ਸੰਨ ਦੋ ਹਜ਼ਾਰ ਛੱਬੀ, ਇਕ ਦੇਣ ਹੈ ਰਬੱਬੀ, ਜੀ ਸੰਭਾਲ ਰੱਖਣਾ,
ਹਿੰਮਤ ਹੌਸਲਾ ਵੀ ਸਦਾ ਇਹਦੇ ਨਾਲ਼ ਰੱਖਣਾ
ਅਕਸਰ ਵਗੇਗੀ ਹਨ੍ਹੇਰੀ ਉਂਝ ਤੇਰੇ ਅੱਗੇ ਪਿੱਛੇ,
ਦੀਵਾ ਫੇਰ ਵੀ ਬਨੇਰੇ ਉੱਤੇ ਬਾਲ਼ ਰੱਖਣਾ -
ਅਕਸਰ ਵਗੇਗੀ ਹਨ੍ਹੇਰੀ
ਰੱਖੀਂ ਸਿਹਤ ਦਾ ਖਿਆਲ, ਸਭ ਗੱਲਾਂ ਇਹਦੇ ਨਾਲ,
ਲੋਕ ਸੜਕਾਂ ਦੇ ਉੱਤੇ, ਨਿੱਤ ਹੁੰਦੇ ਨੇ ਹਲਾਲ
ਬਿਨਾਂ ਵਜ੍ਹਾ ਜਿਹੜੇ ਗੈਸਾਂ ਰਹਿੰਦੇ ਫੂਕਦੇ,
ਧੂੰਏਂ ਵਾਲਿਆਂ ਤੋਂ ਖ਼ੁਦ ਨੂੰ ਸੰਭਾਲ ਰੱਖਣਾ-
ਅਕਸਰ ਵਗੇਗੀ ਹਨ੍ਹੇਰੀ
ਕਿਰਤਾਂ ਸਿੱਖ, ਕਿਰਤ ਲੱਭ, ਕਿਰਤ ਕਰ,
ਬੱਸ ਕਿਰਤ ਦੇ ਸਹਾਰੇ, ਮਾਲ ਹੱਕ ਦਾ ਹੀ ਚਰ
ਰਹਿਬਰਾਂ ਦੀ ਯਾਦ ਵਿਚ ਛਕ ਕਿਰਤ ਵੰਡ ਕੇ,
ਭੁੱਖੇ-ਭਾਣਿਆਂ ਦਾ ਦਿਲ ‘ਚ ਖਿਆਲ ਰੱਖਣਾ -
ਅਕਸਰ ਵਗੇਗੀ ਹਨ੍ਹੇਰੀ
ਚਲਦੀ ਆਈ ਕਾਣੀ ਵੰਡ, ਰਹਿੰਦੀ ਸਾਡੇ ਅੰਗ-ਸੰਗ,
ਆਗੂ ਦੁਨੀਆ-ਦੇ-ਨੰਗ, ਰਹਿੰਦੇ ਛੇੜਦੇ ਨੇ ਜੰਗ,
ਲੋਕ ਜਿਨ੍ਹਾਂ ਤੋਂ ਨੇ ਤੰਗ, ਕਿੱਥੋਂ ਪੀਤੀ ਇਹਨਾਂ ਭੰਗ ?
ਪੱਤਰਕਾਰਾਂ ਨੂੰ ਕਰਦੇ ਸਵਾਲ ਰੱਖਣਾ
ਅਕਸਰ ਵਗੇਗੀ ਹਨ੍ਹੇਰੀ ਉਂਝ ਤੇਰੇ ਅੱਗੇ ਪਿੱਛੇ,
ਦੀਵਾ ਫੇਰ ਵੀ ਬਨੇਰੇ ਉੱਤੇ ਬਾਲ਼ ਰੱਖਣਾ -
ਅਕਸਰ ਵਗੇਗੀ ਹਨ੍ਹੇਰੀ