ਮਨਜੀਤ ਕੌਰ ਅੰਬਾਲਵੀ ਦਾ ‘ਮਿੱਟੀ ਬੋਲ ਪਈ ਤੇ ਹੋਰ ਬਾਲ ਨਾਟਕ’ (ਆਲੋਚਨਾਤਮਕ ਲੇਖ )

ਉਜਾਗਰ ਸਿੰਘ   

Email: ujagarsingh48@yahoo.com
Cell: +91 94178 13072
Address:
India
ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


   ਮਨਜੀਤ ਕੌਰ ਅੰਬਾਲਵੀ ਬੱਚਿਆਂ ਦੀ ਮਾਨਸਿਕਤਾ ਦੀ ਤਰਜ਼ਮਾਨੀ ਕਰਨ ਵਾਲੀ ਲੇਖਕਾ ਹੈ। ਅਧਿਆਪਕਾ ਹੋਣ ਦੇ ਨਾਤੇ ਉਹ ਬਾਲ ਮਨਾਂ ਦੀ ਮਾਨਸਿਕਤਾ ਨੂੰ ਬਹੁਤ ਹੀ ਤੀਖਣ ਬੁੱਧੀ ਨਾਲ ਸਮਝਦੀ ਹੈ। ਇਸ ਲਈ ਉਸ ਦੀਆਂ ਸਾਰੀਆਂ ‘ਗੁਆਚੇ ਰੰਗ’, ‘ਬਹਾਰਾਂ ਨੂੰ ਆਵਾਜ਼’, ‘ਚਾਨਣ ਦੇ ਫੁੱਲ’, ‘ਮਾਂ ਦੀਆਂ ਮਿੱਠੀਆਂ ਲੋਰੀਆਂ’, ‘ਰੀਮੋਟ ਵਾਲਾ ਜਹਾਜ’, ‘ਕੁੱਲ ਦੀ ਬੋਲੀ’, ‘ਅਜਿਹਾ ਹੋਵੇ ਗੁਆਂਢੀ’, ‘ਆਟੇ ਦੀ ਚਿੜੀ’, ‘ਮੈਨੂੰ ਚੰਦ ਚਾਹੀਦੈ’, ‘ਨੂਰ ਅਗੰਮੀ’, ‘ਆ ਜਾ ਚਿੜੀਏ’ ਅਤੇ ‘ਮਿੱਟੀ ਬੋਲ ਪਈ’ 12 ਪੁਸਤਕਾਂ ਬਾਲ ਮਨਾ ਦੀ ਮਨੋਸਥਿਤੀ ਅਨੁਸਾਰ ਲਿਖੀਆਂ ਹੋਈਆਂ ਹਨ। ਇੱਕ ਬਾਲਗ ਲੇਖਕ ਨੂੰ ਬੱਚਿਆਂ ਦੇ ਪੱਧਰ ‘ਤੇ ਪਹੁੰਚਕੇ ਲਿਖਣਾ ਮੁਸ਼ਕਲ ਹੁੰਦਾ ਹੈ, ਪ੍ਰੰਤੂ ਮਨਜੀਤ ਕੌਰ ਅੰਬਾਲਵੀ ਦੀ ਕਮਾਲ ਇਸੇ ਵਿੱਚ ਹੈ ਕਿ ਉਹ ਬਾਲ ਸਥਿਤੀ ਵਿੱਚ ਪਹੁੰਚਕੇ ਬੱਚਿਆਂ ਦੀਆਂ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਰਚਨਾਵਾਂ ਕਰਦੀ ਹੈ। ਉਹ ਬਹੁ-ਵਿਧਾਵੀ, ਬਹੁ-ਦਿਸ਼ਾਵੀ ਤੇ ਬਹੁ-ਪਰਤੀ ਬਾਲ ਸਾਹਿਤਕਾਰ ਹੈ, ਜਿਸਨੇ ਕਵਿਤਾ ਤੇ ਕਹਾਣੀ ਤੋਂ ਬਾਅਦ ਨਾਟਕ ਵਿਧਾ ‘ਤੇ ਹੱਥ ਅਜਮਾਇਆ ਹੈ। ਉਸ ਦੀਆਂ ਦੋ ਪੁਸਤਕਾਂ  ‘ਚਾਨਣ ਦੇ ਫੁੱਲ’ ਅਤੇ ‘ਮਾਂ ਦੀਆਂ ਮਿੱਠੀਆਂ ਲੋਰੀਆਂ’ ਨੂੰ ਹਰਿਆਣਾ ਪੰਜਾਬੀ ਸਾਹਿਤ ਅਕਾਡਮੀ ਨੇ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਸੀ। ਚਰਚਾ ਅਧੀਨ ‘ਮਿੱਟੀ ਬੋਲ ਪਈ ਤੇ ਹੋਰ ਬਾਲ ਨਾਟਕ’ ਉਸਦੀ ਬਾਰਵੀਂ ਪੁਸਤਕ ਹੈ। ਇਸ ਪੁਸਤਕ ਵਿੱਚ ਉਸਨੇ ਪੰਜ ਬਾਲ ਨਾਟਕ, ‘ਸਫ਼ਾਈ ਵਿੱਚ ਖੁਦਾਈ’, ‘ਚਿੜੀਆਂ ਕਿੱਥੇ ਗਈਆਂ’, ‘ਚਾਨਣ ਮੁਨਾਰਾ’, ਮੌਸਮ ਬਦਲ ਗਏ’ ਅਤੇ ‘ਮਿੱਟੀ ਬੋਲ ਪਈ’ ਸ਼ਾਮਲ ਕੀਤੇ ਹਨ, ਜਿਨ੍ਹਾਂ ਦੇ ਨਾਲ ਚਿਤਰ ਦੇ ਕੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਚਿਤਰ ਵੇਖ ਕੇ ਬਾਲਕ ਪੁਸਤਕ ਪੜ੍ਹਨ ਲਈ ਉਤਸ਼ਾਹਤ ਹੋ ਜਾਂਦੇ ਹਨ। ਇਹ ਨਾਟਕ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਦੇ ਵਿਰੁੱਧ ਲਾਮਬੰਦ ਹੋਣ ਲਈ ਪ੍ਰੇਰਿਤ ਕਰਦੇ ਹਨ। ਇਹ ਬਾਲ ਨਾਟਕਾਂ ਨੂੰ ਤਰਤੀਬ ਇਸ ਤਰ੍ਹਾਂ ਦਿੱਤੀ ਗਈ ਹੈ ਕਿ ਸਾਰੇ ਨਾਟਕਾਂ ਦੀ ਇੱਕ ਦੂਜੇ ਨਾਲ ਲੜੀ ਜੁੜਦੀ ਹੈ।  ਇਉਂ ਲੱਗਦਾ ਹੈ ਕਿ ਨਾਟਕ ਖ਼ਤਮ ਨਹੀਂ ਹੋਇਆ, ਅਜੇ ਚਾਲਦਾ ਹੈ। ਅਜਿਹੇ ਬਾਲ ਨਾਟਕ ਵਰਤਮਾਨ ਸਮੇਂ ਵਿੱਚ ਬਹੁਤ ਹੀ ਮਹੱਤਵਪੂਰਨ ਤੇ ਢੁਕਵੇਂ ਹਨ, ਕਿਉਂਕਿ ਸਾਡੇ ਸਮਾਜਿਕ ਤਾਣੇ-ਬਾਣੇ ਵਿੱਚ ਨਿਘਾਰ ਆਉਣ ਕਰਕੇ ਇਨਸਾਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਅਣਡਿਠ ਕਰ ਰਿਹਾ ਹੈ, ਜਿਸ ਕਰਕੇ ਅਨੇਕ ਸਮਾਜਕ ਅਲਾਮਤਾਂ ਪੈਦਾ ਹੋ ਰਹੀਆਂ ਹਨ।  ਅਜਿਹੇ ਹਾਲਾਤ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਦਾ ਭਵਿਖ ਖ਼ਤਰੇ ਵਿੱਚ ਪਿਆ ਹੋਇਆ ਹੈ। ਲੋਕ ਸਫ਼ਾਈ, ਪੰਛੀਆਂ ਦੀ ਅਹਿਮੀਅਤ, ਤੇ ਕੁਦਰਤ ਦੀਆਂ ਨਿਹਮਤਾਂ ਦੀ ਅਣਵੇਖੀ ਕਰ ਰਹੇ ਹਨ, ਖ਼ੁਰਾਕ ਦੀ ਮਹੱਤਤਾ, ਧਰਤੀ ਮਾਤਾ ਨਾਲ ਜ਼ਿਆਦਤੀ ਅਤੇ ਹੋਰ ਮਨੁੱਖੀ ਜੀਵਨ ਲਈ ਜ਼ਰੂਰੀ ਲੋੜਾਂ ਤੋਂ ਪਾਸਾ ਵੱਟ ਰਹੇ ਹਨ। ਜਿਸ ਕਰਕੇ ਸਮਾਜਿਕ ਵਾਤਾਵਰਨ ਪ੍ਰਦੂਸ਼ਤ ਹੋ ਰਿਹਾ ਹੈ। ਇਨ੍ਹਾਂ ਗੱਲਾਂ ਬਾਰੇ ਬੱਚਿਆਂ ਵਿੱਚ ਜਾਗ੍ਰਤੀ ਪੈਦਾ ਕਰਨ ਲਈ ਲੇਖਕਾ ਨੇ ਇਹ ਨਾਟਕ ਲਿਖੇ ਹਨ ਤਾਂ ਜੋ ਨਵੀਂ ਪੀੜ੍ਹੀ ਆਪਣੇ ਭਵਿਖ ਨੂੰ ਸੁਰੱਖਿਅਤ ਰੱਖਣ ਵਿੱਚ ਆਪਣਾ ਯੋਗਦਾਨ ਪਾ ਕੇ ਚੰਗਾ ਤੇ ਬਿਹਤਰੀਨ ਸਮਾਜ ਸਿਰਜ ਸਕੇ। ਨਾਟਕੀ ਵਿਧਾ ਰਾਹੀਂ ਬੱਚਿਆਂ ਵਿੱਚ ਜਾਗ੍ਰਤੀ ਪੈਦਾ ਕਰਨ ਦਾ ਉਸਾਰੂ ਉਪਰਾਲਾ ਹੈ। ਪਹਿਲਾ ਨਾਟਕ ‘ਸਫ਼ਾਈ ਵਿੱਚ ਖੁਦਾਈ’ ਬੱਚਿਆਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕਰਦਾ ਹੈ। ਘਰਾਂ, ਪਾਰਕਾਂ, ਸਮਾਜਿਕ ਸੰਸਥਾਵਾਂ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਖਾਣ ਪੀਣ ਤੋਂ ਬਾਅਦ ਵੇਸਟ ਮੈਟੀਰੀਅਲ ਲਈ ਕੂੜੇਦਾਨ ਦੀ ਵਰਤੋਂ ਲਈ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਤਸਵੀਰਾਂ ਸਮੇਤ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿੱਚ ਦਾਦਾ-ਦਾਦੀ ਦੇ ਪਾਤਰਾਂ ਰਾਹੀ ਪਰਿਵਾਰਿਕ ਮੋਹ ਪੈਦਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ, ਕਿਉਂਕਿ ਇੰਟਰਨੈਟ ਨੇ ਪਰਿਵਾਰਿਕ ਰਿਸ਼ਤਿਆਂ ਵਿੱਚ ਦੂਰੀ ਬਣਾ ਦਿੱਤੀ ਹੈ। ਦੂਜਾ ਬਾਲ ਨਾਟਕ ‘ਚਿੜੀਆਂ ਕਿੱਥੇ ਗਈਆਂ’ ਵਿੱਚ ਲੇਖਕਾ ਨੇ ਦਰਖਤਾਂ ਦੀ ਕਟਾਈ ਕਰਨ ਕਰਕੇ ਹਰਿਆਵਲ ਦੇ ਖ਼ਤਮ ਹੋਣ, ਪੰਛੀਆਂ ਦੇ ਆਲਣਿਆਂ ਲਈ ਦਰਖਤਾਂ ਦੀ ਅਣਹੋਂਦ ਹੋਣ, ਫੈਕਟਰੀਆਂ ਦੇ ਗੰਦੇ ਪਾਣੀ ਨਾਲ ਪਾਣੀ ਦੂਸ਼ਤ ਹੋਣ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਕੀੜੇ ਮਕੌੜਿਆਂ ਦੇ ਮਰਨ ਅਤੇ ਮੋਬਾਈਲ ਟਾਵਰਾਂ ਕਰਕੇ ਪੰਛੀਆਂ ਦੇ ਮਰਨ ‘ਤੇ ਦੁੱਖ ਪ੍ਰਗਟ ਕਰਦਿਆਂ ਚਿੜੀਆਂ ਅਤੇ ਹੋਰ ਪੰਛੀਆਂ ਨੂੰ ਬਚਾਉਣ ਲਈ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੀਜਾ ਬਾਲ ਨਾਟਕ ‘ਚਾਨਣ ਮੁਨਾਰਾ’ ਵਿੱਚ ਬਾਲਗ ਸਿੱਖਿਆ ਦੀ ਮਹੱਤਤਾ ਦਰਸਾਉਂਦਿਆਂ ਟੱਪਰੀਵਾਸ ਲੋਕਾਂ ਦੀ ਜ਼ਿੰਦਗੀ ਦੀ ਜਦੋਜਹਿਦ, ਵਰਕ ਕਲਚਰ ਦਾ ਨਮੂਨਾ, ਕਸਰਤ ਦੇ ਲਾਭ, ਪੁਸਤਕਾਂ ਪੜ੍ਹਨ ਦੀ ਚੇਟਕ, ਮਾਪਿਆਂ ਦੀ ਪਰਿਵਾਰਾਂ ਨੂੰ ਪਾਲਣ ਪੋਸ਼ਣ ਸਮੇਂ ਕੀਤੀ ਕੁਰਬਾਨੀ ਅਤੇ ਮਨੁੱਖੀ ਮਨਾ ਦੀ ਸੰਤੁਸ਼ਟੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਬਾਲ ਨਾਟਕ ਵਿੱਚ ਬਿਆਨ ਕੀਤਾ ਗਿਆ ਹੈ। ਪਰਿਵਾਰ ਦੇ ਹਰ ਮੈਂਬਰ ਨੂੰ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ। ਚੌਥਾ ਨਾਟਕ ‘ਮੌਸਮ ਬਦਲ ਗਏ’ ਵਿੱਚ ਆਧੁਨਿਕ ਸਮੇਂ ਵਿੱਚ ਮੋਬਾਈਲਾਂ ਦੀ ਵਰਤੋਂ ਹੋਣ ਕਰਕੇ ਨੁਕਸਾਨ ਹੁੰਦਾ ਹੈ, ਬੱਚੇ ਘਰਾਂ ਵਿੱਚ ਬੰਦ ਰਹਿੰਦੇ ਹਨ, ਪਰਿਵਾਰ ਟੁੱਟ ਰਹੇ ਹਨ, ਪੰਛੀਆਂ ਤੇ ਵੀ ਮਾੜਾ ਅਸਰ ਪੈਂਦਾ ਹੈ, ਰੁੱਖਾਂ ਦੀ ਘਾਟ ਕਰਕੇ ਮੀਂਹ ਘੱਟ ਪੈਂਦੇ ਹਨ, ਫੁੱਲ ਬੂਟੇ ਮੁਰਝਾ ਜਾਂਦੇ ਹਨ, ਰੁੱਖ ਹੋਣਗੇ ਮੀਂਹ ਪੈਣਗੇ, ਮੌਸਮ ਸੁਹਾਵਣਾ ਹੋਵੇਗਾ, ਬੱਚੇ ਪਾਰਕਾਂ ਵਿੱਚ ਆਉਣਗੇ, ਕਸਰਤ ਹੋਵੇਗੀ ਤੇ ਤੰਦਰੁਸਤ ਰਹਿਣਗੇ। ਪੰਜਵਾਂ ਨਾਟਕ ‘ਮਿੱਟੀ ਬੋਲ ਪਈ’ ਹੈ, ਜਿਸਦੇ ਨਾਮ ‘ਤੇ ਪੁਸਤਕ ਦਾ ਨਾਮ ਹੈ। ਇਸ ਨਾਟਕ ਵਿੱਚ ਖੇਤੀਬਾੜੀ  ਤੇ ਆਰਗੈਨਿਕ ਖਾਦ ਖੁਰਾਕ ਦੀ ਮਹੱਤਤਾ, ਕੁਦਰਤ ਨਾਲ ਪਿਆਰ, ਮਿਹਨਤ ਦਾ ਫਲ, ਪੜ੍ਹਾਈ ਵਿੱਚ ਦਿਲਚਸਪੀ ਦੇ ਲਾਭ ਅਤੇ ਜ਼ਮੀਨਾ ਦਾ ਸ਼ਹਿਰੀਕਰਨ ਹੋਣ ਨਾਲ ਖੇਤੀਬਾੜੀ ਨੂੰ ਨੁਕਸਾਨ ਅਤੇ ਵਾਤਵਰਨ ਵਿੱਚ ਤਬਦੀਲੀ ਬਾਰੇ ਵਿਸਤ੍ਰਿਤ ਜਾਣਕਾਰੀ ਮਹੱਈਆ ਕਰਵਾਕੇ ਬੱਚਿਆਂ ਨੂੰ ਜਾਗ੍ਰਤ ਕੀਤਾ ਗਿਆ ਹੈ। ਇਸ ਨਾਟਕ ਸੰਗ੍ਰਹਿ ਵਿੱਚ ਸਰਲ ਬੋਲੀ, ਸੁਚੱਜੀ ਪਾਤਰ ਉਸਾਰੀ ਅਤੇ ਲੋਕ ਬੋਲਚਾਲ ਵਾਲੀ ਬੋਲੀ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਬੱਚਿਆਂ ਨੂੰ ਜਲਦੀ ਸਮਝ ਆ ਜਾਂਦੀ ਹੈ। ਮਨਜੀਤ ਕੌਰ ਅੰਬਾਲਵੀ ਵਧਾਈ ਦੀ ਪਾਤਰ ਹੈ ਤੇ ਭਵਿਖ ਵਿੱਚ ਉਸ ਕੋਲੋਂ ਹੋਰ ਚੰਗੇ ਬਾਲ ਨਾਟਕ ਸੰਗ੍ਰਹਿ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।