰ ਕਲਚਰ ਦਾ ਪਾਸਾ ਪਲਟ ਕੇ ਰੱਖ ਦਿੱਤਾ। ਅਜਿਹੀਆਂ ਲਹਿਰਾਂ ਪੈਦਾ ਕਰਨ ਲਈ ਦਲਿਤ ਸਾਹਿਤ ਮਹੱਤਵਪੂਰਨ ਭੁਮਿਕਾ ਨਿਭਾਉਂਦਾ ਹੈ।) ਅੱਜਕੱਲ ਸੋਸ਼ਲ ਮੀਡੀਆ ਲੋਕਾਂ ਦੀ ਜ਼ਿੰਦਗੀ ’ਤੇ ਬਹੁਤ ਪ੍ਰਭਾਵ ਪਾ ਰਿਹਾ ਹੈ, ਇਸ ਲਈ ਬਾਬਾ ਸਾਹਿਬ ਦੀ ਵਿੱਚਾਰਧਾਰਾ ਨੂੰ ਸੋਸ਼ਲ ਮੀਡੀਏ ਦੇ ਜ਼ਰੀਏ ਅੱਗੇ ਵਧਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਸੰਵਿਧਾਨਿਕ ਅਧਿਕਾਰਾਂ ਦੀ ਰੱਖਿਆ ਅਤੇ ਵਕਾਲਤ ਕਰਨਾ: ਸੰਵਿਧਾਨ ਨਾਲ ਛੇੜ-ਛਾੜ ਜ਼ਾਰੀ ਹੈ, ਅਜਿਹੇ ਮਾਹੌਲ ਵਿੱਚ ਗ਼ਰੀਬ ਸਮਾਜ ਦੇ ਵਿਸ਼ੇਸ਼ ਅਧਿਕਾਰਾਂ ਨੂੰ ਘੱਟ ਜਾਂ ਖ਼ਤਮ ਕੀਤਾ ਜਾ ਸਕਦਾ ਹੈ। ਅੱਜ ਦੇ ਪੜ੍ਹੇ-ਲਿਖੇ ਲੋਕਾਂ ਨੇ ਸੰਵਿਧਾਨ ਭਾਵੇਂ ਪੜ੍ਹਿਆ ਹੋਵੇ ਜਾਂ ਨਾ ਹੋਵੇ, ਪਰ ਉਸਦੀ ਰੱਖਿਆ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ। ਇਹ ਵੀ ਇੱਕ ਕੋੜੀ ਸੱਚਾਈ ਹੈ ਕਿ ਅੰਬੇਡਕਰ ਨੂੰ ਦਲਿਤ ਸਮਾਜ ਨੇ ਘੱਟ ਪੜ੍ਹਿਆ ਪਰ ਅਲੋਚਨਾ ਤੇ ਵਿਰੋਧ ਕਰਨ ਲਈ ਵਿਰੋਧੀਆਂ ਨੇ ਜ਼ਿਆਦਾ ਪੜ੍ਹਿਆ! ਡਾਕਟਰ ਅੰਬੇਡਕਰ ਨੇ ਸੰਵਿਧਾਨ ਲਿਖਿਆ, ਪਰ ਅੱਜ ਉਸ ਦੀ ਰੱਖਿਆ ਕਰਨੀ ਸਾਡੀ ਡਿਊਟੀ ਹੈ। ਜਦੋਂ ਵੀ ਸੰਵਿਧਾਨ ’ਤੇ ਹਮਲਾ ਹੋਵੇ ਤਾਂ ਅਵਾਜ਼ ਉਠਾਉਣੀ ਚਾਹੀਦੀ ਹੈ।
 ਇਸ ਤੋਂ ਇਲਾਵਾ ਪਿੰਡ-ਪਿੰਡ ਨੌਜਵਾਨਾਂ ਦੀਆਂ ਯੂਨਿਟਾਂ ਜਾਂ ਸਮਾਜ ਭਲਾਈ ਕਲੱਬ ਬਣਾ ਕੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਬੁੱਧ ਧਰਮ ਧਾਰਣ ਕਰਨ ਸਮੇਂ ਡਾਕਟਰ ਅੰਬੇਡਕਰ ਜੀ ਦੀਆਂ 22 ਪ੍ਰਤਿਗਿਆਵਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਚਾਹੀਦਾ ਹੈ ਤਾਂ ਕਿ ਤਰਕ ਨਾਲ ਗੱਲ ਕੱਟਣ ਵਾਲੇ ਲੀਡਰ ਪੈਦਾ ਕੀਤੇ ਜਾ ਸਕਣ।
ਆਪਣੇ ਘਰ  ਅਤੇ ਮੋਬਾਇਲ ਦੀ ਸਕਰੀਨ ’ਤੇ ਡਾਕਟਰ ਅੰਬੇਡਕਰ  ਦੀ ਫ਼ੋਟੋ ਲਾ ਕੇ ਹਰ ਪਲ ਆਪਣੇ ਮਿਸ਼ਨ ਨੂੰ ਯਾਦ ਰੱਖਿਆ ਜਾ ਸਕਦਾ ਹੈ।
ਸਿਹਤਮੰਦ ਸਮਾਜ ਲਈ ਜ਼ਰੂਰੀ ਹੈ ਕਿ ਨੌਜਵਾਨ ਲੜਕੇ-ਲੜਕੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ। ਲੜਕੀਆਂ ਨੂੰ ਸਤੀ ਪ੍ਰਥਾ, ਸਤਨ ਟੈਕਸ ਪ੍ਰਣਾਲੀ ਅਤੇ ‘ਔਰਤ ਦੀ ਜ਼ਿੰਦਗੀ ’ਚ ਹਿੰਦੂ ਕੋਡ ਬਿਲ ਦੀ ਮੱਹਤਤਾ’ ਵਿਸ਼ੇ ’ਤੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਜੋ ਕੰਮ ਡਾਕਟਰ ਅੰਬੇਡਕਰ ਨੇ ਕੀਤੇ ਉਨ੍ਹਾਂ ਕੰਮਾਂ ਬਾਰੇ ਕਿਰਤੀਆਂ ਨੂੰ ਜਾਗ੍ਰਿਤ ਕਰਨਾ ਚਾਹੀਦਾ ਹੈ।
 ਦਲਿਤ ਸਮਾਜ ਦੇ ਅਗਿਆਨੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਿਸ ਭਗਵਾਨ ਨੂੰ ਤੁਸੀਂ ਵਰਤ ਰੱਖ ਕੇ ਤੇ ਪੂਜਾ ਕਰਕੇ ਖੁਸ਼ ਕਰਨ ਮਗਰੋਂ ਨੱਕ ਰਗੜ-ਰਗੜ ਆਪਣੀਆਂ ਮੰਨਤਾਂ ਪੂਰੀਆਂ ਕਰਾਉਣ ਲਈ ਲੇਲੜੀਆਂ ਕੱਢ ਰਹੇ ਹੋਂ ਉਸ ਭਗਵਾਨ ਦਾ ਨਾਮ ਲੈਣ ਅਤੇ ਸੁਣਨ ’ਤੇ ਤੁਹਾਡੀ ਜੀਭ ਕੱਟ ਦਿੱਤੀ ਜਾਂਦੀ ਸੀ ਤੇ ਕੰਨਾਂ ’ਚ ਗਰਮ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। 
‘ਕਮਿਊਨਲ ਐਵਾਰਡ’ ਦੀ ਬਦੌਲਤ ‘ਪੂਨਾ ਪੈਕਟ’ ਦੇ ਨਤੀਜ਼ੇ ਵਜੌਂ ਬਣੇ ਰਾਜਨਿਤਕ ਲੀਡਰਾਂ ਨੂੰ ਪਾਰਲੀਮੈਂਟ ’ਚ  ਗੁੰਗੇ-ਬੋਲੇ ਬਣ ਕੇ ਨਹੀਂ ਬੈਠਣਾ ਚਾਹੀਦਾ। ਭਾਵੇਂ ਤੁਸੀਂ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਹੋ ਆਪਣੇ ਹੀ ਨਹੀਂ ਸਗੋਂ ਸਾਰੇ ਸਮਾਜ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੋ।  
ਡਾ. ਅੰਬੇਡਕਰ ਦਾ ਗਿਲਾ ਅਸਲ ਵਿੱਚ ਇੱਕ ਚੇਤਾਵਨੀ ਸੀ। ਉਹ ਸਾਨੂੰ ਇਹ ਕਹਿ ਗਏ ਕਿ ਜੇ ਪੜ੍ਹਿਆ ਲਿਖਿਆ ਵਰਗ ਚੁੱਪ ਰਿਹਾ, ਤਾਂ ਅਨਪੜ ਤੇ ਅੰਧ ਵਿਸ਼ਵਾਸੀ ਜਨਤਾ ਨੂੰ ਹੱਕ ਅਤੇ ਇਨਸਾਫ਼ ਨਹੀਂ ਮਿਲੇਗਾ। ਉਨ੍ਹਾਂ ਦਾ ਸ਼ਿਕਵਾ ਦੂਰ ਕਰਨ ਲਈ ਸਾਨੂੰ ਸਿੱਖਿਆ ਦਾ ਪ੍ਰਸਾਰ ਕਰਕੇ ਸਮਾਜ ਦੇ ਉਥਾਨ ਲਈ ਯਤਨ ਕਰਨੇ ਚਾਹੀਦੇ ਹਨ। ਜੋ ਨੌਜਵਾਨ ਤਨੋ, ਮਨੋ ਉਨ੍ਹਾ ਦੇ ਮਿਸ਼ਨ ਨੂੰ ਸਮਰਪਿਤ ਹਨ ਉਨ੍ਹਾਂ ਦੀ ਆਰਥਿਕ ਤੌਰ ’ਤੇ ਮੱਦਦ ਕਰਨੀ ਚਾਹੀਦੀ ਹੈ। ਡਾ. ਅੰਬੇਡਕਰ ਦੇ ਸੰਘਰਸ਼ ਤੋਂ ਪਹਿਲਾਂ ਦਲਿਤ ਸਮਾਜ ਇੱਕ ਮੁਰਦਾ ਸਮਾਜ ਸੀ। ਸੰਵਿਧਾਨ ਲਾਗੂ ਹੋਣ ਤੋਂ ਬਾਅਦ ਇਹ ਜਿਉਂਦਾ ਸਮਾਜ ਬਣ ਗਿਆ ਤੇ ਹੁਣ ਇਸ ਨੂੰ ਜਾਗਦਾ ਸਮਾਜ ਬਣਉਣ ਲਈ ਪੜ੍ਹੇ-ਲਿਖੇ ਵਰਗ ਦੀ ਜ਼ਿਮੇਵਾਰੀ ਹੈ ਕਿ ਉਹ ਇਮਾਨਦਾਰੀ ਨਾਲ ਬਾਬਾ ਸਾਹਿਬ ਦੇ ਮੂਲ ਸਿਧਾਂਤ ‘ਪੜ੍ਹੋ, ਜੁੜ੍ਹੋ ਤੇ ਸੰਘਰਸ਼ ਕਰੋ’ ’ਤੇ ਪਹਿਰਾ ਦੇਵੇ।