ਮਿਡਲ ਕਲਾਸ (ਮਿੰਨੀ ਕਹਾਣੀ)

ਇਕਬਾਲ ਬਰਾੜ   

Email: iqubalbrar@gmail.com
Address:
India
ਇਕਬਾਲ ਬਰਾੜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਹਿਬ ਸਿੰਘ ਨੇ ਡਿਊਟੀ ਤੋਂ ਆ ਕੇ ਜਿਓਂ ਹੀ ਘਰੇ ਪੈਰ ਪਾਇਆ, ਇੱਕ ਵਾਰ ਤਾਂ ਇੰਝ ਲੱਗਿਆ ਜਿਵੇਂ ਕਿਸੇ ਕਾਲ ਕੋਠੜੀ ਵਿਚ ਆ ਗਿਆ ਹੋਵੇ, ਵਿਚਾਰਾ ਕਿਸੇ ਲੰਬੀ ਸੋਚ ਵਿਚ ਡੁੱਬਿਆ ਡਿਊਟੀ ਵਾਲੀ ਸ਼ਰਟ ਦੇ ਬਟਨ ਇੰਝ ਖੋਲ ਰਿਹਾ ਸੀ, ਜਿਵੇਂ ਕੋਈ ਗੁਲਾਮ ਆਜ਼ਾਦੀ ਦੀ ਜੰਜ਼ੀਰ ਖੋਲ੍ਹਣ ਦੀ ਜੱਦੋ-ਜਹਿਦ ਕਰ ਰਿਹਾ ਹੋਵੇ।ਕਦੇ ਮਨ ਹੀ ਮਨ ਸੋਚਦਾ ਕਿ ਕੀ ਖੱਟਿਆ ਸਾਹਿਬ ਸਿਆਂ ਜਵਾਨੀ ਤੋਂ ਬੁਢਾਪੇ ਦਾ ਸਫ਼ਰ ਤੰਗੀਆਂ ਤੁਰਸ਼ੀਆਂ ਵਿੱਚੋਂ ਹੀ ਲੰਘਿਆ…ਅਜੇ ਤੱਕ ਨਾ ਚੱਜ ਦਾ ਖਾ ਕੇ ਦੇਖਿਆ ਤੇ ਨਾ ਹੰਢਾ ਕੇ, ਸਾਰੀ ਉਮਰ ਫਰਜ਼ ਨਿਭਾਉਂਦਿਆਂ ਹੀ ਲੰਘ ਗਈ।ਆਪਣੇ ਅਧਿਕਾਰਾਂ ਬਾਰੇ ਤਾਂ ਕਦੇ ਸੋਚਿਆ ਹੀ ਨੀ…ਉੱਤੋਂ ਔਲਾਦ ਡੇਲੇ ਕੱਢ ਕੱਢ ਦਿਖਾਉਂਦੀ ਐ, ਅਖ਼ੇ ਤੁਸੀਂ ਕੀਤਾ ਹੀ ਕੀ ਏ ਸਾਡੇ ਲਈ ?
 ਸੱਚ ਜਾਣੋ ਅੱਜ ਸਾਹਿਬ ਸਿੰਘ ਦਿਲ ਤੋਂ ਬਹੁਤ ਦੁੱਖੀ ਸੀ, ਹੁਣ ਤਾਂ ਸਰੀਰ ਵਿਚ ਇਜ਼ਾਜ਼ਤ ਨਹੀਂ ਸੀ ਦਿੰਦਾ ਕੰਮ ਕਰਨ ਦੀ ਉੱਤੋ ਘਰ ਦੀਆਂ ਜਿੰਮੇਵਾਰੀਆਂ ਖੰਘਣ ਵੀ ਨੀ ਸੀ ਦੇਂਦੀਆਂ, ਨਾ ਕੋਈ ਦੁੱਖ ਸੁਖ ਵੰਡਾਉਣ ਵਾਲਾ ਸਭ ਨੂੰ ਆਪਣਾ ਆਪਣਾ ਲਾਲਚ…ਪਰਿਵਾਰ ਵਾਲਿਆਂ ਨੂੰ ਹੁਣ ਉਹ ਬੋਝ ਜਾਪਨ ਲੱਗ ਗਿਆ ਸੀ ਜਿਵੇਂ ਉਸਦੇ ਮਰਨ ਦੀ ਉਡੀਕ ਹੀ ਕਰਦੇ ਹੋਵਣ,ਮੰਜੇ ਤੇ ਪਿਆਂ ਇਹ ਸੋਚਦਿਆਂ -ਸੋਚਦਿਆਂ…
ਇੱਕ ਜ਼ੋਰਦਾਰ ਆਵਾਜ਼ ਘਰ ਵਾਲੀ ਦੀ ਵੇਹੜੇ ਵਿਚ ਗੂੰਜੀ, "ਮੈਂ ਕਿਹਾ,ਸੁਣਦੇ ਨਹੀਂ ਹੈਥੇ ਲੰਮੀਆਂ ਤਾਣੀ ਪਏ ਓਂ ਥੋਡਾ ਕੁਝ ਲਗਦਾ ਸਲੈਂਡਰ ਖ਼ਤਮ ਹੋਗਿਆ, ਕਿਤੋਂ ਪਤਾ ਕਰ ਕੇ ਲੈ ਆਓ,ਨਹੀਂ ਤਾਂ ਖਾ ਲਿਓ ਤਿੰਨ ਗੁੱਠਾਂ ਵਾਲੇ ਪਰੌਂਠੇ ਕੱਲ ਨੂੰ।”
ਹੁਣ ਸਾਹਿਬ ਸਿੰਘ ਆਪਣੇ ਆਪ ‘ਤੇ ਮਿਡਲ ਕਲਾਸ ਹੋਣ ਦਾ ਅਫਸੋਸ ਤੇ ਸ਼ਰਮ ਮਹਿਸੂਸ ਕਰਨ ਲੱਗਾ ।