ਜਜ਼ਬਾ-ਏ ਪੰਜਾਬ ਦਾ, ਦਿਸਦਾ ਕਿਤੇ ਕਿਤੇ।
ਖਿੜਿਆ ਫੁੱਲ ਗੁਲਾਬ ਦਾ,ਮਿਲਦਾ ਕਿਤੇ ਕਿਤੇ l
ਖਿੜੇ ਗੁਲਜ਼ਾਰ ਦੀ, ਮਹਿਕ ਆਉਣੀ ਬੰਦ ਕਿਓਂ,
ਬੁੱਲਾ ਕੋਈ ਬਹਾਰ ਦਾ, ਠਿੱਲ੍ਹਦਾ ਕਿਤੇ ਕਿਤੇ l
ਜਿੱਥੇ ਪੌਣ ਪਾਣੀ ਨੂੰ, ਨਹੀਂ ਸਤਿਕਾਰਿਆ,
ਖੂਹਾ ਮਿੱਠੇ ਆਬ ਦਾ, ਗਿੜਦਾ ਕਿਤੇ ਕਿਤੇ l
ਰੌਲਾ ਰੱਪਾ ਪੈ ਗਿਆ, ਕੰਮਾਂ ਕਾਰਾਂ ਦਾ,
ਮਿੱਠਾ ਰਾਗ ਰਬਾਬ ਦਾ, ਛਿੜਦਾ ਕਿਤੇ ਕਿਤੇ l
ਹੈ ਵਿਕਦਾ ਨਕਲੀ ਮਾਲ, ਕਈ ਦੁਕਾਨਾਂ ਦਾ,
ਸੌਦਾ ਮਿਰੇ ਹਿਸਾਬ ਦਾ, ਮਿਲਦਾ ਕਿਤੇ ਕਿਤੇ l
ਪਾਕ ਪਵਿੱਤਰ ਰੂਹਾਂ ਨੂੰ, ਯਾਦ ਕਰੀਏ ਤਾਂ ,
ਰੱਬ ਵਰਗਾ ਜੋ ਜਾਪਦਾ, ਦਿਸਦਾ ਕਿਤੇ ਕਿਤੇ l
ਛਡ ਕੇ ਅਪਣੇ ਪਿੰਡਾਂ ਨੂੰ, ਕਈ ਪ੍ਰਦੇਸੀ ਹੋ ਗਏ ,
ਛੁੱਟ ਗਿਆ ਘਰ ਬਾਰ ਦਾ, ਰਿਸ਼ਤਾ ਕਿਤੇ ਕਿਤੇ l
ਮੋਇਆਂ ਨੂੰ ਹਰ ਵੇਲੇ, ਕਿਓਂ ਦੋਸ਼ੀ ਕਹਿਣਾ,
ਫਰਜ਼ ਨਿਭਾਉਂਦਾ ਯੋਧਾ, ਦਿਸਦਾ ਕਿਤੇ ਕਿਤੇ l
ਉੱਤਰ ਗਿਆ ਸ਼ਰਾਬ ਵਿੱਚ, ਰੰਗ ਜਵਾਨੀ ਦਾ,
ਹਾਸਾ ਅੱਲ੍ਹੜ ਵਰੇਸ ਦਾ, ਖਿੜਦਾ ਕਿਤੇ ਕਿਤੇ l
ਦਾਤ ਨਾਲ ਸਾਗ, ਚੀਰਦੀ, ਵੱਡੀ ਬੇਬੇ ਸੀ,
ਹੁਣ ਚੁੱਲ੍ਹੇ ਧਰਿਆ ਸਾਗ, ਰਿਝਦਾ ਕਿਤੇ ਕਿਤੇ l
ਸੁਣਦੀ ਨ ਘੁਮਕਾਰ ਅੱਜ, ਕਿਤੇ ਮਧਾਣੀ ਦੀ,
ਚਰਖ਼ਾ ਚਲਦਾ ਨਾਰ ਦਾ, ਦਿਸਦਾ ਕਿਤੇ ਕਿਤੇ l
ਪੰਡ ਚੁੱਕ ਲਈ, ਸ਼ੁਹਰਤ ਵਾਲ਼ੇ ਗੁਮਾਨ ਦੀ,
ਜਾਵਾਂ ਡੀਂਘਾਂ ਮਾਰਦਾ, ਲਿਫ਼ਦਾ ਕਿਤੇ ਕਿਤੇ l
ਟੈਲੀਫੋਨਾਂ 'ਤੇ ਨਵੀਂ ਹੀ, ਬਿਮਾਰੀ ਚੱਲੀ ਹੈ,
ਰੋਗ ਵਿਗੜੇ ਹਲਾਤ ਦਾ, ਮਿਟਦਾ, ਕਿਤੇ ਕਿਤੇ l
ਚੇਤੇ ਆਉਂਦੇ ਅਕਸਰ, ਸਾਥੀ ਬਚਪਨ ਦੇ,
“ਨਿਰਮਲ” ਖ਼ਿਆਲ ਆਪਦਾ, ਲਿਖਦਾ ਕਿਤੇ ਕਿਤੇ l