ਸਾਦੇ ਵਿਆਹ ‘ਤੇ ਸਾਦੇ ਭੋਗ (ਲੇਖ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੱਲ ਦਸ ਕੁ ਵਰੇ ਪਹਿਲਾਂ ਦੀ ਹੈ। ਮਾਮੀ ਜੀ ਦਾ ਫੋਨ ਆਇਆ । ਮਾਮੀ ਜੀ ਦੇ ਬੇਟੇ ਦੀ ਮੰਗਣੀ ਸੀ ਤੇ ਇਹ ਫੋਨ ਮੰਗਣੀ ਸਮਾਗਮ ਤੇ ਪਹੁੰਚਣ ਦਾ ਸੱਦਾ ਸੀ।ਮੈਂ ਸਮਾਗਮ ਵਿੱਚ ਪਹੁੰਚਣ ਅਤੇ ਮਾਮੀ ਜੀ ਦੇ ਕਹੇ ਅਨੁਸਾਰ ਆਪਣੀ ਕਾਰ ਲਿਆਉਣ ਦਾ ਭਰੋਸਾ ਵੀ ਦਿੱਤਾ।ਮਾਮੀ ਜੀ ਦੇ ਘਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ ਅਤੇ ਮੋਟੇ ਤੌਰ ਤੇ ਘਰ ਦੀ ਲਾਣੇਦਾਰੀ ਮਾਮੀ ਜੀ ਕੋਲ ਹੀ ਸੀ।
ਨਿਸਚਿਤ ਦਿਨ ਮੈਂ ਆਪਣੇ ਦੂਜੇ ਭਰਾਵਾਂ ਨਾਲ ਨਾਨਕੇ ਘਰ ਜਾ ਪੁੱਜਿਆ।ਬਾਕੀ ਪਰਿਵਾਰਾਂ ਨੂੰ ਅਸੀਂ ਨਾਲ ਲਿਆਉਣਾ ਤੋਂ ਅਸੀ ਇਹ ਸੋਚ ਕੇ ਗਰੇਜ਼ ਕੀਤਾ ਕਿ ਮੰਗਣੀ ਵਰਗੇ ਨਿੱਕੇ ਜਿਹੇ ਸਮਾਗਮ ਵਿੱਚ ਤਿੰਨਾਂ ਪਰਿਵਾਰਾਂ ਨੂੰ ਲਿਜਾਣਾ ਠੀਕ ਨਹੀਂ ।ਪਰ ਉਥੇ ਪਹੁੰਚ ਕੇ ਸਾਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਮਾਮੀ ਵਾਹਵਾ ਹੀ ਇਕੱਠ ਕਰੀ ਬੈਠੀ ਸੀ। ਦਸ ਬਾਰਾਂ ਗੱਡੀਆਂ,ਅੰਗੀ ਸਾਕੀ , ਸਰੀਕਾਂ ਕਬੀਲਾ। ਜਦੋ ਤੁਰੇ ਇੰਝ ਲੱਗਦਾ ਸੀ ਜਿਵੇਂ ਬਰਾਤ ਹੀ ਚਲੀ ਹੋਵੇ। ਚਲੋ, ਜਿਵੇਂ ਮਾਮੇ -ਮਾਮੀ ਨੂੰ ਠੀਕ ਲੱਗਿਆ, ਮੇਰੇ ਨਾਲ ਮਾਮੀ ਜਰੂਰ ਨਿਰਾਜ਼ ਹੋਈ ਵੀ ਤੁਸੀਂ ਜਵਾਕਾਂ ਨੂੰ ਕਿਉਂ ਨੀ ਲੈ ਕੇ ਆਏ।ਮੈਨੂੰ ਇਹ ਠੀਕ ਜਿਹਾ ਨਾ ਲੱਗਿਆ। ਮਾਮਾ ਜੀ ਦੀ ਤਾਂ ਸਾਰੀ ਉਮਰ ਸੀਰੀ ਰਲਦੇ ਦੀ ਗੁਜਰ ਗਈ ਸੀ ਇਹ ਘਰ ਦੀ ਪੁੱਜਤ ਅਨੁਸਾਰ ਸਹੀ ਨਹੀਂ ਸੀ ਲੱਗ ਰਿਹਾ। ਖ਼ੈਰ , ਮੈਂ ਚੁੱਪ ਵੱਟ ਲਈ ।
ਜਦੋਂ ਅਸੀਂ ਕੁੜੀ ਵਾਲਿਆ ਦੇ ਘਰ ਗਏ,ਮੈਨੂੰ ਉਦੋ ਹੋਰ ਵੀ ਧੱਕਾ  ਲੱਗਾ।ਪਰਿਵਾਰ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ। ਉਹਨਾਂ ਦਾ ਗਰੀਬ ਜਿਹਾ ਪਰਿਵਾਰ, ਛੋਟਾ ਜਿਹਾ ਘਰ।ਮਾਤਾ ਪਿਤਾ ਬਿਰਥ ਜਿਹੇ ਲੱਗੇ ਅਤੇ ਪਤਾ ਲੱਗਿਆ ਵੀ ਪਿਤਾ ਜੀ ਨੂੰ ਚੰਗੀ ਤਰ੍ਹਾਂ ਦਿੱਸਦਾ ਵੀ ਨਹੀਂ, ਮੈਂ ਤਾਂ ਇਹ ਸੋਚ ਕੇ ਹੀ ਸੋਚਾ ਵਿੱਚ ਪੈ ਗਿਆ ਵੀ ਇਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਹੋਊ।ਵਿਚੋਲੇ ਨੂੰ ਇੱਕ ਪਾਸੇ ਕਰਕੇ ਪੁੱਛਿਆ , “ ਵੀਰ, ਪਰਿਵਾਰ ਤਾਂ ਮੈਨੂੰ ਠੀਕ ਹੀ ਲੱਗ ਰਿਹਾ , ਪਰ ਤੁਹਾਨੂੰ ਵਿੱਚ ਵਾਲਿਆ ਨੂੰ ਵੱਧ ਪਤਾ ਹੋਊ”। 
“ ਹਾਂ ਵੀਰ, ਪਰਿਵਾਰ ਤਾਂ ਵਿਚਾਰਾ ਬਹੁਤ ਗਰੀਬ ਹੈ, ਦੋ ਲੜਕੀਆ ਹੀ ਹਨ, ਬਜ਼ੁਰਗ ਦੇ,ਮੈਂ ਤਾਂ ਭੈਣ ਜੀ ਨੂੰ ਕਿਹਾ ਸੀ, ਵੀ ਚੁੰਨੀ ਚੜਾਵਾ ਹੀ ਕਰਨਾ , ਪਰ ਭੈਣ ਜੀ ਨੀ ਮੰਨੇ, ਤੁਹਾਡਾ ਮਾਮਾ ਤਾਂ ਕਹਿੰਦਾ ਸੀ ਵੀ ਠੀਕ ਆ”। ਵਿਚੋਲੇ ਨੇ ਆਪਣੀ ਬੇਵਸੀ ਜ਼ਾਹਰ ਕੀਤੀ।
ਮੈਂ ਸਾਰੀ ਗੱਲ ਸਮਝ ਗਿਆ ਕਿਉਂ ਕਿ  ਪਰਿਵਾਰ ਦੀ ਹਾਲਤ ਦੇਖ ਕੇ ਮੈਂ ਤਾਂ ਖੁਦ ਇਸ ਹੱਕ ਵਿੱਚ ਸੀ ਕਿ ‘ਚੁੰਨੀ ਚੜ੍ਹਾਵਾ’ ਹੀ ਹੋਣਾ ਚਾਹੀਦਾ।
ਮੈਂ ਆਪਣੇ ਵੱਡੇ ਭਰਾ ਨੂੰ ਨਾਲ ਲੈ ਕੇ ਮਾਮਾ ਜੀ ਤੇ ਮਾਮੀ ਜੀ ਨੂੰ ਇ ਪਾਸੇ ਬੁਲਾਇਆ ਤੇ ‘ਚੁੰਨੀ ਚੜ੍ਹਾਵਾ’ ਕਰਕੇ ਅੱਜ ਹੀ ਵਿਆਹ ਦਾ ਕਾਰਜ ਕਰਨ ਦੀ ਸਲਾਹ ਦਿੱਤੀ।ਮਾਮਾ ਜੀ ਨੂੰ ਮੇਰੀ ਸਲਾਹ ਇੱਕ ਦਮ ਜਚ ਗਈ ਪਰ ਉਮੀਦ ਅਨੁਸਾਰ ਮਾਮੀ ਪੈਰਾਂ ‘ਤੇ  ਪਾਣੀ ਨਾ ਪੈਣ ਦੇਣ ਲਈ ਤਿਆਰ ਨਾ ਹੋਈ।
“ ਐਵੇਂ ਕਿਵੇਂ ਕੰਮ ਮੁਕਾ ਲਈਏ ? ਸ਼ਰੀਕਾ ਕਬੀਲਾ ਕੀ ਆਖੂ !ਪਹਿਲਾ ਵਿਆਹ ਐ।ਨਾਲੇ ਆਪਾਂ ਕਿਹੜਾ ਵਿਆਹ ਵਾਲੀ ਕੋਈ ਤਿਆਰੀ ਕਰਕੇ ਆਏ ਆਂ।ਬਾਕੀ ਅਗਲਿਆਂ ਦਾ ਕੀ ਪਤੈ, ਮੰਨਣ ਜਾ ਨਾ ਮੰਨਣ”।
ਮੈਨੂੰ ਮਾਮੀ ਦੀਆਂ ਗੱਲਾਂ ‘ਚੋਂ ਨੀਮ ਰਜ਼ਾਮੰਦੀ ਜਿਹੀ ਨਜ਼ਰ ਆਈ। ਪਰ ਫਿਰ ਵੀ ਮੈਂ ਪੂਰੀ ਤਰ੍ਹਾਂ ਸਹਿਮਤ ਕਰਨ ਹਿਤ ਆਖਿਆ, “ਦੇਖੋ ਮਾਮੀ ਜੀ,ਸਾਰਾ ਸ਼ਰੀਕਾ ਕਬੀਲਾ ਤਾਂ ਅੱਜ ਨਾਲ ਲੈ ਆਏ ਹਾਂ। ਬਾਕੀ ਇਸ ਪਰਿਵਾਰ ਵੱਲ ਦੇਖੋ। ਵਿਆਹ ‘ਚ ਖਰਚ ਅੱਜ ਨਾਲੋਂ ਕਈ ਗੁਣਾ ਜ਼ਿਆਦਾ ਹੋਣਾ।ਇਹ ਵਿਚਾਰੇ ਤਾਂ ਸਾਰੀ ਉਮਰ ਲਈ ਕਰਜ਼ਾਈ ਹੋ ਜਾਣਗੇ ‘ਤੇ ਨਾਲੇ ਆਪਣਾ ਪਰਿਵਾਰ ਵੀ ਹੋੳ ਜਾਊ ।
ਮੇਰੀ ਗੱਲ  ਦਾ  ਮਾਮੀ ਜੀ ‘ਤੇ ਅਸਰ ਹੋ ਗਿਆ ਲਗਦਾ ਸੀ ਮਾਮੀ ਜੀ ਜ਼ਮੀਨ ਤੇ ਪੈਰ ਜਿਹਾ ਘਿਸਾਉਣ ਲੱਗ ਗਈ, “ ਦੇਖ  ਲਓ ਜੇ ਅਗਲੇ ਮੰਨਦੇ ਨੇ…. ਪਰ ਆਪਾਂ ਵਿਆਹ ਵਾਲੀ ਤਿਆਰੀ ਕੋਈ ਨੀ ਕਰਕੇ ਆਏ”।ਮਾਮੀ ਨੇ ਹਾਂ ਪੱਖੀ ਜਿਹਾ ਹੁੰਗਾਰਾ ਭਰ ਦਿੱਤਾ।
“ ਮਾਮੀ  ਜੀ ਤੁਸੀਂ ਉਹਦੀ  ਚਿੰਤਾਂ ਨਾ ਕਰੋ, ਅਸੀਂ ਸਾਰਾ ਇੰਤਜ਼ਾਮ ਹੁਣੇ ਕਰ ਲੈਨੇ ਆਂ”।ਮੈਂ ਉਤਸਾਹਤ ਹੁੰਦਿਆ ਮਾਮੀ ਜੀ ਨੂੰ ਭਰੋਸਾ ਦਿੱਤਾ।
ਮੁੰਡੇ ਦੇ ਮਾਮੇ ਨੂੰ ਭਰੋਸੇ ਵਿੱਚ ਲੈ ਕੇ ਮੈਂ ਤੇ ਮੇਰੇ ਭਰਾ ਨੇ ਸਾਰੀ ਗੱਲ ਵਿਚੋਲੇ ਨੂੰ ਦੱਸ ਦਿੱਤੀ।ਵਿਚੋਲੇ ਨੇ ਕੁੜੀ ਦੇ ਮਾਮੇ ਨਾਲ ਗੱਲ ਸਾਂਝੀ ਕੀਤੀ।ਇਹ ਸੁਣ ਕੇ ਕੁੜੀ ਦਾ ਮਾਮਾ ਬਾਗੋ ਬਾਗ ਹੋ ਗਿਆ।
ਅਸੀਂ ਛੇਤੀ ਹੀ ਨੇੜਲੇ ਸ਼ਹਿਰ ਤੋਂ ਜਰੂਰੀ ਕੱਪੜੇ ਲੀੜੇ ਅਤੇ ਹੋਰ ਜਰੂਰੀ ਸਮਾਨ ਲੈ ਆਏ।ਸਾਡੇ ਵਾਪਸ ਆਉਣ ਤੱਕ ਆਨੰਦ-ਕਾਰਜ ਦੀ ਤਿਆਰੀ ਹੋ ਚੁੱਕੀ ਸੀ।ਚਾਰ ਲਾਵਾਂ ਦਾ ਪਾਠ ਹੋਇਆ ਅਤੇ ਬਾਬਾ ਜੀ ਨੇ ‘ਵੀਆਹ ਹੋਇਆ ਮੇਰੇ ਬਾਬੁਲਾ’ ਦਾ ਸ਼ਬਦ ਪੜ੍ਹਿਆ। ਜਦੋਂ ਬਾਬਾ ਸ਼ਬਦ ਪੜ੍ਹ ਰਿਹਾ ਸੀ ਕਿ ਸਾਰੇ ਵਿਆਹ ਇਸੇ ਤਰ੍ਹਾਂ ਦੇ ਹੋਣ ਲੱਗ ਜਾਣ ਸਾਰੇ ਬਾਬੁਲ ਕਿੰਨੇ ਸੋਖੇ ਹੋ ਜਾਣਗੇ।ਅੱਜ ਜਦੋਂ ਪੈਲਸਾਂ ਜਾ ਘਰਾਂ ਵਿੱਚ ਧੁਮ ਧੜੱਕੇ ਵਾਲੇ ਵਿਆਹ ਦੇਖਦੇ ਹਾਂ, ਹੋ ਸਕਦਾ ਉਹ ਆਪਣੀ ਹੈਸੀਅਤ ਅਨੁਸਾਰ ਠੀਕ ਹੋਣ ਪਰ ਬਹੁਤੇ ਵਿਆਹ ਅਤੇ ਭੋਗ ਕਰਜ਼ੇ ਦੀ ਮਾਰ ਹੇਠ ਹੀ ਹੁੰਦੇ ਹਨ।ਸਾਦੇ ਵਿਆਹਾਂ ਮੰਗਣੀਆਂ ਨੂੰ ਲੋਕ ਆਪਣੀ ਹੇਠੀ ਸਮਝਦੇ ਹਨ।ਇਸ ਵਿੱਚ ਮੱਧ ਵਰਗੀ ਪਰਿਵਾਰ ਜ਼ਿਆਦਾ ਪਿਸ ਰਹੇ ਹਨ, ਜੋ ਰਿਸ਼ਤਿਆਂ ਵਿੱਚ ਕਾਈ ਵਾਰ ਕੁੜੱਤਣ ਦਾ ਕਾਰਨ ਵੀ ਬਣਦੇ ਹਨ।
ਅੱਜ ਜਦੋਂ ਨਾਨਕੇ ਜਾਂਦਾ ਹਾਂ ‘ਤੇ  ਮਾਮੀ ਜੀ ਦੇ ਪਰਿਵਾਰ  ਨੂੰ ਰੰਗੀ ਵਸਦਾ ਦੇਖਦਾ ਹਾਂ ਤਾਂ ਮਨ ਨੂੰ ਇੱਕ ਸਕੂਨ ਜਿਹਾ ਮਿਲਦਾ ਹੈ। ਮਾਮੀ ਜੀ ਮੈਨੂੰ ਅਕਸਰ ਆਖਦੇ ਹਨ , “ਪੁੱਤ, ਤੁੰ  ਬਚਾ ਲਏ ਨਹੀਂ ਧਰਮਾ ਵੀ ਆਪਦੇ ਪਿਉ,ਵਾਂਗ  ਸਾਰੀ ਉਮਰ ਹੀ ਸੀਰਪੁਣੇ ‘ਚ ਕੱਢ ਦਿੰਦ”ਾ।
ਸਿਆਣੇ ਕਹਿੰਦੇ ਨੇ, ‘ਸਾਦੇ ਵਿਆਹ ‘ਤੇ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ’।