ਸੁਣਨ ਦੀ ਜਾਚ ਆ ਜਾਵੇ ਸੁਣਨ ਦਾ ਵੱਲ ਆ ਜਾਵੇ।
ਮੇਰੇ ਹਿੱਸੇ ਵੀ ਦੋਹਾਂ ਚੋਂ ਕੋਈ ਤਾਂ ਗੱਲ ਆ ਜਾਵੇ ।
ਗੁਰਚਰਨ ਸਿੰਘ ਜੋਗੀ ਇਕ ਵੱਡਾ ਵਿਦਵਾਨ ਸ਼ਾਇਰ ਹੈ। ਉਹ ਬੜੀ ਜ਼ਹੀਨ ਸ਼ਖਸੀਅਤ ਦਾ ਮਾਲਕ ਹੈ। ਉਸਨੂੰ ਕਵਿਤਾ ਸੁਣਨ ਦੀ ਜਾਚ ਵੀ ਹੈ ਅਤੇ ਸੁਣਾਉਣ ਦਾ ਵੱਲ ਵੀ। ਕਵਿਤਾ ਲਿਖਣ ਦੀ ਰੁਚੀ ਉਸਨੂੰ ਕਾਲਜ ਪੜ੍ਹਦਿਆਂ ਹੀ ਪੈਦਾ ਹੋ ਗਈ ਸੀ। ਉਸਨੇ ਬਹੁਤ ਸਾਰੇ ਇੰਟਰ ਕਾਲਜ ਕਵਿਤਾ ਮੁਕਾਬਲਿਆਂ ਵਿੱਚ ਹਿੱਸਾ ਲਿਆ। ਮੁਕਾਬਲੇ ਦੀ ਭਾਵਨਾ ਨੇ ਉਸਨੂੰ ਚੰਗੀ ਕਵਿਤਾ ਲਿਖਣ ਲਈ ਪ੍ਰੇਰਿਆ। ਅੱਜ ਦੇ ਦੌਰ ਵਿੱਚ ਉਸਨੂੰ ਗ਼ਜ਼ਲ ਲਿਖਣ ਦੀ ਖੂਬ ਮੁਹਾਰਤ ਹਾਸਲ ਹੈ। ਉਸਦੀ ਸਿਫਤ ਹੈ ਕਿ ਉਹ ਹੋਰ ਸਾਥੀ ਸ਼ਾਇਰਾਂ ਦੀ ਢੁੱਕਵੀਂ ਅਤੇ ਭਰਵੀਂ ਤਾਰੀਫ਼ ਕਰਨ ਵਿੱਚ ਵੀ ਗੁਰੇਜ਼ ਨਹੀਂ ਕਰਦਾ। ਇਹ ਉਸਦੀ ਸਾਹਿਤ ਪ੍ਰਤੀ ਇਮਾਨਦਾਰੀ ਦਾ ਪ੍ਰਤੀਕ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਦਿਆਂ ਉਸਨੇ ਕਈ ਵੱਡੇ ਸਾਹਿਤ ਰਸੀਆਂ ਨਾਲ ਵਿਚਰਦਿਆਂ ਆਪਣੀ ਸਖਸ਼ਿਅਤ ਨੂੰ ਸੰਵਾਰਿਆ ਹੈ। ਡਾ. ਕੇਸਰ ਸਿੰਘ ਕੇਸਰ , ਡਾ. ਅਤਰ ਸਿੰਘ, ਡਾ. ਹਰਦੇਵ ਸਿੰਘ ਸੱਚਰ, ਡਾ. ਦੀਪਕ ਮਨਮੋਹਨ ਸਿੰਘ, ਡਾ. ਨਾਹਰ ਸਿੰਘ, ਡਾ. ਰਘਬੀਰ ਸਿੰਘ ਸਿਰਜਣਾ, ਡਾ. ਕੁਲਵੰਤ ਸਿੰਘ ਸੂਰੀ (ਸਪੁੱਤਰ ਨਾਨਕ ਸਿੰਘ ਨਾਵਲਕਾਰ) ਪ੍ਰੋ. ਜਗਦੀਸ਼ ਸਿੰਘ ( ਡਾਇਰੈਕਟਰ ਨਾਦੁ ਪਰਗਾਸੁ ) ਤੋਂ ਉਸਨੇ ਬਹੁਤ ਕੁਝ ਸਿੱਖਿਆ। ਉਹਨਾਂ ਦੀ ਸੰਗਤ ਕਰਕੇ ਉਸਦਾ ਪੰਜਾਬੀ ਸਾਹਿਤ ਨਾਲ ਹੋਰ ਗੂੜ੍ਹਾ ਪਿਆਰ ਪਿਆ ਅਤੇ ਉਸਦੀ ਕਵਿਤਾ ਵਿੱਚ ਪਰਪੱਕਤਾ ਆਈ।
ਦਲਾਂ ਦੀਆਂ ਦਲਦਲਾਂ ਤੋਂ ਦੂਰ ਹਾਂ। ਇਕੱਲਾ ਰਹਿ ਕੇ ਵੀ ਮਸਰੂਰ ਹਾਂ ।
ਨਿਵਾ ਕੇ ਸੀਸ ਮੰਨਾਂ ਹਰ ਹੁਕਮ, ਮੈਂ ਐਨਾ ਵੀ ਮਜ਼ਬੂਰ ਨਹੀਂ ਹਾਂ।
ਜ਼ਮੀਰਾਂ ਨੂੰ ਕਦੇ ਨਹੀਂ ਵੇਚਿਆ, ਇਸੇ ਲਈ ਆਖਦੇ ਮਗ਼ਰੂਰ ਹਾਂ।
ਉਸ ਦੀ ਦੋਸਤੀ ਦਾ ਘੇਰਾ ਬਹੁਤ ਵੱਡਾ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਰੇਡੀਓ, ਟੀ. ਵੀ. ਅਤੇ ਵੱਡੇ ਧਾਰਮਿਕ ਅਸਥਾਨਾਂ ਤੇ ਹੋਣ ਵਾਲੇ ਕਵੀ ਦਰਬਾਰਾਂ ਹਿੱਸਾ ਲੈਂਦਾ ਹੈ। ਰਾਸ਼ਟਰੀ ਅਤੇ ਆਨ ਲਾਈਨ ਅੰਤਰ-ਰਾਸ਼ਟਰੀ ਕਵੀ ਦਰਬਾਰਾਂ ਵਿੱਚ ਉਸ ਦਾ ਲਗਾਤਾਰ ਸ਼ਿਰਕਤ ਕਰਨਾ ਇਸ ਗੱਲ ਦੀ ਗਵਾਹੀ ਹੈ ਕਿ ਉਸ ਦੀ ਸ਼ਾਇਰੀ ਵਿੱਚ ਦਮ ਹੈ। ਉਹ ਬੜੇ ਪਿਆਰ ਅਤੇ ਅਪਣੱਤ ਨਾਲ ਗੱਲ ਕਰਦਾ ਹੈ। ਉਹ ਕੁਝ ਸਮੇਂ ਵਿੱਚ ਹੀ ਦੂਸਰੇ ਵਿਅਕਤੀ ਦਾ ਦਿਲ ਜਿੱਤ ਲੈਂਦਾ ਹੈ। ਹੋਰਾਂ ਨੂੰ ਬਿਨ੍ਹਾਂ ਸ਼ਰਤ ਆਪਣਾ ਬਣਾ ਲੈਣ ਦਾ ਗੁਰ ਰੱਖਦਾ ਹੈ। ਉਸ ਕੋਲ ਇਨਸਾਨੀਅਤ ਦੇ ਪਿਆਰ ਨਾਲ ਨੱਕੋ ਨੱਕ ਭਰਿਆ ਦਿਲ ਅਤੇ ਸ਼ਬਦਾਂ ਦਾ ਖ਼ਜ਼ਾਨਾ ਹੈ। ਜਿਸ ਕਰਕੇ ਉਹ ਤੁਹਾਨੂੰ ਬਿਲਕੁੱਲ ਓਪਰਾ ਨਹੀਂ ਲਗਦਾ ਅਤੇ ਆਪਣੇ ਪਰਿਵਾਰ ਦਾ ਹਿੱਸਾ ਲੱਗਦਾ ਹੈ । ਇਵੇਂ ਲੱਗਦਾ ਹੈ ਜਿਵੇਂ ਤੁਸੀਂ ਉਸ ਨੂੰ ਸਾਲਾਂ ਤੋਂ ਜਾਣਦੇ ਹੋਵੋਂ। ਉਸ ਦਾ ਇਹ ਸ਼ਿਅਰ ਇਥੇ ਬੜਾ ਢੁੱਕਦਾ ਹੈ।
ਤੇਰੀ ਮੁਸਕਾਨ ਵਿਚਲੇ ਦਰਦ ਨੂੰ ਪਹਿਚਾਣਦਾ ਹਾਂ
ਤੇਰੇ ਬਾਰੇ, ਮੈਂ ਤੇਰੇ ਤੋਂ ਵੀ, ਬਿਹਤਰ ਜਾਣਦਾ ਹਾਂ।
ਉਹ ਆਪਣਾ ਅੰਦਰਲਾ ਦਰਦ ਕਿਸੇ ਸਾਹਮਣੇ ਉਭਾਸਰ ਕੇ ਨਹੀਂ ਰੱਖਦਾ। ਸੁੱਖ ਹੋਵੇ ਭਾਵੇਂ ਦੁੱਖ, ਉਹ ਆਪਣੇ ਚਿਹਰੇ ਦਾ ਰੰਗ ਨਹੀਂ ਬਦਲਣ ਦਿੰਦਾ। ਉਹ ਸਦਾ ਸਮਾਨਅੰਤਰ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਇਹ ਬੜਾ ਔਖਾ ਕੰਮ ਹੁੰਦਾ ਹੈ। ਉਹ ਆਪਣੇ ਅਤੇ ਆਪਣੇ ਪਰਿਵਾਰ ਨਾਲ ਵਾਪਰੇ ਹਾਦਸਿਆਂ ਦੇ ਦੁੱਖ ਦਰਦ ਦੀਆਂ ਗੱਲਾਂ ਦੱਸਦਾ ਵੀ ਮੁਸਕਰਾ ਰਿਹਾ ਹੁੰਦਾ ਹੈ। ਉਸਦੀ ਮੁਸਕਰਾਹਟ ਪਿੱਛੇ ਛਿਪੇ ਦਰਦ ਦੀ ਟੋਹ ਤੁਹਾਡਾ ਦਿਲ ਵੀ ਪਾ ਰਿਹਾ ਹੁੰਦਾ ਹੈ। ਤੁਸੀਂ ਬੜੀ ਮੁਸ਼ਕਲ ਨਾਲ ਆਪਣੇ ਹੰਝੂ ਰੋਕ ਰਹੇ ਹੁੰਦੇ ਹੋ ਪਰ ਜੋਗੀ ਮੁਸਕਰਾਉਂਦੇ ਹੋਏ ਆਪਣੀ ਗੱਲ ਜਾਰੀ ਰੱਖਦਾ ਹੈ। ਸ਼ਾਇਦ ਇਸ ਤਰਾਂ ਗੱਲਾਂ ਕਰਕੇ ਉਹ ਆਪ ਹੀ ਇਕ ਦੀਵਾ ਬਣ ਜਾਂਦਾ ਹੈ ਅਤੇ ਆਲ਼ਾ ਦੁਆਲ਼ਾ ਰੌਸ਼ਨ ਕਰ ਦਿੰਦਾ ਹੈ ਜਾਂ ਇਉਂ ਕਹਿ ਲਓ, ਉਹ ਖ਼ੁਦ ਹੀ ਦੀਵੇ ਵਾਂਗ ਬਲ ਕੇ ਆਪਣੇ ਦਿਲ ਦੇ ਹਨੇਰੇ ਕੋਣਿਆਂ ਨੂੰ ਰੌਸ਼ਨ ਕਰ ਲੈਂਦਾ ਹੈ। ਜੋਗੀ ਆਪਣੀ ਸ਼ਾਇਰੀ ਵਿੱਚ ਜੀਉਣ ਦੀ ਇਸ ਅਦਾ ਨੂੰ ਯਾਦਾਂ ਦੇ ਦੀਵੇ ਬਾਲਣਾ ਆਖਦਾ ਹੈ।
ਜਦੋਂ ਵੀ ਘੇਰ ਲੈਂਦਾ ਹੈ ਕਦੇ ਗੂੜ੍ਹਾ ਹਨੇਰਾ
ਤੇਰੀ ਯਾਦ ਦੇ ਦੀਵੇ ਦਾ ਚਾਨਣ ਮਾਣਦਾ ਹਾਂ ।
ਗੁਰਚਰਨ ਸਿੰਘ ਜੋਗੀ 1985 ਤੋਂ ਕਵਿਤਾ ਲਿਖਦਾ ਆ ਰਿਹਾ ਅਤੇ ਹੁਣ ਉਹ ਸਮਝਦਾ ਹੈ ਕਿ 'ਜੋਗੀ' ਕੁਝ ਕਹਿਣ ਜੋਗਾ ਹੋਇਆ ਹੈ। ਇਹ 'ਜੋਗੀ' ਤੱਖ਼ਲਸ ਵੀ ਉਸਨੇ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਹੀ ਰਖਿਆ ਸੀ। ਭਾਵ ਜਵਾਨੀ ਦੇ ਮਸਤੀ ਭਰੇ ਦਿਨਾਂ ਵਿੱਚ, ਜੋਗੀਆਂ ਵਾਲੀ ਅਵਸਥਾ ਵਿੱਚ ਰਹਿਣ ਵਾਲਾ ਨੌਜਵਾਨ। ਇਕ ਦਮ ਸੂਫ਼ੀ। ਉਸਨੇ ਨਾਥਾਂ ਜੋਗੀਆਂ ਦਾ ਸਾਹਿਤ ਪੜ੍ਹਿਆ ਅਤੇ ਉਸ ਕਾਵਿ ਸਾਹਿਤ ਦਾ ਪ੍ਰਭਾਵ ਕਬੂਲਿਆ। ਚਰਪਟ ਨਾਥ ਦੀ ਕਵਿਤਾ ਵਾਲਾ ਜੋਗੀ ਬਣਨ ਦੀ ਕੋਸ਼ਿਸ਼ ਕੀਤੀ। :ਭੇਖ ਕਾ ਜੋਗੀ ਮੈਂ ਨਾ ਕਹਾਊਂ ।। ਆਤਮਾ ਕਾ ਜੋਗੀ ਚਰਪਟ ਨਾਉਂ।।" ਅਤੇ ਗੁਰਬਾਣੀ ਦੇ ਪਵਿੱਤਰ ਸ਼ਬਦ : ਗਲੀ ਜੋਗ ਨ ਹੋਈ ।। ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ।। ਐਸੈ ਮਹਾਨ ਫ਼ਲਸਫ਼ੇ ਨੂੰ ਸਮਝ ਕੇ ਉਸਨੇ ਆਪਣੇ ਨਾਮ ਨਾਲ 'ਜੋਗੀ ਤਖ਼ੱਲਸ' ਲੱਗਾ ਲਿਆ। ਅੱਜ ਉਹ ਮੰਨਦਾ ਹੈ ਕਿ “ਜੋਗੀ” ਤੱਖ਼ਲਸ ਕਰਕੇ ਉਸਦੀ ਪਹਿਚਾਣ ਬਣੀਂ ਹੈ।
ਗੁਰਚਰਨ ਸਿੰਘ ਜੋਗੀ ਭਾਵੇਂ ਇਕ ਸਥਾਪਿਤ ਗ਼ਜ਼ਲਗੋ ਬਣ ਚੁੱਕਾ ਹੈ ਪਰ ਉਸਨੇ ਅਜੇ ਤੱਕ ਆਪਣਾ ਕੋਈ ਕਾਵਿ ਸੰਗ੍ਰਹਿ ਨਹੀਂ ਛਪਵਾਇਆ। ਉਸ ਨੂੰ ਲਗਦਾ ਹੈ ਕਿ ਲੋਕ ਕਿਤਾਬ ਖਰੀਦਦੇ ਨਹੀਂ ਅਤੇ ਮੁਫ਼ਤ ਵਿੱਚ ਮਿਲੀ ਕਿਤਾਬ ਪੜ੍ਹਦੇ ਨਹੀਂ। ਮੇਰੀ ਰਾਇ ਹੈ ਕਿ ਉਸਨੂੰ ਆਪਣੀ ਕਿਤਾਬ ਜ਼ਰੂਰ ਛਪਵਾਉਣੀ ਚਾਹੀਦੀ ਹੈ। ਸੁਹਿਰਦ ਪਾਠਕ ਉਡੀਕ ਵਿੱਚ ਹਨ। ਉਂਝ ਉਹਨਾਂ ਦੀਆਂ ਰਚਨਾਵਾਂ ਸੱਤ-ਅੱਠ ਸਾਂਝੇ ਕਾਵਿ ਸੰਗ੍ਰਿਹਿਆਂ, ਅਖ਼ਬਾਰਾਂ, ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁਕੀਆਂ ਹਨ। ਵੱਖ ਵੱਖ ਟੈਲੀਵੀਜਨ ਚੈਨਲਾਂ ਅਤੇ ਆਲ- ਇੰਡੀਆ ਰੇਡੀਓ ਜਲੰਧਰ ਤੋਂ ਵੀ ਉਹਨਾਂ ਦੀਆਂ ਗ਼ਜ਼ਲਾਂ ਦਾ ਪ੍ਰਸਾਰਣ ਹੋ ਚੁਕਿਆ ਹੈ। ਹਰਿਆਣਾ, ਪੰਜਾਬ , ਦਿੱਲੀ, ਚੰਡੀਗੜ੍ਹ, ਹਿਮਾਚਲ, ਯੂ. ਪੀ. ਦੇ ਕਵੀ ਦਰਬਾਰਾਂ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿਣਾ ਅਤੇ ਆਪਣੇ ਮਿੱਠੇ ਸ਼ਾਇਰਾਨਾ ਬੋਲਾਂ ਦਾ ਰੰਗ ਬਿਖੇਰਦੇ ਰਹਿਣਾ, ਉਸ ਦੇ ਜੀਵਨ ਦਾ ਇਕ ਹਿੱਸਾ ਬਣ ਚੁੱਕਾ ਹੈ। ਉਸਦੀਆਂ ਯੂ ਟਿਊਬ ਵੀਡੀਉ ਵੇਖਣ ਤੇ ਪਤਾ ਲਗਦਾ ਹੈ ਕਿ ਉਹ ਸਰੋਤਿਆਂ ਵਿੱਚ ਕਿੰਨਾ ਹਰਮਨ ਪਿਆਰਾ ਹੋ ਨਿਬੜਦਾ ਹੈ। ਉਹ ਸਰੋਤਿਆਂ ਦਰਸ਼ਕਾਂ ਤੋਂ ਢੇਰ ਸਾਰੀ ਦਾਦ ਬਟੋਰਦਾ ਹੈ। ਇਹ ਸਿਰਫ ਉਹਨਾਂ ਦੀ ਅਵਾਜ਼ ਵਿਚਲੀ ਕਸ਼ਿਸ਼ ਕਰਕੇ ਨਹੀਂ ਬਲਕਿ ਉਹਨਾਂ ਦੀ ਕਾਵਿਕ ਉਡਾਰੀ, ਬਿੰਬਾਂ, ਪ੍ਰਤੀਕਾਂ ਅਤੇ ਭਾਸ਼ਾ ਦੀ ਢੁੱਕਵੀਂ ਵਰਤੋਂ ਦਾ ਕਮਾਲ ਹੈ। ਉਹਨਾਂ ਦੀ ਗ਼ਜ਼ਲ ਸਰੋਤਿਆਂ ਨੂੰ ਧੂਹ ਪਾਉਂਦੀ ਹੈ।
ਸਾਰੇ ਹੁਨਰ ਤੇ ਜਾਂਚ ਵੀ ਸਾਰੀ ਭੁੱਲ ਗਏ ਹਾਂ ।
ਔਖੇ ਵੇਲੇ ਰੀਤ ਮਿਆਰੀ ਭੁੱਲ ਗਏ ਹਾਂ ।
ਕੀ ਹੁੰਦੀ ਪਰਵਾਜ਼ ਤੇ ਖੁੱਲਾ ਅੰਬਰ ਕੀ,
ਪਿੰਜਰੇ ਦੇ ਵਿਚ ਕੈਦ ਉਡਾਰੀ ਭੁੱਲ ਗਏ ਹਾਂ ।
ਉਸਦੀ ਕਵਿਤਾ ਸੁਣ ਕੇ ਪੈਦਾ ਹੁੰਦੀ ਧੂਹ ਦਾ ਕਾਰਣ ਕੁਝ ਘਟਨਾਵਾਂ ਦਾ ਦਰਦ ਵੀ ਹੋ ਸਕਦਾ ਹੈ। 1947 ਦੀ ਵੰਡ ਵੇਲੇ ਉਸ ਦੇ ਦਾਦਾ ਸ. ਦੀਵਾਨ ਸਿੰਘ ਬਤਰਾ, ਜੋ ਕਿ ਆਪਣੇ ਜੱਦੀ ਪਿੰਡ "ਕੱਠਾ" ਤਹਿਸੀਲ ਖੁਸ਼ਾਬ, ਜ਼ਿਲ੍ਹਾ ਸਰਗੋਧਾ ਦੇ ਪੱਕੇ ਵਸਨੀਕ ਸਨ। ਉਹ ਆਪਣੇ ਪਰਿਵਾਰ ਸਮੇਤ ਉਥੇ ਰਹਿ ਰਹੇ ਸਨ। ਜਦੋਂ ਰੌਲੇ ਸ਼ੁਰੂ ਹੋਤੇ ਤਾਂ ਕੁਝ ਜਨੂੰਨੀ ਲੋਕਾਂ ਨੇ ਬੜੀ ਬੇਰਹਿਮੀ ਨਾਲ ਉਹਨਾਂ ਦਾ ਕਤਲ ਕਰ ਦਿੱਤਾ। ਵੰਡ ਦਾ ਸੰਤਾਪ ਹੰਢਾਉਂਦਾ ਹੋਇਆ ਅਤੇ ਮਜ਼ਬੂਰੀਆਂ ਦਾ ਮਾਰਿਆ ਹੋਇਆ ਉਸਦਾ ਪਿਤਾ ਅਤੇ ਬਾਕੀ ਦਾ ਪਰਿਵਾਰ ਪਹਿਲਾਂ ਸ਼ੰਭੂ ਤੇ ਫਿਰ ਅੰਬਾਲਾ ਦੇ ਸ਼ਰਣਾਰਥੀ ਕੈਂਪ ਵਿੱਚ ਆ ਕੇ ਰਿਹਾ। ਜੋਗੀ ਜੀ ਪਿਤਾ ਸ. ਮਹਿੰਦਰ ਸਿੰਘ ਬਤਰਾ ਨੇ ਇਕ ਪਾਸੇ ਆਪਣੇ ਪਿਤਾ ਦੀ ਦਰਦਨਾਕ ਮੌਤ ਦਾ ਦੁੱਖ ਜਰਿਆ, ਦੂਜੇ ਪਾਸੇ ਘਰ ਬਾਹਰ ਪਿੰਡ ਅਤੇ ਮੁਲਕ ਛੱਡਣ ਦਾ ਮਾਨਸਿਕ ਤਸੀਹਾ ਸਹਿਆ। ਇਸ ਦੇ ਬਾਵਜੂਦ ਉਸਨੇ ਸਖਤ ਮਿਹਨਤ ਅਤੇ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕੀਤਾ। ਜੋਗੀ ਜੀ ਦੇ ਪਿਤਾ ਜੀ ਨੇ ਬੜੀ ਹਿੰਮਤ ਅਤੇ ਹੌਸਲੇ ਨਾਲ ਲੰਮਾ ਸਮਾਂ ਸੰਘਰਸ਼ ਭਰਿਆ ਜੀਵਨ ਗੁਜ਼ਾਰਦਿਆਂ ਅੰਬਾਲੇ ਵਿੱਚ ਆਪਣੇ ਚਾਰ ਬੱਚਿਆਂ ਦੀ ਚੰਗੀ ਪਰਵਰਿਸ਼ ਕੀਤੀ। ਸੰਤਾਲੀ ਦੀ ਵੰਡ ਵੇਲੇ ਲੱਖ ਲੋਕ ਆਪਣੇ ਘਰ ਮਾਲ ਡੰਗਰ, ਕਾਰੋਬਾਰ, ਧਾਰਮਿਕ ਅਸਥਾਨ ਛੱਡ ਕੇ ਘਰੋਂ ਬੇਘਰ ਹੋਏ। ਲੱਖਾਂ ਬੰਦੇ ਤੀਵੀਂਆਂ ਬਜ਼ੁਰਗ ਬੱਚੇ ਕੋਹ ਕੋਹ ਕੇ ਮਾਰੇ ਗਏ। ਅਣਗਿਣਤ ਬਲਾਤਕਾਰ ਹੋਏ। ਮਨੁੱਖਤਾ ਦਾ ਘਾਣ ਹੋਇਆ। ਇਸ ਮੰਜਰ ਬਾਰੇ ਜੋਗੀ ਜੀ ਨੇ ਪੰਜਾਬ ਵਿੱਚ ਹੋਏ ਨੁਕਸਾਨ ਬਾਰੇ ਲਿਖੀ ਕਵਿਤਾ ਦੀਆਂ ਕੁੱਝ ਸਤਰਾਂ ਇਸ ਤਰਾਂ ਹਨ:
ਰਹਿ ਰਹੇ ਸਨ 'ਕੱਠੇ ਸਾਰੇ, ਹਿੰਦੂ- ਸਿੱਖ ਤੇ ਮੁਸਲਮਾਨ ।
'ਤੀਜੀ ਜਾਤ' ਨੇ ਤੀਲੀ ਲਾ ਕੇ, ਕਰ ਦਿੱਤਾ ਵੱਡਾ ਨੁਕਸਾਨ।
ਮੋਮਨ...ਬੰਦੇ...ਕਾਫ਼ਰ... ਹੋ..ਕੇ, ਬਣ ਗਏ ਸਨ ਪਲ ਵਿੱਚ ਸ਼ੈਤਾਨ।
ਚੀਕਾਂ - ਕੂਕਾਂ ਵੈਣ ਨੂੰ ਸੁਣ ਕੇ, ਚਹਿਕ ਰਹੇ ਸੀ ਸਿਆਸਤਦਾਨ।
ਲੱਖਾਂ ਮਰ ਗਏ ਰੁਲ਼ ਗਏ ਲੱਖਾਂ, ਧਰਤੀ ਹੋ ਗਈ ਲਹੂ- ਲੁਹਾਨ।
ਧੀਆਂ - ਭੈਣਾਂ ਦੀ ਪਤ ਰੁੱਲੀ, ਬੰਦੇ ਹੀ ਬਣ ਗਏ ਹੈਵਾਨ।
ਵੰਡਿਆ ਗਿਆ ਪੰਜਾਬ ਸੀ ਮੇਰਾ, ਲੁੱਟ ਲਈ ਸੀ ਉਸਦੀ ਸ਼ਾਨ।
ਗੁਰਚਰਨ ਸਿੰਘ ਜੋਗੀ ਦਾ ਜਨਮ 3 ਫ਼ਰਬਰੀ 1966 ਨੂੰ ਅੰਬਾਲੇ ਵਿੱਚ ਹੋਇਆ। 1986 ਵਿੱਚ ਉਸਦੇ ਪਿਤਾ ਮਹਿੰਦਰ ਸਿੰਘ ਬਤਰਾ ਇਕ ਦਰਦਨਾਕ ਸੜਕ ਦੁਰਘਟਨਾ ਕਾਰਣ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਜੋਗੀ ਜੀ ਦੇ ਦੱਸਣ ਮੁਤਾਬਕ ਰਾਤ ਭਰ ਉਨ੍ਹਾਂ ਦੇ ਪਿਤਾ ਦੀ ਦੇਹ ਉਪਰੋਂ ਸੈਂਕੜੇ ਵਾਹਨ ਲੰਘਦੇ ਰਹੇ। ਜਿਸ ਕਾਰਨ ਉਹਨਾਂ ਦੀ ਮਿਰਤਕ ਦੇਹ ਵੀ ਪ੍ਰਾਪਤ ਨਾ ਹੋ ਸਕੀ। ਇਸ ਘਟਨਾ ਦਾ ਉਹਨਾਂ ਦੇ ਜਵਾਨ ਮਨ ਉਪਰ ਗਹਿਰਾ ਅਸਰ ਹੋਇਆ। 2011 ਵਿੱਚ ਉਸਦੀ ਮਾਤਾ ਰਣਜੀਤ ਕੌਰ ਜੀ ਵੀ ਸੰਘਰਸ਼ਮਈ ਜੀਵਨ ਜੀਉ ਕਿ ਅਕਾਲ ਚਲਾਣਾ ਕਰ ਗਏ। 1996 ਵਿੱਚ ਉਸਦਾ ਵਿਆਹ ਦਵਿੰਦਰ ਕੌਰ ਨਾਲ ਹੋਇਆ। ਉਸਦਾ ਵੱਡਾ ਬੇਟਾ ਮੈੱਲ ਬੋਰਨ ਆਸਟ੍ਰੇਲੀਆ ਵਿੱਚ ਅਤੇ ਛੋਟਾ ਗੁਰੂਗਰਾਮ ਵਿੱਚ ਕਾਰਜਸ਼ੀਲ ਹੈ। ਆਪਣੇ ਪਿਤਾ ਦੇ ਸੁਭਾਅ ਤੇ ਸ਼ਖਸੀਅਤ ਨੂੰ ਸਮਰਪਿਤ ਜੋਗੀ ਜੀ ਦੀ ਇਕ ਭਾਵਪੂਰਤ ਕਵਿਤਾ ਵਿਚੋਂ ਕੁਝ ਅੰਸ਼ ਇਸ ਤਰਾਂ ਹਨ:
ਮੇਰੇ ਕੋਲ, ਬੇਸ਼ੁਮਾਰ ਮਿਸਾਲਾਂ,
ਅਪਣੇ ਬਾਪੂ ਦੀ, ਆਤਮਕ ਉੱਚਤਾ ਦੀਆਂ...
ਸੱਚਾ-ਸੁੱਚਾ ਕਿਰਤੀ, ਖ਼ਰੀ ਗੱਲ ਮੂੰਹ 'ਤੇ ਕਰਨ ਵਾਲਾ,
ਹੋਰਾਂ ਦੇ ਕੰਮ ਆਉਣ ਵਾਲਾ, ਕੌਲ ਪੁਗਾਉਣ ਵਾਲ਼ਾ---
ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲ਼ਾ,
ਅਲਾਮਤਾਂ ਤੋਂ ਦੂਰ, ਅਨੰਤ ਗੁਣ ਭਰਪੂਰ,
ਰੱਬੀ ਰੂਹ ਸੀ ਮੇਰਾ ਬਾਪੂ ...
ਮੇਰੇ ਬਾਪੂ ਵਰਗੇ ਹੁੰਦੇ, ਬਹੁਤ ਵਿਰਲੇ ਬੰਦੇ।
ਸ਼ਾਇਰ ਜੋਗੀ ਆਪਣੇ ਜੀਵਨ ਦੇ ਦੁੱਖ ਸੁੱਖ ਭਰੇ ਹਾਲਾਤਾਂ ਵਿਚੋਂ ਨਿਕਲਦਾ ਹੋਇਆ, ਸਾਂਵਾਂ ਰਹਿ ਕੇ ਜੀਉਣ ਦੀ ਕੋਸ਼ਿਸ਼ ਵਿੱਚ ਹੈ। ਉਹ ਸੇਵਾ ਭਾਵਨਾ ਨਾਲ ਕੰਮ ਕਰਨ ਵਿੱਚ ਵਿਸਵਾਸ਼ ਰੱਖਦਾ ਹੈ। ਉਸਨੂੰ ਅਹੁਦਿਆਂ ਦੀ ਕੋਈ ਇੱਛਾ ਨਹੀਂ। ਉਹ ਮਾਨਵਵਾਦੀ ਅਤੇ ਸਿੱਖੀ ਸੋਚ ਵਾਲਾ ਵਿਅਕਤੀ ਹੈ। ਉਹ ਪੰਜਾਬੀ ਮਾਂ ਬੋਲੀ ਨੂੰ ਸਪਰਪਿਤ ਹੈ। ਪੰਜਾਬੀ ਗ਼ਜ਼ਲ ਨੂੰ ਆਪਣੇ ਨਿਵੇਕਲੇ ਰੰਗਾਂ ਵਿੱਚ ਚਿਤਰਣ ਵਿੱਚ ਮਸਤ ਹੈ। ਉਹਨਾਂ ਰੰਗਾਂ ਵਿੱਚ ਮਸਤੀ ਵੀ ਹੈ ਸਮਾਜਿਕ ਸੂਝ ਅਤੇ ਚੇਤਨਾ ਵੀ ਹੈ, ਮਸਲਿਆਂ ਦੀ ਨਿਸ਼ਾਨਦੇਹੀ ਵੀ ਹੈ ਉਹਨਾਂ ਦਾ ਹੱਲ ਵੀ। ਆਪਣੇ ਆਲ ਦੁਆਲ ਵਿੱਚ ਖ਼ੁਸ਼ੀਆਂ ਵੰਡਣ ਵਾਲ਼ਿਆ ਦਾ ਸਹਿਯੋਗੀ ਹੈ।
ਉੱਠ ਵੇ ਜੋਗੀ ਚਲ ਵੇ ਜੋਗੀ !
ਮਸਲੇ ਦਾ ਕੱਢ ਹੱਲ ਵੇ ਜੋਗੀ!
ਜਿਹੜੇ ਜਿਹੜੇ ਸੁੰਨੇ ਵਿਹੜੇ,
ਉਥੇ ਖੁਸ਼ਬੂ ਘੱਲ ਵੇ ਜੋਗੀ!
ਇਹ ਗ਼ਜ਼ਲ ਪੜ੍ਹਦਿਆਂ ਮੈਨੂੰ ਲਹਿੰਦੇ ਪੰਜਾਬ ਤੋਂ ਇਕ ਵੱਡੇ ਪੰਜਾਬੀ ਸ਼ਾਇਰ ਤੱਜੁਮਲ ਕਲੀਮ ਦੀ ਯਾਦ ਆ ਗਈ। ਉਸ ਵਾਂਗ ਹੀ ਸਾਦ ਮੁਰਾਦੀ ਬੋਲੀ ਸ਼ੈਲੀ ਵਰਤ ਕੇ ਸਿੱਧੀਆਂ ਜਿਹੀਆਂ ਲਗਦੀਆਂ ਪਰ ਉੱਚੇ ਪੱਧਰ ਦੀਆਂ ਗੱਲਾਂ ਉਹ ਬੜੀ ਅਸਾਨੀ ਨਾਲ ਆਪਣੇ ਸ਼ਿਅਰਾਂ ਵਿੱਚ ਕਹਿ ਜਾਂਦਾ ਹੈ।
ਦੁਸ਼ਮਣ ਨੂੰ ਕਿਉਂ ਚੇਤੇ ਕਰਦਾ
ਸੱਜਣ ਦੀ ਕਰ ਗੱਲ ਵੇ ਜੋਗੀ
ਰੁੱਸਿਆ ਯਾਰ ਮਨਾ ਲੈ ਅੱਜ
ਕਿਸ ਤੱਕਿਆ ਏ ਕੱਲ੍ਹ ਵੇ ਜੋਗੀ!
ਜਦ ਤੀਕ ਮਿਲ ਨਾ ਜਾਵੇ
ਜਾਰੀ ਤੂੰ ਭਾਲ ਰੱਖੀਂ ।
ਤੂੰ ਆਸ ਦੀ ਸਦਾ ਹੀ
ਜਗਦੀ ਮਸ਼ਾਲ ਰੱਖੀਂ।
ਕੁਝ ਲੋਕ ਅੰਤਰਮੁਖੀ ਹੁੰਦੇ ਹਨ। ਆਪਣੀ ਗੱਲ ਨਹੀਂ ਕਹਿ ਸਕਦੇ। ਹੌਲੀ ਦੁੱਖਾਂ ਦੇ ਘੇਰੇ ਵਿੱਚ ਜਾ ਰਹਿੰਦੇ ਹਨ। ਮਾਨਸਿਕ ਰੋਗੀ ਹੋਕੇ ਫਿਰ ਸਰੀਰ ਨੂੰ ਰੋਗ ਲਾ ਬਹਿੰਦੇ ਹਨ। ਜੋਗੀ ਜੀ ਜਾਣਦੇ ਹਨ ਦੁੱਖ ਵੰਡਿਆਂ ਘੱਟਦਾ ਹੈ। ਮਨ ਹਲਕਾ ਹੁੰਦਾ ਹੈ। ਬੰਦਾ ਡਿਪਰੈਸ਼ਨ ਤੋਂ ਬੱਚ ਸਕਦਾ ਹੈ ਜੇ ਆਪਣੇ ਮਨ ਦੂਜਿਆਂ ਨਾਲ ਫਰੋਲਦਾ ਰਹੇ। ਕੁੱਝ ਗੱਲਾਂ ਦੋਸਤਾਂ ਨਾਲ ਕਰਨ ਵਾਲੀਆਂ ਹੁੰਦੀਆਂ ਹਨ ਅਤੇ ਕੁੱਝ ਪਰਿਵਾਰ ਨਾਲ। ਉਹ ਸਾਂਝੀਆਂ ਕਰਦੇ ਰਹਿਣਾ ਚਾਹੀਦਾ ਹੈ।
ਅੱਜ ਕੱਲ੍ਹ ਬੁਝਿਆ-ਬੁਝਿਆ ਰਹਿਨੈਂ ਗੱਲ ਤਾਂ ਦੱਸ ।
ਕੁਝ ਸੁਣਦੈਂ ਨਾ ਕੁਝ ਕਹਿਨੈਂ ਗੱਲ ਤਾਂ ਦੱਸ ।
ਏਦਾਂ ਤਾਂ ਮੁਰਝਾ ਜਾਵੇਂਗਾ ਛੇਤੀ ਹੀ,
ਬਿਨ੍ਹਾਂ ਵਜ੍ਹਾ ਕਿਉਂ ਧੱਕਾ ਸਹਿਨੈਂ ਗੱਲ ਤਾਂ ਦੱਸ ।
ਡੁੱਬ ਨਾ ਜਾਵੀਂ ਮਨ ਦੇ ਗਹਿਰੇ ਸਾਗਰ ਵਿੱਚ
ਏਨਾ ਡੂੰਘਾ ਕਾਹਨੂੰ ਲਹਿਨੈਂ ਗੱਲ ਤਾਂ ਦੱਸ।
ਆਧੁਨਿਕ ਸਮਾਜਿਕ ਤੇ ਰਾਜਨੀਤਕ ਵਰਤਾਰੇ ਵਿੱਚ ਬੜੀ ਟੁੱਟ ਭੱਜ ਹੋ ਰਹੀ ਹੈ। ਜਿਵੇਂ ਦਿਨ ਨੂੰ ਰਾਤ ਅਤੇ ਸਾਇੰਸ ਦੀ ਵਰਤੋਂ ਨਾਲ ਰਾਤਾਂ ਨੂੰ ਦਿਨ ਬਣਾਇਆ ਜਾ ਰਿਹਾ ਹੈ। ਦਿਨ ਰਾਤ ਕੰਮ ਚਲ ਪਏ ਹਨ। ਪਰ ਇਸ ਨਾਲ ਮਨੁੱਖ ਵੀ ਮਸ਼ੀਨਾਂ ਨਾਲ ਮਸ਼ੀਨ ਬਣ ਰਿਹਾ। ਸੰਵੇਦਨਾ ਜੋ ਮਾਨਵ ਵਿੱਚ ਆਪਸੀ ਸਦਭਾਵਨਾ ਪ੍ਰੇਮ ਭਾਵ ਮਿੱਤਰਤਾ ਪੈਦਾ ਕਰਦੀ ਹੈ, ਉਹ ਖਤਮ ਕੀਤੀ ਜਾ ਰਹੀ ਹੈ। ਬੰਦਾ ਇਕ ਦੂਜੇ ਵੱਲ ਸਿਰਫ ਸਵਾਰਥੀ ਭਾਵਨਾ ਕਰਕੇ ਹੀ ਰਿਸ਼ਤੇ ਬਣਾ ਕੇ ਰੱਖਦਾ ਹੈ। ਰਾਜਨੀਤੀ ਦੇ ਖੇਤਰਾਂ ਵਿੱਚ ਸ਼ਹਿਰਾਂ ਗਰਾਵਾਂ ਪਾਰਕਾਂ ਸਰਕਾਰੀ ਇਮਾਰਤਾਂ ਦੇ ਨਾਮ ਬਦਲੇ ਜਾ ਰਹੇ ਹਨ। ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਕੇ ਵਾਰ-ਵਾਰ ਲੋਕਾਂ ਸਾਹਮਣੇ ਟੀ.ਵੀ. ਸਕਰੀਨਾ ਤੇ ਪਰੋਸਿਆ ਜਾ ਰਿਹਾ। ਇਤਿਹਾਸ ਬਾਰੇ ਵੀ ਗਲਤ ਤੱਥ ਪੇਸ਼ ਕਰਕੇ ਅਗਿਆਨਤਾ ਦਾ ਹਨੇਰਾ ਫੈਲਾਇਆ ਜਾ ਰਿਹਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਗਲਤ ਇਤਿਹਾਸ ਅਤੇ ਗਲਤ ਸਭਿਆਚਾਰ ਸਿੱਖ ਕੇ ਨਿਕੰਮੇ ਤੇ ਡਰੱਗੀ ਗੈਂਗਸਟਰ ਬਣ ਜਾਣ। ਐਸਾ ਪਰਚਾਰ ਰੋਕਣਾ ਪਵੇਗਾ ਅਤੇ ਸਹੀ ਤੱਥ ਸਾਹਮਣੇ ਲਿਆਉਣੇ ਪੈਣਗੇ। ਜੋਗੀ ਹੋਰਾਂ ਨੇ ਆਪਣਾ ਫਿਕਰ ਇਸ ਤਰਾਂ ਜ਼ਾਹਿਰ ਕੀਤਾ ਹੈ:
ਬਣਾ ਕੇ ਸੱਚ ਜੋ ਕੁੱਝ ਵਿਖਾਇਆ ਜਾ ਰਿਹਾ ਹੈ।
ਉਹ ਸਾਰਾ ਕੂੜ ਹੀ ਕੰਨਾਂ ‘ਚ ਪਾਇਆ ਜਾ ਰਿਹਾ ਹੈ।
ਜ਼ਮੀਰਾਂ ਰੱਖੀਆਂ ਜਿੰਦਾ ਤੇ ਸੱਚ ਨਾ ਮਰਨ ਦਿੱਤਾ
ਅਸੀਂ ਕੀ ਸੀ ਤੇ ਸਾਨੂੰ ਕੀ ਬਣਾਇਆ ਜਾ ਰਿਹਾ ਹੈ।
ਪਰੰਪਰਾ ਤੇ ਪਹਿਰਾ ਦਿੰਦਿਆਂ ਉਹ ਪੁਰਾਤਨ ਯੁਗ ਦੇ ਪੰਜਾਬੀ ਸੁਭਾਅ ਦੀ ਗੱਲ ਕਰਦਾ ਹੈ। ਭਰਾ ਭਰਾਵਾਂ ਦੀ ਬਾਂਹ ਹੁੰਦੇ ਹਨ। ਕਿਹਾ ਜਾਂਦਾ ਹੈ ਕਿ “ਮਿਰਜ਼ਾ ਬਾਝ ਭਰਾਵਾਂ ਮਾਰਿਆ “ ਜਾਂ ਭਾਈ ਮਰਨ ਤਾਂ ਪੈਂਦੀਆਂ ਭੱਜ ਬਾਹੀਂ … ਇਸ ਦੇ ਬਾਵਜੂਦ ਉਹ ਮੰਨਦਾ ਹੈ ਕਿ ਰਿਸ਼ਤਿਆਂ ਵਿੱਚ ਭਰਮ ਵੀ ਪਾਲੀ ਰੱਖਣਾ ਚਾਹੀਦਾ ਹੈ ਜੇ ਸਾਰੇ ਹੀ ਟੁੱਟ ਗਏ ਬਾਕੀ ਕੀ ਰਹਿ ਜਾਏਗਾ। ਕਹਾਵਤ ਹੈ ਕਿ ਜੇ ਆਪਣਾ ਮਾਰੂ ਕਮ-ਸੇ- ਕਮ ਛਾਵੇਂ ਤਾਂ ਸੁੱਟੂ।
ਏਦਾਂ ਤਾਂ ਫਿਰ ਇਕ ਇਕ ਕਰਕੇ ਸਾਰੇ ਹੀ ਕਿਰ ਜਾਵਣਗੇ
ਕੁਝ ਕੁ ਰਿਸ਼ਤੇ ਸਾਂਭ ਲੈ ਯਾਰਾ ਭਰ ਕੇ ਮਨ ਦੀਆਂ ਦਰਜ਼ਾਂ ਨੂੰ।
ਕਿਹੜਾ ਅਪਣਾ ਕੌਣ ਬੇਗਾਨਾ ਔਖੀ ਹੈ ਪਹਿਚਾਣ ਬੜੀ
ਰਿਸ਼ਤੇ ਜੋੜਨ ਤੋੜਨ ਲੋਕੀ ਪਾਲ ਕੇ ਆਪਣੀਆਂ ਗਰਜਾਂ ਨੂੰ।
ਵਗਦੀਆਂ ਲੂਆਂ ‘ਚ ਸਨ ਠੰਢੀਆਂ ਛਾਵਾਂ ਜਿਹੇ।
ਹੁਣ ਨਹੀਂ ਮਿਲਦੇ ਕਿਤੇ ਵੀ ਲੋਕ ਦਰਿਆਵਾਂ ਜਿਹੇ।
ਮੇਰੀਆਂ ਬਾਹਵਾਂ ਦਾ ਅੱਜਕਲ੍ਹ ਕੰਮ ਦੂਣਾ ਹੋ ਗਿਐ,
ਹੁਣ ਭਰਾ -ਬੇਲੀ ਕਦੇ ਬਣਦੇ ਨਹੀਂ ਬਾਹਵਾ ਜਿਹੇ।
ਸਦੀਆਂ ਤੋਂ ਲੈ ਅਜੋਕੇ ਯੁੱਗ ਤੱਕ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਪੰਜਾਬੀ ਮਾਂਵਾਂ ਆਪਣੇ ਪੁੱਤਰਾਂ ਦਾ ਬਲੀਦਾਨ ਕਰਦੀਆਂ ਆ ਰਹੀਆਂ ਹਨ। ਆਪਾ ਵਾਰਨਾਂ ਪੰਜਾਬੀਆਂ ਦੇ ਡੀ ਐਨ ਏ ਦਾ ਹਿੱਸਾ ਬਣ ਗਿਆ ਹੈ। ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀ ਮਾਂਵਾਂ ਨੇ ਆਪਣੇ ਪੁੱਤਰਾ ਦੀ ਵੱਧ ਚੜ੍ਹ ਕੇ ਕੁਰਬਾਨੀ ਦਿੱਤੀ। ਮਾਵਾਂ ਦੇ ਹੌਂਸਲੇ ਨੂੰ ਅਕੀਦਤ ਭੇਂਟ ਕਰਦਾ ਲਿਖਦਾ ਹੈ:
ਵਾਰ ਦੇਵਣ ਲਾਲ ਵੀ ਜਦ ਭੀੜ ਬਣਦੀ ਦੇਸ਼ ‘ਤੇ,
ਕਿਹੜੀਆਂ ਮਾਵਾਂ ਦੇ ਜਿਗਰੇ ਸਾਡੀਆਂ ਮਾਂਵਾਂ ਜਿਹੇ।
ਗੁਰਚਰਨ ਸਿੰਘ ਪੰਜਾਬੀ ਦਾ ਵਿਦਵਾਨ ਹੋਣ ਕਰਕੇ ਭਾਸ਼ਾ ਵਰਤਣ ਵਿੱਚ ਬੜਾ ਮਾਹਿਰ ਹੈ। ਉਹ ਬਹੁਤ ਸੰਕੋਚਵੇਂ ਸ਼ਬਦ ਵਰਤ ਕੇ ਕੁੱਜੇ ਵਿੱਚ ਦਰਿਆ ਬੰਦ ਕਰ ਦੇਣ ਦੀ ਸਮਰੱਥਾ ਰੱਖਦਾ ਹੈ। ਸੰਜੀਦਾ ਸੁਭਾਅ ਹੋਣ ਕਰਕੇ ਆਪਣੀ ਗ਼ਜ਼ਲ ਵਿੱਚ ਬੜੀ ਸੰਜੀਦਗੀ ਨਾਲ ਵਾਕਾਂ ਦਾ ਢਾਂਚਾ ਘੜਦਾ ਹੈ। ਇਸ ਕਰਕੇ ਉਸ ਦੀ ਛੋਟੀ ਬਹਿਰ ਦੀ ਗ਼ਜ਼ਲ ਵੀ ਵੱਡੇ ਅਰਥ ਸਿਰਜਦੀ ਹੈ। ਉਸਦੀ ਗ਼ਜ਼ਲ਼ ਵਿੱਚ ਆਏ ਥੋੜੇ ਸ਼ਬਦ ਵੀ ਆਪਣੇ ਆਪ ਵਿੱਚ ਇਕ ਵੱਡੀ ਕਹਾਣੀ ਹੁੰਦੇ ਹਨ। ਕੋਈ ਅਹਿਮ ਖ਼ਬਰ ਹੁੰਦੀ। ਧਰਮ ਦੇ ਨਾਂ ਹੇਠ ਵਿਦਿਅਕ ਆਦਾਰੇ ਖੋਹਲ ਕੇ ਵੱਡੀਆਂ ਰਕਮਾਂ ਕਮਾਉਣ ਵਾਲਿਆਂ ਤੇ ਟਾਂਚ ਹੁੰਦੀ ਹੈ, ਜੋ ਆਪਣੇ ਅਧਿਆਪਕਾਂ ਅਤੇ ਸਹਿਯੋਗੀਆਂ ਨੂੰ ਬਣਦੀ ਤਨਖਾਹ ਵੀ ਨਹੀ ਦਿੰਦੇ, ਜਾਂ ਫਿਰ ਸਮਾਜਿਕ ਅਤੇ ਰਾਜਨੀਤਕ ਵਰਤਾਰੇ ਤੇ ਕੱਸ ਕੇ ਮਾਰੀ ਹੋਈ ਚੋਟ ਹੁੰਦੀ ਹੈ। ਸ਼ਿਅਰ ਵੇਖੋ:
ਤੇਰੇ ਜ਼ੁਲਮ ਦੀ ਜੋ ਅਖੀਰ ਹੈ, ਸਾਡੇ ਸਬਰ ਦੀ ਸ਼ੁਰੂਆਤ ਹੈ।
ਅਸੀਂ ਓਸ ਦਰ ਦੇ ਮੁਰੀਦ ਹਾਂ, ਜਿੱਥੇ ਦੂਖ-ਭੂਖ ਵੀ ਦਾਤ ਹੈ।
ਆਪਣੇ ਮਨ ਦੇ ਕੋਝ ਨੂੰ ਉਸ ਨੇ ਕੱਜਿਆ ਨਹੀਂ।
ਸਭ ਕੁਝ ਹਾਸਲ ਕਰ ਕੇ ਵੀ ਜੋ ਰੱਜਿਆ ਨਹੀਂ।
ਬਚ ਕੇ ਰਹਿਣਾ ਐਸੇ ਧਰਮੀ-ਕਰਮੀ ਤੋਂ
ਪਾਪਾਂ ਤੋਂ ਜੋ ਦੂਰ ਅਜੇ ਵੀ ਭੱਜਿਆ ਨਹੀਂ।
ਵਿਤਕਰੇ ਦਾ ਸਿਖ਼ਰ ਇਹ ਹੈ, ਉਨ੍ਹਾਂ ਦਾ,
ਗੁਨਾਹ ਹਰ ਮਾਫ਼ ਹੁੰਦਾ ਜਾ ਰਿਹਾ ਹੈ।
ਉਹ ਤਨਜ਼ ਵੀ ਬੜੇ ਸਹਿਜ ਨਾਲ ਕੱਸਦਾ ਹੈ ਜਿਸਨੂੰ ਸੁਣ ਕੇ ਚਿਹਰੇ ਤੇ ਮੁਸਕਾਨ ਫੈਲ ਜਾਂਦੀ ਹੈ। ਜਿਵੇਂ ਬਿਨ ਬਰਸਾਤ ਦੇ ਬੱਦਲਾਂ ਨੂੰ ਨਕਲੀ ਸਾਧ ਦਾ ਧੂਣਾ ਕਹਿਣਾ, ਪਤਾਸੇ ਨੂੰ ਕੌੜਾ ਖੱਟਾ ਕਹਿਣਾ, ਮਨ ਦੀ ਕਾਲਖ ਕੱਢ, ਮਨ ਦੀਆਂ ਦਰਜਾਂ ਭਰ, ਮਨ ਕੋਝ ਕੱਜ, ਹੁਣ ਤਾਂ ਹੋ ਗਿਆ ਚਿੱਟਾ ਦਾਹੜਾ, ਮੂਡ ਵੀ ਆਫ ਹੋਣਾ, ਨਜ਼ਰੀਆ ਸਾਫ਼, ਆਦਮੀ ਕਾਵਾਂ ਜਿਹੇ, ਲੋਕ ਦਰਿਆਵਾਂ ਜਿਹੇ ਆਦਿ। ਜਿਥੇ ਉਹ ਮੁਹਾਵਰੇਦਾਰ ਭਾਸ਼ਾ ਵਰਤ ਕੇ ਆਪਣੀ ਸ਼ਾਇਰੀ ਵਿੱਚ ਤਨਜ਼ ਦਾ ਪ੍ਰਯੋਗ ਕਰਦਾ ਹੈ ਉਸਦੇ ਨਾਲ ਹੀ ਆਪਣੀ ਗ਼ਜ਼ਲ ਨੂੰ ਦਿਲਚਸਪ ਵੀ ਬਣਾਉਂਦਾ ਹੈ।
ਦੂਰੋਂ ਜਿਹੜੇ ਬੱਦਲ ਵਾਂਗੂ ਜਾਪ ਰਹੇ ਸਨ,
ਉਹ ਵੀ ਯਾਰੋ ਨਕਲੀ ਸਾਧ ਦੇ ਧੂਣੇ ਨਿਕਲੇ।
ਵਾਂਗ ਪਤਾਸੇ ਜਾਪ ਰਹੇ ਸਨ ਜਿਹੜੇ ਸਾਨੂੰ,
‘ਜੋਗੀ’ ਉਹ ਤਾ ਖੱਟੇ, ਕੌੜੇ, ਲੂਣੇ ਨਿਕਲੇ।
ਮਨ ਚੋਂ ਕਾਲਖ ਕੱਢ ਵੇ ‘ਜੋਗੀ’
ਹੁਣ ਤਾਂ ਹੋ ਗਿਆ ਚਿੱਟਾ ਦਾਹੜਾ।
ਕਹਾਣੀਕਾਰ ਅਤੇ ਪ੍ਰਕਾਸ਼ਕ ਹਰਮਿੰਦਰ ਸਿੰਘ ਵਿਰਦੀ ਲਿਖਦੇ ਹਨ, “ਗੁਰਚਰਨ ਸਿੰਘ ‘ਜੋਗੀ’ ਨੇ ਰਿਸ਼ਤਿਆਂ ਦੇ ਸਾਥ ਵਿੱਚੋਂ ਆਪਣੀ ਸ਼ਾਇਰੀ ਨੂੰ ਤਲਾਸ਼ ਕੀਤਾ ਹੈ। ਉਸ ਦੀ ਸ਼ਾਇਰੀ ਵਿੱਚ ਪਰੰਪਰਾਈ ਪ੍ਰਤੀਕ ਨਿਵੇਕਲੀ ਭਾਸ਼ਾ ਵਿੱਚ ਪ੍ਰਗਟ ਹੁੰਦੇ ਹਨ।“
ਨਜ਼ਰ ਕਮਜ਼ੋਰ ਹੁੰਦੀ ਜਾ ਰਹੀ ਹੈ।
ਨਜ਼ਰੀਆ ਸਾਫ਼ ਹੁੰਦਾ ਜਾ ਰਿਹਾ ਹੈ।
ਰਿਹੈ ਵਾਪਰ ਜੋ ਹੁਣ ਆਲੇ-ਦੁਆਲੇ,
ਮੂਡ ਵੀ ਆਫ਼ ਹੁੰਦਾ ਜਾ ਰਿਹਾ ਹੈ । -
ਗੁਰਚਰਨ ਸਿੰਘ ਜੋਗੀ ਇਕ ਸੁਚੇਤ ਅਤੇ ਸੰਵੇਦਨਸ਼ੀਲ ਸ਼ਾਇਰ ਹੈ। ਲੇਖਕਾਂ ਬਾਰੇ ਬੜੀ ਸਾਰਥਕ ਗੱਲ ਕੀਤੀ ਹੈ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਲੇਖਕ ਨਾ ਸਿਰਫ਼ ਸਮਾਜ ਨੂੰ ਸ਼ੀਸ਼ਾ ਵਿਖਾਉਂਦਾ ਹੈ ਬਲਕਿ ਉਹ ਸ਼ੀਸ਼ੇ ਨੂੰ ਸਾਫ਼ ਕਰਨ ਦਾ ਕੰਮ ਵੀ ਕਰਦਾ ਹੈ ਤਾਂ ਕਿ ਸਮਾਜ ਦਾ ਅਕਸ ਸਹੀ ਉਘੜਕੇ ਆਵੇ। ਜੇ ਸਾਹਿਤਕਾਰ ਹੀ ਆਪਣੀਆਂ ਲਿਖਤਾਂ ਵਿੱਚ ਹਲਕੀ ਗੱਲ ਕਹਿਣਗੇ ਤਾਂ ਸਮਾਜ ਸੰਜੀਦਾ ਕਿਵੇਂ ਹੋਵੇਗਾ। ਇਸ ਲਈ ਉਹ ਉੱਚ ਮਿਆਰੀ ਸਾਹਿਤ ਦੀ ਗੱਲ ਕਰਦਾ ਹੈ। ਸਾਹਿਤਕਾਰ ਜੋ ਜੋੜਨ ਵਾਲੇ ਹੋਣ ਜੋ ਅਨੇਕਤਾ ਵਿੱਚ ਏਕਤਾ ਲਿਆ ਸਕਦੇ ਹੋਣ। ਐਸਾ ਲਿਖਣ ਕਿ ਵਿਭਿੰਨ ਵਿਚਾਰਧਾਰਾਵਾਂ ਵਾਲੇ ਲੋਕ ਆਪਣੀ ਵੱਖਰਤਾ ਵੀ ਬਣਾਈ ਰੱਖਣ ਤੇ ਇਕ ਸੁੰਦਰ ਗੁੱਲਦਸਤੇ ਵਾਂਗ ਇਕ ਵੀ ਹੋਣ। ਸਾਨੂੰ ਐਸੇ ਸਾਹਿਤਕਾਰ ਨਹੀਂ ਚਾਹੀਦੇ ਜੋ ਨਫਰਤ ਦਾ ਪ੍ਰਚਾਰ ਕਰਨ ਜਾਂ ਹਲਕੀਆਂ ਗੱਲਾਂ ਕਰਕੇ ਜੀਵਨ ਪੱਧਰ ਨਿਵਾਣ ਵੱਲ ਲੈ ਜਾਣ।
ਲਿਖਤਾਂ ਦੇ ਨਾਲ ਜਿਹੜਾ, ਪੌਣਾਂ ‘ਚ ਜ਼ਹਿਰ ਘੋਲੇ,
ਸਾਡੇ ਸ਼ਹਿਰ ਨਾ ਐਸਾ, ਕੋਈ ਅਦੀਬ ਹੋਵੇ।
ਉਂਝ ਤਾਂ ਦਾਅਵੇ ਵੱਡੇ-ਵੱਡੇ ਕਰਦੇ ਸਾਂ
ਕਠਿਨ ਪ੍ਰੀਖਿਆ ਦੇ ਵਿਚ ਯਾਰੀ ਭੁੱਲ ਗਏ ਹਾਂ।
ਖੁਸ਼ ਹੀ ਹੋ ਜਾਂਦੇ ਹਾਂ ਕਰਕੇ ਗੱਲ ਹਲਕੀ
ਗੱਲ ਸੰਜੀਦਾ, ਵਜ਼ਨੀ ਭਾਰੀ ਭੁੱਲ ਗਏ ਹਾਂ।
ਅਨੀਤਾ ਅਹੂਜਾ ਨੇ ਉਸ ਦੀ ਵੀਡੀਉ ਦੇਖ/ਸੁਣ ਕੇ ਫੇਸ ਬੁੱਕ ਤੇ ਲਿਖਿਆ “ ਬਹੁਤ ਹੀ ਖੂਬ ਗੁਰਚਰਨ ਸਰ ਜੀ, ਆਪ ਹਮੇਸ਼ਾਂ ਹੀ ਬੈਸਟ ਹੋਤੇ ਹੈਂ, ਆਪ ਕੇ ਅੰਦਰ ਜੋ ਟੇਲੈਂਟ ਹੈ ਵੋਹ ਬਹੁਤ ਹੀ ਕਮ ਲੋਗੋ ਮੇਂ ਹੋਤਾ ਹੈ!”
ਕੈਨੇਡਾ ਵਾਲੇ ਮਕਬੂਲ ਸ਼ਾਇਰ ਸੰਨੀ ਧਾਲੀਵਾਲ ਨੇ ਵੀ ਜੋਗੀ ਜੀ ਦੀ ਕਵਿਤਾ ਦੀ ਤਾਰੀਫ ਕੀਤੀ। ਡਾ.ਹਰਕੰਵਲ ਕਿਰਪਲ ਨੇ ਉਹਨਾਂ ਦੀ ਕਵਿਤਾ ਨੂੰ “ਐਕੂਰੈਟ ਪਰਸੈਪਸ਼ਨ” ਕਹਿ ਕੇ ਸਤਿਕਾਰਿਆ।
ਓਮ ਬਨਮਾਲੀ ਨੇ ਜੋਗੀ ਦੇ ਇਕ ਸ਼ਿਅਰ ਤੇ ਵੱਡਮੁੱਲੀ ਫੇਸਬੁੱਕ ਟਿੱਪਣੀ ਕੀਤੀ,” ਦੋ ਪੰਕਤੀਉਂ ਮੇਂ ਗਹਿਰੀ ਬਾਤ ”
ਡਾ. ਸੁਦਰਸ਼ਨ ਗਾਸੋ ਨੇ ਆਪਣੇ ਓਨ ਲਾਇਨ ਮੈਗਜ਼ੀਨ ਵਿੱਚ ਜੋਗੀ ਜੀ ਦੀਆਂ ਨੌਂ ਕਵਿਤਾਵਾਂ ਛਾਪੀਆ। ਉਹਨਾਂ ਲਿਖਿਆ ਹੈ,”ਗੁਰਚਰਨ ਸਿੰਘ ਜੋਗੀ ਹਰਿਆਣੇ ਦਾ ਸ਼ਾਇਰ ਹੈ। ...ਉਹ ਪੰਜਾਬੀ ਦੇ ਉਹਨਾਂ ਸੰਜੀਦਾ ਸ਼ਾਇਰਾਂ ਵਿੱਚੋਂ ਹੈ, ਜਿਹੜੇ ਆਪਣੀਆਂ ਗ਼ਜ਼ਲਾਂ ਵਿੱਚ ਵਿਸ਼ੇ ਅਤੇ ਰੂਪਗਤ ਪਰਪੱਕਤਾ ਪ੍ਰਤੀ ਸੁਚੇਤ ਨਜ਼ਰ ਆਉਂਦੇ ਹਨ। ਉਹ ਮਨੁੱਖੀ ਜੀਵਨ ਦੇ ਮੂਲ ਸਰੋਕਾਰਾਂ ਨੂੰ ਪੂਰੀ ਪ੍ਰਤੀਬੱਧਤਾ ਅਤੇ ਸਹਿਜਤਾ ਨਾਲ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕਰਨ ਪ੍ਰਤੀ ਸੁਚੇਤ ਰਹਿੰਦਾ ਹੈ।“
ਗੁਰਚਰਨ ਸਿੰਘ ‘ਜੋਗੀ ਇਕ ਸੁਹਿਰਦ ਸਾਹਿਤਕਾਰ ਹੈ । ਉਸ ਦੀਆਂ ਰਚਨਾਵਾਂ ਪਾਠਕਾਂ ਦੇ ਮਨਾਂ ਅੰਦਰ ਸੁਹਜ ਪੈਦਾ ਕਰਦੀਆਂ ਹਨ। ਲੋਕ ਹਿਰਦਿਆਂ ਨੂੰ ਕੋਮਲ ਕਰਕੇ ਸਮਾਜਿਕ ਚੇਤਨਾ ਪ੍ਰਦਾਨ ਕਰਦੀਆਂ ਹਨ ਅਤੇ ਮਿਆਰੀ ਸਾਹਿਤ ਪੜ੍ਹਨ ਲਈ ਪ੍ਰੇਰਿਤ ਕਰਦੀਆਂ ਹਨ।